HOME ਪਿੰਡ ਹੈਡੋਂ ਬੇਟ ਵਿੱਚ ਫੰਡਾਂ ਦੀ ਘਾਟ ਕਾਰਨ ਗਲੀ ਦਾ ਕੰਮ ਅੱਧ...

ਪਿੰਡ ਹੈਡੋਂ ਬੇਟ ਵਿੱਚ ਫੰਡਾਂ ਦੀ ਘਾਟ ਕਾਰਨ ਗਲੀ ਦਾ ਕੰਮ ਅੱਧ ਵਿਚਾਲੇ ਰੁਕਿਆ

 ਨਵਾਂਸ਼ਹਿਰ /ਕਾਠਗੜ੍ਹ,  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਕਿਸੇ ਵੀ ਪੰਚਾਇਤ ਵੱਲੋਂ ਸ਼ੁਰੂ ਕੀਤਾ ਜਾਂਦਾ ਵਿਕਾਸ ਦਾ ਕੰਮ ਉਦੋਂ ਹੀ ਪੂਰਾ ਮੰਨਿਆ ਜਾਂਦਾ ਹੈ ਜਦੋਂ ਉਹ ਪੂਰੀ ਤਰ੍ਹਾਂ ਮੁਕੰਮਲ ਹੋ ਜਾਵੇ ਪਰੰਤੂ ਜੇਕਰ ਕੰਮ ਅਧੂਰਾ ਰਹਿ ਜਾਵੇ ਤਾਂ ਉਸ ਬਾਰੇ ਲੋਕ ਕਈ ਤਰ੍ਹਾਂ ਦੇ ਅੰਦਾਜੇ ਲਗਾਉਂਦੇ ਰਹਿੰਦੇ ਹਨ ਜਦਕਿ ਅਸਲ ਕਾਰਨ ਹੋਰ ਹੁੰਦਾ ਹੈ। ਇਸੇ ਤਰ੍ਹਾਂ ਦੀ ਹਾਲਤ ਪਿੰਡ ਹੈਡੋਂ ਬੇਟ ਵਿੱਚ ਸ਼ੁਰੂ ਕਰਵਾਏ ਗਏ ਗਲੀ ਦੇ ਕੰਮ ਦੀ ਹੈ। ਪਿੰਡ ਦੀ 1400 ਫੁੱਟ ਲੰਬਾਈ ਵਾਲੀ ਇਸ ਮੁੱਖ ਗਲੀ ਦੀ ਹਾਲਤ ਕਾਫੀ ਦੇਰ ਤੋਂ ਖਸਤਾ ਸੀ ਜਿਸ ਨੂੰ ਕੰਕਰੀਟ ਦੀ ਬਣਾਉਣ ਦਾ ਕੰਮ ਬੀਤੀ ਬਰਸਾਤ ਦਰਾਉਣ ਪੰਚਾਇਤ ਵੱਲੋਂ ਸ਼ੁਰੂ ਕੀਤਾ ਗਿਆ ਸੀ। ਪੰਚਾਇਤ ਨੇ ਪਹਿਲਾਂ ਕਰੀਬ 700 ਫੁੱਟ ਲੰਬੀ ਗਲੀ ਨੂੰ ਪੱਕੀ ਕਰਨ ਲਈ ਗਟਕਾ ਆਦਿ ਪੁਆ ਦਿੱਤਾ ਸੀ ਪਰੰਤੂ ਉਸ ਉੱਤੇ ਕੰਕਰੀਟ ਨਾ ਪਾਏ ਜਾਣ ਕਾਰਨ ਗਲੀ ਦਾ ਕੰਮ ਅੱਧ ਵਿਚਾਲੇ ਹੀ ਲਟਕ ਗਿਆ। ਕੰਕਰੀਟ ਨਾ ਪਾਏ ਜਾਣ ਕਰਕੇ ਪਾਇਆ ਗਿਆ ਗਟਕਾ ਅਤੇ ਸਾਈਡਾਂ ‘ਤੇ ਇੱਟਾਂ ਦੀ ਲਗਾਈ ਗਈ ਰੋਕ ਉੱਖੜਨੇ ਸ਼ੁਰੂ ਹੋ ਗਏ ਜਿਸ ਨਾਲ ਗਲੀ ਵਿੱਚੋਂ ਲੋਕਾਂ ਦਾ ਆਉਣਾ -ਜਾਣਾ ਹੋਰ ਵੀ ਮੁਸ਼ਕਿਲ ਹੋ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਖਸਤਾ ਹਾਲ ਗਲੀ ਨੂੰ ਬਣਾਉਣ ਦਾ ਕੰਮ ਬੜੀ ਮੁਸ਼ਕਿਲ ਨਾਲ ਸ਼ੁਰੂ ਹੋਇਆ ਸੀ ਜੋ ਅਧੂਰਾ ਹੀ ਛੱਡ ਦਿੱਤਾ ਗਿਆ ਹੈ। ਪਿੰਡ ਵਾਸੀਆਂ ਨੇ ਪੰਚਾਇਤ ਤੋਂ ਮੰਗ ਕੀਤੀ ਕਿ ਗਲੀ ਦੇ ਅਧੂਰੇ ਪਏ ਕੰਮ ਨੂੰ ਪੂਰਾ ਕਰਵਾਇਆ ਜਾਵੇ। ਫੰਡਾਂ ਦੀ ਘਾਟ ਕਾਰਨ ਰੁਕਿਆ ਗਲੀ ਦਾ ਕੰਮ- ਸਰਪੰਚ ਦਾਰਾ ਸਿੰਘ ਪਿੰਡ ਹੈਡੋਂ ਬੇਟ ਵਿੱਚ ਗਲੀ ਦੇ ਅਧੂਰੇ ਪਏ ਕੰਮ ਸਬੰਧੀ ਜਦੋਂ ਪਿੰਡ ਦੇ ਸਰਪੰਚ ਦਾਰਾ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਗਲੀ ਨੂੰ ਬਣਾਏ ਜਾਣ ਦਾ ਕੁੱਲ ਐਸਟੀਮੇਟ 10 ਲੱਖ ਰੁਪਏ ਦਾ ਹੈ ਲੇਕਿਨ ਗਲੀ ਬਣਾਉਣ ਲਈ ਸ਼ੁਰੂ ਕੀਤੇ ਗਏ ਕੰਮ ਦੌਰਾਨ ਜੋ ਗਟਕਾ ਆਦਿ ਪਾਇਆ ਗਿਆ ਹੈ ਉਹ ਸਰਕਾਰੀ ਤੌਰ ‘ਤੇ ਆਇਆ ਹੈ ਜਦਕਿ ਸੀਮਿੰਟ ਅਤੇ ਲੇਬਰ ਦਾ ਲਗਭਗ 3 ਲੱਖ ਰੁਪਏ ਉਹਨਾਂ ਨੇ ਆਪਣੇ ਕੋਲੋਂ ਖਰਚਿਆ ਹੈ। ਉਹਨਾਂ ਕਿਹਾ ਕਿ ਜਿਵੇਂ ਹੀ ਗਰਾਂਟ ਆਵੇਗੀ ਤਾਂ ਤੁਰੰਤ ਗਲੀ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleSAMAJ WEEKLY = 06/11/2025
Next article*“ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ” — ਗੁਰਬਾਣੀ ਦੇ ਸੰਦੇਸ਼ ‘ਤੇ ਤੁਰਦਿਆਂ ਐਸ.ਕੇ.ਟੀ. ਟੀਮ ਵੱਲੋਂ ਪ੍ਰਕਾਸ਼ ਪੁਰਬ ਮੌਕੇ ਦਿੱਤਾ ਵਾਤਾਵਰਣ ਸੰਭਾਲ ਦਾ ਸੰਦੇਸ਼*