*ਕੁਦਰਤ ਦੀ ਸੇਵਾ ਹੀ ਸੱਚੀ ਸੇਵਾ ਹੈ, ਹਰ ਖੁਸ਼ੀ ਨੂੰ ਪੌਧਾਰੋਪਣ ਨਾਲ ਜੋੜੋ : ਅੰਕੁਸ਼ ਨਿਝਾਵਨ*
*ਹਵਾ, ਪਾਣੀ ਤੇ ਧਰਤੀ ਸਾਡੀ ਜ਼ਿੰਦਗੀ ਦੇ ਅਸਲ ਆਧਾਰ ਹਨ : ਭਾਈ ਮਨਜੀਤ ਸਿੰਘ*
ਨਵਾਂਸ਼ਹਿਰ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਦੇ ਪਾਵਨ ਮੌਕੇ ‘ਤੇ ਐਸ.ਕੇ.ਟੀ. ਪਲਾਂਟੇਸ਼ਨ ਟੀਮ ਵੱਲੋਂ ਗੁਰੂਦੁਆਰਾ ਸਿੰਘ ਸਭਾ ਪਿੰਡ ਬੇਗਮਪੁਰ ਵਿਖੇ ਪੌਧਾਰੋਪਣ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਟੀਮ ਦੇ ਸੰਸਥਾਪਕ ਅੰਕੁਸ਼ ਨਿਝਾਵਨ, ਗੁਰੂਦੁਆਰੇ ਦੇ ਪ੍ਰਬੰਧਕ, ਪਿੰਡ ਵਾਸੀ ਤੇ ਟੀਮ ਮੈਂਬਰ ਹਾਜ਼ਰ ਰਹੇ। ਟੀਮ ਦੇ ਸੰਸਥਾਪਕ ਤੇ ਸੰਚਾਲਕ ਅੰਕੁਸ਼ ਨਿਝਾਵਨ ਨੇ ਕਿਹਾ ਕਿ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ” — ਗੁਰਬਾਣੀ ਦੀ ਇਹ ਪਵਿੱਤਰ ਤੁਕ ਸਿਰਫ਼ ਸ਼ਬਦ ਨਹੀਂ ਸਗੋਂ ਜੀਵਨ ਦਾ ਦਰਸ਼ਨ ਹੈ। ਇਹ ਸਾਨੂੰ ਸਿਖਾਉਂਦੀ ਹੈ ਕਿ ਜਦ ਤਕ ਅਸੀਂ ਹਵਾ, ਪਾਣੀ ਤੇ ਧਰਤੀ ਦਾ ਆਦਰ ਨਹੀਂ ਕਰਾਂਗੇ, ਤਦ ਤਕ ਮਨੁੱਖਤਾ ਦਾ ਅਸਤਿਤਵ ਸੁਰੱਖਿਅਤ ਨਹੀਂ ਰਹਿ ਸਕਦਾ। ਉਨ੍ਹਾਂ ਨੇ ਕਿਹਾ ਕਿ ਬੂਟਾ ਲਗਾਉਣਾ ਸਿਰਫ਼ ਵਾਤਾਵਰਣਕ ਕਿਰਿਆ ਨਹੀਂ, ਸਗੋਂ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਜੀਵਨ ਵਿਚ ਉਤਾਰਨ ਦਾ ਤਰੀਕਾ ਹੈ। ਹਰ ਵਿਅਕਤੀ ਨੂੰ ਆਪਣੀਆਂ ਖੁਸ਼ੀਆਂ ਨੂੰ ਧਰਤੀ ਮਾਤਾ ਦੇ ਨਾਮ ਸਮਰਪਿਤ ਕਰਦਿਆਂ ਪੌਧਾਰੋਪਣ ਕਰਨਾ ਚਾਹੀਦਾ ਹੈ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼, ਹਰੀ-ਭਰੀ ਤੇ ਸਿਹਤਮੰਦ ਧਰਤੀ ਮਿਲੇ। ਗੁਰੂਦੁਆਰਾ ਸਿੰਘ ਸਭਾ ਦੇ ਗ੍ਰੰਥੀ ਭਾਈ ਮਨਜੀਤ ਸਿੰਘ ਜੀ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਆਉਂਦਾ ਹੈ — “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ”। ਇਸ ਪਵਿੱਤਰ ਤੁਕ ਰਾਹੀਂ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਕਿ ਹਵਾ, ਪਾਣੀ ਤੇ ਧਰਤੀ ਸਾਡੇ ਜੀਵਨ ਦਾ ਪਰਿਵਾਰ ਹਨ। ਜਦ ਅਸੀਂ ਕੁਦਰਤ ਦੀ ਸੇਵਾ ਕਰਦੇ ਹਾਂ — ਬੂਟੇ ਲਗਾਂਦੇ ਹਾਂ, ਪਾਣੀ ਦੀ ਸੰਭਾਲ ਕਰਦੇ ਹਾਂ, ਧਰਤੀ ਦੀ ਰੱਖਿਆ ਕਰਦੇ ਹਾਂ — ਤਦ ਅਸੀਂ ਗੁਰੂ ਸਾਹਿਬ ਦੇ ਸੰਦੇਸ਼ ਨੂੰ ਅਮਲ ਵਿਚ ਲਿਆਉਂਦੇ ਹਾਂ। ਉਨ੍ਹਾਂ ਨੇ ਕਿਹਾ ਕਿ ਪੌਧਾਰੋਪਣ, ਪਾਣੀ ਸੰਭਾਲ ਤੇ ਸਫ਼ਾਈ ਨੂੰ ਅਪਣਾਉਣਾ ਹੀ ਅੱਜ ਦੇ ਸਮੇਂ ਦੀ ਸੱਚੀ ਸੇਵਾ ਹੈ। ਟੀਮ ਮੈਂਬਰ ਕੁਲਵਿੰਦਰ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਹਰ ਖੁਸ਼ੀ ਦਾ ਮੌਕਾ — ਚਾਹੇ ਜਨਮਦਿਨ, ਵਿਆਹ ਦੀ ਸਾਲਗਿਰਹ ਜਾਂ ਹੋਰ ਕੋਈ ਵੀ ਵਿਸ਼ੇਸ਼ ਦਿਨ ਹੋਵੇ — ਬੂਟਾ ਲਗਾ ਕੇ ਮਨਾਉਣ। ਉਨ੍ਹਾਂ ਨੇ ਕਿਹਾ ਕਿ ਜੋ ਵੀ ਵਿਅਕਤੀ ਆਪਣੇ ਜੀਵਨ ਦੇ ਖਾਸ ਦਿਨ ਨੂੰ ਧਰਤੀ ਮਾਤਾ ਦੇ ਨਾਮ ਸਮਰਪਿਤ ਕਰਨਾ ਚਾਹੁੰਦਾ ਹੈ, ਉਹ ਐਸ.ਕੇ.ਟੀ. ਪਲਾਂਟੇਸ਼ਨ ਟੀਮ ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਮੋਹਨ ਸਿੰਘ, ਬਲਦੇਵ ਰਾਜ, ਬਲਜੀਤ ਕੌਰ, ਮਨਜਿੰਦਰ ਕੌਰ, ਕੁਲਵਿੰਦਰ ਕੌਰ, ਜਸਪ੍ਰੀਤ ਕੌਰ, ਪ੍ਰਦਿਉਮਨ ਸਿੰਘ, ਬਹਾਦਰ ਸਿੰਘ ਅਤੇ ਗੁਰਬਖਸ਼ ਕੌਰ ਹਾਜ਼ਰ ਰਹੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



