HOME ਮਜ਼ਦੂਰ ਜਥੇਬੰਦੀਆਂ ਵੱਲੋਂ ਸੰਘਰਸ਼ ਦਾ ਐਲਾਨ

ਮਜ਼ਦੂਰ ਜਥੇਬੰਦੀਆਂ ਵੱਲੋਂ ਸੰਘਰਸ਼ ਦਾ ਐਲਾਨ

3
ਚੜ੍ਹਦੇ ਸਾਲ 5-6 ਜਨਵਰੀ ਨੂੰ ਜ਼ਿਲ੍ਹਾ ਹੈਡਕੁਆਰਟਰਾਂ ‘ਤੇ ਇਕ ਦਿਨਾਂ ਧਰਨੇ ਮਾਰਚ ਦੇ ਪਹਿਲੇ ਹਫਤੇ ਲੱਗੇਗਾ ਚੰਡੀਗੜ੍ਹ ‘ਚ ਮੋਰਚਾ 
ਚੰਡੀਗੜ੍ਹ  (ਸਮਾਜ ਵੀਕਲੀ)  (ਹਰਜਿੰਦਰ ਸਿੰਘ ਚੰਦੀ)-ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ‘ਚ ਸ਼ਾਮਲ ਜਥੇਬੰਦੀਆਂ ਨੇ, ਪੰਜਾਬ ਸਰਕਾਰ ਦੇ ਮਜ਼ਦੂਰ ਵਿਰੋਧੀ ਰਵੱਈਏ ਖਿਲਾਫ , ਅਤੇ ਚਿਰਾਂ ਤੋਂ ਲਟਕਦੀਆਂ ਮਜ਼ਦੂਰ ਮੰਗਾਂ ਮਨਵਾਉਣ ਲਈ ਲੰਮੇ ਸੰਘਰਸ਼ ਦਾ ਐਲਾਨ ਕੀਤਾ ਹੈ। ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਸਾਂਝੇ ਮੋਰਚੇ ਦੇ ਆਗੂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ ਨੇ ਦੱਸਿਆ ਕਿ ਪੰਜਾਬ ਖੇਤ ਮਜ਼ਦੂਰ ਸਭਾ ਦੇ ਲੁਧਿਆਣਾ ਸਥਿਤ ਦਫ਼ਤਰ ਵਿਖੇ ਸਾਥੀ ਗੁਲਜ਼ਾਰ ਗੋਰੀਆ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ‘ਚ ਜਥੇਬੰਦੀਆਂ ਨੇ ਭਗਵੰਤ ਮਾਨ ਸਰਕਾਰ ਦੇ ਮਜ਼ਦੂਰ ਵਿਰੋਧੀ ਰਵੱਈਏ ਦੀ ਨਿਖੇਧੀ ਕਰਦਿਆਂ ਆਪਣੀਆਂ ਹੱਕੀ ਮੰਗਾਂ ਲਈ 5-6 ਜਨਵਰੀ ਨੂੰ ਜ਼ਿਲ੍ਹਾ ਹੈਡਕੁਆਰਟਰਾਂ ‘ਤੇ ਇਕ ਦਿਨਾਂ ਧਰਨੇ ਲਾਉਣ ਤੋਂ ਬਾਅਦ, ਮਾਰਚ ਦੇ ਪਹਿਲੇ ਹਫਤੇ ਚੰਡੀਗੜ੍ਹ ਵਿਖੇ ਮਜ਼ਦੂਰ ਮੋਰਚਾ ਲਾਉਣ ਦਾ ਐਲਾਨ ਕੀਤਾ ਹੈ। ਜਥੇਬੰਦੀਆਂ ਦੇ ਸੂਬਾਈ ਆਗੂਆਂ ਸਰਵਸ੍ਰੀ ਲਛਮਣ ਸਿੰਘ ਸੇਵੇਵਾਲਾ, ਸੂਬਾ ਸਕੱਤਰ ਪੰਜਾਬ ਖੇਤ ਮਜ਼ਦੂਰ ਯੂਨੀਅਨ, ਦਰਸ਼ਨ ਨਾਹਰ, ਸੂਬਾ ਪ੍ਰਧਾਨ ਦਿਹਾਤੀ ਮਜ਼ਦੂਰ ਸਭਾ, ਤਰਸੇਮ ਪੀਟਰ, ਸੂਬਾ ਪ੍ਰਧਾਨ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਗੁਰਮੇਸ਼ ਸਿੰਘ ਸੂਬਾ ਸਕੱਤਰ ਕੁਲ ਹਿੰਦ ਖੇਤ ਮਜਦੂਰ ਯੂਨੀਅਨ ਕੁਲਵੰਤ ਸਿੰਘ ਸੇਲਵਰਾ ਸੂਬਾ ਪ੍ਰਧਾਨ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ , ਦੇਵੀ ਕੁਮਾਰੀ ਸਰਹਾਲੀ,ਸੂਬਾ ਸਕੱਤਰ ਪੰਜਾਬ ਖੇਤ ਮਜ਼ਦੂਰ ਸਭਾ, ਵਿਜੇ ਸੋਹਲ ਸੂਬਾ ਸਕੱਤਰ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਲੈਕੇ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਹਨ, ਧਰਨੇ ਮੁਜ਼ਾਹਰੇ ਅਤੇ ਅਨੇਕਾਂ ਵਾਰ ਮੰਗ ਪੱਤਰ ਦੇਣ ਤੋਂ ਬਾਅਦ ਵੀ ਅਜੇ ਮੌਜੂਦਾ ਸਰਕਾਰ ਮਜ਼ਦੂਰਾਂ ਵੱਲ ‘ ਪਿੱਠ ਕਰਕੇ ‘ ਖੜ੍ਹੀ ਹੈ। ਉਹਨਾਂ ਕਿਹਾ ਕਿ ਹਾਲ ਹੀ ਵਿਚ ਪੰਜਾਬ ਅੰਦਰ ਹੜਾਂ/ਬਾਰਸ਼ਾਂ ਨਾਲ ਹੋਰਨਾਂ ਤਬਕਿਆਂ ਦੇ ਨਾਲ ਨਾਲ ਬੇਜ਼ਮੀਨੇ ਮਜ਼ਦੂਰਾਂ ਦਾ ਵੀ ਭਾਰੀ ਨੁਕਸਾਨ ਹੋਇਆ ਪਰ ਸਰਕਾਰ ਨੇ ਫੋਕੇ ਲਾਰਿਆਂ ਤੋਂ ਬਿਨਾਂ ਮਜ਼ਦੂਰਾਂ ਦੇ ਕੁਝ ਵੀ ਪੱਲੇ ਨਹੀਂ ਪਾਇਆ। ਉਹਨਾਂ ਕਿਹਾ ਮਨਰੇਗਾ ਸਕੀਮ ਠੱਪ ਪਈ ਹੈ ਤੇ ਮਜ਼ਦੂਰਾਂ ਨੂੰ ਰੁਜ਼ਗਾਰ ਦੀ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਆਗੂਆਂ ਨੇ ਕਿਹਾ ਕਿ ਵੱਡੇ ਸਰਮਾਏਦਾਰਾਂ ਅਤੇ ਜਾਗੀਰਦਾਰਾਂ ਨੂੰ ਫ਼ਾਇਦੇ ਪਹੁੰਚਾਉਣ ਵਾਲੇ ਅਖੌਤੀ ਵਿਕਾਸ ਮਾਡਲ ਨੂੰ ਲਗਾਤਾਰ ਲਾਗੂ ਕਰਕੇ, ਮਜ਼ਦੂਰਾਂ ਕੋਲੋਂ ਸਿਹਤ, ਸਿਖਿਆ, ਬਿਜਲੀ ਵਰਗੀਆਂ ਸਹੂਲਤਾਂ ਖੋਹੀਆਂ ਜਾ ਰਹੀਆਂ ਹਨ, ਉਹਨਾਂ ਕਿਹਾ ਕਿ ਚਿੱਪ ਵਾਲੇ ਮੀਟਰ ਲਾਕੇ ਹੁਣ ਮਜ਼ਦੂਰਾਂ ਦੇ ਘਰਾਂ ‘ਚ ਹਨੇਰਾ ਕਰਨ ਦੀ ਤਿਆਰੀ ਹੈ। ਮਜ਼ਦੂਰ ਜਥੇਬੰਦੀਆਂ ਮੰਗ ਕਰਦੀਆਂ ਹਨ ਕਿ ਮਜ਼ਦੂਰਾਂ ਨੂੰ ਦਸ ਦਸ ਮਰਲੇ ਦੇ ਪਲਾਟ ਦਿੱਤੇ ਜਾਣ, ਮਜ਼ਦੂਰਾਂ ਦਾ ਸਮੁੱਚਾ ਕਰਜਾ ਮੁਆਫ ਕੀਤਾ ਜਾਵੇ, ਤੀਜੇ ਹਿੱਸੇ ਦੀ ਜ਼ਮੀਨ ਮਜ਼ਦੂਰਾਂ ਨੂੰ ਦੇਣਾ ਯਕੀਨੀ ਕੀਤਾ ਜਾਵੇ, ਜ਼ਮੀਨ ਹੱਦਬੰਦੀ ਕਾਨੂੰਨ ਫੌਰੀ ਲਾਗੂ ਕੀਤਾ ਜਾਵੇ,ਵਿਧਵਾ ਬੁਢਾਪਾ ਪੈਨਸ਼ਨ 5000/- ਰੁਪਏ ਕੀਤੀ ਜਾਵੇ, ਔਰਤਾਂ ਦੇ ਖਾਤੇ ਵਿੱਚ 1100/- ਰੁਪਏ ਹਰ ਮਹੀਨੇ ਪਾਉਣ ਸਮੇਤ ਸਾਰੀਆਂ ਚੋਣ ਗਰੰਟੀਆਂ ਲਾਗੂ ਕੀਤੀਆਂ ਜਾਣ। ਮਜ਼ਦੂਰ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਪੂਰੇ ਪੰਜਾਬ ਅੰਦਰ ਮੀਟਿੰਗਾਂ ਰੈਲੀਆਂ ਕਰਕੇ ਵੱਡੇ ਪੱਧਰ ‘ਤੇ ਚੇਤਨਾ ਮੁਹਿੰਮ ਚਲਾਕੇ ਮਜ਼ਦੂਰਾਂ ਨੂੰ ਲਾਮਵੰਦ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਇਸੇ ਮਹੀਨੇ ਦੀ 22ਅਤੇ 23 (ਨਵੰਬਰ) ਨੂੰ ਜ਼ਿਲ੍ਹਾ ਪੱਧਰੀਆਂ ਮੀਟਿੰਗਾਂ ਕਰਕੇ ਪੰਜਾਬ ਭਰ ਮੁਹਿੰਮ ਭਖਾ ਦਿੱਤੀ ਜਾਵੇਗੀ।ਇਕ ਮਤੇ ਰਾਹੀਂ ਮਜ਼ਦੂਰ ਮੋਰਚੇ  ਨੇ ਦਿੱਲੀ ਕਿਸਾਨ ਅੰਦੋਲਨ ਦੀ ਪੰਜਵੀਂ ਵਰੇਗੰਢ ਮੌਕੇ ਸੁਯੰਕਤ ਕਿਸਾਨ ਮੋਰਚੇ ਵਲੋਂ ਰੱਖੇ ਸਮਾਗਮ ਦੀ ਹਮਾਇਤ ਦਾ ਵੀ ਐਲਾਨ ਕੀਤਾ। ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਬਲਦੇਵ ਸਿੰਘ ਨੂਰਪੁਰੀ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾ ਆਗੂ ਗਿਆਨ ਸੈਦਪੁਰੀ ਵੀ ਹਾਜ਼ਰ ਸਨ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ (ਰਜਿ.) ਵਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਮੁੱਚੀ ਦੇਣ ਸਬੰਧੀ ਵਿਚਾਰਧਾਰਕ ਬੌਧਕ ਚਿੰਤਨ ਮੰਥਨ ਕਰਵਾਇਆ ਗਿਆ।
Next articleਪ੍ਰਸਿੱਧ ਲਗਜ਼ਰੀ ਮੈਨਸਵੇਅਰ ਬ੍ਰਾਂਡ ਰੀਡ ਐਂਡ ਟੇਲਰ ਨੇ ਲੁਧਿਆਣਾ ਵਿੱਚ ਪੰਜਾਬ ਦੇ ਪਹਿਲੇ ਵਿਸ਼ੇਸ਼ ਸਟੋਰ ਦਾ ਉਦਘਾਟਨ ਕੀਤਾ