(ਸਮਾਜ ਵੀਕਲੀ) “ਬਦ ਨਾਲੋਂ ਬਦਨਾਮ ਬੁਰਾ” ਕੈਸਾ ਜਮਾਨਾ ਆ ਗਿਆ, ਹਰ ਰੋਜ਼ ਹੀ,ਬਦਨਾਮੀ ਦੇ ਚੰਦ ਦੀ ਬਜਾਏ, ਖੁਨਾਮੀ ਦਾ ਸੂਰਜ, ਚੜ੍ਹਨ ਲੱਗ ਪਿਆ ਹੈ। ਹਰ ਇਕ ਬੰਦਾ,ਹੋਰ ਪੈਸਾ,ਹੋਰ ਪੈਸਾ,ਦੀ ਲਾਲਸਾ ਵਿੱਚ ਲਾਲਚੀ ਬਣ ਕੇ ਠੱਗੀਆਂ ਠੋਰੀਆਂ ਦੇ ਰਾਹ ਪਿਆ ਹੋਇਆ ਹੈ। ਬੰਦੇ ਨੇ ਆਪਸੀ, ਭਾਈਚਾਰਕ ਸੰਬੰਧ ਤੋੜਕੇ, ਪੈਸੇ ਨਾਲ ਸਾਂਝ ਪਾ ਲਈ ਹੈ। ਦੀਵਾਲੀ ਮੌਕੇ ਲੋਕਾਂ ਦਾ ਦਿਵਾਲਾ ਨਿਕਲਣ ਲੱਗ ਪਿਆ ਹੈ।ਵਪਾਰੀ ਤਬਕੇ ਨੇ,ਤਾਂ ਪਲੀ ਪਲੀ ਜੋੜਨ ਵਾਲੇ, ਬੰਦੇ ਦਾ ਖੂਨ ਚੂਸਣ ਲਈ, ਜੁਗਾੜ ਬਣਾ ਰੱਖੇ ਹਨ। ਮੂਰਖ ਬੰਦੇ, ਤਿਉਹਾਰਾਂ ਮੌਕੇ, ਪੈਸੇ ਨੂੰ ਉਡਾਉਣ ਉੱਤੇ, ਜੂਆ ਖੇਲ ਕੇ, ਜਾਂ ਆਤਿਸ਼ ਬਾਜੀ ਵਿੱਚ ਪੈਸਾ ਫੂਕ ਕੇ ਰਾਤੋ ਰਾਤ ਆਪਣੇ ਆਪ ਨੂੰ ਖੱਖੜੀ ਖੱਖੜੀ ਕਰ ਲੈਂਦੇ ਹਨ। ਹਾਏ ਪੈਸਾ,ਹਾਏ ਪੈਸਾ ਕਰਦੇ,ਵਪਾਰੀ ਤੋਂ ਸਾਰੀ ਰਾਤ ਕਮਾਇਆ ਪੈਸਾ, ਗਿਣਿਆ ਵੀ ਨ੍ਹੀਂ ਜਾਂਦਾ। ਮਾਇਆ ਦੇ ਮੰਦਿਰਾਂ ਵਿੱਚ ਵੱਧ ਚੜ੍ਹਕੇ ਚੜ੍ਹਾਵਾ ਦਿੰਦਾ ਹੈ। “ਕੰਜੂਸ ਮੱਖੀ ਚੂਸ,” ਦੇ ਖਿਤਾਬ ਦਾ ਠੱਪਾ ਫਿਰ ਵੀ ਲੱਗਿਆ ਰਹਿੰਦਾ ਹੈ,ਸਰਫ ਨਾਲ ਧੋਤਿਆਂ ਵੀ ਨ੍ਹੀਂ ਉਤਰਦਾ। ਪੈਸਾ ਬਰਬਾਦ ਨ੍ਹੀਂ ਹੋਣ ਦਿੰਦਾ, ਆਪ ਭਾਵੇਂ ਬਰਬਾਦ ਹੋ ਜਾਵੇ। ਬਾਣੀਆ ਕੌਮ ਦੀ ਗਿਣਤੀ,ਸਿਆਣੀ ਕੌਮ ਵਿੱਚ ਹੁੰਦੀ ਹੈ। ਟਰੰਪ ਦੁਨੀਆਂ ਦਾ ਸਭ ਤੋਂ ਵੱਡਾ ਵਪਾਰੀ ਹੈ। ਉਸ ਉੱਤੇ ਨੋਬਲ ਪ੍ਰਾਈਜ਼ ਦਾ ਭੂਤ ਸਵਾਰ ਹੋਇਆ ਹੈ। ਦੁਨੀਆਂ ਨੂੰ ਦੋ ਧੜਿਆਂ ਵਿੱਚ ਵੰਡ ਕੇ ਮਦਾਰੀ ਵਾਂਗੂੰ ਤਮਾਸ਼ਾ ਦੇਖਣ ਲੱਗਿਆ ਪਿਆ ਹੈ। ਅੱਧੇ ਮੁਲਕਾਂ ਨੂੰ ਉਹ ਸ਼ਹਿ ਦਿੰਦਾ ਹੈ, ਅੱਧੇ ਮੁਲਕ ਉਸ ਦੀ ਸਰਦਾਰੀ ਨੂੰ ਮੰਨਣ ਤੋਂ ਮੁਨਕਰ ਹਨ। ਜਿਨ੍ਹਾਂ ਨੂੰ ਸ਼ਹਿ ਦਿੰਦਾ ਹੈ, ਉਹ ਉਸਦੇ ਜਿਗਰ ਦੇ ਟੋਟੇ ਹਨ। ਉਹ ਬਹੁਤ ਚਾਂਬਲਦੇ ਹਨ, ਜਿਵੇਂ ਟਰੰਪ ਉਨ੍ਹਾਂ ਦਾ ਬਾਪੂ ਹੋਵੇ। ਇਸ ਦੀਆਂ ਉਦਾਹਰਣਾਂ ਯੂਕਰੇਨ ਦਾ ਰਾਸ਼ਟਰਪਤੀ ਜੇਲੈਂਸਕੀ , ਇਜ਼ਰਾਇਲ ਦਾ ਪ੍ਰਧਾਨ ਮੰਤਰੀ ਨੇਤਨਯਾਹੂ, ਪਾਕਿਸਤਾਨ ਦਾ ਫੌਜੀ ਕਮਾਂਡਰ,ਜਨਰਲ ਮੁਨੀਰ ਹਨ। ਵਾਰੋ ਵਾਰੀ, ਅਮਰੀਕਾ ਵਿੱਚ ਡੇਰੇ, ਲਾਈ ਬੈਠੇ ਰਹਿੰਦੇ ਹਨ, ਜਿਵੇਂ ਚੀਫ ਗੈਸਟ ਹੋਣ। ਸਮਝੌਤਾ ਹੋਣ ਦੇ ਬਾਵਜੂਦ ਵੀ, ਸਾਰਿਆਂ ਦੀ ਇੱਕੋ ਮੁਹਾਰਨੀ ਹੁੰਦੀ ਹੈ, “ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ”, “ਦੁਸ਼ਮਣ ਨੂੰ ਸੁੱਕਾ ਨ੍ਹੀਂ ਜਾਣ ਦੇਵਾਂਗੇ, ਪੁੱਠਾ ਲਟਕਾ ਦਿਆਂਗੇ”। ਪੂਤਿਨ ਅਤੇ ਜੈਲੈਂਸਕੀ ਦੋਨੋਂ ਵਲਾਦੀਮੀਰ ਹਨ,ਪਰ ਉਨ੍ਹਾਂ ਦੀ ਰਗ ਨ੍ਹੀਂ ਮਿਲਦੀ। ਰੂਸ ਦੇ ਗੈਸ ਦੇ ਭੰਡਾਰਾਂ ਤੇ ਰੋਜ਼ ਬੰਬਾਰੀ ਕਰਵਾਉਂਦਾ ਰਹਿੰਦਾ ਹੈ। ਇਜ਼ਰਾਇਲ ਰੋਜ਼, ਗਾਜ਼ਾ ਤੇ ਹਮਲੇ, ਕਰਵਾਉਂਦਾ ਰਹਿੰਦਾ ਹੈ। ਪਾਕਿਸਤਾਨ ਗਿੱਦੜ ਭਬਕੀਆਂ ਦੇਣ ਤੋਂ ਬਾਜ ਨ੍ਹੀਂ ਆਉਂਦਾ। ਟਰੰਪ ਇਹੀ ਤਾਂ ਚਾਹੁੰਦਾ ਹੈ, ਬਾਂਦਰਾਂ ਦੀ ਲੜਾਈ ਵਿੱਚ, ਬਿੱਲੇ ਦਾ ਰੱਜ, ਹੋ ਜਾਂਦਾ ਹੈ। ਟਰੰਪ ਦੀਆਂ, “ਗੱਲ੍ਹਾਂ ਗੋਰੀਆਂ ਦੇ, ਵਿੱਚ ਟੋਏ, ਲੋਕੀਂ ਮਰ ਗਏ, ਓਏ ਹੋਏ”। ਹੁਣ ਤਾਂ ਟਰੰਪ ਦੇ ਆਪਣੇ ਮੁਲਕ ਵਿੱਚ ਉਸ ਦੀ ਵਿਰੋਧਤਾ ਸ਼ੁਰੂ ਹੋ ਗਈ ਹੈ। 22 ਸਟੇਟਾਂ ਨੇ ਉਸ ਦੀ ਨੀਤੀਆਂ ਦੇ ਵਿਰੋਧ ਵਿੱਚ ਝੰਡੇ ਗੱਡ ਰੱਖੇ ਹਨ,2200 ਵਿਰੋਧੀ ਧਿਰ ਦੀਆਂ ਰੈਲੀਆਂ ।ਕੋਰਟ ਕੇਸ ਵੱਖਰੇ। “ਮੂਸਾ ਭੱਜਿਆ ਮੌਤ ਤੋਂ ਅੱਗੇ ਮੌਤ ਖੜੀ”।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂਜ਼ਿਲਾ ਪਟਿਆਲਾ। ਹਾਲ-ਆਬਾਦ #639/40 ਏ ਚੰਡੀਗੜ੍ਹ।
ਫੋਨ ਨੰਬਰ : 9878469639



