HOME ਭਾਰਤ ਤੋਂ ਭੱਜੇ ਲਲਿਤ ਮੋਦੀ ਅਤੇ ਵਿਜੇ ਮਾਲੀਆ ਦੀ ਲੰਡਨ ਬੈਠੇ ਮਜ਼ਾਕੀਆ...

ਭਾਰਤ ਤੋਂ ਭੱਜੇ ਲਲਿਤ ਮੋਦੀ ਅਤੇ ਵਿਜੇ ਮਾਲੀਆ ਦੀ ਲੰਡਨ ਬੈਠੇ ਮਜ਼ਾਕੀਆ ਵੀਡੀਓ ਵਾਇਰਲ ਹੋਣ ਕਾਰਨ ਛਿੜਿਆ ਨਵਾਂ ਵਿਵਾਦ, ਲੋਕਾਂ ’ਚ ਰੋਸ

3
ਕੈਪਸਨ:- ਵਾਇਰਲ ਹੋਈ ਵੀਡੀਓ ਚ ਇਕੱਠੇ ਦਿਖਾਈ ਦਿੰਦੇ ਹੋਏ ਭਾਰਤ ਚੋ ਭੱਜੇ ਲਲਿਤ ਮੋਦੀ ਅਤੇ ਵਿਜੇ ਮਾਲੀਆ। ਤਸਵੀਰ:- ਸੁਖਜਿੰਦਰ ਸਿੰਘ ਢੱਡੇ
ਲੈਸਟਰ (ਇੰਗਲੈਂਡ)  (ਸਮਾਜ ਵੀਕਲੀ)  (ਸੁਖਜਿੰਦਰ ਸਿੰਘ ਢੱਡੇ)– ਭਾਰਤ ਤੋਂ ਭੱਜ ਕੇ ਲੰਡਨ ਵੱਸ ਰਹੇ ਆਈਪੀਐਲ ਦੇ ਸਾਬਕਾ ਚੇਅਰਮੈਨ ਲਲਿਤ ਮੋਦੀ ਅਤੇ ਵਿਜੇ ਮਾਲੀਆ ਦੀ ਹਾਸਾ ਮਜ਼ਾਕ ਕਰਦਿਆਂ ਦੀ ਇਕ ਸਾਝੀ ਵੀਡੀਓ ਵਾਇਰਲ ਹੋਣ ਨਾਲ ਇਕ ਵਾਰ ਮੁੜ ਦੋਵੇਂ ਚਰਚਾ ਵਿੱਚ ਆ ਗਏ ਹਨ। ਉਨ੍ਹਾਂ ਦੀ ਇਸ ਹਰਕਤ ਨਾਲ ਇਕ ਵਾਰ ਫਿਰ ਨਵਾ ਵਿਵਾਦ ਖੜਾ ਹੋ ਗਿਆ ਹੈ। ਲਲਿਤ ਮੋਦੀ ਵੱਲੋਂ ਸੋਸ਼ਲ ਮੀਡੀਆ ’ਤੇ ਪਾਈ ਗਈ ਇਕ ਵੀਡੀਓ ਨੇ ਇੰਟਰਨੈੱਟ ’ਤੇ ਖੂਬ ਚਰਚਾ ਛੇੜ ਦਿੱਤੀ ਹੈ, ਜਿਸ ਵਿੱਚ ਉਹ ਭਾਰਤ ਦੇ ਹੋਰ ਭੱਜੇ ਹੋਏ ਕਾਰੋਬਾਰੀ ਵਿਜੈ ਮਾਲੀਆ ਨਾਲ ਇਕੱਠੇ ਨਜ਼ਰ ਆ ਰਿਹਾ ਹੈ। ਇਹ ਵੀਡੀਓ ਲੰਡਨ ਵਿੱਚ ਵਿਜੈ ਮਾਲੀਆ ਦੇ ਜਨਮਦਿਨ ਸਮਾਗਮ ਦੌਰਾਨ ਬਣਾਈ ਗਈ ਦੱਸੀ ਜਾ ਰਹੀ ਹੈ। ਵੀਡੀਓ ਵਿੱਚ ਦੋਵੇਂ ਹੱਸਦੇ-ਮੁਸਕਰਾਉਂਦੇ ਨਜ਼ਰ ਆ ਰਹੇ ਹਨ ਅਤੇ ਆਪਣੇ ਆਪ ਨੂੰ ਭਾਰਤ ਦੇ “ਸਭ ਤੋਂ ਵੱਡੇ ਭੱਜੇ ਹੋਏ” ਕਹਿ ਕੇ ਮਜ਼ਾਕ ਬਣਾਉਂਦੇ ਹਨ। ਲਲਿਤ ਮੋਦੀ ਨੇ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਪੋਸਟ ਕਰਦਿਆਂ ਕੈਪਸ਼ਨ ਵੀ ਇਸੇ ਤਰ੍ਹਾਂ ਦਾ ਲਿਖਿਆ, ਜਿਸ ਨਾਲ ਲੋਕਾਂ ਦਾ ਗੁੱਸਾ ਹੋਰ ਭੜਕ ਉਠਿਆ। ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ, ਲੋਕਾਂ ਨੇ ਇਸ ’ਤੇ ਤਿੱਖੀਆਂ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕਈ ਯੂਜ਼ਰਾਂ ਨੇ ਇਸਨੂੰ ਭਾਰਤੀ ਕਾਨੂੰਨ ਅਤੇ ਦੇਸ਼ ਦੀ ਨਿਆਂ ਪ੍ਰਣਾਲੀ ਦਾ ਮਜ਼ਾਕ ਉਡਾਉਣ ਦੇ ਬਰਾਬਰ ਦੱਸਿਆ। ਲੋਕਾਂ ਦਾ ਕਹਿਣਾ ਹੈ ਕਿ ਹਜ਼ਾਰਾਂ ਕਰੋੜ ਰੁਪਏ ਦੇ ਮਾਮਲਿਆਂ ਵਿੱਚ ਫਸੇ ਇਹ ਲੋਕ ਵਿਦੇਸ਼ਾਂ ਵਿੱਚ ਆਰਾਮ ਨਾਲ ਰਹਿ ਕੇ ਹੱਸ-ਮਜ਼ਾਕ ਕਰ ਰਹੇ ਹਨ, ਜਦਕਿ ਭਾਰਤ ਵਿੱਚ ਆਮ ਲੋਕ ਕਾਨੂੰਨ ਦੇ ਡਰ ਹੇਠ ਜੀਊਂਦੇ ਹਨ। ਜ਼ਿਕਰਯੋਗ ਹੈ ਕਿ ਵਿਜੈ ਮਾਲੀਆ 2016 ਵਿੱਚ ਭਾਰਤ ਤੋਂ ਭੱਜ ਗਿਆ ਸੀ ਅਤੇ ਉਸ ’ਤੇ ਬੈਂਕਾਂ ਦੇ ਹਜ਼ਾਰਾਂ ਕਰੋੜ ਰੁਪਏ ਦੇ ਕਰਜ਼ੇ ਡੁੱਬੋਣ ਦੇ ਦੋਸ਼ ਹਨ। ਦੂਜੇ ਪਾਸੇ ਲਲਿਤ ਮੋਦੀ 2010 ਵਿੱਚ ਭਾਰਤ ਛੱਡ ਕੇ ਚਲਾ ਗਿਆ ਸੀ ਅਤੇ ਉਸ ’ਤੇ ਆਈਪੀਐਲ ਨਾਲ ਜੁੜੀਆਂ ਵਿੱਤੀ ਗੜਬੜਾਂ ਦੇ ਗੰਭੀਰ ਦੋਸ਼ ਲੱਗੇ ਹੋਏ ਹਨ। ਦੋਵੇਂ ਹੀ ਲੰਮੇ ਸਮੇਂ ਤੋਂ ਭਾਰਤੀ ਏਜੰਸੀਆਂ ਦੀ ਪਹੁੰਚ ਤੋਂ ਬਾਹਰ ਵਿਦੇਸ਼ਾਂ ਵਿੱਚ ਰਹਿ ਰਹੇ ਹਨ। ਸੋਸ਼ਲ ਮੀਡੀਆ ’ਤੇ ਕਈ ਲੋਕਾਂ ਨੇ ਇਹ ਵੀ ਸਵਾਲ ਉਠਾਏ ਹਨ ਕਿ ਆਖਰਕਾਰ ਕਦੋਂ ਤੱਕ ਅਜਿਹੇ ਲੋਕ ਦੇਸ਼ ਤੋਂ ਭੱਜ ਕੇ ਵਿਦੇਸ਼ਾਂ ਵਿੱਚ ਬੇਫ਼ਿਕਰ ਜੀਵਨ ਜੀਊਂਦੇ ਰਹਿਣਗੇ। ਕੁਝ ਲੋਕਾਂ ਨੇ ਸਰਕਾਰ ਅਤੇ ਜਾਂਚ ਏਜੰਸੀਆਂ ਨੂੰ ਵੀ ਘੇਰਦਿਆਂ ਕਿਹਾ ਕਿ ਅਜਿਹੀਆਂ ਵੀਡੀਓਜ਼ ਨਾਲ ਦੇਸ਼ ਦੀ ਛਵੀ ਨੂੰ ਠੇਸ ਪਹੁੰਚਦੀ ਹੈ। ਫਿਲਹਾਲ ਲਲਿਤ ਮੋਦੀ ਵੱਲੋਂ ਇਸ ਮਾਮਲੇ ’ਚ ਕੋਈ ਸਫ਼ਾਈ ਸਾਹਮਣੇ ਨਹੀਂ ਆਈ, ਪਰ ਉਸ ਦੀ ਇਹ ਵੀਡੀਓ ਲੋਕਾਂ ਵਿੱਚ ਗੁੱਸੇ ਅਤੇ ਨਿਰਾਸ਼ਾ ਦਾ ਕਾਰਨ ਬਣੀ ਹੋਈ ਹੈ। ਮਾਮਲਾ ਸੋਸ਼ਲ ਮੀਡੀਆ ਤੱਕ ਹੀ ਸੀਮਤ ਰਹੇਗਾ ਜਾਂ ਕੋਈ ਹੋਰ ਕਾਰਵਾਈ ਹੋਵੇਗੀ, ਇਹ ਆਉਣ ਵਾਲੇ ਦਿਨਾਂ ਵਿੱਚ ਹੀ ਸਪਸ਼ਟ ਹੋ ਸਕੇਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article13 ਸਾਲ ਤੱਕ ਪਤਨੀ ਨਾਲ ਦਰਿੰਦਗੀ, ਪੰਜ ਮੁਲਜ਼ਮ ਅਦਾਲਤ ਵਿੱਚ ਪੇਸ਼
Next articleਇਸ ਵਾਰ ਕ੍ਰਿਸਮਸ ਸੰਦੇਸ਼ ਵੈਸਟਮਿਨਸਟਰ ਐਬੇ ਤੋਂ ਦੇਣਗੇ ਬਰਤਾਨੀਆ ਦੇ ਰਾਜਾ ਕਿੰਗ ਚਾਰਲਸ