HOME ਜਵਾਨੀ

ਜਵਾਨੀ

ਬਲਦੇਵ ਸਿੰਘ ''ਪੂਨੀਆਂ'
   (ਸਮਾਜ ਵੀਕਲੀ)  ਜਦੋਂ ਮੈ ਨਵਾਂ ਨਵਾਂ ਕਾਲਜ ਪੜ੍ਹਨ ਲੱਗਿਆ ਸਾਂ ਤਾਂ ਦਿਲ ਵਿੱਚ ਬੜਾ ਮਾਣ ਜਿਹਾ ਮਹਿਸੂਸ ਹੋਣ ਲੱਗ ਪਿਆ ਸੀ ਤੇ ਇਉਂ ਪ੍ਰਤੀਤ ਹੋਣ ਲੱਗ ਪਿਆ ਸੀ ਜਿਵੇਂ ਮੈ ਦੂਜਿਆਂ ਨਾਲੋਂ ਅਲਹਿਦਾ ਰੁਤਬਾ ਰੱਖਦਾ ਹੋਵਾਂ..ਕਾਲਜੀਏਟ ਜੁ ਹੋਇਆ ਤੇ ਮੈ ਸਮਝਦਾਂ ਮੇਰੇ ਇਕੱਲੇ ਦਾ ਇਹ ਹਾਲ ਨਹੀ ਸੀਗਾ ਸਗੋਂ ਸਾਰਿਆਂ ਈ ਕਾਲਜੀਏਟਾਂ(ਕਾਲਜ ਵਿੱਚ ਪੜ੍ਹਦੇ ਮੁੰਡਿਆਂ)ਦਾ ਏਹੀਉ ਹਾਲ ਸੀ। ਬਹੁਤ ਗਲਤੀਆਂ ਕਰਦੇ ਰਹੇ ਸੀ ਉਦੋਂ ਅਸੀਂ ਤੇ ਇਸ ਗੱਲ ਦਾ ਅਹਿਸਾਸ ਮੈਨੂੰ ਪੜ੍ਹਾਈ ਛੱਡਣ ਤੋਂ ਦਸ ਬਾਰਾਂ ਕੁ ਸਾਲਾਂ ਬਾਅਦ ਹੀ ਹੋਇਆ ਸੀ ਜਦੋਂ ਵਿਆਹ ਤੋਂ ਬਾਅਦ ਆਪਣੇ ਲਈ ਅਤੇ ਪਰਵਾਰ ਲਈ ਖੁਦ ਕਮਾਉਣਾ ਪਿਆ।ਕਾਲਜ ਪੜ੍ਹਦਿਆਂ ਕਿਸੇ ਮੁੰਡੇ ਦਾ ਬੱਸ ਕੰਡਕਟਰ ਨਾਲ ਝਗੜਾ ਹੋ ਜਾਣਾ ਤਾਂ ਬਿਨਾਂ ਕਾਰਣ ਜਾਣਿਆਂ ਅਸੀਂ ਝੱਟ ਇਕੱਠੇ ਹੋ ਜਾਣਾ.. ਹੱਥੋਪਾਈ ਵੀ ਹੋ ਜਾਂਦੀ ਸੀ ਕਦੇ ਕਦੇ ਤੇ ਏਦਾਂ ਦੇ ਪੰਗਿਆਂ ਵਿੱਚ ਸ਼ਾਮਲ ਹੋ ਕੇ ਬੜੀ ਖੁਸ਼ੀ ਹੁੰਦੀ ਸੀ ਸਾਨੂੰ। ਹੁਣ ਦੇ ਸਮੇ ਦਾ ਤਾਂ ਨਹੀ ਪਤਾ ਪਰ ਉਦੋਂ ਆਲੇ ਸਮੇ ਕਾਲਜ ਆਲੇ ਮੁੰਡੇ ਬੱਸ ਵਿੱਚ ਚੜ੍ਹਦਿਆਂ ਸਾਰ ਹੀ ਆਪਸ ਵਿੱਚ ਏਧਰਲੀਆਂ ਓਧਰਲੀਆਂ ਮਾਰਦੇ ਗੱਲ ਭੁੰਜੇ ਈ ਨਹੀ ਸਨ ਪੈਣ ਦਿੰਦੇ ਹੁੰਦੇ,ਹੋਰ ਤਾਂ ਹੋਰ ਕਿਸੇ ਮਜਬੂਰ ਇਨਸਾਨ ਵੱਲ ਵੇਖਕੇ ਕੁਝ ਨਾ ਕੁਝ ਕਹਿ ਕੇ ਠਹਾਕੇ ਮਾਰਦੇ ਹੋਏ ਹੱਸਣਾ ਆਮ ਜਿਹੀ ਗੱਲ ਹੁੰਦਾ ਸੀ। ਇੱਕ ਵਾਰ ਪੈਪਸੂ ਰੋਡਵੇਜ਼ ਦੀ ਬੱਸ ਵਿੱਚ ਇੱਕ ਚੈੱਕਰ ਚੜ੍ਹਿਆ ਤਾਂ ਉਹਨੇ ਜਦੋਂ ਈ ਸਵਾਰੀਆਂ ਦੀਆਂ ਟਿਕਟਾਂ ਅਤੇ ਵਿਦਿਆਰਥੀਆਂ ਦੇ ਪਾਸ ਚੈੱਕ ਕਰਨੇ ਸ਼ੁਰੂ ਕੀਤੇ ਤਾਂ ਸਾਡਾ ਕਾਲਜੀਏਟ ਟੋਲਾ ਉਹਦੇ ਵੱਲ ਵੇਖਕੇ ਖਿੜਖਿੜਾ ਕੇ ਹੱਸ ਪਿਆ..ਹੱਸਣ ਦਾ ਕਾਰਣ ਇਹ ਸੀ ਕਿ ਉਸ ਇੰਸਪੈਕਟਰ(ਚੈੱਕਰ) ਦੀ ਹਾਲਤ ਅਜੀਬੋ ਗਰੀਬ ਸੀ,ਉਹ ਕਲੀਨ ਸ਼ੇਵ ਸੀ ਪਰ ਦਾੜ੍ਹੀ ਵਧੀ ਹੋਈ ਸੀ ਤੇ ਉਹਦੇ ਪੈਰਾਂ ਵਿੱਚ ਜੁੱਤੀ ਦੀ ਹਾਲਤ ਖਸਤਾ ਸੀ, ਕੱਪੜੇ ਵੀ ਸਧਾਰਣ ਜਿਹੇ ਪਹਿਨੇ ਹੋਏ ਸਨ ਉਸਨੇ.. ਕਿਸੇ ਬਿਮਾਰੀ ਦਾ ਝੰਬਿਆ ਲੱਗਦਾ ਸੀ ਜਾਂ ਪਤਾ ਨਹੀ ਕੀ ਮਜਬੂਰੀ ਹੋਵੇਗੀ ਵਿਚਾਰੇ ਦੀ? ਸਾਡੇ ਵੱਲੋਂ ਬਦਸਲੂਕੀ ਕਰਨ ਤੋਂ ਬਾਅਦ ਚੈੱਕਰ ਕੜਕ ਕੇ ਬੋਲਿਆ,”ਪੁੱਤਰੋ ਤੁਹਾਡਾ ਕੋਈ ਕਸੂਰ ਨਹੀ ਹੈ ਕਿਉਂਕਿ ਨਵੀਂ ਨਵੀਂ ਜਵਾਨੀ ਆਈ ਹੈ ਤੁਹਾਡੇ ਤੇ”.. ਸਾਡੇ ਤੇ ਵੀ ਆਈ ਸੀਗੀ ਤੇ ਅਸੀਂ ਵੀ ਤੁਹਾਡੇ ਵਾਂਗ ਹੀ ਮੋਢਿਆਂ ਉੱਤੋਂ ਦੀ ਥੁੱਕਦੇ ਹੁੰਦੇ ਸੀ ਪਰ ਕਦੋਂ ਚਲੇ ਗਈ.. ਕਿੱਥੇ ਚਲੀ ਗਈ ਪਤਾ ਈ ਨਹੀ ਲੱਗਿਆ।
ਬਲਦੇਵ ਸਿੰਘ ”ਪੂਨੀਆਂ”
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕੌਫੀ ਵਿਦ ਸਰਗਮ ਮੱਖਣ ਸਿੰਘ
Next article*ਸਾਡੀਆਂ ਅੱਧੀਆਂ ਸਿਹਤ ਸਮੱਸਿਆਵਾਂ ਹੱਲ ਕਰ ਸਕਦਾ ਹੈ ਨੇਬਸੋ ਪ੍ਰਭਾਵ*