HOME ‘ਦਿਮਾਗ ਗੁਲਦਸਤਾ ਜਾਂ ਕੂੜੇਦਾਨ’ (ਚੰਗੇ ਵਿਚਾਰਾਂ ਦੀ ਖੇਤੀ)

‘ਦਿਮਾਗ ਗੁਲਦਸਤਾ ਜਾਂ ਕੂੜੇਦਾਨ’ (ਚੰਗੇ ਵਿਚਾਰਾਂ ਦੀ ਖੇਤੀ)

   (ਸਮਾਜ ਵੀਕਲੀ)   ਅਸੀ ਜਿਵੇਂ ਦੇ ਵਿਚਾਰਾਂ ਨੂੰ ਆਪਣੇ ਦਿਮਾਗ ਵਿੱਚ ਪਨਾਹ ਦਿੰਦੇ ਹਾਂ ਉਸ ਦੇ ਮੁਤਾਬਕ ਸਾਡਾ ਸੁਭਾਅ ਅਤੇ ਹਰਕਤਾਂ ਹੋ ਜਾਂਦੀਆਂ ਹਨ। ਸਾਡਾ ਦਿਮਾਗ ਇਕ ਖਾਲੀ ਜ਼ਮੀਨ ਵਾਂਗ ਹੈ, ਜਿੱਥੇ ਅਸੀਂ ਹੋਰ ਰੋਜ਼ ਆਪਣੇ ਦਿਮਾਗ ਵਿੱਚ ਵਿਚਾਰਾਂ ਦੇ ਬੀਜ ਬੀਜਦੇ ਹਾਂ। ਜਿਵੇਂ ਜ਼ਮੀਨ ਵਿੱਚ ਬੀਜ ਪਾਉਣ ਨਾਲ ਫਸਲ ਉੱਗਦੀ ਅਤੇ ਵੱਧਦੀ ਹੈ, ਠੀਕ ਉਸੇ ਤਰ੍ਹਾਂ ਸਾਡੇ ਦਿਮਾਗ ਚ ਚਲ ਰਹੇ ਵਿਚਾਰ ਹੀ ਸਾਨੂੰ ਇੱਕ ਚੰਗਾ ਜਾਂ ਮਾੜਾ ਇਨਸਾਨ ਬਣਾਉਂਦੇ ਹਨ। ਅਗਰ ਅਸੀਂ ਨਕਾਰਾਤਮਕ ਸੋਚ, ਗੁੱਸਾ, ਈਰਖਾ ਜਾਂ ਡਰ ਦੇ ਬੀਜ ਬੀਜਦੇ ਹਾਂ, ਤਾਂ ਦਿਮਾਗ ਹੌਲੀ-ਹੌਲੀ ਕੂੜੇਦਾਨ ਵਾਂਗ ਹੋ ਜਾਂਦਾ ਹੈ। ਪਰ ਜੇ ਅਸੀਂ ਪਿਆਰ, ਮਿਹਨਤ, ਖੁਸ਼ੀ, ਹੌਸਲਾ, ਦੂਜਿਆਂ ਦੀ ਮਦਦ ਅਤੇ ਚੰਗੇ ਵਿਚਾਰ ਸੋਚਦੇ ਹਾਂ, ਤਾਂ ਇਸ ਨਾਲ ਸਾਡਾ ਦਿਮਾਗ ਫੁੱਲਾਂ ਦਾ ਗੁਲਦਸਤਾ ਬਣ ਜਾਂਦਾ ਹੈ। ਜਿਵੇਂ ਫੁੱਲਾਂ ਦਾ ਗੁਲਦਸਤਾ ਸਭ ਨੂੰ ਮਹਿਕ ਦਿੰਦਾ ਹੈ ਉਵੇਂ ਹੀ ਸਾਡੇ ਚੰਗੇ ਵਿਚਾਰਾਂ ਦੀ ਖ਼ੁਸ਼ਬੂ ਵੀ ਦੂਜਿਆਂ ਲਈ ਸਕਰਾਤਮਕ ਸਿੱਧ ਹੁੰਦੀ ਹੈ।
ਦਿਮਾਗ ਨੂੰ ਗੁਲਦਸਤਾ ਬਣਾਉਣਾ ਪੈਂਦਾ ਹੈ ਕਿਉੰਕਿ ਚੰਗੇ ਵਿਚਾਰ ਆਪਣੇ ਆਪ ਨਹੀਂ ਆਉਂਦੇ, ਇਹਨਾਂ ਨੂੰ ਰੋਜ਼ਾਨਾ ਮਿਹਨਤ ਕਰਕੇ ਵਧਾਉਣਾ ਪੈਂਦਾ ਹੈ। ਇਸ ਲਈ ਸਵੇਰ ਦੇ ਕੁਝ ਪਲ ਸ਼ਾਂਤ ਬੈਠ ਕੇ ਧਿਆਨ ਕਰਨਾ ਚਾਹੀਦਾ ਹੈ। ਧਿਆਨ ਨਾਲ ਮਨ ਸ਼ਾਂਤ ਹੁੰਦਾ ਹੈ ਅਤੇ ਦਿਨ ਦੀ ਸ਼ੁਰੂਆਤ ਸਕਾਰਾਤਮਕ ਹੁੰਦੀ ਹੈ। ਚੰਗੀਆਂ ਕਿਤਾਬਾਂ ਪੜ੍ਹਨਾ, ਚੰਗਾ ਮਿਊਜ਼ਿਕ ਸੁਣਨਾ ਵੀ ਦਿਮਾਗ ਨੂੰ ਸਾਫ਼ ਤੇ ਤਾਜ਼ਗੀ ਭਰਿਆ ਰੱਖਦਾ ਹੈ।
ਸਾਡੇ ਤੇ ਸੰਗਤ ਦਾ ਵੀ ਵੱਡਾ ਅਸਰ ਹੁੰਦਾ ਹੈ। ਜੇ ਅਸੀਂ ਹਮੇਸ਼ਾ ਬਿਨ੍ਹਾ ਕਾਰਨ ਤੋਂ ਸ਼ਿਕਾਇਤ ਕਰਨ ਵਾਲੇ ਜਾਂ ਨਕਾਰਾਤਮਕ ਲੋਕਾਂ ਦੇ ਨਾਲ ਰਹਿੰਦੇ ਹਾਂ, ਤਾਂ ਉਹਨਾਂ ਦੀ ਸੋਚ ਸਾਡੇ ਦਿਮਾਗ ਨੂੰ ਵੀ ਹੌਲੀ ਹੌਲੀ ਕੂੜਾਦਾਨ ਹੀ ਬਣਾਉਂਦੀ ਹੈ। ਇਸ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਚੰਗੀ ਸੋਚ ਵਾਲੇ, ਉਤਸ਼ਾਹੀ ਅਤੇ ਸੱਚੇ ਲੋਕਾਂ ਦੀ ਸੰਗਤ ਵਿੱਚ ਰਿਹਾ ਜਾਵੇ।
ਇਹ ਯਾਦ ਰੱਖੋ ਕਿ ਅਸੀਂ ਜੋ ਸੁਣਦੇ, ਦੇਖਦੇ ਅਤੇ ਸੋਚਦੇ ਹਾਂ, ਉਹੀ ਸਾਡੀ ਆਤਮਾ ਨੂੰ ਆਕਾਰ ਦਿੰਦਾ ਹੈ। ਅੱਜ ਦੇ ਡਿਜਿਟਲ ਯੁੱਗ ਵਿਚ ਸੋਸ਼ਲ ਮੀਡੀਆ ਸਾਡੇ ਦਿਮਾਗ ਨੂੰ ਗੁਲਦਸਤਾ ਜਾਂ ਕੂੜਾਦਾਨ ਬਣਾ ਸਕਦਾ ਹੈ। ਜੇ ਅਸੀਂ ਚੰਗੀ ਜਾਣਕਾਰੀ, ਗਿਆਨ ਤੇ ਸਕਾਰਾਤਮਕ ਵਿਚਾਰ ਸੁਣਦੇ ਅਤੇ ਦੇਖਦੇ ਹਾਂ, ਤਾਂ ਦਿਮਾਗ ਗੁਲਦਸਤਾ ਬਣੇਗਾ। ਪਰ ਜੇ ਅਸੀਂ ਝੂਠ, ਨਫ਼ਰਤ ਅਤੇ ਬੇਕਾਰ ਸਮੱਗਰੀ ਵਿੱਚ ਫਸੇ ਰਹੇ, ਤਾਂ ਦਿਮਾਗ ਕੂੜਾਦਾਨ ਬਣ ਜਾਂਦਾ ਹੈ। ਸੋਸ਼ਲ ਮੀਡੀਆ ਤੇ ਅਸੀਂ ਜਿਹੋ ਜਿਹਾ ਦੇਖਦੇ ਹਾਂ ਉਹ ਸਾਨੂੰ ਉਸੇ ਤਰ੍ਹਾਂ ਦਾ ਹੀ ਦਿਖਾਈ ਜਾਂਦਾ ਹੈ। ਕਿਉਂਕਿ “ਸੋਸ਼ਲ ਮੀਡੀਆ ਸਾਡੇ ਸਰਚ ਕਰਨ ਦੀ ਹਿਸਟਰੀ ਅਤੇ ਲੋਕੇਸ਼ਨ ਦੇ ਮੁਤਾਬਿਕ ਸਾਨੂੰ ਮਟੀਰੀਅਲ ਦਿਖਾਉਂਦਾ ਹੈ।”
ਸਿੱਟਾ :- ਦਿਮਾਗ ਨੂੰ ਫੁੱਲਾਂ ਦਾ ਗੁਲਦਸਤਾ ਬਣਾਉਣਾ ਸਿਰਫ਼ ਸਾਡੀ ਖੁਸ਼ੀ ਲਈ ਨਹੀਂ, ਸਗੋਂ ਆਲੇ-ਦੁਆਲੇ ਦੇ ਲੋਕਾਂ ਲਈ ਵੀ ਤੋਹਫ਼ਾ ਹੈ। ਜਦੋਂ ਸਾਡੇ ਮਨ ਵਿੱਚ ਪਿਆਰ, ਸ਼ਾਂਤੀ ਤੇ ਚੰਗੀ ਸੋਚ ਹੁੰਦੀ ਹੈ, ਤਾਂ ਸਾਡੀ ਗੱਲਬਾਤ ਅਤੇ ਕੰਮ ਵੀ ਖੁਸ਼ਬੂ ਵਾਂਗ ਫੈਲਦੇ ਹਨ। ਜੀਵਨ ਛੋਟਾ ਹੈ, ਇਸ ਨੂੰ ਸੁਗੰਧ ਨਾਲ ਭਰੋ, ਕੂੜੇ ਨਾਲ ਨਹੀਂ।
ਪਵਨ ਕੁਮਾਰ ਅੱਤਰੀ
ਕਪੂਰਥਲਾ (ਪੰਜਾਬ)
Previous articleਸਕੂਲੀ ਵਿਦਿਆ ਦੀ ਹਾਲਤ ਅਤੇ ਅਹਿਮੀਅਤ
Next articleਰਾਸ਼੍ਟ੍ਰੀਯ ਸ੍ਵਯੰਸੇਵਕ ਸੰਘ ਨੇ ਆਪਣਾ 100ਵਾਂ ਸਥਾਪਨਾ ਦਿਵਸ ਮਨਾਇਆ