HOME ਸਾਉਣ ਵੀਰ ‘ਕੱਠੀਆਂ ਕਰੇ 

ਸਾਉਣ ਵੀਰ ‘ਕੱਠੀਆਂ ਕਰੇ 

ਡਾ. ਇਕਬਾਲ ਸਿੰਘ ਸਕਰੌਦੀ
        (ਸਮਾਜ ਵੀਕਲੀ)  ਜੇਠ ਹਾੜ੍ਹ ਦੇ ਅੱਗ ਵਰਸਾਉਂਦੇ ਮਹੀਨਿਆਂ ਤੋਂ ਬਾਅਦ ਸਾਉਣ ਦਾ ਮਹੀਨਾ ਚੜ੍ਹਦਾ ਹੈ। ਜਿਉਂ ਹੀ ਕਾਲ਼ੀਆਂ ਘਟਾਵਾਂ ਚੜ੍ਹ ਆਉਂਦੀਆਂ ਹਨ, ਚਾਰੇ ਪਾਸੇ ਕਿਣਮਿਣ ਕਣੀਆਂ ਛਹਿਬਰ ਲਾ ਦਿੰਦੀਆਂ ਹਨ। ਤਦ ਇੰਝ ਜਾਪਦਾ ਹੈ, ਜਿਵੇਂ ਭੱਠ ਵਾਂਗੂੰ ਤਪੀ ਧਰਤੀ ਵੀ ਪੈਂਦੇ ਸਾਉਣ ਦੇ ਛਰਾਟਿਆਂ ਨੂੰ ਦਿਲ ਖੋਲ੍ਹ ਕੇ “ਜੀ ਆਇਆਂ ਨੂੰ” ਆਖ ਰਹੀ ਹੋਵੇ। ‌ਇਨ੍ਹੀਂ ਦਿਨੀਂ ਪਸ਼ੂ, ਪੰਛੀਆਂ, ਫ਼ਸਲਾਂ, ਰੁੱਖਾਂ, ਫੁੱਲ ਬੂਟਿਆਂ ਵਿੱਚ ਇੱਕ ਨਵੀਂ ਰੰਗਤ, ਖ਼ੂਬਸੂਰਤੀ, ਮਸਤੀ ਅਤੇ ਅੰਗੜਾਈ ਭਰ ਜਾਂਦੀ ਹੈ। ਅਜਿਹੇ ਖ਼ੂਬਸੂਰਤ ਅਤੇ ਰੰਗੀਨ ਮਾਹੌਲ ਵਿੱਚ ਕੁੜੀਆਂ ਚਿੜੀਆਂ, ਮੁਟਿਆਰਾਂ ਅਤੇ ਵਿਆਹੀਆਂ ਵਰੀਆਂ ਸੁਆਣੀਆਂ ਭਲਾਂ ਕਿਵੇਂ ਪਿੱਛੇ ਰਹਿ ਸਕਦੀਆਂ ਹਨ।
          ਸਾਉਣ ਮਹੀਨੇ ਦੀ ਤੀਜ ਤੋਂ ਤੀਆਂ ਦੇ ਤਿਉਹਾਰ ਦੀ ਆਰੰਭਤਾ ਹੋ ਜਾਂਦੀ ਹੈ। ਸਾਉਣ ਮਹੀਨੇ ਦੇ ਸ਼ੁਰੂ ਵਿੱਚ ਆਉਂਦਾ ਤੀਆਂ ਦਾ ਤਿਉਹਾਰ ਅਸਲ ਵਿੱਚ ਧੀਆਂ ਦਾ ਤਿਉਹਾਰ ਹੈ, ਜੋ ਪੰਜਾਬ ਦੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਬੜੀ ਸ਼ਾਨੋ ਸ਼ੌਕਤ ਅਤੇ ਧੂਮਧਾਮ ਨਾਲ਼ ਮਨਾਇਆ ਜਾਂਦਾ ਹੈ। ਸੌਣ ਦੇ ਮਹੀਨੇ ਦੇ ਆਰੰਭ ਵਿੱਚ ਆਉਣ ਕਾਰਨ ਇਸ ਨੂੰ “ਸਾਵਿਆਂ ਦਾ ਤਿਉਹਾਰ” ਵੀ ਕਿਹਾ ਜਾਂਦਾ ਹੈ। ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ – “ਸਾਵਨ ਸੁਦੀ ੩ ਦਾ ਤਿਉਹਾਰ, ਜਿਸ ਨੂੰ ਖ਼ਾਸ ਕਰਕੇ ਕਿਸੋ਼ਰੀਆਂ, ਮੁਟਿਆਰਾਂ, ਸੱਜ ਵਿਆਹੀਆਂ ਵਹੁਟੀਆਂ, ਇਸਤਰੀਆਂ ਮਨਾਉਂਦੀਆਂ ਹਨ। ਉਹ ਪਿੰਡ ਤੋੰ ਬਾਹਰ ਇਕੱਠੀਆਂ ਹੋ ਕੇ ਪੀਂਘਾਂ ਝੂਟਦੀਆਂ ਹਨ, ਨੱਚਦੀਆਂ ਟੱਪਦੀਆਂ ਬੋਲੀਆਂ ਪਾਉਂਦੀਆਂ ਗੀਤ ਗਾਉਂਦੀਆਂ ਹਨ। ਤੀਜ ਤਿਥਿ ਅਤੇ ਤਿੰਨ ਦਿਨ ਉਤਸਵ ਰਹਿਣ ਕਰਕੇ ਤੀਆਂ ਸੰਗਯਾ ਹੈ।” ਸੰਸਕ੍ਰਿਤ ਗ੍ਰੰਥਾਂ ਵਿੱਚ ਇਸ ਦਾ ਨਾਉਂ “ਗੌਰੀ ਤ੍ਰਿਤੀਯਾ” ਹੈ।
          ਸਾਉਣ ਦੇ ਮਹੀਨੇ ਤੋਂ ਦਸ ਕੁ ਦਿਨ ਪਹਿਲਾਂ ਵਿਆਹੀਆਂ ਵਰੀਆਂ ਮੁਟਿਆਰਾਂ ਨੂੰ ਉਨ੍ਹਾਂ ਦੇ ਵੀਰ ਉਨ੍ਹਾਂ ਨੂੰ ਸਹੁਰਿਆਂ ਤੋਂ ਲੈਣ ਜਾਂਦੇ ਹਨ। ਉੱਧਰ ਭੈਣਾਂ ਵੀ ਆਪਣੇ ਪੇਕੇ ਪਿੰਡ ਦਾ ਰਾਹ ਵੇਖਦੀਆਂ ਔਂਸੀਆਂ ਪਾਉਂਦੀਆਂ ਹਨ। ਕੋਠੇ ਤੋਂ ਕਾਂ ਉਡਾਉਂਦੀਆਂ ਹਨ। ਪਾਣੀ ਦੀਆਂ ਲਹਿਰਾਂ ਅਤੇ ਚੰਦ ਦੀਆਂ ਰਿਸ਼ਮਾਂ ਰਾਹੋਂ ਆਪਣੇ ਵੀਰ ਨੂੰ ਬੁਲਾਉਂਦੀਆਂ ਰਹਿੰਦੀਆਂ ਹਨ, ਜਿਵੇਂ –
“ਔਂਸੀ ਮਾਤਾ ਰਾਹ ਦੇਹ, ਰਾਹ ਦੇਹ ਜਾਂ ਥਾਹ ਦੇਹ।”
“ਉੱਡ ਉੱਡ ਕਾਵਾਂ, ਕੁੱਟ ਚੂਰੀ ਪਾਵਾਂ, ਜੇ ਮੇਰਾ ਵੀਰਨ ਆਉਂਦਾ ਹੋਵੇ!”
“ਲਹਿਰੋ ਨੀ ਲਹਿਰੋ, ਜਾਓ ਪੇਕੜੇ ਮੇਰੇ, ਵੀਰੇ ਨੂੰ ਸੱਦ ਲਿਆਉਣਾ ਨੀ।”
ਜੇਕਰ ਭੈਣ ਨੂੰ ਦੂਰ ਰਾਹਾਂ ਵਿੱਚ ਮਿੱਟੀ ਦੀ ਧੂੜ ਜਾਂ ਗਰਦ ਉੱਡਦੀ ਦਿਖਾਈ ਦੇ ਜਾਵੇ। ਪਰੰਤੂ ਵੀਰੇ ਦਾ ਬੋਤਾ ਨਜ਼ਰੀਂ ਨਾ ਪਵੇ। ਤਦ ਭੈਣ ਦੇ ਮਨ ਨੂੰ ਬੜੀ ਬੇਚੈਨੀ ਲੱਗ ਜਾਂਦੀ ਹੈ। ਉਹ ਬੜੀ ਕਾਹਲੀ ਪੈ ਜਾਂਦੀ ਹੈ। ਆਪ ਮੁਹਾਰੇ ਉਸ ਦੇ ਹੋਂਠਾਂ ਉੱਤੇ ਇਹ ਬੋਲ ਆ ਜਾਂਦੇ ਹਨ –
“ਬੋਤਾ ਵੀਰੇ ਦਾ ਨਜ਼ਰ ਨਾ ਆਵੇ, ਉੱਡਦੀ ਧੂੜ ਦਿੱਸੇ।”
ਜਦੋਂ ਸੌਣ ਦੀਆਂ ਕਾਲ਼ੀਆਂ ਘਟਾਵਾਂ ਚੜ੍ਹ-ਚੜ੍ਹ ਆ ਰਹੀਆਂ ਹੋਣ। ਅਜਿਹੇ ਖ਼ੂਬਸੂਰਤ ਮੌਸਮ ਵਿੱਚ ਜੇਕਰ ਦੂਰੋਂ ਬੋਤਾ ਆਉਂਦਾ ਦਿਖਾਈ ਦੇ ਜਾਵੇ ਤਾਂ ਭੈਣ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ-
“ਬੋਤਾ ਮੇਰੇ ਵੀਰਨੇ ਦਾ, ਜਿਉਂ ਕਾਲ਼ੀਆਂ ਘਟਾਵਾਂ ਵਿੱਚ ਬਗਲਾ।”
ਭੈਣ ਜਦੋਂ ਆਪਣੇ ਵੀਰੇ ਦਾ ਬੋਤਾ ਵੇਖ ਲੈਂਦੀ ਹੈ ਤਾਂ ਉਸ ਦੀ ਚਾਲ ਈ ਬਦਲ ਜਾਂਦੀ ਹੈ। ਉਸ ਵਿੱਚ ਠਰ੍ਹੰਮਾ ਅਤੇ ਤਾਣ ਵਧ ਜਾਂਦਾ ਹੈ-
“ਜਦੋਂ ਦੇਖਿਆ ਵੀਰ ਦਾ ਬੋਤਾ, ਮੱਲ ਵਾਂਗੂੰ ਪੱਬ ਚੱਕਦੀ।”
“ਮੁੰਨੀਆਂ ਰੰਗੀਨ ਗੱਡੀਆਂ, ਬੋਤਾ ਬੰਨ ਦੇਹ ਸਰਵਣਾ ਵੀਰਾ।”
ਭੈਣ ਆਪਣੇ ਵੀਰ ਲਈ ਹਾਰੇ ਵਿੱਚ ਧਰੀ ਦੁੱਧ ਦੀ ਕਾੜ੍ਹਨੀ ਵਿੱਚੋਂ ਸਣੇ ਮਲਾਈ ਦੁੱਧ ਦਾ ਛੰਨਾ ਭਰਦੀ ਹੈ। ਪਰੰਤੂ ਵੀਰ ਦੀ ਟਹਿਲ ਸੇਵਾ ਕਰਨ ਤੋਂ ਪਹਿਲਾਂ ਉਸ ਬੋਤੇ ਦੀ ਖ਼ਿਦਮਤ ਕਰਨੀ ਹੋਰ ਵੀ ਵਧੇਰੇ ਜ਼ਰੂਰੀ ਹੁੰਦੀ ਹੈ, ਜਿਹੜਾ ਉਸ ਦੇ ਮਾਂ ਜਾਏ ਨੂੰ ਇੰਨੀਂ ਦੂਰੋਂ ਉਸ ਦੇ ਸਹੁਰੇ ਘਰ ਤੱਕ ਲੈ ਕੇ ਆਇਆ ਹੈ। ਇਸੇ ਲਈ ਤਾਂ ਉਹ ਬੋਤੇ ਦੀ ਮਨਪਸੰਦ ਖ਼ੁਰਾਕ ਗੁਆਰੇ ਦੀਆਂ ਫਲੀਆਂ ਦਾ ਪਹਿਲਾਂ ਤੋਂ ਹੀ ਪ੍ਰਬੰਧ ਕਰ ਕੇ ਰੱਖਦੀ ਹੈ –
“ਤੈਨੂੰ ਵੀਰਾ ਦੁੱਧ ਦਾ ਛੰਨਾ, ਤੇਰੇ ਬੋਤੇ ਨੂੰ ਗੁਆਰੇ ਦੀਆਂ ਫਲੀਆਂ।”
ਪਰੰਤੂ ਦੂਜੇ ਪਾਸੇ ਉਹਦਾ ਵੀਰ ਬੋਤਾ ਬੰਨ੍ਹਣ ਤੋਂ ਪਹਿਲਾਂ ਆਪਣੀ ਮਾਂ ਜਾਈ ਭੈਣ ਨੂੰ ਮੱਥਾ ਟੇਕਣਾ, ਸਹੁਰੇ ਘਰ ਦੇ ਮੈਂਬਰਾਂ ਦੀ ਸੁੱਖ ਸਾਂਦ ਪੁੱਛਣੀ ਅਤੇ ਦੱਸਣੀ ਬਹੁਤ ਜ਼ਰੂਰੀ ਸਮਝਦਾ ਹੈ। ਇਸ ਲਈ ਉਹ ਬੋਤੇ ਦੀ ਮੁਹਾਰ ਨੂੰ ਜਿੱਥੇ ਕਿਤੇ ਵੀ ਉਸ ਨੂੰ ਥਾਂ ਲੱਭਦਾ ਹੈ, ਉੱਥੇ ਅੜਕਾ ਦਿੰਦਾ ਹੈ। ਪਹਿਲਾਂ ਵੱਡੀ ਭੈਣ ਨੂੰ ਮੱਥਾ ਟੇਕਣ ਦੀ ਰਸਮ ਪੂਰੀ ਕਰਦਾ ਹੈ –
   “ਬੋਤਾ ਭੈਣੇ ਫ਼ੇਰ ਬੰਨ੍ਹ ਲੂੰ, ਮੱਥਾ ਟੇਕਦਾਂ ਅੰਮੀ ਦੀਏ ਜਾਈਏ।”
ਵੀਰ ਦੀ ਆਮਦ ਨਾਲ਼ ਚਾਵਾਂ ਨਾਲ਼ ਭਰੀ ਭੈਣ ਆਪਣੇ ਵੀਰੇ ਲਈ ਸਣੇ ਮਲਾਈ ਦੁੱਧ ਦਾ ਛੰਨਾ ਲਾਹ ਕੇ ਉਸਨੂੰ ਪਿਆਉਣ ਲਈ ਚੁਬਾਰੇ ਵਿੱਚ ਲੈ ਜਾਂਦੀ ਹੈ। ਫੂਕਾਂ ਮਾਰ-ਮਾਰ ਤੱਤਾ ਦੁੱਧ ਪੀਂਦੇ ਵੀਰ ਨੂੰ ਉਹ ਪੇਕੇ ਘਰ ਦੇ ਸੁੱਖ ਸੁਨੇਹੇ ਪੁੱਛਣ ਦੀ ਲੜੀ ਤੋਰ ਲੈਂਦੀ ਹੈ: “ਗੁਰਨਾਮੋ ਦਾ ਕੀ ਹਾਲ ਐ? ਲੰਬੜਾਂ ਦੀ ਬਹੂ ਨੂੰ ਹਾਲੇ ਉਸ ਦੇ ਪੇਕਿਆਂ ਤੋਂ ਲੈਣ ਤਾਂ ਨੀਂ ਆਏ? ਮੇਰਾ ਉਸ ਨੂੰ ਮਿਲਣ ਨੂੰ ਬੜਾ ਚਿੱਤ ਕਰਦੈ। ਸ਼ਿੰਦਰ ਦਾ ਵਿਆਹ ਕਦੋਂ ਦਾ ਰੱਖਿਐ? ਸੁਨਿਆਰਿਆਂ ਦੀਆਂ ਕੁੜੀਆਂ ਕਦੇ ਆਪਣੇ ਘਰੇ ਨੀਂ ਆਈਆਂ? ਪਿਛਲੀ ਵਾਰ ਜਦੋਂ ਮੈਂ ਪਿੰਡੋਂ ਆਈ ਸੀ, ਚਾਚੇ ਬਖਤੌਰੇ ਦੀਆਂ ਕੁੜੀਆਂ ਨੇ ਗਲੀਚਾ ਲਾਇਆ ਹੋਇਆ ਸੀ, ਹੁਣ ਤਾਂ ਲਹਿ ਗਿਆ ਹੋਵੇਗਾ? ਆਪਣੇ ਗਲੀਚਿਆਂ ਦਾ ਸੂਤ ਤਿਆਰ ਹੋ ਗਿਆ?”
          ਇਸ ਤਰ੍ਹਾਂ ਦੇ ਭਿੰਨ-ਭਿੰਨ ਪ੍ਰਸ਼ਨਾਂ ਦੇ ਕਈ ਸਰਦੇ ਬਣਦੇ ਉੱਤਰ ਵੀਰ ਦੇਈਂ ਜਾਂਦਾ ਹੈ। ਬਾਕੀ ਘਰਦਿਆਂ ਦਾ ਹਾਲ ਚਾਲ ਪੁੱਛਣ ਉਪਰੰਤ ਭੈਣ ਆਪਣੇ ਵੀਰ ਦਾ, ਉਸਦੀ ਵਹੁਟੀ ਅਤੇ ਭਤੀਜੇ ਦਾ ਹਾਲ ਚਾਲ ਪੁੱਛਣ ਦੀ ਵਾਰੀ ਆ ਜਾਂਦੀ ਹੈ। ਇਨ੍ਹਾਂ ਸਾਰੀਆਂ ਗੱਲਾਂ ਦੀ ਯਾਦ ਤਾਜ਼ਾ ਰੱਖਣ ਲਈ ਇਨ੍ਹਾਂ ਨੂੰ ਖ਼ੂਬਸੂਰਤ ਗੀਤਾਂ ਵਿੱਚ ਬੰਨ੍ਹ ਕੇ ਰੱਖਿਆ ਹੋਇਆ ਹੈ –
“ਸਾਵਣ ਆਇਆ ਨੀਂ ਸੱਸੀਏ, ਸਾਵਣ ਆਇਆ।
ਇਕ ਤਾਂ ਆਇਆ, ਮੇਰਾ ਅੰਮੀ ਦਾ ਜਾਇਆ।
ਚੜ੍ਹਦੇ ਸਾਵਣ ਮੇਰਾ ਵੀਰ ਨੀਂ ਆਇਆ।
ਆ ਜਾ ਵੀਰਾ ਚੜ੍ਹ ਉੱਚੀ ਅਟਾਰੀ, ਮੇਰੇ ਕਾਨ੍ਹ ਉਸਾਰੀ।
ਦੇ ਜਾ ਵੀਰਾ ਮੇਰੀ ਮਾਂ ਦੇ ਸੁਨੇਹੜੇ।
ਮਾਂ ਤਾਂ ਤੇਰੀ ਭੈਣੇ ਪਲੰਘੇ ਬਿਠਾਈ, ਪਲੰਘੋਂ ਪੀੜੇ ਬਿਠਾਈ।
ਸਾਥ ਅਟੇਰਨ ਸੂਹੀ ਰੰਗਲੀ ਰਾਮ।
ਆ ਵੇ ਵੀਰਾ ਚੜ੍ਹੀਏ ਉੱਚੀ ਅਟਾਰੀ, ਮੇਰੇ ਕਾਨ੍ਹ ਉਸਾਰੀ।
ਮੇਰੀ ਭਾਬੋ ਦੇ ਸੁਨੇਹੜੇ ਰਾਮ।
ਭਾਬੋ ਤਾਂ ਤੇਰੀ ਬੀਬਾ ਗੀਗੜਾ ਜਾਇਆ,
ਨੀ ਤੇਰਾ ਭਤੀਜੜਾ ਜਾਇਆ
ਉੱਠਦੀ ਬਹਿੰਦੀ ਦਿੰਦੀ ਲੋਰੀਆਂ ਰਾਮ।
ਆ ਵੇ ਵੀਰਾ ਚੜ੍ਹ ਉੱਚੀ ਅਟਾਰੀ, ਮੇਰੇ ਕਾਨ੍ਹ ਉਸਾਰੀ।
ਮੇਰੀਆਂ ਸਈਆਂ ਦੇ ਦੇਵੇ ਸੁਨੇਹੜੇ ਰਾਮ।
ਸਈਆਂ ਤਾਂ ਤੇਰੀਆਂ ਭੈਣੇ ਛੋਪ ਨੀਂ ਪਾਏ,
ਵਿਹੜੀਂ ਚਰਖ਼ੇ ਨੀਂ ਡਾਹੇ।
ਤੂੰ ਹੀ ਪ੍ਰਦੇਸਣ ਬੈਠੀ ਦੂਰ ਨੀਂ ਰਾਮ।
ਚੱਲ ਵੇ ਵੀਰਾ ਚੱਲੀਏ ਮਾਂ ਦੇ ਕੋਲੇ, ਸਾਡੀਆਂ ਸਖੀਆਂ ਕੋਲੇ।
ਚੁੱਕ ਭਤੀਜੜਾ ਲੋਰੀ ਦੇਵਾਂਗੀ ਰਾਮ।”
          ਖੇਤੀਬਾੜੀ ਦੇ ਕੰਮ ਧੰਦੇ, ਕਿਸੇ ਬਿਮਾਰੀ ਕਾਰਨ ਜਾਂ ਕਿਸੇ ਹੋਰ ਬਹੁਤ ਜ਼ਰੂਰੀ ਰੁਝੇਵੇਂ ਕਾਰਨ ਤੀਆਂ ਦੇ ਦਿਨੀਂ ਜੇ ਕਿਸੇ ਭੈਣ ਦਾ ਵੀਰ ਉਹਦੇ ਪੇਕਿਆਂ ਤੋਂ ਨਾ ਆ ਸਕੇ ਤਾਂ ਝੱਟ ਤਾਹਨੇ ਮਿਹਣੇ ਮਿਲਣ ਲੱਗ ਜਾਂਦੇ ਹਨ –
“ਬਹੁਤਿਆਂ ਭਰਾਵਾਂ ਵਾਲੀਏ, ਤੈਨੂੰ ਤੀਆਂ ‘ਚ ਲੈਣ ਨਹੀਂ ਆਏ।”
“ਤੈਨੂੰ ਡਰਦੇ ਲੈਣ ਨਹੀਂ ਆਏ, ਬਹੁਤਿਆਂ ਭਰਾਵਾਂ ਵਾਲੀਏ।”
ਇਸ ਪ੍ਰਕਾਰ ਦੇ ਮਿਲਦੇ ਤਾਹਨੇ ਮਿਹਣੇ ਵੀਰ ਦੀ ਉਡੀਕ ਵਿੱਚ ਤੀਬਰਤਾ ਦਾ ਹੋਰ ਗੂਹੜਾ ਰੰਗ ਘੋਲ਼ ਦਿੰਦੇ ਹਨ। ਭਾਵੇਂ ਸੱਸ ਨੂੰ ਇਸ ਦਾ ਜਵਾਬ ਦੇਣਾ ਹੀ ਪੈਂਦਾ ਹੈ –
“ਸੱਸੇ ਬਘਿਆੜ ਮੂੰਹੀਂਏਂ, ਤੈਥੋਂ ਡਰਦੇ ਲੈਣ ਨਹੀਂ ਆਏ।”
ਪਰੰਤੂ ਵੀਰ ਦੇ ਆਉਣ ਦੀ ਉਡੀਕ ਹੋਰ ਵਧੇਰੇ ਟੁੰਬੀ ਜਾਂਦੀ ਹੈ –
“ਵੀਰ ਮੇਰਿਆ ਅੰਮਾਂ ਦਿਆ ਜਾਇਆ, ਤੈਨੂੰ ਦੇਖੇ ਚੰਦ ਚੜ੍ਹਦਾ।”
“ਕੇਰਾਂ ਆ ਵੇ ਭੈਣ ਦੇ ਵਿਹੜੇ, ਤੈਨੂੰ ਦੇਖੇ ਚੰਦ ਚੜ੍ਹਦਾ।”
          ਇਸ ਪ੍ਰਕਾਰ ਭੈਣਾਂ ਆਪਣੇ ਵੀਰ ਦੇ ਆਉਣ ਦੀ ਬੜੀ ਸ਼ਿੱਦਤ ਅਤੇ ਬੇਸਬਰੀ ਨਾਲ਼ ਉਡੀਕ ਕਰਦੀਆਂ ਹਨ। ਪਰੰਤੂ ਜਿਨ੍ਹਾਂ ਭੈਣਾਂ ਦੇ ਸਕੇ ਵੀਰ ਨਹੀਂ ਹੁੰਦੇ, ਉਹ ਇਨ੍ਹਾਂ ਦਿਨਾਂ ਦੇ ਕੋਮਲ ਜ਼ਜਬਿਆਂ ਵਿੱਚ ਵੀਰ ਦੀ ਅਣਹੋਂਦ ਦੇ ਡੂੰਘੇ ਸੱਲ੍ਹ ਵੀ ਕੋਮਲ ਹਿਰਦਿਆਂ ਉੱਤੇ ਸਹਾਰਦੀਆਂ ਹਨ। ਉਹ ਆਪਣੇ ਸੀਨੇ ਦੀਆਂ ਵਿਲਕਣੀਆਂ ਵਿੱਚ ਵੀਰ ਪ੍ਰਾਪਤੀ ਦੀ ਸਾਧਨਾ ਨੂੰ ਕਾਦਰ ਅੱਗੇ ਇੰਝ ਪਰਗਟ ਕਰਦੀਆਂ ਹਨ –
“ਇਕ ਵੀਰ ਦੇਈਂ ਵੇ ਰੱਬਾ, ਸਹੁੰ ਖਾਣ ਨੂੰ ਬੜਾ ਚਿੱਤ ਕਰਦਾ।”
“ਭੈਣਾਂ ਰੋਂਦੀਆਂ ਪਿਛੋਕੜ ਖੜ੍ਹ ਕੇ, ਜਿਨ੍ਹਾਂ ਦੇ ਘਰ ਵੀਰ ਨਹੀਂ।”
          ਜਦੋਂ ਘਰ ਵਿੱਚ ਇੱਕ ਵੀਰ ਜੰਮ ਪਵੇ, ਤਦ ਭੈਣ ਨੂੰ ਇੱਕ ਵੀਰ ‘ਤੇ ਸਬਰ ਨਹੀਂ ਆਉਂਦਾ। ਇਸ ਲਈ ਇੱਕ ਤੋਂ ਦੋ ਵੀਰਾਂ ਦੀ ਮੰਗ ਸ਼ੁਰੂ ਹੋ ਜਾਂਦੀ ਹੈ। ਇਸ ਦੇ ਨਾਲ਼-ਨਾਲ਼ ਵੀਰਾਂ ਲਈ ਅਹੁਦਿਆਂ ਦੀ ਵੀ ਮੰਗ ਕੀਤੀ ਜਾਂਦੀ ਹੈ –
“ਦੋ ਵੀਰ ਦੇਈਂ ਵੇ ਰੱਬਾ, ਮੇਰੀ ਸਾਰੀ ਉਮਰ ਦੇ ਮਾਪੇ।”
“ਦੋ ਵੀਰ ਦੇਈਂ ਵੇ ਰੱਬਾ, ਇਕ ਮੁਨਸ਼ੀ ਤੇ ਦੂਜਾ ਪਟਵਾਰੀ।”
          ਜਿਹੜੀਆਂ ਵਿਆਹੀਆਂ ਵਰੀਆਂ ਵਹੁਟੀਆਂ ਨੂੰ ਸਾਉਣ ਦੇ ਦਿਨਾਂ ਵਿੱਚ ਪੇਕੇ ਘਰ ਨਾ ਲਿਆਂਦਾ ਗਿਆ ਹੋਵੇ। ਉਨ੍ਹਾਂ ਨੂੰ ਤੀਆਂ ਤੋਂ ਕੁਝ ਦਿਨ ਪਹਿਲਾਂ ਉਸ ਦੇ ਸਹੁਰੇ ਘਰ ਸੰਧਾਰਾ ਭੇਜਿਆ ਜਾਂਦਾ ਹੈ। ਜਿਸ ਵਿੱਚ ਕੁੜਤੀ, ਸੁੱਥਣ ਦਾ ਤਿਉਰ, ਗੁੜ ਦੇ ਗੁਲਗਲੇ, ਚੌਲ਼, ਸ਼ੱਕਰ, ਕੁਝ ਰੁਪਏ ਸ਼ਾਮਲ ਹੁੰਦੇ ਹਨ। ਜਿਹੜੀਆਂ ਜੁਆਨ ਕੁੜੀਆਂ ਦੇ ਵਿਆਹ ਉਪਰੰਤ ਅਜੇ ਮੁਕਲਾਵੇ ਨਹੀਂ ਦਿੱਤੇ ਗਏ ਹੁੰਦੇ, ਉਨ੍ਹਾਂ ਨੂੰ ਸੰਧਾਰਾ ਸਹੁਰੇ ਘਰ ਵੱਲੋਂ ਉਨ੍ਹਾਂ ਦੇ ਪੇਕੀਂ ਘਰ ਭੇਜਿਆ ਜਾਂਦਾ ਹੈ।
          ਤੀਆਂ ਤੋਂ ਇੱਕ ਦਿਨ ਪਹਿਲਾਂ ਮਹਿੰਦੀ ਲਾਉਣ ਦਾ ਦਿਨ ਹੁੰਦਾ ਹੈ। ਕਿਸੋ਼ਰੀਆਂ, ਮੁਟਿਆਰਾਂ, ਵਿਆਹੀਆਂ ਵਰੀਆਂ ਔਰਤਾਂ ਅਤੇ ਘਰ ਦੀਆਂ ਹੋਰ ਸੁਆਣੀਆਂ ਰੜਕੇ ਦੇ ਤੀਲੇ ਲੈ ਕੇ ਮਹਿੰਦੀ ਨਾਲ਼ ਹੱਥਾਂ ਉੱਤੇ ਕਈ ਪ੍ਰਕਾਰ ਦੀ ਮੀਨਾਕਾਰੀ ਕਰਦੀਆਂ ਸਨ। ਪਰੰਤੂ ਅੱਜ ਦੇ ਦੌਰ ਵਿੱਚ ਰੜਕੇ ਦੇ ਤੀਲੇ ਦੀ ਥਾਂ ਮਹਿੰਦੀ ਦੀਆਂ ਬਣੀਆਂ ਕੀਪਾਂ ਨੇ ਲੈ ਲਈ ਹੈ। ਇਸੇ ਕਰਕੇ ਮਹਿੰਦੀ ਦਾ ਜ਼ਿਕਰ ਤੀਆਂ ਦੇ ਗਿੱਧੇ ਵਿੱਚ ਬੜੀ ਖ਼ੁਸ਼ੀ, ਉਤਸ਼ਾਹ ਅਤੇ ਗਰਮਜੋਸ਼ੀ ਨਾਲ਼ ਕੀਤਾ ਜਾਂਦਾ ਹੈ –
“ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ, ਮੈਂ ਵੀ ਆਖਾਂ ਮਹਿੰਦੀ।
ਬਾਗ਼ਾਂ ਦੇ ਵਿੱਚ ਸਸਤੀ ਮਿਲਦੀ, ਹੱਟੀਆਂ ‘ਤੇ ਮਿਲਦੀ ਮਹਿੰਗੀ।
ਘੋਟ ਘੋਟ ਕੇ ਹੱਥਾਂ ਨੂੰ ਲਾਈ, ਫੋਲਕ ਬਣ-ਬਣ ਲਹਿੰਦੀ,
ਮਹਿੰਦੀ ਸ਼ਗਨਾਂ ਦੀ ਧੋਤਿਆਂ ਕਦੇ ਨਾ ਲਹਿੰਦੀ,
ਮਹਿੰਦੀ ਸ਼ਗਨਾਂ ਦੀ ਧੋਤਿਆਂ ਕਦੀ ਨਾ ਲਹਿੰਦੀ।”
          ਤੀਆਂ ਵਾਲ਼ੇ ਦਿਨ ਸਾਰੀਆਂ ਜੁਆਨ ਔਰਤਾਂ ਸਵੇਰੇ ਮੂੰਹ ਹਨ੍ਹੇਰੇ ਕੇਸੀਂ ਇਸ਼ਨਾਨ ਕਰਕੇ ਆਪਣੇ ਕੇਸਾਂ ਨੂੰ ਨੈਣਾਂ ਕੋਲੋਂ ਕਈ ਢੰਗਾਂ ਨਾਲ਼ ਗੁੰਦਵਾਉੰਦੀਆਂ ਹਨ। ਕਿਉਂਕਿ ਵਾਲ਼ ਗੁੰਦਣ ਦੀ ਅਸਲ ਕਲਾਕਾਰੀ ਅਤੇ ਹੁਨਰ ਨੈਣਾਂ ਦੇ ਹੱਥਾਂ ਵਿੱਚ ਹੁੰਦਾ ਹੈ –
“ਸਿਰ ਗੁੰਦ ਦੇ ਕੁਪੱਤੀਏ ਨੈਣੇ, ਨੀਂ ਉੱਤੇ ਪਾ ਦੇ ਡਾਕ ਬੰਗਲਾ।”
          ਕਈ ਬਹੁਤੀਆਂ ਹੀ ਸ਼ੁਕੀਨ ਵਹੁਟੀਆਂ ਅਤੇ ਮੁਟਿਆਰਾਂ ਆਪਣੇ ਲੰਮੇ ਕੇਸਾਂ ਨੂੰ ਮੋਮ ਲਾ ਕੇ ਵੀ ਗੁੰਦਵਾ ਲੈਂਦੀਆਂ ਹਨ। ਅਜਿਹਾ ਕਰਨ ਨਾਲ਼ ਇੱਕ ਤਾਂ ਸੱਪਾਂ ਵਾਂਗੂੰ ਮੇਲ਼ਦੇ ਲੰਮੇ ਕੇਸ ਇੱਕ ਥਾਂ ਟਿਕੇ ਰਹਿੰਦੇ ਹਨ। ਦੂਜਾ ਉਨ੍ਹਾਂ ਵਿੱਚ ਚਮਕ ਵੀ ਬਹੁਤ ਜ਼ਿਆਦਾ ਵਧ ਜਾਂਦੀ ਹੈ –
“ਬਿਸ਼ਨ ਕੌਰ ਨੇ ਕੀਤੀ ਤਿਆਰੀ, ਹਾਰ ਸ਼ਿੰਗਾਰ ਲਗਾਇਆ।
ਮੋਮ ਢਾਲ ਕੇ ਗੁੰਦੀਆਂ ਪੱਟੀਆਂ, ਅੱਖੀਂ ਕੱਜਲਾ ਪਾਇਆ।
ਦੱਬ ਦੰਦਾਸਾ ਦੇਖਿਆ ਸ਼ੀਸ਼ਾ, ਚੜ੍ਹਿਆ ਰੂਪ ਸਵਾਇਆ।
ਫੌਜੀਆ ਤੱਕ ਲੈ ਵੇ, ਮੇਰੇ ਜੋਬਨ ਦਾ ਹੜ੍ਹ ਆਇਆ,
ਫੌਜੀਆ ਤੱਕ ਲੈ ਵੇ।”
          ਕੁੜੀਆਂ ਚਿੜੀਆਂ, ਮੁਟਿਆਰਾਂ, ਵਿਆਹੀਆਂ ਵਰੀਆਂ ਔਰਤਾਂ ਲਈ ਤੀਆਂ ਦਾ ਗਿੱਧਾ ਦਿਲ ਦੇ ਗੁੱਝੇ ਗੱਚ ਕੱਢਣ ਦਾ ਇੱਕ ਬਹੁਤ ਵਧੀਆ ਵਸੀਲਾ ਹੁੰਦਾ ਹੈ। ਗਿੱਧੇ ਵਿੱਚ ਹੱਥਾਂ ਦੀ ਥਾਪ ਅਤੇ ਪੈਰਾਂ ਦੀਆਂ ਅੱਡੀਆਂ ਦੀ ਗੂੰਜ ਤੱਕ ਸਾਰਾ ਜਿਸਮ ਨਾਗ ਵਾਂਗ ਮੇਲ਼ਦਾ ਹੁੰਦਾ ਹੈ। ਅਜਿਹੇ ਮੌਕੇ ‘ਤੇ ਨੱਢੀਆਂ ਦੀਆਂ ਅੱਡੀਆਂ ਦੇ ਜੋਸ਼ ਨਾਲ਼ ਧਰਤੀ ਵੀ ਕੰਬਣ ਲੱਗ ਪੈਂਦੀ ਹੈ। ਜਿਉਂ-ਜਿਉਂ ਗਿੱਧਾ ਮਘਦਾ ਜਾਂਦਾ ਹੈ, ਤਿਉਂ-ਤਿਉਂ ਨੱਚਣ ਵਾਲ਼ੀਆਂ ਮੁਟਿਆਰਾਂ ਆਪਣੇ ਆਪ ਥਾਂ ਬਦਲਦੀਆਂ ਰਹਿੰਦੀਆਂ ਹਨ। ਤੀਆਂ ਦੇ ਗਿੱਧੇ ਵਿੱਚ ਔਰਤਾਂ ਦੀਆਂ ਖ਼ੁਸ਼ੀਆਂ, ਵੇਦਨਾਵਾਂ, ਵਿਅੰਗ, ਦਿਲਾਂ ਵਿੱਚ ਟਿਕੇ ਹੋਏ ਪਿਆਰ ਦੇ ਡੂੰਘੇ ਗੁੱਝੇ ਭੇਦ, ਗੁੱਸੇ ਗਿਲੇ, ਦੁੱਖ ਸੁੱਖ ਆਦਿ ਵਿਸ਼ੇ ਵਾਰ-ਵਾਰ ਪੇਸ਼ ਕੀਤੇ ਜਾਂਦੇ ਹਨ। ਸਾਉਣ ਦੇ ਮਹੀਨੇ ਵਿੱਚ ਤੀਆਂ ਦਾ ਤਿਉਹਾਰ ਆਉਣ ਕਾਰਨ ਗਿੱਧੇ ਵਿੱਚ ਸਾਉਣ ਦੇ ਮਹੀਨੇ ਦਾ ਜ਼ਿਕਰ ਵਾਰ-ਵਾਰ ਕੀਤਾ ਜਾਂਦਾ ਹੈ –
“ਸਾਉਣ ਮਹੀਨਾ ਘਾਹ ਹੋ ਚੱਲਿਆ, ਰੱਜਣ ਮੱਝੀਆਂ ਗਾਈਂ।
ਗਿੱਧਿਆ ਪਿੰਡ ਵੜ ਵੇ, ਲਾਂਭ ਚਾਂਭ ਨਾ ਜਾਈਂ,
ਗਿੱਧਿਆ ਪਿੰਡ ਵੜ ਵੇ।”
          ਸਾਉਣ ਦੇ ਮਹੀਨੇ ਵਿੱਚ ਜਦੋਂ ਝੜੀਆਂ ਲੱਗ ਜਾਂਦੀਆਂ ਹਨ ਤਾਂ ਜੁਆਨ ਜਹਾਨ ਮੁਟਿਆਰਾਂ ਦੀਆਂ ਅੜੀਆਂ ਸਾਹਮਣੇ ਉਨ੍ਹਾਂ ਦੀ ਇੱਕ ਨਹੀਂ ਚੱਲਦੀ। ਸਗੋਂ ਕੁੜੀਆਂ ਜੁਆਨੀ ਦੇ ਜੋਸ਼ ਵਿੱਚ ਮੱਛਰੀਆਂ ਅਤੇ ਮਸਤੀਆਂ ਹੋਈਆਂ ਵਰ੍ਹਦੇ ਸਾਉਣ ਵਿੱਚ ਹੋਰ ਵੀ ਵਧੇਰੇ ਜੋਸ਼ ਨਾਲ਼ ਨੱਚਦੀਆਂ ਹਨ –
“ਆਇਆ ਸਾਵਣ, ਦਿਲ ਪ੍ਰਚਾਵਣ, ਝੜੀ ਲੱਗ ਗੀ ਭਾਰੀ।
ਝੂਟੇ ਲੈਂਦੀ ਰਾਣੋ ਭਿੱਜ ਗਈ, ਨਾਲ਼ੇ ਰਾਮ ਪਿਆਰੀ।
ਕੁੜਤੀ ਗੁਰੋ ਦੀ ਭਿੱਜੀ ਵਰੀ ਦੀ, ਕਿਸ਼ਨੀਂ ਦੀ ਫੁਲਕਾਰੀ।
ਹਰਨਾਮੀ ਦੀ ਸੁੱਥਣ ਭਿੱਜ ਗਈ, ਭਾਰੇ ਗੋਟੇ ਵਾਲ਼ੀ।
ਸਾਉਣ ਦਿਆ ਬੱਦਲਾ ਵੇ, ਹੀਰ ਭਿਉਂਤੀ ਸਿਆਲਾਂ ਵਾਲ਼ੀ,
ਸਾਉਣ ਦਿਆ ਬੱਦਲਾ ਵੇ।”
          ਅਸਲ ਵਿੱਚ ਸੱਚ ਤਾਂ ਇਹ ਹੈ ਕਿ ਮੁਟਿਆਰਾਂ ਅਤੇ ਵਹੁਟੀਆਂ ਲਈ ਤੀਆਂ ਦਾ ਤਿਉਹਾਰ ਖੁੱਲ੍ਹ ਕੇ ਨੱਚਣ ਟੱਪਣ ਅਤੇ ਆਜ਼ਾਦੀ ਮਾਨਣ ਦਾ ਖੁੱਲ੍ਹਾ ਡੁੱਲ੍ਹਾ ਸਮਾਂ ਹੁੰਦਾ ਹੈ। ਇਸੇ ਲਈ ਤਾਂ ਉਹ ਨੱਚਦੀਆਂ, ਟੱਪਦੀਆਂ, ਹੱਸਦੀਆਂ, ਗੌਂਦੀਆਂ ਹੋਈਆਂ ਆਪਣੀ ਇਸ ਅਜ਼ਾਦੀ ਮਾਨਣ ਦੀ ਲੋਚਾ ਦਾ ਜ਼ਿਕਰ ਇੰਝ ਕਰਦੀਆਂ ਹਨ –
“ਸਾਉਣ ਮਹੀਨਾ ਦਿਨ ਗਿੱਧੇ ਦੇ, ਸੱਭੇ ਸਹੇਲੀਆਂ ਆਈਆਂ।
ਭਿੱਜ ਗਈ ਰੂਹ ਮਿੱਤਰਾ, ਸ਼ਾਮ ਘਟਾਂ ਚੜ੍ਹ ਆਈਆਂ,
ਭਿੱਜ ਗਈ ਰੂਹ ਮਿੱਤਰਾ।”
          ਘਰ ਦੀਆਂ ਆਰਥਿਕ ਤੰਗੀਆਂ-ਤੁਰਸ਼ੀਆਂ, ਥੁੜ੍ਹਾਂ ਅਤੇ ਮਜਬੂਰੀਆਂ ਦੇ ਕਾਰਨ ਕਈ ਬਾਬੁਲ ਆਪਣੀਆਂ ਲਾਡਲੀਆਂ ਧੀਆਂ ਨੂੰ ਫੌਜੀਆਂ ਨਾਲ਼ ਵਿਆਹ ਦਿੰਦੇ ਹਨ। ਫ਼ੌਜੀ ਦੇਸ਼ ਦੀ ਸੇਵਾ ਕਰਦਾ ਹੋਇਆ ਇੱਕ ਤੋਂ ਦੂਜੀ ਮੁਹਿੰਮ ਤੱਕ ਜਾਂਦਾ ਰਹਿੰਦਾ ਹੈ। ਪਿੱਛੋਂ ਅੱਲ੍ਹੜ ਜੁਆਨੀਆਂ ਵਿਛੋੜੇ ਦੀ ਅੱਗ ਵਿੱਚ ਤੜਪ-ਤੜਪ ਜਾਂਦੀਆਂ ਹਨ। ਇੱਕ ਸੱਜ ਵਿਆਹੀ ਵਹੁਟੀ ਲੰਮੇ ਵਿਛੋੜੇ ਦੀ ਇਸ ਤੜਪ ਨੂੰ ਗਿੱਧੇ ਦੇ ਪਿੜ ਵਿੱਚ ਆਪਣੇ ਬੋਲਾਂ ਰਾਹੀਂ ਤੀਆਂ ਦੇ ਮੌਕੇ ‘ਤੇ ਇੰਝ ਪਰਗਟ ਕਰਦੀ ਹੈ –
“ਨੌਕਰ ਨੂੰ ਨਾ ਦੇਈਂ ਬਾਬੁਲਾ, ਹਾਲੀ ਪੁੱਤ ਬਥੇਰੇ।
ਨੌਕਰ ਪੁੱਤ ਤਾਂ ਘਰ ਨਹੀਂ ਰਹਿੰਦੇ, ਵਿੱਚ ਪ੍ਰਦੇਸਾਂ ਡੇਰੇ।
ਨੌਕਰ ਨਾਲੋਂ ਐਵੇਂ ਚੰਗੀ, ਦਿਨ ਕੱਟ ਲੂੰ ਘਰ ਤੇਰੇ,
ਮੈਂ ਤੈਨੂੰ ਵਰਜ ਰਹੀ, ਦੇਈਂ ਨਾ ਬਾਬੁਲਾ ਫ਼ੇਰੇ,
ਵੇ ਮੈਂ ਤੈਨੂੰ ਵਰਜ ਰਹੀ, ਦੇਈਂ ਨਾ ਬਾਬੁਲਾ ਫ਼ੇਰੇ,
ਵੇ ਮੈਂ ਤੈਨੂੰ ਵਰਜ ਰਹੀ।”
          ਅੰਤ ਨੂੰ ਤੀਆਂ ਦੀ ਵਿਦਾਇਗੀ ਦਾ ਦਿਨ ਆ ਜਾਂਦਾ ਹੈ। ਇਸ ਮੌਕੇ ਇੱਕ ਕੁੜੀ ਨੂੰ ਲਾੜੀ ਅਤੇ ਦੂਜੀ ਨੂੰ ਲਾੜਾ ਬਣਾ ਕੇ ਵਿਆਹ ਵਾਲ਼ੀਆਂ ਸ਼ਗਨਾਂ ਦੀਆਂ ਪੂਰੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ। ਇਸ ਪਿੱਛੋਂ ਮੁਟਿਆਰਾਂ ਜੋੜੀਆਂ ਬਣਾ ਕੇ ਪਿੰਡ ਨੂੰ ਰਸਦੇ ਵੱਸਦੇ ਰਹਿਣ ਦੀਆਂ ਅਸੀਸਾਂ ਦੇ ਗੀਤ ਗਾਉਂਦੀਆਂ ਘਰਾਂ ਨੂੰ ਤੁਰ ਪੈਂਦੀਆਂ ਹਨ –
“ਸੁੱਖ ਵੱਸਦੀ ਵੇ ਬਾਬਾ ਥੋਡੀ ਨਗਰੀ, ਜੀ ਸੁੱਖ ਵੱਸਦੀ।
ਥੋਡੇ ਹੱਥ ਕਟੋਰਾ, ਥੋਡੇ ਮੁੱਖ ਜਲੇਬੀ,
ਥੋਡੇ ਸਿਰ ਪਰ ਕਲਗੀ ਸੱਜਦੀ ਜੀ, ਬਾਬਾ ਸੁੱਖ ਵੱਸਦੀ।”
          ਅੱਜ ਦੇ ਤੇਜ਼ ਰਫ਼ਤਾਰੀ ਯੁੱਗ ਵਿੱਚ ਬੇਸ਼ੱਕ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਾਉਣ ਦੇ ਮਹੀਨੇ ਵਿੱਚ ਪਹਿਲਾਂ ਵਾਂਗੂੰ ਤੀਆਂ ਦੇ ਤਿਉਹਾਰ ਨੂੰ ਮਨਾਉਣ ਵਾਲ਼ਾ ਜਜ਼ਬਾ, ਰੌਣਕਾਂ ਅਤੇ ਖਿੱਚ ਵਿੱਚ ਅੰਤਰ ਆ ਗਿਆ ਹੈ। ਪਰੰਤੂ ਫ਼ੇਰ ਵੀ ਬਹੁਤ ਸਾਰੇ ਪਿੰਡਾਂ ਦੀਆਂ ਪੰਚਾਇਤਾਂ, ਪਤਵੰਤੇ ਸੱਜਣ, ਸਮਾਜ ਸੇਵੀ ਸੰਗਠਨ ਪਿੰਡਾਂ ਅਤੇ ਸ਼ਹਿਰਾਂ ਵਿੱਚ ਤੀਆਂ ਦੇ ਤਿਉਹਾਰ ਮਨਾਉਣ ਲਈ ਖ਼ੂਬਸੂਰਤ ਉਪਰਾਲੇ ਕਰ ਰਹੇ ਹਨ। ਇਸ ਤੋਂ ਇਲਾਵਾ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਇਸ ਮਹਾਨ ਵਿਰਸੇ ਨੂੰ ਸਭਿਆਚਾਰ ਨਾਲ਼ ਜੋੜ ਕੇ ਸੁਰਜੀਤ ਰੱਖਿਆ ਜਾ ਰਿਹਾ ਹੈ। ਸ਼ਾਲਾ! ਸਾਉਣ ਦੇ ਮਹੀਨੇ ਵਿੱਚ ਝੜੀਆਂ ਲੱਗਦੀਆਂ ਰਹਿਣ। ਘਰਾਂ ਵਿੱਚ ਖੀਰਾਂ ਪੂੜੇ ਪੱਕਦੇ ਰਹਿਣ। ਕੁੜੀਆਂ ਚਿੜੀਆਂ ਅਤੇ ਮੁਟਿਆਰਾਂ ਪੀਂਘਾਂ ਚੜ੍ਹਾਉਂਦੀਆਂ ਰਹਿਣ। ਲੋਕਾਂ ਵਿੱਚ ਆਪਸੀ ਸਨੇਹ, ਭਾਈਚਾਰਕ ਸਾਂਝ ਅਤੇ ਮੁਹੱਬਤੀ ਰਿਸ਼ਤੇ ਬਣੇ ਰਹਿਣ, ਆਮੀਨ।
ਡਾ. ਇਕਬਾਲ ਸਿੰਘ ਸਕਰੌਦੀ 
06, ਥਲੇਸ ਬਾਗ਼ ਕਲੋਨੀ ਸੰਗਰੂਰ।
84276-85020.
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਨੌਕਰੀ
Next articleਅਮਰਨਾਥ ਯਾਤਰਾ ਸੇਵਾਵਾਂ ਦੇ 20 ਸਾਲ ਹੋਏ ਸੰਪੂਰਣ : ਬਣਿਆ ਇਤਿਹਾਸ : ਅਸ਼ੋਕ ਬਬਿਤਾ ਸੰਧੂ