ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ) ਮਹਾਤਮਾਂ ਬੁੱਧ ਦੀ ਪੇਂਟਿੰਗ ਅਤੇ ਡਾ ਬਰਜਿੰਦਰ ਸਿੰਘ ਹਮਦਰਦ ਜਿਸ ਦਿਨ ਇਹ ਪੇਂਟਿੰਗ ਬਨਾਉਣੀ ਸ਼ੁਰੂ ਕੀਤੀ ਸੀ ਤਾਂ ਮਨ ‘ਚ ਕਿ ਮਹਾਤਮਾਂ ਬੁੱਧ ਦੀ ਇਹ ਪੇਂਟਿੰਗ ਮੈੰ ਆਪਣੇ ਨਵੇਂ ਆਫਿਸ ‘ਚ ਆਪਣੇ ਸਿਰ ਵੱਲ੍ਹ ਸੁਸ਼ੋਭਤ ਕਰਾਂਗਾ। ਪੇਂਟਿੰਗ ਪੂਰੀ ਹੋਈ ਤਾਂ ਅੰਦਰੋਂ ਆਵਾਜ਼ ਆਈ ਕਿ ਇਸ ਪੇਂਟਿੰਗ ਨਾਲ਼ ਅਗਰ ਕਿਸੇ ਨੂੰ ਨਵਾਜਿਆ ਜਾ ਸਕਦਾ ਹੈ ਤਾਂ ਉਹ ਹਨ ਅਜੀਤ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ। ਸੋ ਦਿਵਾਲੀ ਦੇ ਮੁਬਾਰਕ ਮੌਕੇ ‘ਤੇ ਚਾਹ ਦੇ ਕੱਪ ਦੀ ਸਾਂਝ ਦਾ ਸਮਾਂ ਤੈਅ ਹੋਇਆ। ਬੰਗਾ ਤੋਂ ਅਜੀਤ ਦੇ ਪੱਤਰਕਾਰ ਧਰਮਵੀਰ ਪਾਲ ਨੂੰ ਨਾਲ਼ ਲੈ ਜਲੰਧਰ ਅਜੀਤ ਦੇ ਮੁੱਖ ਦਫ਼ਤਰ ਵਿਖੇ ਪਹੁੰਚਿਆ ਤਾਂ ਸਫ਼ਰ ਦੌਰਾਨ ਮਨ ਵਿੱਚ ਅਨੇਕਾਂ ਖਿਆਲ ਚੱਲਦੇ ਰਹੇ ਕਿ ਦੁਨੀਆਂ ਭਰ ਵਿੱਚ ‘ਭਾਜੀ’ ਨਾਂ ਦੇ ਰਿਸ਼ਤੇ ਦਾ ਅਸਲੀ ਨਿੱਘ ਮਾਨਣ ਵਾਲ਼ੇ ਹਮਦਰਦ ਸਾਹਿਬ ਕੀ ਸੱਚ ਮੁੱਚ ਹੀ ਮੇਰੇ ਵਰਗੀ ਨਾਚੀਜ਼ ਨੂੰ ਸਮਾਂ ਦੇ ਪਾਣਗੇ ? ਉਹਨਾਂ ਬਾਰੇ ਜੋ ਹੁਣ ਤੱਕ ਪੜ੍ਹਿਆ ਸੁਣਿਆ ਸੀ ਕੀ ਉਹ ਸੱਚਮੁੱਚ ਹੀ ਓਹੋ ਜਿਹੇ ਹੋਣਗੇ? ਇੱਥੇ ਤਾਂ ਬੱਦ-ਹਜ਼ਮੀਂ ਦੀ ਗੈਸ ਨਾਲ਼ ਫੁੱਲੇ ਹੋਏ ਲੋਕ ਮਾਣ ਨਹੀਂ ਹੁੰਦੇ ਭਾਜੀ ਹੋਰਾਂ ਤਾਂ ਰਾਤ ਦਿਨ ਇੱਕ ਕਰਕੇ ਉੱਚ ਚੋਟੀ ਦਾ ਇਹ ਮੁਕਾਮ ਹਾਸਲ ਕੀਤਾ ਹੈ। ਅਸਾਂ ਦੋਵਾਂ ਮਿਲੇ਼ ਹੋਏ ਸਮੇਂ ਅਨੁਸਾਰ ਆਪਣੇ ਪਹੁੰਚਣ ਦੀ ਰਿਪੋਰਟ ਤਾਂ ਕਰ ਦਿੱਤੀ। ਪਰ ਅਜੀਤ ਦੇ ਦਫ਼ਤਰ ਵਿੱਚ ਤਾਂ ਭਾਜੀ ਦੇ ਮਿੱਤਰ-ਪ੍ਰੇਮੀਆਂ ਦਾ ਤੰਤਾ ਲੱਗਾ ਹੋਇਆ ਸੀ। ਲੋਕ ਤਾਂ ਲੋਕ ਉਹਨਾਂ ਵੱਲ੍ਹੋਂ ਆਪਣੇ ਭਾਜੀ ਲਈ ਲਿਆਂਦੇ ਤੋਹਫ਼ੇ ਵੀ ਅਜਿਹੇ ਸਨ ਕਿ ਜਿੰਨਾਂ ਵਿਚਕਾਰ ਮੈਂ ਖ਼ੁਦ ਨੂੰ ਹੀਣਾ ਮਹਿਸੂਸ ਕਰਨ ਲੱਗਾ। ਮੈਂ ਧਰਮਵੀਰ ਨੂੰ ਕਿਹਾ, ‘ਚੱਲ ਭਰਾਵਾ ਮੁੜ ਚੱਲੀਏ, ਫਿਰ ਕਦੇ ਆਵਾਂਗੇ, ਇੱਥੇ ਗਰੀਬ ਦੀ ਨਮਸਤੇ ਕਿਹੜੇ ਨੇ ਕਬੂਲਣੀ ਐ’? ਪਰ ਉਹ ਅਸਲੀਅਤ ਤੋਂ ਵਾਕਫ ਸੀ ਸੋ ਉਹ ਅੜਿਆ ਰਿਹਾ। ਕਿਸੇ ਹਸਤੀ ਨਾਲ਼ ਲੰਬੀ ਮੀਟਿੰਗ ਉਪਰੰਤ ਇੰਤਜ਼ਾਰ ਕਰ ਰਹੇ ਮਿੱਤਰ-ਪ੍ਰੇਮੀਆਂ ਨੂੰ ਆਪਣੇ ਆਫਿਸ ਵੱਲ੍ਹ ਡਾ਼ ਬਰਜਿੰਦਰ ਸਿੰਘ ਹਮਦਰਦ ਖੁੱਦ ਲੈਣ ਆਏ। ਆਫਿਸ ਵਿੱਚ ਭਾਜੀ ਸਭ ਨੂੰ ਜਿਸ ਨਿੱਘ ਨਾਲ਼ ਮਿਲੇ ਮੇਰੇ ਮਨ ਦੇ ਸਭ ਸਵਾਲ ਧੋਤੇ ਗਏ। ਭਾਜੀ ਹੋਰਾਂ ਖੁਦ ਆਪਣੇ ਇੱਕ-ਇੱਕ ਪਿਆਰੇ ਦਾ ਮੁੰਹ ਮਿੱਠਾ ਕਰਾਇਆ। ਹਰ ਮਿੰਟ ਬਾਅਦ ਉਹਨਾਂ ਦਾ ਠਹਾਕਾ ਮਹੌਲ ਨੂੰ ਜੋਬਨ ਬਖਸ਼ਦਾ ਰਿਹਾ। ਤੋਹਫ਼ੇ ਸਵਿਕਾਰ ਕਰਦਿਆਂ ਹਰ ਇੱਕ ਸੱਜਣ ਨਾਲ਼ ਭਾਜੀ ਨੇ (ਆ ਬਈ ਮਨੀਸ਼! ਸਾਡੀ ਫੋਟੋ ਖਿੱਚ) ਆਖਦਿਆਂ ਫੋਟੋ ਕਰਵਾਈਆਂ। ਮੈਂ ਇਹਨਾਂ ਬੇ-ਤਹਾਸਾਂ ਕੀਮਤੀ ਤੋਹਫ਼ਿਆਂ ਅੱਗੇ ਭਾਜੀ ਨੂੰ ਸਭ ਤੋਂ ਆਖ਼ਰ ‘ਚ ਮਿਲਣਾ ਠੀਕ ਸਮਝਿਆ। ਭਾਜੀ ਧਰਮਵੀਰ ਨੂੰ ਪਹਿਚਾਣਦੇ ਹੋਏ ਸਾਨੂੰ ਆਪ ਆਣਕੇ ਮਿਲੇ ਤਾਂ ਉਹਨਾਂ ਤੁਸੀਂ? ਆਖਕੇ ਮੇਰੀ ਪਹਿਚਾਣ ਮੰਗੀ। ਧਰਮਵੀਰ ਨੇ ਮੇਰਾ ਨਾਮ ਲਿਆ ਤਾਂ ਉਹਨਾਂ ਮੈਨੂੰ ਗਲਵਕੜੀ ਪਾ ਲਈ। ਮੈਂ ਹੈਰਾਨ ਸਾਂ ਕਿ ਫੋਨ ‘ਤੇ ਸਾਡੀ ਆਖ਼ਰੀ ਗੱਲ ਅਗਸਤ 2021 ‘ਚ ਹੋਈ ਸੀ ਤੇ ਭਾਜੀ ਨੂੰ ਆਪਣੇ ਚਾਹੁੰਣ ਵਾਲਿਆਂ ਵਿੱਚ ਮੇਰਾ ਨਾਮ ਵੀ ਯਾਦ ਐ। ਡਾ. ਹਮਦਰਦ ਹੋਰਾਂ ਆਪ ਆਵਾਜ਼ਾਂ ਮਾਰ ਕੇ ਸਭ ਨੂੰ ਨੇੜੇ ਬੁਲਾਇਆ ਤੇ ਮੇਰੇ ਨਾਲ਼ ਇਹ ਆਖਕੇ ਮਿਲਾਇਆ ਇਹ ਮੇਰੇ ਇਲਾਕੇ ਤੋਂ ਲੇਖਕ ਆਇਆ ਹੈ। ਮੈਂ ਤੋਹਫ਼ਾ ਪੇਸ਼ ਕੀਤਾ ਤਾਂ ਉਨ੍ਹਾਂ ਫਟਾਫਟ ਕਵਰ ਹਟਾਉਣ ਲਈ ਕਿਹਾ। ਉਹ ਮਹਾਤਮਾਂ ਬੁੱਧ ਦੀ ਪੇਂਟਿੰਗ ਵੇਖਕੇ ਇਸ ਕਦਰ ਖੁਸ਼ ਹੋਏ ਕਿ ਮੈਂ ਉਸ ਖੁਸ਼ੀ ਨੂੰ ਸ਼ਬਦਾਂ ਰਾਹੀਂ ਬਿਆਨ ਨਹੀਂ ਕਰ ਸਕਦਾ। ਪਹਿਲਾਂ ਮੈਨੂੰ ਪੰਜਾਬੀ ਲੇਖਿਕਾਂ ‘ਤੇ ਗਿਲਾ ਸੀ ਕਿ ਇਹ ਕਿਸੇ ਵੀ ਸ਼ਖ਼ਸੀਅਤ ਬਾਰੇ ਐਵੇਂ ਈ ਵਧਾ ਚੜ੍ਹਾਕੇ ਲਿਖ ਦਿੰਦੇ ਨੇ, ਪਰ ਬਰਜਿੰਦਰ ਭਾਜੀ ਹੋਰਾਂ ਨਾਲ਼ ਅੱਧਾ ਘੰਟਾ ਬਤਾਉਣ ਤੋਂ ਬਾਅਦ ਉਹਨਾਂ ਲੇਖਿਕਾਂ ‘ਤੇ ਮੇਰਾ ਇਤਰਾਜ਼ ਹੈ ਕਿ ਭਾਜੀ ਬਾਰੇ ਤੁਸੀਂ ਖੁੱਲ੍ਹਕੇ ਕਿਉਂ ਨਹੀਂ ਲਿਖਦੇ? ਕੰਜੂਸੀ ਕਿਉਂ ਕਰਦੇ ਓ ? ਹਾਂ ਸ਼ਾਇਦ ਇਹਨਾਂ ਨੂੰ ਉਹਨਾਂ ਦੇ ਤੁਲ ਸ਼ਬਦ ਲੱਭਣ ਵਿੱਚ ਮੁਸ਼ਕਿਲ ਆਉਂਦੀ ਹੋਵੇਗੀ ਜਿਵੇਂ ਕਿ ਅੱਜ ਮੈਨੂੰ ਆ ਰਹੀ ਹੈ। ਮੈਂ ਖੁਸ਼ ਹਾਂ ਕਿ ਮੇਰੀ ਇਹ ਪਹਿਲੀ ਕਲਾ ਕ੍ਰਿਤ #ਮਹਾਤਮਾਂ_ਬੁੱਧ_ਦੀ_ਪੇਂਟਿੰਗ ਸਹੀ ਜਗ੍ਹਾ ‘ਤੇ ਪਹੁੰਚ ਗਈ। ਕਿਸੇ ਨੇ ਆਪਣੇ ਮਿੱਤਰ ਨੂੰ ਪੁੱਛਿਆ ਕਿ ਤੈਨੂੰ ਗੁਲਾਬ ਦੀ ਸੁਗੰਧ ਕਿਹੋ ਜਿਹੀ ਲੱਗੀ ? ਮਿੱਤਰ ਨੇ ਅੱਗਿਓਂ ਕਾਫੀਂ ਸੋਚ ਸਮਝਕੇ ਜੁਵਾਬ ਦਿੱਤਾ ਕਿ ਯਾਰ! ਤੂੰ ਆਪ ਗੁਲਾਬ ਸੁੰਘਕੇ ਵੇਖ ਲੈ। ਅੱਜ ਮੇਰੇ ਕੋਲ਼ ਵੀ ਇਹੋ ਹੀ ਜੁਵਾਬ ਐ, ਯਾਰ ! ਤੁਸੀਂ #ਹਮਦਰਦ_ਸਾਹਿਬ ਨੂੰ ਆਪ ਹੀ ਮਿਲ਼ਕੇ ਵੇਖ ਲੈਣਾ। ਸਭ ਕੁੱਝ ਸ਼ਬਦਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ ਹੁੰਦਾ।
ਰਾਜ ਹੀਉਂ (ਬੰਗਾ)
9815461875
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


