ਪਾਕਿਸਤਾਨ ਦੀ ਅਦਾਲਤ ਵਿੱਚੋਂ ਨਿਕਾਹ ਦੀ ਵੀਡੀਓ ਵਾਇਰਲ
ਵੀਡੀਓ ਵਿੱਚ ਪਿਛਲੇ 9 ਸਾਲਾਂ ਤੋਂ ਆਪਣੇ ਨਵੇਂ ਪਤੀ ਨੂੰ ਜਾਣਨ ਦੀ ਕਬੂਲੀ ਗੱਲ
ਕਪੂਰਥਲਾ (ਸਮਾਜ ਵੀਕਲੀ) ( ਕੌੜਾ )-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਭਾਰਤ ਤੋਂ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਵਿਚ ਸ਼ਾਮਿਲ ਹੋ ਕੇ ਗਈ ਚੜ੍ਹਦੇ ਪੰਜਾਬ ਦੀ ਇਕ ਮਹਿਲਾ ਜੋ ਕਿ ਗੁਰਦੁਆਰਾ ਨਨਕਾਣਾ ਸਾਹਿਬ ਨਾਲ ਸੰਬੰਧਿਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰੇ ਕਰਦਿਆਂ ਸਿੱਖ ਜਥੇ ਵਿਚੋਂ ਫ਼ਰਾਰ ਹੋ ਗਈ ਸੀ । ਉਕਤ ਮਹਿਲਾ ਸਰਬਜੀਤ ਕੌਰ ਪਤਨੀ ਕਰਨੈਲ ਸਿੰਘ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਅਮਾਨੀਪੁਰ ਦੀ ਰਹਿਣ ਵਾਲੀ ਸੀ । ਜਾਣਕਾਰੀ ਅਨੁਸਾਰ ਉਕਤ ਮਹਿਲਾ ਵੱਲੋਂ ਭਾਰਤੀ ਇਮੀਗ੍ਰੇਸ਼ਨ ਨੂੰ ਤੇ ਜਥੇ ਵਿੱਚ ਪਾਕਿਸਤਾਨ ਵਿੱਚ ਦਾਖਿਲ ਹੋਣ ਤੋਂ ਬਾਅਦ ਪਾਕਿਸਤਾਨ ਦੀ ਇਮੀਗ੍ਰੇਸ਼ਨ ਨੂੰ ਵੀ ਅਧੂਰੀ ਜਾਣਕਾਰੀ ਦਿੱਤੀ ਜਿਸ ਤੋਂ ਸ਼ੱਕ ਹੋਰ ਵਧਿਆ ਤਾਂ ਏਜੰਸੀਆਂ ਹਰਕਤ ਵਿੱਚ ਆਈਆਂ ਸਨ ।ਜਦੋਂ ਇਸ ਸੰਬੰਧੀ ਉਹਨਾਂ ਵੱਲੋਂ ਪਤਾ ਕੀਤਾ ਗਿਆ ਤਾਂ ਪਤਾ ਲੱਗਾ ਕਿ ਜਥੇ ਵਿੱਚੋਂ ਫ਼ਰਾਰ ਹੋਣ ਤੋਂ ਬਾਅਦ ਉਸ ਵਲੋਂ ਧਰਮ ਤਬਦੀਲ ਕਰਕੇ ਨਿਕਾਹ ਕਬੂਲ ਕਰ ਲਿਆ ਹੈ। ਹਾਂਲਾਕਿ ਇਸ ਸੰਬੰਧੀ ਪੰਜਾਬ ਪੁਲਿਸ ਵੱਲੋਂ ਪੁਸ਼ਟੀ ਨਹੀਂ ਕੀਤੀ ਜਾ ਰਹੀ। ਜਦਕਿ ਇਸ ਸਭ ਦੇ ਚੱਲਦੇ ਭਾਰਤੀ ਸਿੱਖ ਮਹਿਲਾ ਸਰਬਜੀਤ ਕੌਰ ਤੋਂ ਨੂਰ ਹੁਸੈਨ ਬਣ ਗਈ ਹੈ। ਜਿਸ ਨੇ ਸ਼ੇਖੂਪੁਰਾ ਪਾਕਿਸਤਾਨ ਵਿਚਲੀ ਅਦਾਲਤ ਵਿੱਚ ਨਿਕਾਹ ਕਬੂਲਦਿਆ ਮੌਲਵੀ ਕੋਲੋਂ ਨਿਕਾਹ ਲਈ ਆਪਣੀ ਸਹਿਮਤੀ ਪ੍ਰਗਟ ਕਰਦਿਆਂ ਇਹ ਵੀ ਕਬੂਲਿਆ ਕਿ ਉਸਦਾ ਪਹਿਲੇ ਪਤੀ ਨਾਲ ਤਲਾਕ ਹੋ ਚੁੱਕਾ ਹੈ ਤੇ ਉਹ ਹੁਣ ਨਵੇਂ ਬਣ ਰਹੇ (ਪਤੀ) ਜੋ ਪਾਕਿਸਤਾਨ ਵਿਚਲਾ ਵਿਅਕਤੀ ਵੀਡੀਓ ਵਿੱਚ ਉਸਦੇ ਨਾਲ ਬੈਠਾ ਹੈ, ਨੂੰ ਪਿਛਲੇ 9 ਸਾਲਾਂ ਤੋਂ ਜਾਣਦੀ ਹੈ ਤੇ ਉਸ ਨੂੰ ਇਹ ਨਿਕਾਹ ਕਬੂਲ ਹੈ। ਜਿਸਦੀ ਵੀਡੀਓ ਵਾਇਰਲ ਹੋ ਰਹੀ ਹੈ।

