HOME ਉਹ ਢਾਬੇ ਵਾਲੇ ਬਜ਼ੁਰਗ ਨੂੰ ਚੇਤੇ ਕਰਦਿਆਂ….

ਉਹ ਢਾਬੇ ਵਾਲੇ ਬਜ਼ੁਰਗ ਨੂੰ ਚੇਤੇ ਕਰਦਿਆਂ….

ਬਲਦੇਵ ਸਿੰਘ ਬੇਦੀ

   (ਸਮਾਜ ਵੀਕਲੀ)  ਇਹ ਗੱਲ ਉਨ੍ਹਾਂ ਦਿਨਾਂ ਦੀ ਹੈ, ਜਦੋਂ ਮੇਰਾ ਬੇਟਾ ਸਾਹਿਲ ਹਾਲੇ ਮੁਸ਼ਕਿਲ ਨਾਲ ਇੱਕ ਸਾਲ ਦਾ ਸੀ। ਉਸ ਦੀ ਮਾਸੂਮ ਮੁਸਕਾਨ ਅਤੇ ਨਿੱਕੀਆਂ ਉਂਗਲੀਆਂ ਦੀ ਗ੍ਰਿਫ਼ਤ ਵਿੱਚ ਮੇਰੀ ਪੂਰੀ ਦੁਨੀਆ ਸਮਾਈ ਹੋਈ ਸੀ। ਨਵੀਂ-ਨਵੀਂ ਪਿਓ ਬਣਨ ਦੀ ਖੁਸ਼ੀ ਦਿਲ ਨੂੰ ਅਜੀਬ ਜਿਹਾ ਸਕੂਨ ਦੇ ਰਹੀ ਸੀ ਅਤੇ ਮਨ ਕਿਤੇ ਦੂਰ ਰਮਣੀਕ ਜਗ੍ਹਾ ਘੁੰਮ ਆਉਣ ਲਈ ਮਚਲ ਰਿਹਾ ਸੀ। ਇਸੇ ਉਤਸ਼ਾਹ ਨਾਲ ਮੈਂ ਆਪਣੀ ਪਤਨੀ ਕਵਿਤਾ, ਬੇਟੇ ਸਾਹਿਲ ਅਤੇ ਵੱਡੇ ਭਰਾ ਦੇ ਪਰਿਵਾਰ ਨਾਲ ਧਰਮਸ਼ਾਲਾ ਘੁੰਮਣ ਦਾ ਫੈਸਲਾ ਕਰ ਲਿਆ। ਪਹਾੜੀ ਰਸਤਾ ਮਨ ਨੂੰ ਤਾਜ਼ਗੀ ਨਾਲ ਭਰ ਰਿਹਾ ਸੀ। ਹਰੇ-ਭਰੇ ਦਰੱਖਤ, ਠੰਡੀ-ਠੰਡੀ ਹਵਾ ਅਤੇ ਟੇਢੇ-ਮੇਢੇ ਮੋੜ ਸਫ਼ਰ ਨੂੰ ਸੁਹਾਵਣਾ ਬਣਾ ਰਹੇ ਸਨ। ਛੋਟਾ ਬੱਚਾ ਨਾਲ ਹੋਣ ਕਰਕੇ ਰਸਤੇ ਵਿੱਚ ਸਾਹਿਲ ਨੂੰ ਭੁੱਖ ਲੱਗ ਗਈ ਅਤੇ ਸਾਡਾ ਸਫ਼ਰ ਇੱਕ ਛੋਟੇ ਜਿਹੇ ਠਹਿਰਾਵ ਵੱਲ ਮੁੜ ਗਿਆ। ਕਾਂਗੜੇ ਦੇ ਨੇੜੇ ਇੱਕ ਪਿੰਡ ਵਿੱਚੋਂ ਲੰਘਦੇ ਹੋਏ ਸੜਕ ਕਿਨਾਰੇ ਇੱਕ ਛੋਟਾ ਜਿਹਾ ਢਾਬਾ ਦਿੱਸਿਆ। ਅਸੀਂ ਉੱਥੇ ਰੁਕ ਗਏ ਤਾਂ ਕਿ ਸਾਹਿਲ ਦੇ ਪੀਣ ਲਈ ਦੁੱਧ ਲਿਆ ਜਾ ਸਕੇ। ਢਾਬੇ ਦਾ ਮਾਲਕ ਇੱਕ ਬਜ਼ੁਰਗ ਸੀ ਸਾਦੇ ਜਿਹੇ ਪਹਿਨੇ ਕਪੜਿਆਂ ‘ਚ ਚਿਹਰੇ ’ਤੇ ਅਜਿਹਾ ਸਕੂਨ, ਜਿਵੇਂ ਸਾਲਾਂ ਦੀ ਤਜਰਬੇਕਾਰੀ ਉਸਦੀਆਂ ਅੱਖਾਂ ‘ਚ ਝਲਕਦੀ ਹੋਵੇ। ਉਸਨੇ ਬੜੇ ਪਿਆਰ ਨਾਲ ਸਾਡੇ ਕਹਿਣ ਤੇ ਸਾਹਿਲ ਦੀ ਦੁੱਧ ਵਾਲੀ ਬੋਤਲ ਵਿੱਚ ਗਰਮ ਕਰਕੇ ਦੁੱਧ ਭਰ ਦਿੱਤਾ। ਜਦੋਂ ਮੈਂ ਪੈਸਿਆਂ ਬਾਰੇ ਪੁੱਛਿਆ ਤਾਂ ਉਹ ਮੁਸਕੁਰਾਇਆ ਅਤੇ ਕਹਿਣ ਲੱਗਾ, “ਨਹੀਂ ਪੁੱਤਰ, ਬੱਚੇ ਦੇ ਦੁੱਧ ਦੇ ਪੈਸੇ ਨਹੀਂ ਲੈਂਦੇ।” ਮੇਰੇ ਬਾਰ-ਬਾਰ ਜ਼ੋਰ ਪਾਉਣ ਦੇ ਬਾਵਜੂਦ ਵੀ ਉਹ ਨਹੀਂ ਮੰਨਿਆ। ਇਸ ਨਿਰਲੋਭਤਾ ਨੇ ਸਾਨੂੰ ਸੋਚਣ ’ਤੇ ਮਜਬੂਰ ਕੀਤਾ ਅਤੇ ਮੈਂ ਅਤੇ ਮੇਰੇ ਵੱਡੇ ਭਰਾ ਨੇ ਸਲਾਹ ਕੀਤੀ ਕਿ ਅਸੀਂ ਅੱਗੇ ਜਾ ਕੇ ਵੀ ਤਾਂ ਖਾਣਾ ਖਾਣ ਲਈ ਰੁਕਣਾ ਹੀ ਹੈ, ਕਿਉਂ ਨਾ ਦੁਪਹਿਰ ਦਾ ਖਾਣਾ ਇਥੇ ਹੀ ਖਾ ਲਿਆ ਜਾਵੇ। ਘੱਟੋ-ਘੱਟ ਇਸ ਬਜ਼ੁਰਗ ਨੂੰ ਕੁਝ ਤਾਂ ਕਮਾਈ ਹੋਵੇ। ਅਸੀਂ ਉੱਥੇ ਸਾਦੀ ਪਰ ਸੁਆਦੀ ਸਾਰਿਆ ਨੇ ਰੋਟੀ ਖਾਧੀ ਅਤੇ ਫੇਰ ਅੱਗੇ ਧਰਮਸ਼ਾਲਾ ਲਈ ਰਵਾਨਾ ਹੋ ਗਏ। ਉੱਥੇ ਹੀ ਢਾਬੇ ਤੇ ਸਾਹਿਲ ਨੇ ਵੀ ਅੱਧੀ ਕੂ ਬੋਤਲ ਦੁੱਧ ਪੀਤਾ ਅਤੇ ਬਾਕੀ ਬਚੇ ਹੋਏ ਦੁੱਧ ਵਾਲੀ ਬੋਤਲ ਨੂੰ ਕਵਿਤਾ ਨੇ ਘੁੱਟ ਕੇ ਬੰਦ ਕਰ ਆਪਣੇ ਪਰਸ ‘ਚ ਰੱਖ ਲਿਆ। ਸ਼ਾਮ ਤੱਕ ਅਸੀਂ ਧਰਮਸ਼ਾਲਾ ਪਹੁੰਚ ਗਏ। ਉੱਥੇ ਰਹਿਣ ਵਾਸਤੇ ਹੋਟਲ ਲੱਭਦੇ ਹੋਏ ਅਚਾਨਕ ਕਵਿਤਾ ਨੇ ਕਿਹਾ, “ ਲਗਦਾ ਜੀ ਸਾਹਿਲ ਫੇਰ ਭੁੱਖਾ ਹੈ, ਇਹ ਅੰਕਲ ਦੇ ਢਾਬੇ ਵਾਲਾ ਬਚਿਆ ਦੁੱਧ ਹੀ ਕਿਧਰੋਂ ਗਰਮ ਕਰਵਾ ਦਿਓ।”  ਸਾਹਮਣੇ ਦਿੱਸਦੇ ਇੱਕ ਹੋਟਲ ਵਾਲੇ ਨੂੰ ਮੈਂ ਬੇਨਤੀ ਕੀਤੀ ਕਿ ਬੱਚੇ ਲਈ ਥੋੜ੍ਹਾ ਜਿਹਾ ਦੁੱਧ ਗਰਮ ਕਰ ਦਿਉਗੇ। ਉਸਨੇ ਬਿਨਾਂ ਸੰਕੋਚ ਦੇ ਕਿਹਾ, “ਹੋ ਜੂ ਸਰਦਾਰ ਜੀ ਪਰ ਦਸ ਰੁਪਏ ਲੱਗਣਗੇ।” ਉਸ ਵੇਲੇ ਅਸੀਂ ਦੋਵੇਂ ਜੀਅ ਇਕ ਦੂਜੇ ਦਾ ਮੂੰਹ ਤੱਕਦੇ ਰਹਿ ਗਏ। ਮਨ ਵਿੱਚ ਇੱਕ ਅਜੀਬ ਜਿਹਾ ਪ੍ਰਸ਼ਨ ਉਭਰਿਆ ਕੀ ਇਹ ਹੋਟਲ ਵਾਲੇ ਗਰੀਬ ਹਨ ਜਾਂ ਉਹ ਪਿੰਡ ਦਾ ਢਾਬੇ ਵਾਲਾ ਬਜ਼ੁਰਗ ਹੀ ਅਸਲ ‘ਚ ਅਮੀਰ ਸੀ। ਸ਼ਾਇਦ ਅਮੀਰੀ ਪੈਸਿਆਂ ਨਾਲ ਨਹੀਂ, ਦਿਲ ਦੀ ਵੱਡਿਆਈ ਨਾਲ ਮਾਪੀ ਜਾਂਦੀ ਹੈ। ਉਸ ਬਜ਼ੁਰਗ ਦੀ ਨਿਸ਼ਕਾਮਤਾ ਅੱਜ ਵੀ ਮੇਰੇ ਮਨ ਵਿੱਚ ਜਿੰਦਾ ਹੈ ਅਤੇ ਸਿਖਾਉਂਦੀ ਹੈ ਕਿ ਮਨੁੱਖਤਾ ਦੀ ਸੇਵਾ ਹੀ ਅਸਲ ‘ਚ ਸਭ ਤੋਂ ਵੱਡੀ ਦੌਲਤ ਹੈ।

 ਬਲਦੇਵ ਸਿੰਘ ਬੇਦੀ  ਜਲੰਧਰ
 9041925181
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਵਿਦਿਆਰਥੀਆਂ ਦੀ ਸਫਲਤਾ ਵਿੱਚ ਸਕਾਰਾਤਮਕ ਸੋਚ ਦੀ ਭੂਮਿਕਾ
Next articleਬੰਗਲਾਦੇਸ਼ ਵਿੱਚ ਭਾਰਤ ਵਿਰੋਧੀ ਪ੍ਰਦਰਸ਼ਨ: ਹਾਦੀ ਦੀ ਮੌਤ ਨਾਲ ਹਿੰਸਾ ਭੜਕੀ, ਅਵਾਮੀ ਲੀਗ ਦਫਤਰਾਂ ‘ਤੇ ਹਮਲੇ; ਸਥਿਤੀ ਕਾਬੂ ਤੋਂ ਬਾਹਰ