(ਸਮਾਜ ਵੀਕਲੀ)
ਇਹ ਊੜਾ ਊਠ
ਮਾਰਦਾ ਝੂਠ
ਕਿਤੋਂ ਨਹੀਂ ਸੁਣਿਆ
ਇਹ ਕੋਲ਼ੋਂ ਹੀ ਬੁਣਿਆ
ਇਹਦਾ ਹੀ ਕਾਰਾ
ਇਹ ਬਚਪਨ ਸਾਰਾ
ਹੀ ਮਗਰ ਲਗਾਇਆ-
ਬਣਾਵਾਂ ਪੂਰਾ
ਇਹ ਰਹਵੇ ਅਧੂਰਾ
ਗਾਚਨੀ ਫੱਟੀ
ਨੂਰ ਦੀ ਹੱਟੀ
ਸਲੇਟ-ਸਲੇਟੀ
ਰੰਗਾਂ ਦੀ ਪੇਟੀ
ਬਥੇਰਾ ਹੋਰ ਖਿਲਾਰਾ ਪਾਇਆ –
ਇਕ ਹੈ ਐੜਾ
ਖਾ ਗਿਆ ਭੈੜਾ
ਝਪਟ ਕੇ ਚੂਰੀ
ਪਵੇ ਨਾ ਪੂਰੀ
ਲੋਟ ਨਾ ਆਵੇ
ਇਹ ਵਿਛਦਾ ਜਾਵੇ
ਸਫ਼ੇ ‘ਤੇ ਪੂਰਾ-
ਨਾ ਛਡਦਾ ਤੜ੍ਹੀ
ਇਹ ਕਰਦਾ ਅੜੀ
ਥੱਕਣ ਜਦ ਕਲਮਾਂ
ਨਾ ਲਾਵੇ ਮਲ੍ਹਮਾ
ਨਿਰਾ ਅਗਿਆਨੀ
ਘੋਟ ਵਿਦਵਾਨੀ
ਅਖਾਵੇ ਸੂਰਾ-
ਇਕ ਹੈ ਈੜੀ
ਪੁਰਾਣੀ ਪੀੜ੍ਹੀ
ਲਿਖਾਂ ਮੈਂ ਸੱਜੇ
ਹੋ ਜਾਵੇ ਖੱਬੇ
ਜੀ ਬੜਾ ਸਤਾਇਆ
ਚੱਕਰ ਵਿੱਚ ਪਾਇਆ
ਮਲੂਕ ਕਲਾਈਆਂ-
ਲਗਾਉੰਦੀ ਕਾਕੀ
ਅੰਬਰ ਨੂੰ ਟਾਕੀ
ਇਹ ਇਲਤਾਂ ਕਰਦੀ
ਨਾ ਮੈਥੋਂ ਡਰਦੀ
ਇਹ ਅੱਖਾਂ ਖੋਲ੍ਹੇ
ਜਾਂ ਸੁਰਮਾ ਘੋਲੇ
ਤੇ ਪੈਣ ਸਿਆਹੀਆਂ-
ਇਕ ਹੈ ਸੱਸਾ
ਜੋ ਗਲ਼ ਦਾ ਰੱਸਾ
ਨਾ ਲਿਖਿਆ ਜਾਵੇ
ਜੀ ਬੜਾ ਸਤਾਵੇ
ਬਣਾਵਾਂ ਕੁੰਡੀ
ਕਲਮ ਜਾਏ ਖੂੰਢੀ
ਮੈਂ ਹਫ਼-ਹਫ਼ ਜਾਵਾਂ-
ਇਹ ਕਰੇ ਲੜਾਈਆਂ
ਮੈਂ ਦਿਆਂ ਸਫ਼ਾਈਆਂ
ਜਿੰਦ ਮੇਰੀ ਨਿੱਕੀ
ਇਹ ਕਰਕੇ ਤਿੱਖੀ
ਫੇਰਦਾ ਆਰੀ
ਇਹਦੀ ਜ਼ਿੱਦ ਨਿਆਰੀ
ਮੈਂ ਜਾਨ ਬਚਾਵਾਂ-
ਇਕ ਹੈ ਹਾਹਾ
ਜੋ ਬਣ ਚਰਵਾਹਾ
ਚਾਰਦਾ ਸਭ ਨੂੰ
ਨਾ ਸਮਝੇ ਰੱਬ ਨੂੰ
ਧਰਤ ਦਾ ਵਾਲੀ
ਜਮਾ ਹੀ ਖ਼ਾਲੀ
ਇਹ ਹੁਕਮ ਚਲਾਵੇ-
ਕਹਾਂ ਕੁਝ ਹੋਰ
ਇਹ ਮਾਂ ਦਾ ਛੋਹਰ
ਨਾ ਸੁਣਦਾ ਪੂਰੀ
ਨਾ ਜੀ-ਹਜ਼ੂਰੀ
ਕਿਸੇ ਦੀ ਕਰਦਾ
ਨਾ ਹਾਮੀ ਭਰਦਾ
ਜੀ ਨਾਚ ਨਚਾਵੇ-
ਇਕ ਹੈ ਕੱਕਾ
ਨਾ ਤੋੜੇ ਡੱਕਾ
ਸੱਜੇ ਨੂੰ ਮੁੜਦਾ
ਲੀਕ ਨਾਲ਼ ਜੁੜਦਾ
ਨਾ ਵੱਖਰਾ ਹੋਵੇ
ਕਲਮ ਪਈ ਰੋਵੇ
ਕਿਧਰ ਨੂੰ ਜਾਵਾਂ-
ਤੂੰ ਹੋ ਜਾ ਪਰ੍ਹੇ
ਭੈਣ ਜੀ ਵਰ੍ਹੇ
ਆਖਦੀ ਸਿਆਹੀ
ਕਰਾਂ ਕੀ ਭਾਈ
ਮੈਂ ਜ਼ੋਰ ਲਗਾਇਆ
ਸੂਤ ਨਾ ਆਇਆ
ਕਿਵੇਂ ਸਮਝਾਵਾਂ-
ਇਕ ਹੈ ਖੱਖਾ
ਅਜੀਬ ਸੁਨੱਖਾ
ਨਾ ਸਿਰ ‘ਤੇ ਛੱਤ
ਕਰਾਉਂਦਾ ਅੱਤ
ਜਰਾ ਨਹੀਂ ਸਾਊ
ਵਿਗੜਿਆ ਭਾਊ
ਕਰੇ ਮਨਮਾਨੀ-
ਸ਼ੈਤਾਨੀ ਕਰਦਾ
ਰੱਖੇ ਨਾ ਪਰਦਾ
ਇਹਦਾ ਅੰਦਾਜ
ਇਹ ਵਿਚਲਾ ਰਾਜ
ਕਿਸੇ ਦੇ ਦਿਲ ਦਾ
ਕਦੇ ਨਾ ਮਿਲਦਾ
ਖ਼ੁਦਾ ਰੂਹਾਨੀ –
ਇੱਕ ਹੈ ਗੱਗਾ
ਸੰਵਾਂ ਕੇ ਝੱਗਾ
ਤੁਰ ਪਿਆ ਮੇਲੇ
ਗੰਵਾ ਕੇ ਧੇਲੇ
ਜੀ ਲੈ ਕੇ ਕੰਘਾ
ਗੁਲਾਬੀ ਰੰਗਾ
ਤੇ ਘਰ ਨੂੰ ਆਇਆ-
ਨਾ ਟਿਕਣਾ ਬਹਿਣਾ
ਅੰਮੀ ਦਾ ਗਹਿਣਾ
ਨਾ ਸੁਣਨਾ ਕੂਣਾ
ਬਾਪ ਦਾ ਜਿਊਣਾ
ਨਾ ਲੈਂਦਾ ਮੱਤਾਂ
ਭੰਨਾਉੰਦਾ ਲੱਤਾਂ
ਜੀ ਬੜਾ ਸਤਾਇਆ-
ਘੱਘਾ ਤਾਂ ਸੋਹਣਾ
ਮੈਂ ਸਿੱਖ ਲਿਆ ਪਾਉਣਾ
ਤੂੰ ਕਹਿ ਦੇ ਫੱਟ
ਲਿਖਾਂ ਮੈਂ ਝੱਟ
ਇਹ ਚੰਨ ਦੀ ਦਾਤੀ
ਤੇ ਮੇਰੇ ਜਮਾਤੀ
ਵਰਗਾ ਲਗਦਾ-
ਇਹ ਰਹਿੰਦਾ ਘਰੇ
ਭੀੜ ਤੋਂ ਡਰੇ
ਜਦੋਂ ਮੈਂ ਬੋਲਾਂ
ਕਿਤਾਬਾਂ ਖੋਲ੍ਹਾਂ
ਇਹ ਸੁਣੇ ਕਹਾਣੀ
ਜਿਵੇਂ ਕੋਈ ਪਾਣੀ
ਵਾਂਗਰ ਵਗਦਾ-
ਇਕ ਹੈ ਙੰਙਾਂ
ਚੜਾਉਂਦਾ ਵੰਙਾਂ
ਜੀ ਕਰੇ ਕਲੋਲ
ਤੇ ਖ਼ਚਰੇ ਬੋਲ
ਨਿਰਾਲੇ ਢੰਗ
ਚਾੜ੍ਹਦਾ ਰੰਗ
ਢੀਠ ਵਣਜਾਰਾ-
ਜੀ ਹੋਏ ਥਕੇਵੇਂ
ਇਹ ਵਿੰਗ ਵਲੇਵੇਂ
ਮੈਂ ਲਾਏ ਪ੍ਰਾਣ
ਲਿਖੇ ਨਾ ਜਾਣ
ਵਗਾਹ ਕੇ ਮਾਰੀ
ਮੈਂ ਕਾਪੀ ਸਾਰੀ
ਤੇ ਲਾਹਿਆ ਭਾਰਾ-
~ ਰਿਤੂ ਵਾਸੂਦੇਵ



