ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਗੁਰੂ ਤੇਗ ਬਹਾਦਰ ਨਗਰ, ਗਲੀ ਨੰਬਰ 2, ਚੰਡੀਗੜ੍ਹ ਰੋਡ ਲੁਧਿਆਣਾ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਪ੍ਰਭਾਤ ਫੇਰੀ 15 ਅਕਤੂਬਰ ਤੋਂ ਆਰੰਭ ਹੋ ਚੁੱਕੀ ਹੈ । ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕਰਨੈਲ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਸਵੇਰੇ 5.30 ਵਜੇ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਪ੍ਰਭਾਤ ਫੇਰੀ ਆਰੰਭ ਹੁੰਦੀ ਹੈ । ਸੰਗਤਾਂ ਗਲੀਆਂ ਮੁਹੱਲਿਆਂ ਵਿੱਚ ਸ਼ਬਦ ਗਾਇਨ ਕਰਦੀਆਂ ਹੋਈਆਂ ਉਸ ਪਰਿਵਾਰ ਦੇ ਗ੍ਰਹਿ ਵਿਖੇ ਪੁੱਜਦੀਆਂ ਹਨ, ਜਿਸ ਨੇ ਆਪਣੇ ਗ੍ਰਹਿ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸੰਗਤਾਂ ਦੇ ਚਰਨ ਪਵਾਉਣੇ ਹੁੰਦੇ ਹਨ । ਪਰਿਵਾਰ ਵੱਲੋਂ ਆਈਆਂ ਸੰਗਤਾਂ ਨੂੰ “ਜੀ ਆਇਆਂ ਨੂੰ” ਆਖਿਆ ਜਾਂਦਾ ਹੈ । ਸੰਗਤਾਂ ਵੱਲੋਂ ਪਰਿਵਾਰ ਦੇ ਗ੍ਰਹਿ ਵਿਖੇ ਗੁਰਬਾਣੀ ਦਾ ਕੀਰਤਨ ਕੀਤਾ ਜਾਂਦਾ ਹੈ । ਪਰਿਵਾਰ ਵੱਲੋਂ ਆਈ ਸੰਗਤ ਦੀ ਚਾਹ, ਮਠਿਆਈ, ਬਰੈਡ, ਸਮੋਸੇ, ਛੋਲੇ ਭਟੂਰੇ ਵਿਚੋਂ ਆਪਣੀ ਵਿੱਤ ਅਨੁਸਾਰ ਸੇਵਾ ਕੀਤੀ ਜਾਂਦੀ ਹੈ । ਸੰਗਤਾਂ ਚਾਹ, ਮਠਿਆਈ, ਨਮਕੀਨ ਛਕਣ ਉਪਰੰਤ ਸ਼ਬਦ ਗਾਇਨ ਕਰਦੀਆਂ ਹੋਈਆਂ 7.30 ਵਜੇ ਵਾਪਸ ਗੁਰਦੁਆਰਾ ਸਾਹਿਬ ਪਹੁੰਚ ਜਾਂਦੀਆਂ ਹਨ । ਉਹਨਾਂ ਸਰਬੱਤ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਪ੍ਰਭਾਤ ਫੇਰੀ ਵਿੱਚ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ, ਬਾਣੀ ਪੜ੍ਹ-ਸੁਣ ਕੇ ਆਪਣਾ ਜੀਵਨ ਸਫ਼ਲ ਕਰਨ ਲਈ ਬੇਨਤੀ ਕੀਤੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



