ਬਾਪੂ ਫ਼ੌਜਾ ਸਿੰਘ
ਬਲਦੇਵ ਸਿੰਘ ਬੇਦੀ
(ਸਮਾਜ ਵੀਕਲੀ) ਜਦੋਂ ਪੈਰ ਥੱਕਣ ਲੱਗਣ, ਦਿਲ ਹਾਰਣ ਲੱਗੇ ਅਤੇ ਜਿੰਦਗੀ ਅੱਗੇ ਵਧਣ ਦੀ ਥਾਂ ਥੰਮ ਜਾਣ ਦੀ ਗੱਲ ਕਰੇ ਤਾਂ ਉੱਥੇ ਇਕੋ ਹੀ ਨਾਮ ਉਮੀਦ ਵਾਂਗ ਚਮਕਦਾ ਹੈ, ਫ਼ੌਜਾ ਸਿੰਘ। ਇਕ ਅਜਿਹਾ ਨਾਂ ਜੋ ਸਿਰਫ਼ ਇੱਕ ਦੌੜਾਕ ਦਾ ਹੀ ਨਹੀਂ, ਸਗੋਂ ਅਟੁੱਟ ਹੌਸਲੇ, ਅਡਿੱਗ ਵਿਸ਼ਵਾਸ ਅਤੇ ਲਗਾਤਾਰ ਸੰਘਰਸ਼ ਦੀ ਜੀਉਂਦੀ ਜਾਗਦੀ ਮਿਸਾਲ ਦਾ ਵੀ ਹੈ। ਪੂਰੇ ਜਿਗਰੇ ਨਾਲ ਦੁਨੀਆਂ ਦੇ ਟਰੈਕ ਉੱਤੇ ਦੌੜਣ ਵਾਲਾ ਇਹ ਬਾਬਾ ਸਾਡੇ ਲਈ ਇੱਕ ਅਜਿਹਾ ਚਾਨਣ-ਮੁਨਾਰਾ ਹੈ ਜੋ ਦੱਸਦਾ ਹੈ ਕਿ ਉਮਰ ਕਦੇ ਵੀ ਮਕਸਦਾਂ ਦੀ ਰਾਹ ਨਹੀਂ ਰੋਕ ਸਕਦੀ। ਮੈਰਾਥਨ ਦੌੜਾਂ ਦਾ ਚੈਂਪੀਅਨ ਸਿਰ ਤੇ ਸੱਜੀ ਪੱਗ ਤੇ ਨਿਗਾਹਾਂ ਵਿੱਚ ਜਿੱਤ ਦਾ ਜਜ਼ਬਾ ਲੈ ਕੇ ਦੌੜਦੇ ਹੋਏ ਫੌਜਾ ਸਿੰਘ ਨੇ ਸਦੀਆਂ ਤੀਕ ਇਕ ਨਵੀਂ ਪਰਿਭਾਸ਼ਾ ਲਿਖ ਦਿੱਤੀ। ਪੱਗੜੀ ਵਾਲਾ ਤੂਫਾਨ, ਰਨਿੰਗ ਬਾਬਾ ਤੇ ਸੁਪਰ ਸਿੱਖ ਵਰਗੇ ਤਮਗਿਆਂ ਨਾਲ ਪੂਰੀ ਦੁਨੀਆ ਵਿੱਚ ਮੈਰਾਥਨ ਦੌੜ ਦੀ ਧਾਂਕ ਜਮਾਉਣ ਵਾਲੇ ਇਸ ਬਾਬੇ ਦੀ ਰਾਹ ਅੱਜ ਹਰੇਕ ਨੂੰ ਇਹ ਦਸ ਰਹੀ ਹੈ ਕਿ ਜੇ ਮਨ ਜਵਾਨ ਹੋਵੇ ਅਤੇ ਤਨ ਕਦੇ ਥੱਕਦਾ ਨਾ ਹੋਵੇ ਤਾਂ ਉਮਰ ਕਦੇ ਵੀ ਹਾਰ ਨਹੀਂ ਮੰਨਦੀ।
1 ਅਪ੍ਰੈਲ 1911 ਨੂੰ ਜਲੰਧਰ ਦੇ ਨੇੜੇ ਪਠਾਨਕੋਟ ਰੋੜ ਤੇ ਸਥਿੱਤ ਪਿੰਡ ਬਿਆਸ ਵਿੱਚ ਜਨਮੇ ਫੌਜਾ ਸਿੰਘ ਇੱਕ ਆਮ ਪਿੰਡਾਂ ਵਾਲੀ ਜ਼ਿੰਦਗੀ ਜਿਉਂਦੇ ਸਨ। ਖੇਤੀਬਾੜੀ, ਪਰਿਵਾਰ ਅਤੇ ਸਾਦਾ ਜੀਵਨ ਉਨ੍ਹਾਂ ਦੀ ਰੋਜ਼ਮਰਰਾ ਦੀ ਪਛਾਣ ਸੀ। 1961 ਵਿਚ ਉਹ ਆਪਣੇ ਪੁੱਤਰ ਕੌਲ ਇੰਗਲੈਂਡ ਚਲੇ ਗਏ ਅਤੇ ਉਥੇ ਦੇ ਹੀ ਵਸਨੀਕ ਹੋ ਗਏ ਸਨ।1992 ਉਨ੍ਹਾਂ ਲਈ ਇਕ ਕਾਲਾ ਸਾਇਆ ਲੈ ਕੇ ਆਇਆ ਜਦੋਂ ਉਨ੍ਹਾਂ ਦੇ ਜੀਵਨ ਸਾਥਣ ਦੀ ਅਚਾਨਕ ਮੌਤ ਹੋ ਗਈ। ਇਸ ਤੋਂ ਇਲਾਵਾ, ਇੱਕ ਪੁੱਤਰ ਅਤੇ ਇੱਕ ਧੀ ਦਾ ਵੀ ਸਵਰਗਵਾਸ ਹੋ ਗਿਆ। ਇਹ ਸਭ ਕੁਝ ਕਿਸੇ ਵੀ ਆਮ ਇਨਸਾਨ ਨੂੰ ਢਾਹ ਸਕਦਾ ਸੀ, ਪਰ ਫੌਜਾ ਸਿੰਘ ਨੇ ਇਸਦੇ ਉਲਟ ਇਹ ਸਦਮੇ ਆਪਣੇ ਅੰਦਰ ਦੇ ਹਨ੍ਹੇਰੇ ਨੂੰ ਰੋਸ਼ਨੀ ਵਿੱਚ ਬਦਲਣ ਲਈ ਵਰਤੇ। ਉਮਰ ਦੇ 81ਵੇਂ ਸਾਲ ਵਿਚ, ਉਨ੍ਹਾਂ ਨੇ ਮੈਰਾਥਨ ਦੌੜ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। ਜੋਕਿ ਸਿਰਫ਼ ਸਰੀਰਕ ਦੌੜ ਹੀ ਨਹੀਂ ਬਲਕਿ ਇਹ ਤਾਂ ਉਨ੍ਹਾਂ ਲਈ ਇੱਕ ਆਤਮਿਕ ਯਾਤਰਾ ਬਣ ਗਈ। ਫੌਜਾ ਸਿੰਘ ਨੇ ਲੰਡਨ ਵਿਖੇ ਹਰਮਿੰਦਰ ਸਿੰਘ ਕੋਲੋਂ ਮੈਰਾਥਨ ਦੀ ਸਖਤ ਟ੍ਰੇਨਿੰਗ ਲੈਣੀ ਸ਼ੁਰੂ ਕੀਤੀ ਅਤੇ 89 ਸਾਲ ਦੀ ਉਮਰ ਵਿੱਚ ਅੰਤਰਰਾਸ਼ਟਰੀ ਦੌੜਾਂ ‘ਚ ਹਿੱਸਾ ਲੈਣਾ ਸ਼ੁਰੂ ਕੀਤਾ। 90 ਸਾਲ ਦੀ ਉਮਰ ਵਿੱਚ, ਉਨ੍ਹਾਂ ਨੇ ਆਪਣੀ ਪਹਿਲੀ 20 ਕਿਲੋਮੀਟਰ ਦੀ ਦੌੜ ਪੂਰੀ ਕੀਤੀ ਫੇਰ 93 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ 6 ਘੰਟੇ 54 ਮਿੰਟ ਵਿੱਚ ਮੈਰਾਥਨ ਪੂਰਾ ਕਰ ਕੇ 90+ ਵਰਗ ਦੇ ਖਿਡਾਰੀਆਂ ਲਈ ਇਕ ਅਦਭੁਤ ਰਿਕਾਰਡ ਕਾਇਮ ਕੀਤਾ। ਫੇਰ ਸਾਲ 2011 ਵਿਚ ਟੋਰਾਂਟੋ ਵਾਟਰਫਰੰਟ ਮੈਰਾਥਨ ਜਿੱਥੇ ਫੌਜਾ ਸਿੰਘ ਨੇ 8 ਘੰਟੇ, 11 ਮਿੰਟ ਅਤੇ 21 ਸਕਿੰਟਾਂ ਵਿੱਚ ਮੈਰਾਥਨ ਪੂਰੀ ਕਰ ਕੇ ਇਕ ਇਤਿਹਾਸ ਰਚ ਦਿੱਤਾ। 100 ਸਾਲ ਦੀ ਉਮਰ ਵਿੱਚ ਅਜਿਹਾ ਕਰਨ ਵਾਲੇ ਉਹ ਪਹਿਲੇ ਵਿਅਕਤੀ ਬਣੇ। ਗਿੰਨੀਜ਼ ਬੁੱਕ ਆਫ ਰਿਕਾਰਡਜ਼ ਨੇ ਭਾਵੇਂ ਉਨ੍ਹਾਂ ਦੇ ਜਨਮ ਸਰਟੀਫਿਕੇਟ ਦੀ ਗੈਰਹਾਜ਼ਰੀ ਕਾਰਨ ਇਸ ਨੂੰ ਦਰਜ ਨਾ ਕੀਤਾ ਹੋਵੇ, ਪਰ ਦੁਨੀਆ ਉਨ੍ਹਾਂ ਨੂੰ ਰਿਕਾਰਡ ਤੋਂ ਵੀ ਵੱਧ ਮੰਨਦੀ ਰਹੀ। ਇਸ ਤੋਂ ਇਲਾਵਾ ਬਾਬਾ ਫ਼ੌਜਾ ਸਿੰਘ ਜੀ ਲੋਕ ਭਲਾਈ ਦੇ ਕੰਮ ਅਤੇ ਮੈਰਾਥਨ ਨੂੰ ਉਤਸ਼ਾਹਿਤ ਕਰਨ ਲਈ 2023 ਤਕ ਦੌੜਦੇ ਰਹੇ ਅਤੇ ਲੋਕਾਂ ਦੀ ਵਾਹ-ਵਾਹ ਖੱਟਦੇ ਰਹੇ। ਉਨ੍ਹਾਂ ਦੀ ਲੰਬਾਈ 5 ਫੁੱਟ 8 ਇੰਚ, ਵਜ਼ਨ 53 ਕਿਲੋ, ਸਿਰ ਉੱਤੇ ਪੱਗ ਅਤੇ ਚਿਹਰੇ ਤੇ ਹੌਸਲੇ ਦਾ ਜਜ਼ਬਾ ਹਮੇਸ਼ਾ ਨਜ਼ਰ ਆਉਂਦਾ ਰਹਿੰਦਾ ਸੀ। ਉਹ ਹਰ ਰੋਜ਼ 10 ਤੋਂ 15 ਕਿਲੋਮੀਟਰ ਦੌੜਦੇ ਸਨ। ਉਹ ਇੱਕ ਇੰਜਣ ਦੀ ਤਰ੍ਹਾਂ ਆਪਣਾ ਸਰੀਰ ਚੱਲਦਾ ਰੱਖਦੇ ਸਨ। ਉਹ ਕਹਿੰਦੇ ਸਨ, “ਤੁਹਾਨੂੰ ਆਪਣਾ ਇੰਜਣ ਚੱਲਦਾ ਰੱਖਣਾ ਚਾਹੀਦਾ ਹੈ”। ਉਹ ਸਦਾ ਸਾਫ-ਸੁਥਰੀ, ਨਿਮਰਤਾ ਤੇ ਨਿਰੋਲ ਜੀਵਨ ਸ਼ੈਲੀ ਵਿੱਚ ਵਿਸ਼ਵਾਸ ਰੱਖਦੇ ਸਨ। ਸਿਰਫ਼ ਘਰ ਦਾ ਖਾਣਾ ਖਾਂਦੇ, ਜਿਵੇਂ ਕਿ ਦਾਲ,ਸਬਜ਼ੀ, ਦਹੀਂ, ਫੁਲਕਾ ਅਤੇ ਅਚਾਰ। ਉਹ ਪਾਣੀ ਬਹੁਤ ਪੀਦੇ ਸਨ,ਜਿਸ ਨੂੰ ਉਹ ਕਿਸੇ ਦਵਾਈ ਨਾਲੋ ਘੱਟ ਨਹੀਂ ਸਮਝਦੇ ਸਨ।
ਦੇਸ਼ ਵਿਦੇਸ਼ ਤੋਂ ਮਿਲੇ ਅਨੇਕਾਂ ਮਾਣ ਸਨਮਾਨ ਤੋਂ ਇਲਾਵਾ 2003 ਵਿਚ ਐਲਿਸ ਆਇਲੈਂਡ ਮੈਡਲ ਜਿੱਤ ਅਮਰੀਕਾ ਸੰਸਕ੍ਰਿਤਿਕ ਸਹਿਣਸ਼ੀਲਤਾ ਦਾ ਪ੍ਰਤੀਕ ਬਣੇ। 2012 ਵਿਚ ਲੰਡਨ ਓਲੰਪਿਕ ਟੀਮ ਦੀ ਅਗਵਾਈ ਕੀਤੀ। 2015 ‘ਚ ਬ੍ਰਿਟਿਸ਼ ਇੰਪਾਇਅਰ ਐਵਾਰਡ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਐਵਾਰਡ ਹਾਸਲ ਕੀਤੇ। ਉਨ੍ਹਾ ਦੀ ਅੰਗਰੇਜ਼ੀ ਭਾਸ਼ਾ ਵਿਚ ਜੀਵਨੀ ‘ਟਰਬਨਡ ਟੋਰਨਾਡੋ’ ਪੁਸਤਕ ਚੰਡੀਗੜ੍ਹ ਦੇ ਰਹਿਣ ਵਾਲੇ ਖ਼ੁਸ਼ਵੰਤ ਸਿੰਘ ਨੇ ਲਿਖੀ ਅਤੇ ਜਿਸ ਨੂੰ ਮੋਤਾ ਸਿੰਘ ਨੇ 2011 ਨੂੰ ਇੰਗਲੈਂਡ ਵਿਚ ਜਾਰੀ ਕੀਤਾ ਸੀ। ਪੱਗ ’ਤੇ ਖੰਡਾ ਲਾ ਕੇ ਝੂਲਦੀ ਦਾੜ੍ਹੀ ਨਾਲ ਦੌੜਦੇ ਹੋਏ ਲੰਡਨ ਦੀਆਂ ਸੜਕਾਂ ’ਤੇ ਛਾਅ ਜਾਣ ਵਾਲੇ ਨੌਜਵਾਨ ਬਾਬਾ ਫੌਜਾ ਸਿੰਘ ਬੀਤੇ ਦਿਨੀਂ 14 ਜੁਲਾਈ 2025 ਨੂੰ 114 ਸਾਲ ਦੀ ਉਮਰ ਵਿੱਚ ਆਪਣੇ ਜੱਦੀ ਪਿੰਡ ਬਿਆਸ ਵਿਖੇ ਹੀ ਇੱਕ ਸੜਕੀ ਦੁਰਘਟਨਾ ਵਿੱਚ ਸੜਕ ਪਾਰ ਕਰਦੇ ਹੋਏ ਜ਼ਖ਼ਮੀ ਹੋਏ ਗਏ ਸਨ। ਹਸਪਤਾਲ ਵਿੱਚ ਦਾਖਲ ਹੋਣ ਦੇ ਬਾਵਜੂਦ ਵੀ ਉਹ ਲੱਗੀਆਂ ਸੱਟਾ ਦੇ ਅੱਗੇ ਟਿਕ ਨਾ ਸਕੇ ਅਤੇ ਹਮੇਸ਼ਾ ਲਈ ਸਾਨੂੰ ਅਲਵਿਦਾ ਆਖ ਗਏ।
ਬੇਸ਼ੱਕ ਅਣਆਈ ਮੌਤ ਵਿਆਹ ਕੇ ਸਦਾ ਲਈ ਉਨ੍ਹਾਂ ਨੂੰ ਆਪਣੇ ਨਾਲ ਲੈ ਗਈ, ਪਰ ਇਹ ਸਫਰ ਕਦੇ ਖ਼ਤਮ ਨਹੀਂ ਹੋਇਆ। ਉਹ ਆਪਣੇ ਨਾਲ ਆਪਣਾ ਹੌਂਸਲਾ, ਜ਼ਿੰਦਗੀ ਨੂੰ ਸਲਾਮ ਕਰਦੀਆਂ ਲਹਿਰਾਂ ਅਤੇ ਨੌਜਵਾਨ ਪੀੜ੍ਹੀ ਲਈ ਇੱਕ ਜੀਵੰਤ ਸਬਕ ਛੱਡ ਗਏ। ਉਹ ਸਾਡੀਆਂ ਨਸਲਾਂ ਨੂੰ ਦੱਸ ਗਏ ਕਿ ਕਦੇ ਵੀ ਹਾਰ ਨਾ ਮੰਨੋ, ਚਾਹੇ ਉਮਰ 16 ਹੋਵੇ ਜਾਂ 80 ਦੀ ਹੋਵੇ। ਅੱਜ ਭਾਵੇਂ ਬਾਬਾ ਫੌਜਾ ਸਿੰਘ ਸਰੀਰਕ ਤੌਰ ਤੇ ਸਾਡੇ ਵਿਚ ਮੌਜੂਦ ਨਹੀਂ ਹਨ ਪਰ ਉਨ੍ਹਾਂ ਦੀ ਜੀਵਨੀ ਸਾਨੂੰ ਇਹ ਸਿਖਾਉਂਦੀ ਹੈ ਕਿ ਦੁੱਖ ਜਿੰਦਗੀ ਦੇ ਹੀ ਹਿੱਸੇ ਹਨ, ਪਰ ਉਹ ਸਾਡੇ ਮਨ ਦੇ ਹੌਸਲੇ ਨੂੰ ਕਦੀ ਵੀ ਡਾਵਾਂ-ਡੋਲ ਨਹੀਂ ਕਰ ਸਕਦੇ, ਉਮਰ ਦੀਆਂ ਹੱਦਾਂ ਵੀ ਝੂਠ ਬਣ ਜਾਂਦੀਆਂ ਹਨ ਜਦੋਂ ਸਾਡੇ ਮਨ ਵਿੱਚ ਕੋਈ ਮਕਸਦ ਹੋਵੇ। ਆਉ, ਅਸੀਂ ਵੀ ਬਾਬਾ ਫ਼ੌਜਾ ਸਿੰਘ ਜੀ ਦੇ ਜੀਵਨ ਤੋਂ ਅੱਗੇ ਵਧਣ ਲਈ ਹੌਂਸਲੇ ਜਜ਼ਬੇ ਜ਼ਰੀਏ ਬੁਲੰਦੀਆਂ ਛੂਹਣ ਦੀ ਪ੍ਰੇਰਣਾ ਲਈਏ, ਜੋ ਕਦੇ ਨਾ ਰੁਕਣ ਵਾਲੀ ਹੋਵੇ, ਸਿਰਫ਼ ਅੱਗੇ ਵਧਣ ਵਾਲੀ ਹੀ ਹੋਵੇ। ਬਾਪੂ ਫ਼ੌਜਾ ਸਿੰਘ ਜੀ, ਤੁਹਾਡੀ ਦੌੜ ਹੀ ਸਾਨੂੰ ਹਮੇਸ਼ਾ ਚੜ੍ਹਦੀ ਕਲਾ ‘ਚ ਰਖੇਗੀ। ਤੁਸੀਂ ਸਦਾ ਅਮਰ ਹੋ ਅਤੇ ਇਹੀ ਸਾਡੇ ਵਲੋਂ ਤੁਹਾਨੂੰ ਸੱਚੀ ਸ਼ਰਧਾਂਜਲੀ ਹੈ।
ਬਲਦੇਵ ਸਿੰਘ ਬੇਦੀ
ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj