(ਸਮਾਜ ਵੀਕਲੀ) ਬਨਵਾਰੀ ਲਾਲ ਬਿਜਲੀ ਬੋਰਡ ਵਿੱਚੋਂ ਜੇ ਈ ਰਿਟਾਇਰ ਹੋਇਆ ਸੀ। ਸਾਰੀ ਨੌਕਰੀ ਦੌਰਾਨ ਤਨਖ਼ਾਹ ਨੂੰ ਤਾਂ ਉਸ ਨੇ ਕਿਸੇ ਗਿਣਤੀ ਵਿੱਚ ਹੀ ਨਹੀਂ ਸੀ ਲਿਆ। ਉੱਪਰਲੀ ਕਮਾਈ ਨੂੰ ਹੀ ਉਹ ਅਸਲੀ ਕਮਾਈ ਮੰਨਦਾ ਸੀ। ਇਸ ਤਰ੍ਹਾਂ ਉਸ ਨੇ ਦੋ ਨੰਬਰ ਦਾ ਵਥੇਰਾ ਧਨ ਕਮਾਇਆ ਸੀ। ਜਦੋਂ ਵੀ ਕਿਸੇ ਕਿਸਾਨ ਨੇ ਮੋਟਰ ਦਾ ਕੁਨੈਕਸ਼ਨ ਲੈਣ ਲਈ ਅਪਲਾਈ ਕਰਨਾ, ਤਦ ਉਹ ਕੋਈ ਨਾ ਕੋਈ ਅਜਿਹੀ ਢੁੱਚਰ ਡਾਉਂਦਾ ਕਿ ਉਹਦੀ ਮੋਟਰ ਦਾ ਕੁਨੈਕਸ਼ਨ ਪਾਸ ਨਾ ਹੁੰਦਾ।
ਪੰਜ ਵਰ੍ਹੇ ਪਹਿਲਾਂ ਉੱਚੇ ਪਿੰਡ ਦੇ ਕਰਮਜੀਤ ਸਿੰਘ ਗਰੇਵਾਲ ਨੇ ਪੰਜ ਪਾਵਰ ਦੀ ਮੋਟਰ ਦਾ ਕੁਨੈਕਸ਼ਨ ਲੈਣ ਲਈ ਅਰਜੀ ਦਿੱਤੀ ਸੀ। ਜਿਉਂ ਹੀ ਉਹਦੀ ਅਰਜੀ ਬਨਵਾਰੀ ਦੀ ਮੇਜ ‘ਤੇ ਆਈ, ਉਸ ਨੇ ਬਿਨਾਂ ਵਜ੍ਹਾ ਕਈ ਨੁਕਸ ਕੱਢ ਦਿੱਤੇ ਸਨ। ਤੇ ਇਤਰਾਜ਼ ਲਾ ਦਿੱਤੇ ਸਨ। ਜਿਸ ਕਰਕੇ ਉਹਦੀ ਅਰਜੀ ਰੱਦ ਹੋ ਗਈ ਸੀ।
ਅੱਜ ਸੋਮਵਾਰ ਸੀ। ਨੰਦ ਸਿੰਘ ਨੰਬਰਦਾਰ ਤੜਕੇ-ਤੜਕੇ ਪੱਗ ਬੰਨ੍ਹ ਕੇ ਸ਼ਹਿਰ ਜਾਣ ਲਈ ਤਿਆਰ ਹੋ ਗਿਆ ਸੀ। ਜਿਉਂ ਹੀ ਉਹ ਆਪਣੇ ਘਰੋਂ ਨਿੱਕਲਿਆ ਕਿ ਕਰਮਜੀਤ ਗਰੇਵਾਲ ਦੇ ਘਰ ਵੱਲ ਨੂੰ ਮੁੜ ਪਿਆ। ਬਾਰ ਮੂਰ੍ਹੇ ਖੜ੍ਹੋ ਕੇ ਉਹਨੇ ‘ਵਾਜ਼ ਮਾਰੀ- “ਮੈਂ ਕਿਹਾ, ਕਰਮਜੀਤ ਸਿਆਂ ਘਰੇਂ ਈਂ ਐਂ!” ਉਸ ਸਮੇਂ ਕਰਮਜੀਤ ਫੌੜ੍ਹਾ ਲੈ ਕੇ ਮੱਝਾਂ ਦਾ ਗੋਹਾ ਪਿਛਾਂਹ ਹਟਾ ਰਿਹਾ ਸੀ। ਨੰਬਰਦਾਰ ਦੀ ਅਵਾਜ਼ ਪਛਾਣ ਕੇ ਉਹ ਬੋਲਿਆ- “ਆ ਜਾ। ਆ ਜਾ। ਨੰਬਰਦਾਰਾ ਲੰਘਿਆ।” ਉਹ ਖੰਘੂਰਾ ਮਾਰ ਕੇ ਅੰਦਰ ਆ ਗਿਆ ਸੀ। ਚੁੱਲ੍ਹੇ ਮੂਹਰੇ ਬੈਠੀ ਗਰੇਵਾਲ ਦੀ ਨੂੰਹ ਸੰਦੀਪ ਕੌਰ ਰੋਟੀਆਂ ਲਾਹ ਰਹੀ ਸੀ। ਉਸ ਦਾ ਖੰਘੂਰਾ ਸੁਣ ਉਸ ਨੇ ਲੰਮਾ ਘੁੰਡ ਕੱਢ ਲਿਆ ਸੀ। ਨੰਬਰਦਾਰ ਨੇ ਬਾਣ ਦੇ ਮੰਜੇ ‘ਤੇ ਬਹਿੰਦਿਆਂ ਪੁੱਛਿਆ- “ਹੋਰ ਸੁਣਾ, ਖੇਤੀ ਪੱਤੀ ਕਿਵੇਂ ਐਂ!”
“ਨੰਬਰਦਾਰਾ ਤੈਨੂੰ ਕੀ ਦੱਸਾਂ? ਨਵੀਂ ਮੋਟਰ ਦਾ ਕਨੈਕਸ਼ਨ ਲੈਣ ਲਈ ਅਰਜੀ ਦਿੱਤੀ ਸੀ। ਉਹ ਰੱਦ ਹੋ ਗੀ। ਸਮਝ ਨੀਂ ਆਉਂਦੀ, ਕੀ ਕਰਾਂ? ਕਿੱਥੇ ਜਾਮਾਂ?”
“ਗਰੇਵਾਲ ਸਾਹਬ, ਭਲਾਂ ਏਹ ਕੀ ਗੱਲ ਕੀਤੀ? ਜੇ ਅਰਜੀ ਕੇਰਾਂ ਰੱਦ ਹੋ ਗੀ। ਤਾਂ ਕੇਹੜਾ ਆਖ਼ਰ ਆ ਗੀ। ਰੱਦ ਹੋਈ ਅਰਜੀ ਪਾਸ ਬੀ ਹੋ ਸਕਦੀ ਐ। ਬੱਸ, ਗੱਲ ਏਨੀਂ ਕੂ ਐ। ਬਈ ਅਰਜੀ ਦੇ ਪਈਏ ਲਾਉਣੇ ਪੈਣੇਂ ਐਂ!”
“ਦੇਖ ਨੰਬਰਦਾਰਾ, ਅਸੀਂ ਤਾਂ ਹੈਗੇ, ਜੱਟ ਬੂਟ। ਸਾਨੂੰ ਤਾਂ ਮਿੱਟੀ ਨਾਲ਼ ਮਿੱਟੀ ਹੋਣਾ ਆਉਂਦੈ। ਨਾ ਮੈਂ ਬੌਹਤਾ ਦਫ਼ਤਰਾਂ ‘ਚ ਗਿਆਂ। ਤੇ ਨਾ ਹੀਂ ਮੈਨੂੰ ਏਨਾਂ ਦਫ਼ਤਰੀ ਬਾਬੂਆਂ ਦੀ ਰਮਜ਼ ਹੀ ਕਦੇ ਸਮਝ ਪੈਂਦੀ ਐ। ਤੇਰਾ ਤਾਂ ਸ਼ਹਿਰੀਂ ਗੇੜਾ ਵੱਜਦਾ ਰਹਿੰਦੈ। ਤੂੰ ਮੇਰਾ ਮੋਟਰ ਆਲ਼ਾ ਕੰਮ ਸਿਰੇ ਲਵਾ ਦੇ। ਜਿਵੇਂ ਕਹੇਂਗਾ, ਤੈਥੋਂ ਬਾਹਰ ਨੀਂ ਹੁੰਦਾ। ਸੇਵਾ ਪਾਣੀ ਮੈਂ ਪੂਰੀ ਕਰ ਦੂੰ।” ਉਸ ਨੇ ਕਰਮਜੀਤ ਦੇ ਕੰਨ ਵਿੱਚ ਪਤਾ ਨੀਂ ਕੀ ਫੂਕ ਮਾਰੀ, ਹਫ਼ਤੇ ਨੂੰ ਉਹਦੀ ਨਵੀਂ ਮੋਟਰ ਚੱਲ ਪਈ ਸੀ।
ਬਨਵਾਰੀ ਲਾਲ ਦੇ ਇੱਕ ਪੁੱਤਰ ਤੇ ਇੱਕ ਧੀ ਸੀ। ਘਰ ਵਿੱਚ ਖੁੱਲ੍ਹਾ ਪੈਸਾ ਆਉਂਦਾ ਦੇਖ ਕੇ ਦੋਵੇਂ ਭੈਣ ਭਰਾ ਬਹੁਤੇ ਖਰਚੀਲੇ ਹੋ ਗਏ ਸਨ। ਖੁੱਲ੍ਹਾ ਖਾਣ ਪੀਣ, ਪਹਿਨਣ ਪੱਚਰਣ ਦੀ ਆਦਤ ਕਾਰਨ ਪੜ੍ਹਾਈ ਵੱਲ ਦੋਵਾਂ ਦਾ ਹੀ ਧਿਆਨ ਨਹੀਂ ਸੀ। ਕੁੜੀ ਤਾਂ ਫ਼ੇਰ ਵੀ ਠੀਕ ਸੀ। ਪਰ ਮੁੰਡੇ ਨੇ ਤਾਂ ਦਸਵੀਂ ਮਸਾਂ ਪਾਸ ਕੀਤੀ ਸੀ। ਅੱਗੇ ਪੜ੍ਹਨ ਲਈ ਉਸ ਨੇ ਸਾਫ਼ ਨਾਂਹ ਕਰ ਦਿੱਤੀ ਸੀ। ਪਿਓ ਨੇ ਉਸ ਨੂੰ ਆੜਤ ਦਾ ਕੰਮ ਸਿੱਖਣ ਲਾਇਆ, ਉਹਦੇ ‘ਚ ਉਹਨੇ ਪੂਰੀ ਨਾ ਪਾਈ। ਉਸ ਨੂੰ ਇਲੈਕਟ੍ਰਿਕ ਸਟੋਰ ਖੋਲ੍ਹ ਕੇ ਦਿੱਤਾ। ਜਦੋਂ ਮੁੰਡੇ ਨੇ ਰੁਚੀ ਨਾਲ਼ ਕੰਮ ਨਾ ਕੀਤਾ ਤਾਂ ਛੇ ਮਹੀਨਿਆਂ ਪਿੱਛੋਂ ਉਹ ਵੀ ਬੰਦ ਕਰਨਾ ਪਿਆ। ਜਦੋਂ ਪਿਓ ਨੇ ਦੇਖਿਆ ਕਿ ਉਹ ਕਿਸੇ ਪਾਸੇ ਵੀ ਪੂਰੀ ਨਹੀਂ ਪਾ ਰਿਹਾ ਤਾਂ ਉਸ ਨੇ ਕੈਨੇਡਾ ਦੀ ਇੱਕ ਪੀ.ਆਰ. ਕੁੜੀ ਦੇ ਮਾਪਿਆਂ ਨੂੰ ਖ਼ਾਸੀ ਮੋਟੀ ਰਕਮ ਦੇ ਕੇ ਮੁੰਡੇ ਨੂੰ ਵਿਆਹ ਕੇ ਕੈਨੇਡਾ ਭੇਜ ਦਿੱਤਾ ਸੀ।
ਬਨਵਾਰੀ ਲਾਲ ਦੀ ਧੀ ਅਨੂਪਮਾ ਕਾਲਜ ਵਿੱਚ ਬੀ.ਏ. ਭਾਗ ਤੀਜਾ ਵਿੱਚ ਪੜ੍ਹਦੀ ਸੀ। ਰੰਗ ਰੂਪ ਤੇ ਸੁਹੱਪਣ ਵਿੱਚ ਉਹ ਆਪਣੀ ਮਾਂ ‘ਤੇ ਗਈ ਸੀ। ਉਸ ਦਾ ਕੱਦ ਪੰਜ ਫੁੱਟ ਛੇ ਇੰਚ, ਲੰਮੇ ਭਾਰੀ ਕਾਲ਼ੇ ਕੇਸ, ਗੋਡਿਆਂ ਤੋਂ ਹੇਠਾਂ ਤੱਕ ਲੰਮਕਦੀ ਮੋਟੀ ਗੁੱਤ, ਸੋਹਣੀ ਸੁਨੱਖੀ ਹਿਰਨੋਟੀ ਅੱਖਾਂ ਵਾਲ਼ੀ, ਪਤਲੀ ਪਤੰਗ ਵਰਗੀ ਮਲੂਕ ਜਿਹੀ ਮੁਟਿਆਰ ਕੁੜੀ ਸੀ। ਉਸ ਦੀ ਬੋਤਲ ਵਰਗੀ ਫਿੱਗਰ, ਸੁਰਾਹੀਦਾਰ ਗਰਦਨ, ਕਮਰ ਇੰਨੀਂ ਪਤਲੀ ਕਿ ਦੋਵਾਂ ਹੱਥਾਂ ਵਿੱਚ ਅਸਾਨੀ ਨਾਲ਼ ਆ ਜਾਏ। ਹਿੰਦੀ ਸਾਹਿਤ ਵਿੱਚ ਉਸਦੀ ਡੂੰਘੀ ਦਿਲਚਸਪੀ ਸੀ। ਕਾਲਜ ਵਿੱਚ ਹੁੰਦੇ ਹਰੇਕ ਸਾਹਿਤਕ ਤੇ ਸਭਿਆਚਾਰਕ ਸਮਾਗਮ ਵਿੱਚ ਉਸ ਦੇ ਗੀਤ ਦੇ ਬੋਲ ਸਮਾਗਮ ਨੂੰ ਚਾਰ ਚੰਨ ਲਾ ਦਿੰਦੇ। ਜਦੋਂ ਉਹ ਗੀਤ ਦੇ ਬੋਲਾਂ ਨਾਲ਼ ਇਕਸੁਰ ਹੋ ਕੇ ਗੌਂਦੀ ਸੀ ਤਾਂ ਸੁਣਨ ਵਾਲ਼ਿਆਂ ਨੂੰ ਇੰਝ ਭਾਸਦਾ, ਜਿਵੇਂ ਉਹਦੇ ਗਲ਼ੇ ਵਿੱਚ ਸਰਸਵਤੀ ਦਾ ਵਾਸਾ ਹੋਵੇ। ਕਾਲਜ ਪੜ੍ਹਦਿਆਂ ਉਸ ਦਾ ਇੱਕ ਰੱਜੇ ਪੁੱਜੇ ਸਰਦਾਰਾਂ ਦੇ ਮੁੰਡੇ ਯਾਦਵਿੰਦਰ ਸਿੱਧੂ ਨਾਲ਼ ਪਿਆਰ ਪੈ ਗਿਆ ਸੀ। ਸਿੱਧੂ ਬਾਰੇ ਸਾਰੀ ਗੱਲਬਾਤ ਉਸ ਨੇ ਆਪਣੀ ਮਾਂ ਨੂੰ ਦੱਸ ਦਿੱਤੀ ਸੀ। ਭਾਵੇਂ ਉਸ ਦੀ ਮਾਂ ਅਨੁਰਾਧਾ ਧੀ ਦਾ ਵਿਆਹ ਸਰਦਾਰਾਂ ਦੇ ਮੁੰਡੇ ਨਾਲ਼ ਕਰਨ ਲਈ ਤਿਆਰ ਹੋ ਗਈ ਸੀ, ਪਰੰਤੂ ਬਨਵਾਰੀ ਨੇ ਇੱਕੋ ਨੰਨਾ ਫੜੀਂ ਰੱਖਿਆ। ਆਖ਼ਰ ਮੁੰਡੇ ਕੁੜੀ ਨੇ ਘਰੋਂ ਭੱਜ ਕੇ ਕੋਰਟ ਮੈਰਿਜ ਕਰਵਾ ਲਈ ਸੀ।
ਰਿਟਾਇਰਮੈਂਟ ਤੋਂ ਬਾਅਦ ਬਨਵਾਰੀ ਨੂੰ ਮਿਲਣ ਵਾਲ਼ੀ ਪੈਂਸ਼ਨ ਉਸ ਦੀ ਤਨਖ਼ਾਹ ਦਾ ਅੱਧ ਹੀ ਰਹਿ ਗਿਆ ਸੀ। ਦੂਜਾ ਹੁਣ ਸਾਮੀਆਂ ਆਉਣੀਆਂ ਵੀ ਬੰਦ ਹੋ ਗਈਆਂ ਸਨ। ਜਿਸ ਨੇ ਸਾਰੀ ਉਮਰ ਦੋਹੀਂ ਹੱਥੀਂ ਸੰਧੂਰੀ ਅੰਬ ਖਾਧੇ ਹੋਣ, ਉਹਨੂੰ ਅੰਬਾਕੜੀਆਂ ਨਾਲ਼ ਭਲਾਂ ਕਿੱਥੋਂ ਸਬਰ ਆਉਣਾ ਸੀ। ਹੁਣ ਬੈੱਡ ‘ਤੇ ਲੇਟਿਆ ਉਹ ਸਾਰਾ ਦਿਨ ਕਮਰੇ ਦੀ ਛੱਤ ਨੂੰ ਦੇਖਦਾ ਰਹਿੰਦਾ। ਉਸ ਨੂੰ ਇਹੋ ਝੋਰਾ ਲੱਗਿਆ ਰਹਿੰਦਾ ਕਿ ਹੁਣ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ? ਇਹੋ ਸੋਚ-ਸੋਚ ਕੇ ਦੋ ਮਹੀਨਿਆਂ ਵਿੱਚ ਹੀ ਉਹ ਡਿਪਰੈਸ਼ਨ ਵਿੱਚ ਚਲਾ ਗਿਆ ਸੀ। ਭਾਵੇਂ ਸ਼ਹਿਰ ਦੇ ਮਸ਼ਹੂਰ ਡਾ. ਪਰਮਜੀਤ ਕੌਸ਼ਲ ਤੋਂ ਉਸ ਦੀ ਦਵਾਈ ਚੱਲ ਰਹੀ ਸੀ। ਪਰ ਫ਼ੇਰ ਵੀ ਉਸ ਦੀ ਸਿਹਤ ਦਿਨੋਂ ਦਿਨ ਨਿੱਘਰਦੀ ਹੀ ਜਾ ਰਹੀ ਸੀ।
ਆਖ਼ਰ ਉਸ ਦੀ ਪਤਨੀ ਅਨੁਰਾਧਾ ਉਸ ਨੂੰ ਫੋਰਟਿਸ ਹਸਪਤਾਲ ਮੁਹਾਲੀ ਲੈ ਗਈ ਸੀ। ਉਸ ਦਾ ਇਲਾਜ ਕਰਨ ਲਈ ਫੋਰਟਿਸ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਆਪਣੀ ਪੂਰੀ ਵਾਹ ਲਾ ਦਿੱਤੀ ਸੀ। ਅੱਜ ਹੋਰ, ਕੱਲ੍ਹ ਹੋਰ ਉਹਦੀ ਸਿਹਤ ਵਿੱਚ ਮੋੜਾ ਪੈਣਾ ਸ਼ੁਰੂ ਹੋ ਗਿਆ ਸੀ। ਪੂਰੇ ਦੋ ਸਾਲ ਫੋਰਟਿਸ ਤੋਂ ਇਲਾਜ ਚੱਲਦਾ ਰਿਹਾ। ਦਵਾਈ ਭਾਵੇਂ ਹੁਣ ਵੀ ਚੱਲ ਰਹੀ ਸੀ, ਪਰੰਤੂ ਉਹ ਕਾਫ਼ੀ ਹੱਦ ਤੱਕ ਠੀਕ ਹੋ ਚੁੱਕਾ ਸੀ। ਪਰ ਇਨ੍ਹਾਂ ਦੋ ਸਾਲਾਂ ਵਿੱਚ ਉਸ ਵੱਲੋਂ ਇਕੱਠੀ ਕੀਤੀ ਸਾਰੀ ਜਮ੍ਹਾਂ ਪੂੰਜੀ ਖੁਰ ਗਈ ਸੀ।
ਫ਼ਰਵਰੀ ਦਾ ਮਹੀਨਾ ਚੜ੍ਹ ਗਿਆ ਸੀ। ਅੱਜ ਐਤਵਾਰ ਸੀ। ਠੰਢ ਦਾ ਪ੍ਰਕੋਪ ਕਾਫ਼ੀ ਹੱਦ ਤੱਕ ਘੱਟ ਗਿਆ ਸੀ। ਮੌਸਮ ਵਿੱਚ ਕਾਫ਼ੀ ਮੋੜਾ ਪੈ ਚੁੱਕਿਆ ਸੀ। ਵਿਹੜੇ ਵਿੱਚ ਕੁਰਸੀ ‘ਤੇ ਬੈਠਾ ਉਹ ਕੋਸੀ-ਕੋਸੀ ਧੁੱਪ ਦਾ ਨਿੱਘ ਮਾਣਦਾ ਹੋਇਆ ਅਖ਼ਬਾਰ ਪੜ੍ਹ ਰਿਹਾ ਸੀ। ਅਚਾਨਕ ਉਸ ਦੇ ਮੋਬਾਇਲ ਫ਼ੋਨ ਦੀ ਘੰਟੀ ਵੱਜ ਉੱਠੀ। ਉਸ ਨੇ ਅਖ਼ਬਾਰ ਵੱਲੋਂ ਆਪਣਾ ਧਿਆਨ ਹਟਾਇਆ। ਫ਼ੋਨ ‘ਤੇ ਨਜ਼ਰ ਮਾਰੀ। ਕਾਲਜ ਵਿੱਚ ਉਸ ਦੇ ਨਾਲ਼ ਪੜ੍ਹਦੇ ਰਹੇ ਉਸ ਦੇ ਅਜ਼ੀਜ਼ ਮਿੱਤਰ ਪ੍ਰੋਫ਼ੈਸਰ ਬਲਵੰਤ ਸਿੰਘ ਗਿੱਲ ਦਾ ਨਾਂ ਲਿਖਿਆ ਹੋਇਆ ਸੀ। ਉਸ ਨੇ ਫ਼ੋਨ ਨੂੰ ਕੰਨ ਨਾਲ਼ ਲਾਉਂਦਿਆਂ ਕਿਹਾ- “ਹੈਲੋ!”
“ਸੇਠ ਸਾਹਿਬ, ਹੋਰ ਸੁਣਾਓ! ਕੀ ਹਾਲ ਚਾਲ ਐ ਤੁਹਾਡਾ? ਸਿਹਤ ਕਿਵੇਂ ਐਂ ਤੁਹਾਡੀ?”
“ਵਾਹ ਜੀ ਵਾਹ !!! ਪ੍ਰੋਫ਼ੈਸਰ ਗਿੱਲ, ਸਤਿ ਸ਼੍ਰੀ ਅਕਾਲ। ਬੱਸ ਇੱਕ ਤੂੰ ਹੀਂ ਮੇਰਾ ਜਿਗਰੀ ਯਾਰ ਐਂ, ਜਿਹਨੂੰ ਮੇਰੀ ਸਿਹਤ ਦਾ ਫ਼ਿਕਰ ਰਹਿੰਦੈ। ਦੇਖ ਲੈ ਭਰਾਵਾ, ਮੈਂ ਸਾਰੀ ਉਮਰ ਆਪਣੇ ਧੀ ਪੁੱਤ ਲਈ ਏਨਾਂ ਪੈਸਾ ਕਮਾਇਆ। ਮੁੰਡੇ ਨੇ ਕਦੇ ਮੈਨੂੰ ਫ਼ੋਨ ਨੀਂ ਕੀਤਾ। ਕੁੜੀ ਨੇ ਤਾਂ ਕਰਨਾ ਈਂ ਕੀ ਐ?”
“ਸੇਠਾ, ਗੱਲ ਸੁਣ ਮੇਰੀ ਧਿਆਨ ਨਾਲ਼, ਅੱਜਕੱਲ੍ਹ ਧੀ ਪੁੱਤਰ ‘ਤੇ ਬਹੁਤੀ ਆਸ ਨੀਂ ਰੱਖਣੀ ਚਾਹੀਦੀ। ਸਭ ਆਪੋ ਆਪਣੀ ਪਰਿਵਾਰਕ ਜਿੰਦਗੀ ਵਿੱਚ ਮਸਤ ਨੇ। ਹੁਣ ਤਾਂ ਸਾਰੀ ਦੁਨੀਆਂ ਪੈਸੇ ਦੀ ਪੁੱਤ ਹੋ ਗਈ ਐ।”
“ਬਲਵੰਤ ਸਿਆਂ, ਤੈਨੂੰ ਕੀ ਦੱਸਾਂ? ਸਾਰੀ ਉਮਰ ‘ਚ ਜਿਹੜੀ ਪਾਈ-ਪਾਈ ਕਰਕੇ ਜੋੜੀ ਸੀ, ਸਾਰੀ ਡਾਕਟਰਾਂ ਦੇ ਢਿੱਡ ‘ਚ ਪੈ ਗਈ ਐ। ਦੋ ਸਾਲਾਂ ‘ਚ ਬਾਈ ਲੱਖ ਰੁਪਈਆ ਲੱਗ ਗਿਆ ਮੇਰਾ।”
“ਬਨਵਾਰੀ ਏਸੇ ਲਈ ਤਾਂ ਮੈਂ ਤੈਨੂੰ ਕਹਿਨਾਂ ਹੁੰਨਾਂ। ਬਈ ਆਪਣੇ ਹੱਥੀਂ ਪੁੰਨ ਦਾਨ ਕਰ ਲਿਆ ਕਰ। ਪਤਾ ਨੀਂ ਕੇਹੜੇ ਗ਼ਰੀਬ ਗਰੂਬੇ ਦੀ ‘ਸੀਸ ਲੱਗ ਜਾਂਦੀ ਐ। ਸਿਆਣੇ ਕਹਿੰਦੇ ਐ ਕਿ ਬੰਦਾ ਘਰੋਂ ਚਾਹੇ ਗ਼ਰੀਬ ਹੋਵੇ, ਪਰ ਦਿਲ ਦਾ ਗ਼ਰੀਬ ਨਹੀਂ ਹੋਣਾ ਚਾਹੀਦਾ। ਅੱਛਾ ਮੇਰੀ ਗੱਲ ਸੁਣ ਧਿਆਨ ਨਾਲ਼। ਮੈਂ ਪਿੰਗਲਵਾੜੇ ‘ਚੋਂ ਹੀ ਫ਼ੋਨ ਕਰ ਰਿਹਾਂ। ਅਗਲੇ ਮਹੀਨੇ ਦੇ ਆਖ਼ਰੀ ਐਤਵਾਰ ਪਿੰਗਲਵਾੜਾ ਸੰਸਥਾ ਆਪਣਾ ਪੱਚੀਵਾਂ ਸਥਾਪਨਾ ਦਿਵਸ ਮਨਾ ਰਹੀ ਐ। ਤੂੰ ਆ ਜਾ ਸੰਸਥਾ ਵਿੱਚ। ਘਰ ਵਿੱਚ ਵੀ ਤਾਂ ਸਾਰਾ ਦਿਨ ਮੰਜਾ ਤੋੜਦਾ ਰਹਿਨੈ। ਬੈਠਾ ਪੈਸੇ ਨੂੰ ਈਂ ਝੂਰਦਾ ਰਹਿੰਨੈਂ। ਏਥੇ ਆ ਕੇ ਬੰਦੇ ਦਾ ਮਨ ਬਦਲਦੈ। ਮਰੀਜ਼ਾਂ ਨਾਲ਼ ਗੱਲ ਕਰਕੇ ਬੜੀ ਤਸੱਲੀ ਮਿਲਦੀ ਐ। ਫ਼ੇਰ ਬਨਵਾਰੀ ਲਾਲ, ਤੂੰ ਆ ਰਿਹੈਂ ਨਾ ਸੰਸਥਾਨ ਵਿੱਚ!”
“ਗਿੱਲ ਸਾਹਿਬ, ਗੱਲ ਇਹ ਐ। ਮੈਂ ਆ ਤਾਂ ਜਾਵਾਂ। ਪਰ ਤੂੰ ਸੌ ਪੰਜਾਹ ਦੀ ਮੇਰੀ ਪਰਚੀ ਕੱਟ ਦੇਂਗਾ।” ਇਹ ਆਖ ਕੇ ਬਨਵਾਰੀ ਨੇ ਫ਼ੋਨ ਕੱਟ ਦਿੱਤਾ ਸੀ।
ਡਾ. ਇਕਬਾਲ ਸਿੰਘ ਸਕਰੌਦੀ, ਥਲੇਸ ਬਾਗ਼ ਕਲੋਨੀ ਸੰਗਰੂਰ।
84276-85020.
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



