HOME ਅਹਿਸਾਨ

ਅਹਿਸਾਨ

ਗੁਰਦੀਪ ਸਿੰਘ ਮੁਕੱਦਮ 

  (ਸਮਾਜ ਵੀਕਲੀ)   ਕਰਤਾਰ ਸਿੰਘ ਨੂੰ ਦੇਖਦਿਆਂ ਹੀ ਬਿੱਟੂ ਦੇ ਚੇਹਰੇ ਤੇ ਮੁਸਕਰਾਹਟ ਉਭਰ ਆਈ ” ਆ ਚਾਚਾ, ਬੜੇ ਦਿਨਾਂ ਬਾਅਦ ਆਇਆ ਅੱਜ, ਸਿਹਤ ਠੀਕ ਆ  ! ” ਉਸ ਨੇ ਕਰਕਾਰ ਸਿੰਘ ਦੇ ਗੋਡੇ ਹੱਥ ਲਾਉਦਿਆਂ ਪੁਛਿਆ। ” ਠੀਕ ਆ ਪੁੱਤ, ਕਿਰਪਾ ਉੱਪਰ ਵਾਲੇ ਦੀ, ਤੂੰ ਸੁਣਾਂ? ਕਿਦਾਂ ਤੇਰਾ ਕੰਮ ਧੰਦਾ? ” ਕਰਤਾਰ ਸਿੰਘ ਨੇ ਇਧਰ ਓਧਰ ਝਾਕਦਿਆਂ ਹੋਲੇ ਜਿਹੇ ਕਿਹਾ। ਬਿੱਟੂ ਦੇਖ ਰਿਹਾ ਸੀ ਕਿ ਚਾਚਾ ਕਰਤਾਰ ਸਿੰਘ ਸਿੰਘ ਉੱਥੇ ਬੈਠੇ ਸੋਖੇ ਦੀ ਮਜੂਦਗੀ ਕਾਰਨ ਅਸਿਹਜ਼ ਮਹਿਸੂਸ ਕਰ ਰਿਹਾ ਹੈ। ” ਕਿੰਨੇ ਦਿਨਾਂ ਤੋਂ ਲੱਭਦਾ ਚਾਚਾ ਤੈਨੂੰ, ਪੈਸੇ ਮੋੜਨ ਨੂੰ , ਆਹ ਲੈ ਆਪਣੇ ਪੈਸੇ। ਗੁੱਸਾ ਨਾ ਕਰੀਂ ਚਾਚਾ, ਮੈਂ ਲੇਟ ਹੋ ਗਿਆ ਥੋੜਾ। ” ਬਿੱਟੂ ਨੇ ਕੁਰਸੀ ਤੋਂ ਉਠਦਿਆਂ ਹਜ਼ਾਰ ਰੁ ਚਾਚੇ ਦੇ ਹੱਥਾਂ ਚ ਫੜਾ ਦਿੱਤੇ। ਤੇ ਕਰਤਾਰ ਸਿੰਘ ਨੇ ਇੱਕ ਨਜ਼ਰ ਬਿੱਟੂ ਦੇ ਚੇਹਰੇ ਵਲ ਦੇਖਿਆ, ਨਜ਼ਰਾਂ ਹੀ ਨਜ਼ਰਾਂ ਉਸ ਨੂੰ ਲੱਖਾਂ ਅਸੀਸਾਂ/ਦੁਆਵਾਂ ਦਿੰਦਾ ਹੋਇਆ ਦੁਕਾਨ ਤੋਂ ਚਲਾ ਗਿਆ। ਕਿੰਨੀ ਦੇਰ ਤੱਕ ਸੋਖਾ, ਬਿੱਟੂ ਵਲ ਦੇਖਦਾ ਰਿਹਾ। ” ਕੀ ਤੂੰ ਸੱਚ ਹੀ ਚਾਚੇ ਤੋਂ ਪੈਸੇ ਫੜੇ ਹੋਏ ਸੀ? ” ਸੋਖੇ ਨੇ ਹਿੰਮਤ ਕਰਕੇ ਪੁੱਛ ਹੀ ਲਿਆ। ਉਸ ਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਬਿੱਟੂ ਨੇ ਚਾਚੇ ਤੋਂ ਪੈਸੇ ਉਧਾਰ ਲਏ ਹੋਣ ਗੇ। ” ਚਾਚੇ ਕਰਤਾਰ ਸਿੰਘ ਦੇ ਅਹਿਸਾਨ ਦਾ ਭਾਰ ਤਾਂ ਮੈਂ ਕਦੇ ਵੀ ਉਤਾਰ ਨਹੀਂ ਸਕਾਂਗਾ ਸੋਖਿਆ। ” ਬਿੱਟੂ ਨੇ ਉਸ ਵਲ ਦੇਖਦਿਆਂ ਕਿਹਾ। ” ਇਹ ਜਿੰਦਗੀ , ਚਾਚੇ ਦੀ ਹੀ ਦਿੱਤੀ ਹੋਈ ਆ। ” ” ਮੈਂ ਸਮਝਿਆ ਨਹੀਂ? ” ਲੋਖਾ ਹੈਰਾਨੀ ਜਹੀ ਨਾਲ ਉਸ ਵਲ ਦੇਖ ਰਿਹਾ ਸੀ। ” ਛੇਵੀਂ ਚ ਸੀ ਅਸੀਂ, ਇੱਕ ਦਿਨ ਸਕੂਲ ਤੋਂ ਆਉਦੇ ਅਸੀਂ ਬੜੀ ਨਹਿਰ ਚ ਨਹਾਉਣ ਲੱਗ ਪਏ ਸੀ। ਮੈਨੂੰ ਗੋਤਾ ਆਇਆ, ਮੇਰੇ ਪੈਰ ਉਖੜ ਗਏ। ਨਾਲ ਦੇ ਮੁੰਡਿਆਂ ਨੇ ਰੌਲਾ ਪਾਇਆ ਤਾਂ, ਸਬੱਬੀ ਪਿਛਿਓ ਚਾਚਾ ਆ ਗਿਆ, ਤੈਰਨਾ ਵੀ ਨਹੀਂ ਸੀ ਜਾਣਦਾ, ਫਿਰ ਵੀ ਚਾਚੇ ਨੇ ਨਹਿਰ ਚ ਛਾਲ ਮਾਰ ਦਿੱਤੀ, ਕਿਸੇ ਤਰ੍ਹਾਂ ਬਚਾ ਲਿਆ ਮੈਨੂੰ। ਮੈਂ ਚਾਚੇ ਦੀਆਂ ਮਿੰਨਤਾਂ ਕੀਤੀਆਂ ਕਿ ਉਹ ਇਸ ਵਾਰੇ ਘਰ ਨਾ ਦੱਸੇ। ਨਾਲ ਦੇ ਮੁੰਡਿਆਂ ਨੇ ਵੀ ਆਪਣੇ ਘਰੋਂ ਡਰਦਿਆਂ ਕਿਸੇ ਨੂੰ ਨਹੀਂ ਦੱਸਿਆ, ਤੇ ਚਾਚੇ ਨੇ ਵੀ ਨਹੀਂ। ਮੈਨੂੰ ਪਤਾ ਕਿ ਪੁੱਤ ਦੀ ਲੰਬੀ ਬੀਮਾਰੀ ਕਾਰਨ, ਚਾਚਾ ਬਹੁਤ ਤੰਗੀ ਚ ਚੱਲ ਰਿਹਾ। ਮੈਂ ਚਾਚੇ ਨੂੰ ਕਿਹਾ ਹੋਇਆ ਕਿ ਚਾਚਾ ਕਦੇ ਵੀ ਕਿਸੇ ਵੀ ਚੀਜ਼ ਦੀ ਜਰੂਰਤ ਹੋਵੇ ਤਾਂ ਕਿਸੇ ਕੋਲੋਂ ਮੰਗਣ ਨਹੀਂ ਜਾਣਾਂ। ਹਨੇਰ ਸਵੇਰ ਹਰ ਸਮੇਂ ਤੇਰਾ ਇਹ ਪੁੱਤ ਤੇਰੇ ਨਾਲ ਖੜਾ। ਸੋਖਿਆ,ਮੈਂ ਚਾਚੇ ਕਰਤਾਰ ਸਿੰਘ ਦੇ ਅਹਿਸਾਨ ਦਾ ਭਾਰ ਸਾਰੀ ਉਮਰ ਨਹੀਂ ਉਤਾਰ ਸਕਦਾ, ਬੱਸ ਇਸ ਭਾਰ ਨੂੰ ਹਲਕਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ।

ਗੁਰਦੀਪ ਸਿੰਘ ਮੁਕੱਦਮ
ਪਿੰਡ ਲਧਾਣਾ ਝਿੱਕਾ
9878160133

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleStudent uprising in Nepal
Next article*ਮੈਂ ਪੰਜਾਬ ਬੋਲਦਾ ਹਾਂ….*