(ਸਮਾਜ ਵੀਕਲੀ) ਜੇਕਰ ਤੁਸੀਂ 40 ਸਾਲਾਂ ਦੇ ਹੋ ਗਏ ਹੋ ਜਾਂ ਹੋਣ ਵਾਲੇ ਹੋ ਅਤੇ ਤੁਸੀਂ ਕੋਈ ਦਵਾਈ ਨਹੀਂ ਖਾ ਰਹੇ ਤਾਂ ਸਭ ਤੋਂ ਪਹਿਲਾਂ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਮਨਾਓ, ਕਿਉਂਕਿ ਅੱਜਕਲ੍ਹ ਦੀ ਭੱਜ ਦੌੜ ਵਾਲੀ ਜੀਵਨ ਸ਼ੈਲੀ ਵਿੱਚ ਕੋਈ ਵਿਰਲਾ ਟਾਵਾਂ ਹੀ ਹੋਵੇਗਾ ਜਿਸਦੀ ਕੋਈ ਦਵਾਈ ਨਾ ਚਲਦੀ ਹੋਵੇ। ਜੇਕਰ ਤੁਸੀਂ ਆਪਣੀ ਵਿਵਸਥਿਤ ਜੀਵਨ ਸ਼ੈਲੀ ਜਾਂ ਰੁਟੀਨ ਨਾਲ ਇਸ ਚੀਜ਼ ਨੂੰ ਮਾਤ ਪਾ ਰਹੇ ਹੋ ਤਾਂ ਆਪਣੀ ਪਿੱਠ ਥਪਥਪਾ ਲਓ। ਜੇਕਰ ਤੁਸੀਂ ਆਪਣੇ ਜੀਵਨ ਵਿੱਚ ਕਸਰਤ ਅਤੇ ਜਿੰਮ ਵਰਕ ਕਰ ਰਹੇ ਹੋ ਤਾਂ ਆਪਣੀ ਪਿੱਠ ਇਕ ਵਾਰ ਹੋਰ ਥਪਥਪਾ ਲਓ, ਕਿਉਂਕਿ ਹੋਰ ਕੋਈ ਤੁਹਾਡੀ ਪਿੱਠ ਨਹੀਂ ਥਪਥਪਾਓਣ ਆਵੇਗੀ। ਕਿਸੇ ਹੋਰ ਕੋਲ ਟਾਇਮ ਹੀ ਨਹੀਂ ਹੈ। ਸੋ ਆਪਣੀ ਪਿੱਠ ਥਪਥਪਾ ਕੇ ਆਪਣੇ ਆਪ ਨੂੰ ਸ਼ਾਬਾਸ਼ ਦਿਓ। ਤੁਸੀਂ ਆਪਣੇ ਸਰੀਰ ਦੀ ਤੰਦਰੁਸਤੀ ਲਈ ਸਮਾਂ ਕੱਢ ਰਹੇ ਹੋ ਤੇ ਦਵਾਈਆਂ ਤੋਂ ਬੱਚ ਰਹੇ ਹੋ। ਸਾਡੇ ਜੀਵਨ ਵਿੱਚ ਅਸੀਂ ਰੋਜ਼ਾਨਾ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜੂਝਦੇ ਰਹਿੰਦੇ ਹਾਂ। ਜੋ ਸਾਨੂੰ ਬਹੁਤ ਵੱਡੀਆਂ ਲੱਗਦੀਆਂ ਹਨ ਪਰ ਜੇਕਰ ਖ਼ੁਦਾ ਨਾ ਖਾਸਤਾ ਅਸੀਂ ਕਿਸੇ ਸਿਹਤ ਸਮੱਸਿਆ ਵਿੱਚ ਉਲਝ ਜਾਂਦੇ ਹਾਂ ਤਾਂ ਬਾਕੀ ਸਾਰੀਆਂ ਸਮੱਸਿਆਵਾਂ ਛੋਟੀਆਂ ਰਹਿ ਜਾਂਦੀਆਂ ਹਨ ਤੇ ਸਾਡੀ ਇਹੀ ਸਮੱਸਿਆ ਵੱਡੀ ਬਣ ਜਾਂਦੀ ਹੈ। ਪਰ ਇਕ ਮਨ ਦੀ ਅਜਿਹੀ ਸਥਿਤੀ ਵੀ ਹੈ ਜਿਸ ਵਿੱਚ ਅਸੀਂ ਆਪਣੀਆਂ ਸਿਹਤ ਸਮੱਸਿਆਵਾਂ ਨੂੰ ਕਾਫ਼ੀ ਹੱਦ ਤੱਕ ਘਟਾ ਸਕਦੇ ਹਾਂ, ਉਹ ਸਥਿਤੀ ਹੈ ਨੇਸਬੋ ਪ੍ਰਭਾਵ।
ਨੇਸਬੋ ਪ੍ਰਭਾਵ ਉਸ ਸਥਿਤੀ ਨੂੰ ਕਹਿੰਦੇ ਹਨ ਜਦੋਂ ਕਿਸੇ ਵਿਅਕਤੀ ਦੀ ਬਿਮਾਰੀ ਪ੍ਰਤੀ ਨਕਾਰਾਤਮਕ ਭਾਵਨਾ ਅਤੇ ਅਵਿਸ਼ਵਾਸ ਉਸ ਬਿਮਾਰੀ ਨੂੰ ਵਧਾਉਣ ਵਿੱਚ ਭੂਮਿਕਾ ਨਿਭਾਉਂਦੀ ਹੈ। ਇਹ ਉਹ ਸਥਿਤੀ ਹੁੰਦੀ ਹੈ ਜਿਸ ਵਿੱਚ ਦਵਾਈ ਨੁਕਸਾਨ ਤਾਂ ਨਹੀਂ ਕਰਦੀ ਪਰ ਵਿਅਕਤੀ ਇਹ ਸੋਚ ਲੈਂਦਾ ਹੈ ਕਿ ਦਵਾਈ ਮੈਨੂੰ ਸਾਈਡ ਇਫ਼ੇਕਟ ਕਰੇਗੀ। ਜਿਸਦਾ ਸਿੱਧਾ ਅਸਰ ਉਸਦੇ ਮਨ ਅਤੇ ਸਰੀਰ ਤੇ ਪੈਂਦਾ ਹੈ।
ਨੇਸਬੋ ਪ੍ਰਭਾਵ ਇਕ ਅਜਿਹੀ ਘਟਨਾ ਹੈ ਜਿਸ ਵਿੱਚ ਕਿਸੇ ਬਿਮਾਰੀ ਦੇ ਇਲਾਜ਼ ਦੌਰਾਨ ਚੱਲ ਰਹੇ ਇਲਾਜ਼ ਜਾਂ ਦਵਾਈਆਂ ਦੇ ਪ੍ਰਤੀ ਨਕਾਰਾਤਮਕ ਭਾਵਨਾਵਾਂ ਪੈਦਾ ਹੋ ਜਾਂਦੀਆਂ ਹਨ। ਜਦੋਂ ਕੋਈ ਵਿਅਕਤੀ ਕਿਸੇ ਦਵਾਈ ਦੇ ਸਾਈਡ ਇਫ਼ੇਕਟ ਬਾਰੇ ਕਿਸੇ ਸਰੋਤ ਤੋਂ ਜਾਣਦਾ ਹੈ ਤਾਂ ਭਾਵੇਂ ਉਸ ਦਵਾਈ ਦੇ ਸਾਈਡ ਇਫ਼ੇਕਟ ਨਾ ਹੋਣ ਪਰ ਉਸ ਵਿਅਕਤੀ ਨੂੰ ਹੋਣ ਲੱਗ ਜਾਣਗੇ। ਕਿਸੇ ਡਾਕਟਰ, ਨਰਸ ਜਾਂ ਅਟੈਂਡੇਂਟ ਦੁਆਰਾ ਦਿੱਤੇ ਗਏ ਨਕਾਰਾਤਮਕ ਸੁਝਾਅ, ਇਲਾਜ਼ ਦੁਆਰਾ ਪਿਛਲੇ ਸਮੇਂ ਦੌਰਾਨ ਹੋਏ ਬੁਰੇ ਅਨੁਭਵ ਤੇ ਇੰਟਰਨੈਟ, ਸ਼ੋਸ਼ਲ ਮੀਡੀਆ ਤੇ ਪ੍ਰਾਪਤ ਕੀਤੀ ਜਾਣਕਾਰੀ ਨੇਸਬੋ ਪ੍ਰਭਾਵ ਨੂੰ ਵਧਾ ਦਿੰਦੀ ਹੈ।
ਅਮਰੀਕੀ ਵਿਗਿਆਨੀ ਵਾਟਲਰ ਪੀ ਕੈਨੇਡੀ ਨੇ 1961 ਵਿੱਚ ਸਭ ਤੋਂ ਪਹਿਲਾਂ ਨੇਸਬੋ ਪ੍ਰਭਾਵ ਦੀ ਵਰਤੋਂ ਕੀਤੀ ਸੀ। ਇਸ ਸ਼ਬਦ ਦੀ ਉਤਪਤੀ ਨੋਸੇਰਾ ਸ਼ਬਦ ਤੋਂ ਹੋਈ, ਜੋ ਲੈਨਿਨ ਭਾਸ਼ਾ ਦਾ ਸ਼ਬਦ ਹੈ। ਉਹਨਾਂ ਦੁਆਰਾ ਦਿੱਤੀ ਗਈ ਥਿਊਰੀ ਵਿੱਚ ਇਹ ਦੱਸਿਆ ਗਿਆ ਕਿ ਇਲਾਜ਼ ਦੇ ਦੌਰਾਨ ਬਿਮਾਰ ਵਿਅਕਤੀ ਦੀ ਮਨੋਦਸ਼ਾ ਉੱਪਰ ਉਸਦੇ ਸਾਕਾਰਾਤਮਕ ਦ੍ਰਿਸ਼ਟੀਕੋਣ ਦਾ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ ਅਤੇ ਉਸਦੀ ਸਿਹਤ ਵਿੱਚ ਜਲਦੀ ਜਲਦੀ ਸੁਧਾਰ ਹੋਣਾ ਸ਼ੁਰੂ ਹੋ ਜਾਂਦਾ ਹੈ। ਸੋਧ ਦੌਰਾਨ ਪਾਇਆ ਕਿ ਸਿਰ ਦਰਦ ਲਈ ਇਕ ਟੌਫੀ ਵੀ ਕੰਮ ਕਰ ਗਈ। ਜਦੋਂ ਕਿਸੇ ਨੂੰ ਇਹ ਟੌਫੀ ਦਵਾਈ ਕਹਿ ਕੇ ਖਵਾਈ ਗਈ।
ਸੋਧ ਦੌਰਾਨ ਪਾਇਆ ਗਿਆ ਕਿ ਇਨਸਾਨ ਦੀ ਮਨ ਦੀ ਧਾਰਨਾ ਉਸਦੀਆਂ ਸਰੀਰਕ ਕਿਰਿਆਵਾਂ ਨੂੰ ਪ੍ਰਭਾਵਿਤ ਕਰਦੀ ਹੈ। ਬਿਮਾਰ ਹੋਣ ਤੇ ਜੇਕਰ ਅਸੀਂ ਸਿਹਤ ਪ੍ਰਤੀ ਸਕਰਾਤਮਕ ਹੋਵਾਂਗੇ ਤਾਂ ਜਲਦੀ ਰਿਕਵਰ ਕਰ ਜਾਵਾਂਗੇ। ਇਸਦੇ ਉਲਟ ਜੇਕਰ ਨਕਾਰਾਤਮਕ ਸੋਚਦੇ ਰਹਾਂਗੇ ਤਾਂ ਸਿਹਤ ਵਿੱਚ ਸੁਧਾਰ ਹੋਣ ਦੀ ਬਜਾਏ ਹੋਰ ਵਿਗੜ ਜਾਵੇਗੀ। ਪੁਰਾਣੇ ਬਜ਼ੁਰਗ ਮਰੀਜ਼ ਦਾ ਹੌਂਸਲਾ ਵਧਾਉਣ ਲਈ ਅਕਸਰ ਕਹਿ ਦਿੰਦੇ ਸੀ ਕਿ ਮਾੜਾ ਮੋਟਾ ਬੁਖ਼ਾਰ ਹੈ ਜਲਦੀ ਠੀਕ ਹੋ ਜਾਵੇਂਗਾ। ਗੀਤਾ ਦੇ ਅਨੁਸਾਰ ਵੀ ਜਿਸ ਤਰ੍ਹਾਂ ਦਾ ਸਾਡਾ ਮਨ ਹੋਵੇਗਾ ਉਸ ਤਰ੍ਹਾਂ ਦਾ ਸਾਡਾ ਜੀਵਨ ਬਣ ਜਾਵੇਗਾ। ਜੇਕਰ ਅਸੀਂ ਅੱਛਾ ਸੋਚਾਂਗੇ ਤਾਂ ਅੱਛਾ ਹੋਵੇਗਾ ਅਤੇ ਬੁਰਾ ਸੋਚਾਂਗੇ ਤਾਂ ਬੁਰਾ ਹੋਵੇਗਾ। ਮਨ ਹੀ ਸਾਡਾ ਮਿੱਤਰ ਅਤੇ ਦੁਸ਼ਮਣ ਦੋਵੇਂ ਹੋ ਸਕਦਾ ਹੈ।
ਆਪਣੀ ਸਿਹਤ ਨੂੰ ਲੈ ਕੇ ਜਾਗਰੂਕ ਹੋਣਾ ਚੰਗੀ ਗੱਲ ਹੈ ਪਰ ਜੇਕਰ ਅਸੀਂ ਕੁੱਝ ਜ਼ਿਆਦਾ ਹੀ ਜਾਗਰੂਕ ਰਹਾਂਗੇ ਤਾਂ ਇਹ ਸਾਡੇ ਲਈ ਸਹੀ ਨਹੀਂ ਹੋਵੇਗਾ। ਜੇਕਰ ਕੋਈ ਵਿਅਕਤੀ ਲਗਾਤਾਰ ਇਹ ਸੋਚਦਾ ਰਹਿੰਦਾ ਹੈ ਕਿ ਉਹ ਬਿਮਾਰ ਹੈ ਅਤੇ ਉਸਦੇ ਕਿਤੇ ਦਰਦ ਹੋ ਰਿਹਾ ਹੈ ਤਾਂ ਕੁੱਝ ਸਮੇਂ ਬਾਅਦ ਉਸਦੇ ਸਰੀਰ ਵਿੱਚ ਸਚਮੁੱਚ ਦਰਦ ਮਹਿਸੂਸ ਹੋਣ ਲੱਗ ਜਾਵੇਗਾ ਭਾਵੇਂ ਕਿ ਉਹ ਸਰੀਰਕ ਤੌਰ ਤੇ ਪੂਰੀ ਤਰ੍ਹਾਂ ਫਿੱਟ ਹੋਵੇ।
ਅੱਜ ਕੱਲ੍ਹ ਮਾੜੀ ਮੋਟੀ ਸਿਹਤ ਸਮੱਸਿਆ ਆਉਣ ਤੇ ਅਸੀਂ ਇੰਟਰਨੈਟ ਤੇ ਉਸਦੇ ਇਲਾਜ਼ ਬਾਰੇ ਸਰਚ ਕਰਨੀ ਸ਼ੁਰੂ ਕਰ ਦਿੰਦੇ ਹਾਂ। ਜੋ ਕਿ ਪੂਰੀ ਤਰ੍ਹਾਂ ਨਾਲ ਸਹੀ ਜਾਣਕਾਰੀ ਨਹੀਂ ਹੁੰਦੀ। ਓਥੋਂ ਸਾਨੂੰ ਪਤਾ ਲਗਦਾ ਹੈ ਕਿ ਰੋਜ਼ 10000 ਕਦਮ ਚੱਲਣਾ ਚਾਹੀਦਾ ਹੈ, ਰੋਜ਼ ਇਕ ਸੇਬ ਖਾਣਾ ਚਾਹੀਦਾ ਹੈ, ਹਰ ਰੋਜ਼ ਦੋ ਲੀਟਰ ਪਾਣੀ ਪੀਣਾ ਚਾਹੀਦਾ ਹੈ।ਰੋਜ਼ 8 ਘੰਟੇ ਨੀਂਦ ਲੈਣੀ ਚਾਹੀਦੀ ਹੈ। ਜਦੋਂ ਅਸੀਂ ਇਹਨਾਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਇਹ ਕਰਨਾ ਸ਼ੁਰੂ ਕਰ ਦਿੰਦੇ ਹਾਂ ਤੇ ਕਦੇ ਮਿਸ ਹੋ ਜਾਂਦਾ ਹੈ ਤਾਂ ਸਾਨੂੰ ਲੱਗਦਾ ਹੈ ਕਿ ਸਾਡੇ ਅੱਜ ਦੇ ਟਾਰਗੇਟ ਪੂਰੇ ਨਹੀਂ ਹੋਏ। ਅਸੀਂ ਚਿੰਤਾਗ੍ਰਸਤ ਹੋ ਜਾਂਦੇ ਹਾਂ। ਅਸੀਂ ਇਕ ਸਿਹਤਮੰਦ ਇਨਸਾਨ ਹੋ ਕੇ ਵੀ ਬਿਮਾਰ ਮਹਿਸੂਸ ਕਰਨ ਲੱਗ ਜਾਂਦੇ ਹਾਂ।
ਇਸ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਬਚਣ ਲਈ ਕੋਈ ਨਕਾਰਾਤਮਕ ਵਿਚਾਰ ਆਪਣੇ ਮਨ ਵਿੱਚ ਨਾ ਆਉਣ ਦਿਓ। ਜੇ ਆਵੇ ਤਾਂ ਧਿਆਨ ਹੋਰ ਪਾਸੇ ਲਾ ਲਓ। ਮੋਬਾਈਲ, ਸਮਾਰਟ ਵਾਚ, ਹੈਲਥ ਐਪ ਦੀ ਵਰਤੋਂ ਘੱਟ ਤੋਂ ਘੱਟ ਕਰੋ। ਨੈਗੇਟਿਵ ਗੱਲਾਂ ਤੋਂ ਧਿਆਨ ਹਟਾਉਣ ਲਈ ਯੋਗਾ, ਮੈਡੀਟੇਸ਼ਨ, ਚੰਗੀਆਂ ਕਿਤਾਬਾਂ, ਰਚਨਾਤਮਕ ਕੰਮਾਂ, ਘੁੰਮਣ ਫਿਰਨ ਅਤੇ ਮਨਪਸੰਦ ਮੂਵੀ ਜਾਂ ਗਾਣਿਆਂ ਵੱਲ ਲਗਾ ਲਓ।
ਇਕ ਸੋਧ ਦੇ ਅਨੁਸਾਰ ਸਾਡੇ ਦੇਸ਼ ਦੇ 88 ਪ੍ਰਤੀਸ਼ਤ ਨੌਜਵਾਨ ਇਸ ਤਰ੍ਹਾਂ ਦੀ ਸਮੱਸਿਆ ਨਾਲ ਜੂਝ ਰਹੇ ਹਨ। ਇਨਜਾਇਟੀ ਸ਼ੁਰੂਆਤ ਵਿੱਚ ਅਸਥਾਈ ਹੁੰਦੀ ਹੈ ਅਤੇ ਕੁੱਝ ਘੰਟੇ ਜਾਂ ਦਿਨ ਲਈ ਹੁੰਦੀ ਹੈ। ਪਰ ਜੇਕਰ ਅਸੀਂ ਇਸਨੂੰ ਸੀਰੀਅਸ ਨਹੀਂ ਲੈਂਦੇ ਤਾਂ ਇਹ ਦਿਨਾਂ ਤੋਂ ਮਹੀਨਿਆਂ, ਸਾਲਾਂ ਅਤੇ ਪੂਰੀ ਜ਼ਿੰਦਗੀ ਦੀ ਸਮੱਸਿਆ ਬਣ ਜਾਂਦੀ ਹੈ। ਇਸ ਨਾਲ ਹੀ ਅਸੀਂ ਇਸ ਸਮੱਸਿਆ ਕਰਕੇ ਹੋਰ ਵੀ ਕਈ ਪ੍ਰਕਾਰ ਦੀਆਂ ਗੰਭੀਰ ਬਿਮਾਰੀਆ ਤੋਂ ਪੀੜ੍ਹਤ ਹੁੰਦੇ ਜਾਂਦੇ ਹਾਂ।
ਇਸ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਕੁੱਝ ਦਵਾਈਆਂ ਖਾਣ ਤੋਂ ਇਲਾਵਾ ਆਪਣੇ ਆਪ ਤੇ ਕੰਮ ਕਰਨਾ ਜ਼ਿਆਦਾ ਲਾਹੇਵੰਦ ਸਾਬਤ ਹੁੰਦਾ ਹੈ। ਕਿਸੇ ਅਜਿਹੀ ਜਗ੍ਹਾ ਤੇ ਚਲੇ ਜਾਓ, ਜਿੱਥੇ ਸਾਨੂੰ ਸ਼ਾਂਤੀ ਮਿਲੇ। ਇਹ ਜਗ੍ਹਾ ਕਲਪਨਾ ਵਿੱਚ ਵੀ ਹੋ ਸਕਦੇ ਹੈ। ਸਰੀਰ ਵਿੱਚ ਆਉਂਦੇ ਜਾਂਦੇ ਸਾਹਾਂ ਨੂੰ ਮਹਿਸੂਸ ਕਰੋ। ਇਸ ਤਰ੍ਹਾਂ ਤੁਹਾਡਾ ਧਿਆਨ ਇਨਜਾਇਟੀ ਪੈਦਾ ਕਰਨ ਵਾਲੀ ਸਮੱਸਿਆ ਤੋਂ ਹੱਟ ਜਵੇਗਾ। ਬਹੁਤੀ ਵਾਰ ਤਾਂ ਇਹ ਤੁਰੰਤ ਹੀ ਫਾਇਦਾ ਕਰਦਾ ਹੈ ਪਰ ਕਈ ਵਾਰ ਥੋੜ੍ਹਾ ਸਮਾਂ ਲੱਗ ਸਕਦਾ ਹੈ।ਪ੍ਰੇਸ਼ਾਨੀ ਪੈਦਾ ਕਰਨ ਵਾਲੇ ਵਿਚਾਰਾਂ ਦੀ ਜਗ੍ਹਾ ਕਿਸੇ ਚੰਗੇ ਵਿਚਾਰਾਂ ਤੇ ਫੋਕਸ ਕਰੋ। ਆਪਣੇ ਮਨਪਸੰਦ ਸਥਾਨ ਜਾਂ ਵਿਅਕਤੀ ਬਾਰੇ ਸੋਚੋ। ਆਪਣੇ ਸੁਨਹਿਰੀ ਭਵਿੱਖ ਦੀ ਮਨ ਵਿੱਚ ਕਲਪਨਾ ਕਰੋ। ਇਸ ਤਰ੍ਹਾਂ ਕਾਫੀ ਹੱਦ ਤੱਕ ਤੁਹਾਡੀ ਇਨਜਾਇਟੀ ਘੱਟ ਜਾਵੇਗੀ।
ਚਰਨਜੀਤ ਸਿੰਘ ਮੁਕਤਸਰ,*
ਸੈਂਟਰ ਹੈੱਡ ਟੀਚਰ,ਸਰਕਾਰੀ ਪ੍ਰਾਇਮਰੀ ਸਕੂਲ ਝਬੇਲਵਾਲੀ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ।
ਮੋਬਾਈਲ ਨੰਬਰ 9501300716
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



