ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ, ਪੂਰੀ ਗੁਰਬਾਣੀ ਵਿੱਚ ਸਿਰਫ ਇੱਕ ਵਾਰ ਸ਼ਬਦ ਆਇਆ “ਦਿਵਾਲੀ” ਅਤੇ ਉਹ ਵੀ ਭਾਈ ਗੁਰਦਾਸ ਜੀ ਨੇ ਜਿਕਰ ਕੀਤਾ ਹੈ। ਪਰ ਇਸ ਦਾ ਮਤਲਬ ਕਿਤੇ ਵੀ ਇਹ ਨਹੀਂ ਕਿ ਗੁਰਬਾਣੀ ਦਿਵਾਲੀ ਦੇ ਤਿਉਹਾਰ ਦੀ ਪਰੋੜਤਾ ਕਰ ਰਹੀ ਹੈ। ਗਰੂ ਸਾਹਿਬ ਨੇ ਹਰ ਜਗਾਹ ਆਪਣੇ ਅੰਦਰ ਗਿਆਨ ਦਾ ਦੀਵਾ ਬਾਲਣ ਦੀ ਗੱਲ ਕੀਤੀ ਹੈ। ਪਰ ਇਹ ਸ਼ਬਦ ਆਮ ਹੀ ਦਿਵਾਲੀ ਵਾਲੇ ਦਿਨਾਂ ਵਿੱਚ ਗੁਰਦੁਆਰਿਆਂ ਵਿੱਚ ਜਾਂ ਸ਼ਬਦਾਂ ਦੇ ਰਾਹੀਂ ਸੁਣਾਇਆ ਜਾਂਦਾ। ਤੇ ਲੋਕਾਂ ਨੂੰ ਭੁਲੇਖਾ ਪੈਂਦਾ ਕਿ ਗੁਰੂ ਸਾਹਿਬ ਵੀ ਦਿਵਾਲੀ ਬਾਰੇ ਗੱਲ ਕਰ ਰਹੇ ਹਨ ਜਦ ਕਿ ਇਹ ਸ਼ਬਦ ਭਾਈ ਗੁਰਦਾਸ ਜੀ ਦਾ ਹੈ। ਤੇ ਭਾਈ ਗੁਰਦਾਸ ਜੀ ਹਰ ਜਗ੍ਹਾ ਉਦਾਹਰਨਾਂ ਦੇ ਕੇ ਸਮਝਾਉਂਦੇ ਹਨ ਅਤੇ ਆਖਰੀ ਤੁੱਕ ਵਿੱਚ ਜੋ ਗੁਰਮਤ ਦੀ ਗੱਲ ਹੈ ਜੋ ਗਿਆਨ ਦੀ ਗੱਲ ਹੈ ਉਹ ਦੱਸ ਰਹੇ ਹਨ। ਸੋ ਆਓ ਆਪਾਂ ਇਸ ਪੂਰੇ ਸ਼ਬਦ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ।
*ਦੀਵਾਲੀ ਦੀ ਰਾਤ ਦੀਵੇ ਬਾਲੀਅਨ ||
ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਦਿਵਾਲੀ ਦੀ ਰਾਤ ਨੂੰ ਦੀਵੇ ਬਾਲੇ ਜਾਂਦੇ ਹਨ, ਉਹਨਾਂ ਦਾ ਚਾਨਣ ਵਕਤੀ ਹੁੰਦਾ। ਮਤਲਬ ਥੋੜਾ ਸਮਾਂ ਰਹਿੰਦਾ, ਘੰਟਾ ਜਾਂ ਦੋ ਘੰਟੇ, ਕਈ ਵਾਰ ਆਪਣੇ ਸੌਣ ਤੋਂ ਪਹਿਲਾਂ ਹੀ ਉਹ ਦੀਵੇ ਬੁਝ ਜਾਂਦੇ ਹਨ। ਤੇ ਸਵੇਰੇ ਉਠਦਿਆਂ ਤਾਂ ਉਹ ਦੀਵੇ ਮੁਧੇ ਮੂੰਹ ਪਏ ਹੁੰਦੇ ਹਨ
“ਤਾਰੇ ਜਾਤ ਸਨਾਤ ਅੰਬਰ ਭਾਲੀਅਨ ||
ਰਾਤ ਨੂੰ ਤਾਰੇ ਦਿਸਦੇ ਹਨ ਅਤੇ ਦਿਨ ਚੜਦੇ ਹੀ ਉਹ ਤਾਰੇ ਛਿਪਣ ਹੋ ਜਾਂਦੇ ਹਨ ਭਾਵ ਉਨਾਂ ਦੀ ਹੋਂਦ ਵੀ ਵਕਤੀ ਹੁੰਦੀ ਹੈ ਮਤਲਬ ਥੋੜੇ ਸਮੇਂ ਦੀ ਹੁੰਦੀ ਹੈ..।
“ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਅਨ ||
ਬਾਗ ਬਗੀਚੇ ਵਿੱਚੋਂ ਚੁਣ ਚੁਣ ਕੇ ਫੁੱਲ ਤੋੜੇ ਜਾਂਦੇ ਹਨ ਅਤੇ ਉਹਨਾਂ ਦਾ ਹਾਰ ਬਣਾਇਆ ਜਾਂਦਾ, ਅਤੇ ਉਹਨਾਂ ਹਾਰਾਂ ਵਿੱਚ ਜੋ ਫੁੱਲਾਂ ਦੀ ਸੁਗੰਧੀ ਹੁੰਦੀ ਹੈ ਉਹ ਵੀ ਵਕਤੀ ਰਹਿ ਜਾਂਦੀ ਹੈ ਭਾਵ ਥੋੜੇ ਸਮੇਂ ਦੀ ਰਹਿੰਦੀ ਹੈ ਉਸ ਤੋਂ ਬਾਅਦ ਫੁੱਲ ਮੁਰਝਾ ਜਾਂਦੇ ਹਨ ਸੁਗੰਧੀ ਖ਼ਤਮ ਹੋ ਜਾਂਦੀ ਹੈ।
“ਤੀਰਥ ਜਾਤੀ ਜਾਤ ਨੈਣ ਨਿਹਾਲੀਅਨ ||
ਯਾਤਰੀ ਤੀਰਥਾਂ ਤੇ ਜਾਂਦੇ ਹਨ ਆਪਣੀਆਂ ਅੱਖਾਂ ਨੂੰ ਕੁਝ ਕੁਦਰਤ ਦਾ ਨਜ਼ਾਰਾ ਦਿਖਾਲਣ, ਤੇ ਉਹਨਾਂ ਦਾ ਜਾਣਾ ਵੀ ਵਕਤੀ ਹੁੰਦਾ ਭਾਵ ਥੋੜੇ ਸਮੇਂ ਦਾ ਆਨੰਦ ਰਹਿੰਦਾ ਉਸ ਤੋਂ ਬਾਅਦ ਮੁੜ ਕੇ ਫਿਰ ਵਾਪਸ ਘਰ ਆ ਜਾਂਦੇ ਹਨ।
“ਹਰਚੰਦੌਰੀ ਝਾਤ ਵਸਾਏ ਉਚਾਲੀਅਨ ||
ਹਰ ਇਨਸਾਨ ਆਪਣੇ ਅੰਦਰ ਕੁਝ ਸੁਪਨੇ ਸਜਾਉਂਦਾ ਅਤੇ ਉਹਨਾਂ ਸੁਪਨਿਆਂ ਨੂੰ ਦੇਖ ਦੇਖ ਖੁਸ਼ ਹੁੰਦਾ ਪਰ ਉਹਨਾਂ ਸੁਪਨਿਆਂ ਦਾ ਨਜ਼ਾਰਾ ਵੀ ਵਕਤੀ ਟਾਈਮ ਲਈ ਹੁੰਦਾ। ਕੁਝ ਸਮੇਂ ਲਈ ਤਾਂ ਦੇਖ ਕੇ ਮਨ ਵਿੱਚ ਇੱਕ ਮਹਿਲ ਬਣਾ ਕੇ ਖੁਸ਼ ਹੋ ਸਕਦਾ ਪਰ ਲੰਬਾ ਸਮਾਂ ਉਸ ਨਾਲ (ਸੁਪਨਿਆਂ ਨਾਲ) ਨਹੀਂ ਰਿਹਾ ਜਾ ਸਕਦਾ।
ਇਹ ਪੰਜ ਛੇ ਲਾਈਨਾਂ ਵਿੱਚ ਭਾਈ ਸਾਹਿਬ ਨੇ ਉਦਾਹਰਣਾਂ ਦੇ ਕੇ ਅਖੀਰ ਤੇ, ਜੋ ਅਸਲ ਗੱਲ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਸਨ ਉਹ ਉਨਾਂ ਨੇ ਆਖਰੀ ਤੁੱਕ ਦੇ ਵਿੱਚ ਸਮਝਾਈ। ਕਹਿੰਦੇ.:—
“ਗੁਰਮੁਖ ਸੁਖ ਫਲ ਦਾਤ ਸਬਦ ਸਮਾਲਿਅਨ ||
ਆਖਰੀ ਲਾਈਨ ਵਿੱਚ ਭਾਈ ਸਾਹਿਬ ਕਹਿੰਦੇ ਕਿ ਗੁਰਮੁਖ ਨੇ ਆਪਣਾ ਜੀਵਨ ਇਦਾਂ ਜੋ ਉਪਰ ਉਦਾਹਰਣਾਂ ਦਿਤੀਆਂ ਉਹਨਾਂ ਵਾਂਗ ਵਕਤੀ ਸੁੱਖ ਲੈ ਕੇ ਨਹੀਂ ਜੀਣਾ, ਗੁਰਮੁਖ ਲਈ ਸੁੱਖਾ ਦੇ ਫਲ ਦੀ ਦਾਤ “ਗਿਆਨ ਪ੍ਰਾਪਤ ਕਰਨਾ ਹੈ” ਜੇ ਉਸਨੇ ਪੂਰੀ ਜਿੰਦਗੀ ਅਨੰਦ ਵਿੱਚ ਰਹਿਣਾ ਹੈ ਤਾ ਆਨੰਦ ਵਿੱਚ ਰਹਿਣ ਲਈ ਉਸਨੂੰ ਸ਼ਬਦ ਦੀ ਸੰਭਾਲ ਕਰਨੀ ਪਵੇਗੀ, ਭਾਵ ਗੁਰੂ ਦਾ ਗਿਆਨ ਲੈ ਕੇ (ਸ਼ਬਦ ਗਿਆਨ ਲੈ ਕੇ ) ਆਪਣੀ ਜ਼ਿੰਦਗੀ ਬਸਰ ਕਰਨੀ ਪਵੇਗੀ। ਗਿਆਨ ਨਾਲ ਜੁੜਨਾ ਪਵੇਗਾ ਆਪਣੇ ਅੰਦਰ ਗਿਆਨ ਦਾ ਦੀਵਾ ਬਾਲਣਾ ਪਵੇਗਾ।
ਕਿਉਕਿ ਗਿਆਨ ਦਾ ਸੁਖ ਵਕਤੀ ਨਹੀਂ ਹੁੰਦਾ, ਉਹ ਸਦਾ ਨਾਲ ਰਹਿੰਦਾ ਹੈ ਤੇ ਜੋ ਮਨੁੱਖ ਗਿਆਨਵਾਨ ਹੋਵੇਗਾ ਉਹ ਕਦੇ ਉਹ ਕੰਮ ਨਹੀਂ ਕਰੇਗਾ ਜਿਸ ਨਾਲ ਉਸ ਦਾ ਜਾ ਸਮਾਜ ਦਾ ਕੋਇ ਨੁਕਸਾਨ ਹੰਦਾ ਹੋਵੇਗਾ। ਜੇ ਅੰਦਰ ਗਿਆਨ ਦਾ ਦੀਵਾ ਬਲੇਗਾ ਤਾ “ਦੀਵਾ ਬਲੇ ਅੰਧੇਰਾ ਜਾਏ” ਵਾਲੀ ਅਵਸਥਾ ਬਣ ਜਾਵੇਗੀ ਭਾਵ Mind set ਅਜਿਹਾ ਬਣ ਜਾਵੇਗਾ ਕਿ ਹਰ ਕੰਮ ਬੜੇ ਸੋਹਣੇ ਤੇ ਸੁਚੱਜੇ ਢੰਗ ਨਾਲ ਹੋਵਗਾ।
ਧੰਨਵਾਦ ਗੁਰੂ ਫ਼ਤਿਹ ਜੀ
ਪਰਮਜੀਤ ਸਿੰਘ ਦੁਸਾਂਝ


