HOME ਸ਼ਿਵਾਨੀ (ਕਹਾਣੀ)

ਸ਼ਿਵਾਨੀ (ਕਹਾਣੀ)

ਡਾ. ਇਕਬਾਲ ਸਿੰਘ ਸਕਰੌਦੀ
   (ਸਮਾਜ ਵੀਕਲੀ)  ਉਹ ਸ੍ਰ. ਸੱਜਣ ਸਿੰਘ ਦੀ ਕੋਠੀ ਵਿੱਚ ਪਿਛਲੇ ਦਸ ਸਾਲਾਂ ਤੋਂ ਕੰਮ ਕਰ ਰਹੀ ਹੈ। ਉਦੋਂ ਉਹ ਰਾਜੂ ਦੀ ਨਵੀਂ ਨਵੇਲੀ ਵਿਆਹੁਤਾ ਆਈ ਸੀ, ਜਦੋਂ ਪਹਿਲੀ ਵਾਰੀ ਬਾਲਾ ਆਂਟੀ ਨੇ ਉਸ ਨੂੰ ਸਰਦਾਰ ਦੀ ਵੱਡੀ ਕੋਠੀ ਦੀ ਸਫ਼ਾਈ ਦਾ ਕੰਮ ਦਿਵਾਇਆ ਸੀ। ਅੱਧੇ ਵਿੱਘੇ ਵਿੱਚ ਬਣੀਂ ਸ਼ਾਨਦਾਰ ਕੋਠੀ ਨੂੰ ਉਹ ਝਾੜੂ ਪੋਚਾ ਲਾ ਕੇ ਚਮਕਾ ਦਿੰਦੀ ਸੀ। ਜਿਉਂ ਹੀ ਉਹ ਕੰਮ ਮੁਕਾ ਕੇ ਵਿਹਲੀ ਹੁੰਦੀ, ਉਹ ਸਰਦਾਰਨੀ ਬਸੰਤ ਕੌਰ ਨੂੰ ਅਵਾਜ਼ ਮਾਰਦੀ- “ਬੀਬੀ ਜੀ, ਕਾਮ ਹੋ ਗਿਆ ਹੈ। ਹਮ ਜਾ ਰਹੇ ਹੈਂ।”
          “ਸ਼ਿਵਾਨੀ, ਤੂੰ ਸਾਬਣ ਨਾਲ਼ ਹੱਥ ਧੋ ਕੇ ਬੈਠ। ਮੈਂ ਚਾਹ ਪਾਉਣੀ ਆਂ ਤੈਨੂੰ।” ਸਰਦਾਰਨੀ ਉਸ ਨੂੰ ਅਵਾਜ਼ ਮਾਰ ਕੇ ਬੈਠਣ ਲਈ ਆਖ ਦਿੰਦੀ। ਇੰਨੇਂ ਸਾਲਾਂ ਵਿੱਚ ਕਦੀ ਨਹੀਂ ਸੀ ਹੋਇਆ ਕਿ ਸਰਦਾਰਨੀ ਨੇ ਉਸ ਨੂੰ ਸੁੱਕੀ ਚਾਹ ਦਿੱਤੀ ਹੋਵੇ। ਜ਼ਿਲ੍ਹੇਦਾਰ  ਲੱਗੇ ਸੱਜਣ ਸਿੰਘ ਦੇ ਘਰ ਮਿਠਾਈਆਂ ਦੇ ਡੱਬੇ ਭਰੇ ਰਹਿੰਦੇ ਸਨ। ਸਰਦਾਰਨੀ ਚਾਹ ਦੇ ਨਾਲ਼ ਵੱਡੀ ਕੌਲੀ ਮਿਠਾਈ ਦੀ ਭਰ ਕੇ ਉਸ ਨੂੰ ਫ਼ੜ੍ਹਾਉਂਦਿਆਂ ਬੋਲੀ- “ਸ਼ਿਵਾਨੀ, ਆਹ ਮਠਿਆਈ ਤੂੰ ਏਥੇ ਈ ਬਹਿ ਕੇ ਖਾ ਲੈ। ਘਰ ਨੂੰ ਜਾਂਦੀ ਹੋਈ ਬੱਚਿਆਂ ਲਈ ਵੀ ਲੈ ਜਾਈਂ। ਮੈਂ ਲਿਫ਼ਾਫ਼ੇ ਵਿੱਚ ਪਾ ਕੇ ਰੱਖ ਦਿੱਤੀ ਹੈ।” ਉਹ ਸਰਦਾਰਨੀ ਦੇ ਬੋਲ ਸੁਣ ਕੇ ਕੇਵਲ ਮੁਸਕੁਰਾਈ ਸੀ। ਇੱਕ ਦੋ ਸ਼ਕਰਪਾਰੇ ਮੂੰਹ ਵਿੱਚ ਪਾ ਕੇ ਚਾਹ ਪੀ ਲਈ। ਕੌਲੀ ਵਿੱਚ ਬਚਦੀ ਮਠਿਆਈ ਅਤੇ ਸਰਦਾਰਨੀ ਵੱਲੋਂ ਦਿੱਤਾ ਮਠਿਆਈ ਦਾ ਲਿਫ਼ਾਫ਼ਾ ਲੈ ਉਹ ਆਪਣੇ ਕਿਰਾਏ ਦੇ ਕਮਰੇ ਵਿੱਚ ਮੁੜ ਆਈ।
          ਦੋ-ਦੋ ਸਾਲਾਂ ਦੇ ਅੰਤਰ ਨਾਲ਼ ਸ਼ਿਵਾਨੀ ਨੇ ਚਾਰ ਪੁੱਤਰਾਂ ਨੂੰ ਜਣਿਆਂ ਸੀ। ਵੱਡਾ ਰਾਜੇਸ਼ ਨੌਂ ਸਾਲਾਂ ਦਾ ਸੀ। ਤੇ ਸਰਕਾਰੀ ਸਕੂਲ ਵਿੱਚ ਚੌਥੀ ਜਮਾਤ ਵਿੱਚ ਪੜ੍ਹਦਾ ਸੀ। ਉਹ ਤੋਂ ਛੋਟਾ ਸੱਤ ਸਾਲ ਦਾ ਵਿਜੈ ਦੂਜੀ ਜਮਾਤ ਵਿੱਚ ਪੜ੍ਹਦਾ ਸੀ। ਤੀਜੇ ਰਾਮ ਨੂੰ ਅਜੇ ਪੜ੍ਹਨ ਲਈ ਨਹੀਂ ਲਾਇਆ ਗਿਆ ਸੀ। ਉਹ ਪੰਜ ਸਾਲਾਂ ਦੀ ਉਮਰ ਵਿੱਚ ਆਪਣੇ ਤੋਂ ਛੋਟੇ ਤਿੰਨ ਸਾਲ ਦੇ ਕ੍ਰਿਸ਼ਨ ਨੂੰ ਘਰ ਵਿੱਚ ਸਾਂਭਦਾ ਸੀ।
          ਰਾਜੂ ਭਾਵੇਂ ਰੰਗ ਰੋਗਨ ਦਾ ਕੰਮ ਕਰਦਾ ਸੀ। ਪਰ ਉਹ ਦੋ ਦਿਹਾੜੀਆਂ ਹੀ ਮਸੀਂ ਪੂਰੀਆਂ ਕਰਦਾ ਸੀ। ਉਹ ਝੱਟ ਆਪਣੇ ਪੈਸੇ ਮੰਗ ਲੈਂਦਾ ਸੀ। ਪੈਸੇ ਲੈ ਕੇ ਉਹ ਸਿੱਧਾ ਠੇਕੇ ‘ਤੇ ਜਾਂਦਾ ਸੀ। ਸੰਤਰਾ ਮਾਰਕਾ ਦੇਸੀ ਸ਼ਰਾਬ ਦੀ ਬੋਤਲ ਲੈ ਕੇ ਉਹ ਕਿਸੇ ਨਿਵੇਕਲੀ ਥਾਂ ‘ਤੇ ਬੈਠ ਕੇ ਪੀਂਦਾ ਸੀ। ਫ਼ੇਰ ਨਸ਼ੇ ਦੀ ਮਸਤੀ ਵਿੱਚ ਡਿੱਕ ਡੋਲੇ ਖਾਂਦਾ ਉਸ ਦਾ ਖੜ-ਖੜ ਕਰਦਾ ਪੰਦਰਾਂ ਸਾਲ ਪੁਰਾਣਾ ਸਾਇਕਲ ਉਸ ਨੂੰ ਆਪਣੇ ਕਮਰੇ ਤੱਕ ਲੈ ਆਉਂਦਾ ਸੀ।  ਰਾਜੂ ਨੇ ਅੱਜ ਤੱਕ ਨਾ ਤਾਂ ਕਦੇ ਕੋਈ ਸਬਜ਼ੀ ਭਾਜੀ ਹੀ ਖ਼ਰੀਦੀ ਸੀ। ਨਾ ਹੀ ਘਰ ਲਈ ਕਦੇ ਕੋਈ ਘਰੇਲੂ ਸਮਾਨ ਹੀ ਲਿਆ ਸੀ। ਉਸ ਨੇ ਨਾ ਹੀ ਇਸ ਗੱਲ ਦਾ ਕਦੇ ਕੋਈ ਫ਼ਿਕਰ ਕਰਿਆ ਸੀ।
          ਸ਼ਿਵਾਨੀ ਲੋਕਾਂ ਦੇ ਘਰਾਂ ਅਤੇ ਕੋਠੀਆਂ ਵਿੱਚ ਸਾਫ਼-ਸਫ਼ਾਈ ਕਰਕੇ ਜੋ ਕਮਾ ਕੇ ਲਿਆਉਂਦੀ ਸੀ, ਉਸੇ ਨਾਲ਼ ਘਰ ਦਾ ਚੁੱਲ੍ਹਾ ਬਲ਼ਦਾ ਸੀ। ਉਹ ਜਿੱਥੇ ਰੋਟੀ ਪਕਾ ਕੇ ਚਾਰਾਂ ਬੱਚਿਆਂ ਅਤੇ ਉਨ੍ਹਾਂ ਦੇ ਪਿਓ ਦਾ ਢਿੱਡ ਭਰਦੀ ਸੀ। ਉੱਥੇ ਉਹ ਬੇਹੱਦ ਥੱਕੀ ਟੁੱਟੀ ਹੋਈ ਵੀ ਰਾਜੂ ਦਾ ਬਿਸਤਰਾ ਨਿੱਘਾ ਕਰਨ ਲਈ ਵੀ ਮਜਬੂਰ ਹੁੰਦੀ ਸੀ। ਜੇ ਕਿਤੇ ਕਿਸੇ ਦਿਨ ਸਕੂਲ ਵੱਲੋਂ ਮਿਲਿਆ ਘਰ ਦਾ ਕੰਮ ਕਰਦਿਆਂ ਜਾਂ ਟੈਲੀਵਿਜ਼ਨ ਦੇਖਦਿਆਂ ਬੱਚੇ ਜਾਗਦੇ ਹੁੰਦੇ, ਤਦ ਵੀ ਬੱਚਿਆਂ ਦੀ ਏਸ ਗੁਸਤਾਖ਼ੀ ਦਾ ਸਿਲ੍ਹਾ ਸ਼ਿਵਾਨੀ ਨੂੰ ਚੁਕਾਉਣਾ ਪੈਂਦਾ। ਜਦੋਂ ਨਫ਼ਸ ਦੀ ਅੱਗ ਵਿੱਚ ਭੁੱਜ ਕੇ ਉਹਦਾ ਮਰਦ ਡੰਡੇ ਨਾਲ਼ ਉਹਦੇ ਹੱਡ ਸੇਕਦਾ ਤਾਂ ਪਿਓ ਦਾ ਇਹ ਖ਼ੂੰਖ਼ਾਰ ਰੂਪ ਵੇਖ ਕੇ ਬੱਚੇ ਇਕਦਮ ਸਹਿਮ ਜਾਂਦੇ। ਉਹ ਆਪੋ ਆਪਣੀਆਂ ਜੁੱਲੀਆਂ ਵਿੱਚ ਦੁਬਕ ਕੇ ਪੈ ਜਾਂਦੇ। ਪਰੰਤੂ ਸ਼ਿਵਾਨੀ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਹੋਈ ਸੀ ਕਿ ਉਹਦਾ ਪਤੀ ਉਹਦੇ ਕੁੱਟ-ਕੁੱਟ ਕੇ ਲਾਸਾਂ ਪਾ ਦਿੰਦਾ। ਪਰੰਤੂ ਫ਼ੇਰ ਵੀ ਉਹ ਆਪਣੇ ਮੂੰਹੋਂ ਕਦੇ ‘ਸੀ’ ਨਹੀਂ ਸੀ ਕੱਢਦੀ।
          ਰਾਜੂ ਪਤਨੀ ਨੂੰ ਕੁੱਟ ਕੇ ਬੱਤੀ ਬੰਦ ਕਰ ਕੇ ਪੈ ਜਾਂਦਾ। ਅੱਧੇ ਘੰਟੇ ਬਾਅਦ ਹੀ ਉਹ ਪਤਨੀ ਦੇ ਵਾਲ਼ਾਂ ਵਿੱਚ ਹੱਥ ਫ਼ੇਰ ਕੇ ਪੁੱਛਦਾ, “ਕਹੀਂ ਜ਼ਾਦਾ ਚੋਟ ਤੋ ਨਹੀਂ ਲਗੀ ਪਗਲੀ। ਸ਼ਿਵਾਨੀ ਤੁਮ ਭੀ ਇਤਨੀ ਰਾਤ ਤੱਕ ਕਿਯਾ ਕਰਤੀ ਰਹਤੀ ਹੋ। ਬੱਚੋਂ ਕੋ ਜਲਦੀ ਖਾਨਾ ਖਿਲਾ ਕਰ ਸੁਲਾ ਕਿਉਂ ਨਹੀਂ ਦੇਤੀ। ਤੁਝੇ ਤੋ ਮਾਲੂਮ ਹੈ ਨਾ! ਤੁਝੇ ਪਯਾਰ ਕੀਏ ਬਿਨਾਂ ਮੁਝੇ ਨੀਂਦ ਨਹੀਂ ਆਤੀ।” ਇਹ ਕਹਿ ਉਹ ਸ਼ਿਵਾਨੀ ਨੂੰ ਆਪਣੇ ਨਾਲ਼ ਲਾ ਕੇ ਘੁੱਟ ਲੈਂਦਾ।
          ਸਾਰੇ ਹੀ ਕਹਿ ਰਹੇ ਸਨ ਕਿ ਇਸ ਵਾਰ ਦੋ ਦੀਵਾਲੀਆਂ ਆ ਰਹੀਆਂ ਹਨ। ਬਸੰਤ ਕੌਰ ਨੇ ਸ਼ਿਵਾਨੀ ਨੂੰ ਦੀਵਾਲੀ ਤੋਂ ਇੱਕ ਹਫ਼ਤਾ ਪਹਿਲਾਂ ਹੀ ਕੋਠੀ ਦੀ ਸਾਫ਼-ਸਫ਼ਾਈ ਕਰਨ ਲਈ ਕਹਿ ਦਿੱਤਾ ਸੀ। ਹੋਰਨਾਂ ਘਰਾਂ ਵਿੱਚ ਕੰਮ ਕਰਕੇ ਉਹ ਸਰਦਾਰਨੀ ਦੀ ਕੋਠੀ ਆ ਜਾਂਦੀ ਸੀ। ਸ਼ਿਵਾਨੀ ਇੱਕ ਤਾਂ ਕੰਮ ਦੀ ਛੋਹਲੀ ਸੀ। ਦੂਜਾ ਉਹ ਜੁਆਨ ਸੀ। ਤੀਜੀ ਅਤੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਸਰਦਾਰਨੀ ਉਸ ਨੂੰ ਧੀਆਂ ਵਾਂਗੂੰ ਪਿਆਰ ਕਰਦੀ ਸੀ। ਉਹ ਉਸ ਨੂੰ ਚੰਗਾ ਖਾਣ ਪੀਣ ਨੂੰ ਤਾਂ ਦਿੰਦੀ ਹੀ ਸੀ। ਇਸ ਤੋਂ ਇਲਾਵਾ ਹਰੇਕ ਤਿੱਥ ਤਿਉਹਾਰ ਉੱਤੇ ਉਸਨੂੰ ਨਵਾਂ ਸੂਟ, ਮਠਿਆਈ ਦਾ ਡੱਬਾ ਅਤੇ ਪੰਜ ਸੌ ਰੁਪਏ ਅਲੱਗ ਤੋਂ ਦਿੰਦੀ ਸੀ।
          ਸ਼ਿਵਾਨੀ ਨੇ ਪੂਰੀ ਰੀਝ ਨਾਲ਼ ਤਿੰਨ ਮੰਜ਼ਲੀ ਕੋਠੀ ਨੂੰ ਅੰਦਰੋਂ ਬਾਹਰੋਂ ਚਮਕਾ ਦਿੱਤਾ ਸੀ। ਕੋਠੀ ਦੀਆਂ ਛੱਤਾਂ ਨੂੰ ਰਗੜ-ਰਗੜ ਕੇ ਧੋ ਦਿੱਤਾ ਸੀ। ਤੇ ਉਸ ਨੇ ਦੁੱਧ ਚਿੱਟਾ ਫ਼ਰਸ਼ ਕੱਢ ਦਿੱਤਾ ਸੀ। ਜੰਗਲੇ ਲਈ ਲਾਈਆਂ ਗਰਿੱਲਾਂ ਨੂੰ ਸੁੱਕੇ ਕੱਪੜੇ ਨਾਲ਼ ਰਗੜ-ਰਗੜ ਕੇ ਚਮਕਾ ਦਿੱਤਾ ਸੀ। ਕੋਠੀ ਵਿਚਲੀ ਕੋਈ ਥਾਂ ਅਜਿਹੀ ਨਹੀਂ ਸੀ, ਜਿਸ ਨੂੰ ਉਹਦੇ ਜਾਦੂਗਰੀ ਹੱਥਾਂ ਦੀ ਛੋਹ ਨਾ ਮਿਲੀ ਹੋਵੇ।
          ਅੱਜ ਦੀਵਾਲੀ ਦਾ ਤਿਉਹਾਰ ਸੀ। ਸਰਦਾਰਨੀ ਨੇ ਚਾਹ ਪਿਲਾਉਣ ਉਪਰੰਤ ਸ਼ਿਵਾਨੀ ਨੂੰ ਆਪਣੇ ਕੋਲ ਬੁਲਾਇਆ। ਤੇ ਬੋਲੀ- “ਸ਼ਿਵਾਨੀ, ਤੇਰੇ ਲਈ ਦੀਵਾਲੀ ਦਾ ਇਹ ਲਾਲ ਰੰਗ ਦਾ ਨਵਾਂ ਸੂਟ ਲਿਆਂਦਾ ਹੈ। ਤੇਰੇ ਗੋਰੇ ਰੰਗ ਰੂਪ ‘ਤੇ ਇਹ ਹੋਰ ਜ਼ਿਆਦਾ ਸਜੇਗਾ। ਆਹ ਪੰਜ ਹਜ਼ਾਰ ਰੁਪਏ ਤੇਰੀ ਇੱਕ ਹਫ਼ਤੇ ਦੀ ਮਿਹਨਤ ਦੇ ਹਨ। ਆਹ ਗਿਆਰਾਂ ਸੌ ਰੁਪਏ ਤੇਰੇ ਬੱਚਿਆਂ ਲਈ ਦੀਵਾਲੀ ਦੇ ਹਨ। ਆਹ ਦੋ ਡੱਬੇ ਮਠਿਆਈ ਦੇ ਤੇਰੇ ਲਈ ਲਿਆਂਦੇ ਹਨ। ਠੀਕ ਹੈ! ਖ਼ੁਸ਼ ਹੈਂ ਤੂੰ!”
          “ਬੀਬੀ ਜੀ, ਇਤਨਾ ਜ਼ਿਆਦਾ। ਯੇ ਤੋ ਬੌਹੂਤ ਹੈ। ਬੀਬੀ ਜੀ, ਆਪ ਕਾ ਦਿਲ ਬੌਹੂਤ ਬੜਾ ਹੈ।” ਉਹ ਸਾਰਾ ਕੁਝ ਲੈ ਕੇ ਸਰਦਾਰਨੀ, ਸਰਦਾਰ ਅਤੇ ਉਨ੍ਹਾਂ ਦੇ ਧੀ ਪੁੱਤਰ ਨੂੰ ਅਸੀਸਾਂ ਦਿੰਦੀ ਹੋਈ ਆਪਣੇ ਘਰ ਚਲੀ ਗਈ ਸੀ।
          ਸ਼ਾਮ ਨੂੰ ਛੇ ਵਜੇ ਸ੍ਰ. ਸੱਜਣ ਸਿੰਘ ਅਤੇ ਸਾਰਾ ਪਰਿਵਾਰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਚਲੇ ਗਏ। ਰਾਗੀ ਸਿੰਘ ਸ਼ਬਦ ਗਾਇਣ ਕਰ ਰਹੇ ਸਨ-
“ਦੀਵਾਲੀ ਕੀ ਰਾਤਿ ਦੀਵੇ ਬਾਲੀਅਨਿ।
ਤਾਰੇ ਜਾਤਿ ਸਨਾਤਿ ਅੰਬਰਿ ਭਾਲੀਅਨਿ।
ਫੁਲਾਂ ਦੀ ਬਾਗਾਤਿ ਚੁਣਿ ਚੁਣਿ ਚਾਲੀਅਨਿ।
ਤੀਰਥਿ ਜਾਤੀ ਜਾਤਿ ਨੈਣ ਨਿਹਾਲੀਅਨਿ।
ਹਰਿ ਚੰਦਉਰੀ ਝਾਤਿ ਵਸਾਇ ਉਚਾਲੀਅਨਿ।
ਗੁਰਮੁਖਿ ਸੁਖ ਫਲ ਦਾਤਿ ਸਬਦਿ ਸਮ੍ਹਾਲੀਅਨ।।”
          ਸਾਰਾ ਦਰਬਾਰ ਸਾਹਿਬ ਰੰਗ ਬਿਰੰਗੀਆਂ ਰੌਸ਼ਨੀਆਂ ਅਤੇ ਲੜੀਆਂ ਨਾਲ਼ ਝਿਲਮਿਲ-ਝਿਲਮਿਲ ਕਰ ਰਿਹਾ ਸੀ। ਸਜੇ ਹੋਏ ਦਰਬਾਰ ਸਾਹਿਬ ਦਾ ਅਕਸ ਪਾਵਨ ਪਵਿੱਤਰ ਸਰੋਵਰ ਵਿੱਚ ਅਦਭੁਤ ਅਤੇ ਅਲੌਕਿਕ ਨਜ਼ਾਰਾ ਪੇਸ਼ ਕਰ ਰਿਹਾ ਸੀ। ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਸ਼ਰਧਾ ਵਿੱਚ ਭਿੱਜਿਆ ਹੋਇਆ ਸੀ। ਇੰਝ ਜਾਪਦਾ ਸੀ ਜਿਵੇਂ ਸਾਰਾ ਮੁਲਖ਼ ਹੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਉਮੜ ਆਇਆ ਹੋਵੇ। ਉਹ ਸਰੋਵਰ ਦੇ ਕੰਢੇ ਬੈਠ ਗਏ। ਸਰਦਾਰਨੀ ਨੇ ਇੱਕੀ ਦੀਵੇ ਦੋ ਕਤਾਰਾਂ ਬਣਾ ਕੇ ਰੱਖ ਦਿੱਤੇ। ਹਰੇਕ ਦੀਵੇ ਵਿੱਚ ਰੂੰ ਦੀ ਇੱਕ ਇੱਕ ਬੱਤੀ ਵੱਟ ਕੇ ਧਰ ਦਿੱਤੀ। ਸਰਦਾਰ ਨੇ ਸਰੋਂ ਦੇ ਤੇਲ ਦੀ ਬੋਤਲ ਖੋਲ੍ਹ ਕੇ ਦੀਵਿਆਂ ਵਿੱਚ ਤੇਲ ਪਾਉਣਾ ਸ਼ੁਰੂ ਕਰ ਦਿੱਤਾ। ਫ਼ੇਰ ਉਨ੍ਹਾਂ ਸਾਰੇ ਦੀਵਿਆਂ ਬਾਲ਼ ਦਿੱਤੇ। ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ। ਉਹ ਅੱਠ ਵੱਜਦੇ  ਨਾਲ਼ ਆਪਣੀ ਕੋਠੀ ਵਿੱਚ ਵਾਪਸ ਆ ਗਏ।
          ਅਗਲਾ ਦਿਨ ਚੜ੍ਹਿਆ। ਅਜੇ ਸਵੇਰ ਦੇ ਸੱਤ ਵਜੇ ਸਨ। ਸ਼ਿਵਾਨੀ ਸਫ਼ਾਈ ਕਰਨ ਲਈ ਆ ਗਈ ਸੀ। ਉਸ ਨੇ ਮੁਸਕੁਰਾਉੰਦੀਆਂ ਅੱਖਾਂ ਨਾਲ਼ ਸਰਦਾਰਨੀ ਨੂੰ ਨਮਸਤੇ ਕੀਤੀ। ਸਰਦਾਰਨੀ ਨੇ ਨਮਸਤੇ ਦਾ ਉੱਤਰ ਨਮਸਤੇ ਬੋਲ ਕੇ ਦਿੱਤਾ। ਫ਼ਿਰ ਉਸ ਨੇ ਸ਼ਿਵਾਨੀ ਨੂੰ ਪੁੱਛਿਆ- “ਸ਼ਿਵਾਨੀ! ਤੁਸੀਂ ਦੀਵਾਲੀ ਵਧੀਆ ਮਨਾਈ?”
          “ਨਹੀਂ, ਬੀਬੀ ਜੀ। ਹਮ ਗ਼ਰੀਬ ਵਾ ਮਜ਼ਦੂਰ ਲੋਗੋਂ ਕੀ ਕਿਯਾ ਦੀਵਾਲੀ? ਕੱਲ੍ਹ ਆਪ ਕੀ ਕੋਠੀ ਸੇ ਹਮ ਕਿਤਨਾ ਖੁਸ ਹੋ ਕਰ ਅਪਨੇ ਘਰ ਗਏ ਥੇ। ਰਾਤ ਕੇ ਸਾਤ ਵਜੇ ਹੋਂਗੇ! ਯੇ ਬਹੁਤ ਜ਼ਾਦਾ ਦਾਰੂ ਪੀ ਕਰ ਘਰ ਆਯਾ। ਆਤੇ ਹੀ ਪਹਲੇ ਤੋ ਮੁਝੇ ਪੀਟਾ। ਫ਼ਿਰ ਬੱਚੋਂ ਕੋ ਪੀਟਨੇ ਲਗਾ। ਸਬ ਸੇ ਛੋਟੇ ਕੋ ਤੋ ਉਸ ਨੇ ਉਠਾ ਕਰ ਜ਼ਮੀਂਨ ਪਰ ਪਟਕ ਦੀਆ। ਹਮ ਤੋ ਸਾਰੀ ਰਾਤ ਰੋਤੇ ਰਹੇ ਬੀਬੀ ਜੀ।” ਉਸ ਨੇ ਅੱਖਾਂ ਭਰ ਕੇ ਕਿਹਾ।
          “ਸ਼ਿਵਾਨੀ! ਤੂੰ ਇੰਨੀਂ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਪਾਲ਼ ਰਹੀ ਹੈਂ। ਪੜ੍ਹਾ ਰਹੀ ਹੈਂ। ਫ਼ਿਰ ਵੀ ਤੇਰੇ ਘਰਵਾਲ਼ਾ ਤੈਨੂੰ ਕਿਉਂ ਮਾਰਦਾ ਕੁੱਟਦਾ ਹੈ?”
          “ਬੀਬੀ ਜੀ! ਅਬ ਹਮ ਆਪ ਕੋ ਕਿਯਾ ਬਤਾਵੇਂ? ਹਮ ਕੋ ਸਰਮ ਆਤੀ ਹੈ। ਔਰਤ ਕੀ ਤੋ ਜੂਨ ਹੀ ਬੁਰੀ ਹੈ। ਕੱਲ੍ਹ ਰਾਤ ਜਬ ਵੋ ਘਰ ਆਯਾ ਤੋ ਬੱਚੇ ਦੀਵਾਲੀ ਕੀ ਖੁਸੀ ਮੇਂ ਜਾਗ ਰਹੇ ਥੇ। ਉਸ ਨੇ ਮੁਝੇ ਔਰ ਬੱਚੋਂ ਕੋ ਇਸੀ ਲੀਏ ਪੀਟਾ ਕਿ ਉਸ ਕੇ ਘਰ ਆਨੇ ਤੱਕ ਮੈਂਨੇ ਬੱਚੋਂ ਕੋ ਸੁਲਾਯਾ ਕਿਉਂ ਨਹੀਂ ਥਾ।” ਇਹ ਕਹਿ ਕੇ ਉਸ ਦੀ ਭੁੱਬ ਨਿੱਕਲ ਗਈ ਸੀ।
ਡਾ. ਇਕਬਾਲ ਸਿੰਘ ਸਕਰੌਦੀ।
84276-85020.
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article“ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋ “ ਸਿਰਜਨਾ ਦੇ ਆਰ ਪਾਰ “ ਪ੍ਰੋਗਰਾਮ ਵਿੱਚ ਸੰਵੇਦਨਸ਼ੀਲ ਕਵਿਤਰੀ ਤੇ ਅਨੁਵਾਦਕਾ ਅਮੀਆ ਕੁੰਵਰ ਨਾਲ ਪ੍ਰੇਰਨਾਦਾਇਕ ਗੱਲਬਾਤ “
Next article**ਨਿੱਕੀ ਕਲਾਈ**