ਮਹਿਤਪੁਰ, (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)-ਬੀਬੀ ਰਣਜੀਤ ਕੌਰ ਕਾਕੜ ( ਡਾਇਰੈਕਟਰ ਇੰਫੋਟੈਕ ਪੰਜਾਬ, ਵਾਈਸ ਪ੍ਰਧਾਨ ਮਹਿਲਾ ਵਿੰਗ ਪੰਜਾਬ ) ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੌਣਾਂ ਦੌਰਾਨ ਲੋਕਤੰਤਰ ਦੇ ਫਤਵੇ ਨੂੰ ਸਿਰ ਮੱਥੇ ਕਬੂਲ ਦਿਆ ਬਲਾਕ ਮਹਿਤਪੁਰ ਵਿਖੇ ਪਾਰਟੀ ਵਰਕਰਾਂ ਦੀ ਇਕ ਹੰਗਾਮੀ ਮੀਟਿੰਗ ਕੀਤੀ। ਮੀਟਿੰਗ ਦੌਰਾਨ ਬੀਬੀ ਕਾਕੜ ਕਲਾਂ ਨੇ ਪ੍ਰੈਸ ਕਾਨਫਰੰਸ ਵਿਚ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪਾਰਟੀ ਵਲੰਟੀਅਰ ਅਤੇ ਆਮ ਆਦਮੀ ਪਾਰਟੀ ਨਾਲ ਜੁੜੇ ਪਰਿਵਾਰਾਂ ਦੇ ਸੱਦੇ ਤੇ ਬਲਾਕ ਮਹਿਤਪੁਰ ਦੇ ਮੰਡਿਆਲਾ, ਅਵਾਣ ਖਾਲਸਾ, ਮਹੇੜੂ, ਬੀੜ ਬਾਲੋਕੀ, ਦਾਨੇਵਾਲ , ਗੋਬਿੰਦ ਪੁਰ ਆਦਿ ਪਿੰਡਾਂ ਵਿਚ ਲੋਕਾਂ ਨੂੰ ਮਿਲਣ ਤੋਂ ਬਾਅਦ ਬਲਾਕ ਮਹਿਤਪੁਰ ਵਿਖੇ ਪ੍ਰੈਸ ਕਾਨਫਰੰਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਹੋਈਆਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੌਣਾਂ ਦੌਰਾਨ ਆਏ ਨਤੀਜੇ ਬਹੁਤ ਚਿੰਤਾ ਜਨਕ ਹਨ। ਉਨ੍ਹਾਂ ਕਿਹਾ ਕਿ ਬਲਾਕ ਮਹਿਤਪੁਰ ਵਿਚ ਆਮ ਆਦਮੀ ਪਾਰਟੀ ਨੂੰ 15 ਵਿਚੋਂ ਸਿਰਫ 3 ਸੀਟਾਂ ਹੀ ਮਿਲੀਆਂ ਹਨ । ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਹੁਣ ਇਸ ਦਾ ਜ਼ਿੰਮੇਵਾਰ ਕੌਣ ਹੈ? ਉਨ੍ਹਾਂ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਇਨ੍ਹਾਂ ਨਤੀਜਿਆਂ ਤੇ ਮੰਥਨ ਕਰਨ ਦੀ ਲੋੜ ਹੈ। ਇਸ ਮੌਕੇ ਬੀਬੀ ਰਣਜੀਤ ਕੌਰ ਨੇ ਇਹ ਵੀ ਮੰਨਿਆ ਕਿ ਟਿਕਟਾਂ ਦੀ ਵੰਡ ਮੌਕੇ ਬਹੁਤ ਸਾਰੇ ਇਛੁਕ ਪਾਰਟੀ ਵਰਕਰਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਅਤੇ ਨਰਾਜ਼ ਵਰਕਰਾਂ ਨੂੰ ਭਰੋਸੇ ਵਿੱਚ ਨਾ ਲੈਣ ਦਾ ਕਾਰਨ ਹੀ ਹੈ ਕਿ ਹਲਕੇ ਵਿੱਚ ਪਾਰਟੀ ਨੂੰ ਭਾਰੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਹੁਣ 2027 ਦੀਆਂ ਚੌਣਾਂ ਨੂੰ ਲੈ ਵੀ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਦਾ ਹਰ ਵਰਕਰ ਤੇ ਉਸਦਾ ਪਰਿਵਾਰ ਉਨ੍ਹਾਂ ਦਾ ਆਪਣਾ ਪਰਿਵਾਰ ਹੈ ਉਨ੍ਹਾਂ ਕਿਹਾ ਕਿ ਪਾਰਟੀ ਨਾਤੇ ਹੀ ਨਹੀਂ ਇਨਸਾਨੀਅਤ ਨਾਤੇ ਵੀ ਉਨ੍ਹਾਂ ਦੇ ਘਰ ਦੇ ਦਰਵਾਜ਼ੇ ਪਬਲਿਕ ਲਈ ਹਮੇਸ਼ਾ ਖੁੱਲੇ ਹਨ। ਇਸ ਮੌਕੇ ਮੀਟਿੰਗ ਦੌਰਾਨ ਹੋਰਾ ਤੋਂ ਇਲਾਵਾ ਦਲਬੀਰ ਸਿੰਘ , ਹਰਵਿੰਦਰ ਸਿੰਘ ਮਠਾੜੂ, ਕੁਲਦੀਪ ਸਿੰਘ ਹਰਾ ਬੱਕਰਾ, ਲਛਮਣ ਸਿੰਘ ਪੂਨੀਆ, ਲਖਵੀਰ ਸਿੰਘ, ਮਨਦੀਪ ਸਿੰਘ ਝੀਤਾ , ਵਿਸ਼ਾਲ ਸ਼ਾਮਾਂ ਆਦਿ ਵੀ ਹਾਜ਼ਰ ਸਨ।
https://play.google.com/store/apps/details?id=in.yourhost.samajweekly



