HOME ਨਵਾਂਸ਼ਹਿਰ ਪੁਲਿਸ ਦੀ ਵੱਡੀ ਕਾਮਯਾਬੀ: 16 ਸਾਲਾ ਨਾਬਾਲਗ ਲੜਕੀ ਦੇ ਕਤਲ ਦੀ...

ਨਵਾਂਸ਼ਹਿਰ ਪੁਲਿਸ ਦੀ ਵੱਡੀ ਕਾਮਯਾਬੀ: 16 ਸਾਲਾ ਨਾਬਾਲਗ ਲੜਕੀ ਦੇ ਕਤਲ ਦੀ ਗੁੱਥੀ ਸੁਲਝਾਈ, ਮੁਲਜ਼ਮ ਅਟੈਚੀ ਕੇਸ ਸਮੇਤ ਕਾਬੂ

31
ਨਵਾਂਸ਼ਹਿਰ,   (ਸਮਾਜ ਵੀਕਲੀ)   (ਜਤਿੰਦਰਪਾਲ ਸਿੰਘ ਕਲੇਰ) : ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੀ ਪੁਲਿਸ ਨੇ ਇੱਕ ਬੇਹੱਦ ਸੰਵੇਦਨਸ਼ੀਲ ਮਾਮਲੇ ਵਿੱਚ ਮੁਸਤੈਦੀ ਦਿਖਾਉਂਦੇ ਹੋਏ 16 ਸਾਲਾ ਨਾਬਾਲਗ ਲੜਕੀ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸਫ਼ਲਤਾਪੂਰਵਕ ਸੁਲਝਾ ਲਿਆ ਹੈ। ਪੁਲਿਸ ਨੇ ਕਤਲ ਦੇ ਮੁਲਜ਼ਮ ਨੂੰ ਲਾਸ਼ ਨੂੰ ਟਿਕਾਣੇ ਲਗਾਉਣ ਲਈ ਵਰਤੇ ਗਏ ਅਟੈਚੀ ਕੇਸ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਡਾਕਟਰ ਤੁਸ਼ਾਰ ਗੁਪਤਾ ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਸਰਬਜੀਤ ਸਿੰਘ ਬਾਹੀਆ (ਕਪਤਾਨ ਪੁਲਿਸ, ਜਾਂਚ) ਅਤੇ ਪੰਕਜ ਸ਼ਰਮਾ (ਉਪ ਕਪਤਾਨ ਪੁਲਿਸ, ਸਬ ਡਿਵੀਜ਼ਨ ਨਵਾਂਸ਼ਹਿਰ) ਦੀਆਂ ਹਦਾਇਤਾਂ ‘ਤੇ ਥਾਣਾ ਸਿਟੀ ਨਵਾਂਸ਼ਹਿਰ ਦੇ ਮੁੱਖ ਅਫ਼ਸਰ ਇੰਸਪੈਕਟਰ ਅਵਤਾਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਇਸ ਅੰਨ੍ਹੇ ਕਤਲ ਦਾ ਪਰਦਾਫਾਸ਼ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਡਾਕਟਰ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਮਿਤੀ 02-06-2026 ਨੂੰ ਉਸ਼ਾ ਰਾਣੀ ਵਾਸੀ ਜਾਡਲੀ ਬਾਣਾ, ਬਲਾਚੌਰ, ਹਾਲ ਵਾਸੀ ਪੰਜ ਪੀਰ ਵਾਲੀ ਗਲੀ, ਗੜ੍ਹਸ਼ੰਕਰ ਰੋਡ, ਨਵਾਂਸ਼ਹਿਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 29-05-2026 ਨੂੰ ਉਸਦੀ ਗੈਰ-ਹਾਜ਼ਰੀ ਵਿੱਚ ਕੋਈ ਅਣਪਛਾਤਾ ਵਿਅਕਤੀ ਉਸਦੀ 16 ਸਾਲਾ ਨਾਬਾਲਗ ਬੇਟੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਦੋਂ ਪੁਲਿਸ ਨੇ ਸ਼ੱਕੀ ਵਿਅਕਤੀ ਗੁਰਵਿੰਦਰ ਸਿੰਘ ਉਰਫ਼ ਗੁਰਪ੍ਰੀਤ ਉਰਫ਼ ਗੋਪਾ (ਉਮਰ ਕਰੀਬ 23 ਸਾਲ, ਪੁੱਤਰ ਗੁਰਨਾਮ ਸਿੰਘ, ਵਾਸੀ ਪਿੰਡ ਜਾਡਲੀ ਬਾਣਾ, ਬਲਾਚੌਰ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ, ਤਾਂ ਉਸਨੇ ਆਪਣਾ ਜੁਰਮ ਕਬੂਲ ਕਰਦਿਆਂ ਕਈ ਭਿਆਨਕ ਖੁਲਾਸੇ ਕੀਤੇ।ਮੁਲਜ਼ਮ ਗੁਰਵਿੰਦਰ ਸਿੰਘ ਨੇ ਪੁਲਿਸ ਕੋਲ ਮੰਨਿਆ ਕਿ ਉਸਦੇ ਮ੍ਰਿਤਕ ਲੜਕੀ ਦੀ ਮਾਤਾ ਉਸ਼ਾ ਰਾਣੀ ਨਾਲ ਪ੍ਰੇਮ ਸਬੰਧ ਸਨ, ਜਿਸ ਕਰਕੇ ਉਸਦਾ ਘਰ ਆਉਣਾ-ਜਾਣਾ ਸੀ, ਪਰ ਮ੍ਰਿਤਕ ਨਾਬਾਲਗ ਲੜਕੀ ਇਸ ਗੱਲ ਨੂੰ ਪਸੰਦ ਨਹੀਂ ਸੀ ਕਰਦੀ। ਇਸੇ ਰੰਜਿਸ਼ ਤਹਿਤ 29-05-2026 ਨੂੰ ਸਵੇਰ ਦੇ ਸਮੇਂ ਜਦੋਂ ਉਸ਼ਾ ਰਾਣੀ ਕੰਮ ‘ਤੇ ਗਈ ਹੋਈ ਸੀ, ਤਾਂ ਮੁਲਜ਼ਮ ਨੇ ਘਰ ਵਿੱਚ ਇਕੱਲੀ ਲੜਕੀ ਦਾ ਗਲਾ ਘੁੱਟ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਤੋਂ ਬਾਅਦ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਨੀਅਤ ਨਾਲ ਉਸਨੇ ਲਾਸ਼ ਨੂੰ ਇੱਕ ਅਟੈਚੀ ਕੇਸ ਵਿੱਚ ਪਾਇਆ ਅਤੇ ਆਪਣੇ ਮੋਟਰਸਾਈਕਲ ਦੇ ਪਿੱਛੇ ਰੱਖ ਕੇ ਪਿੰਡ ਖੁਰਾਲਗੜ੍ਹ ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਦੇ ਜੰਗਲ ਵਿੱਚ ਲੈ ਗਿਆ, ਜਿੱਥੇ ਉਸਨੇ ਲਾਸ਼ ਨੂੰ ਅੱਗ ਲਗਾ ਦਿੱਤੀ। ਮੁਲਜ਼ਮ ਦੀ ਨਿਸ਼ਾਨਦੇਹੀ ‘ਤੇ ਇੰਸਪੈਕਟਰ ਅਵਤਾਰ ਸਿੰਘ ਅਤੇ ਫੋਰੈਂਸਿਕ ਟੀਮ ਨੇ ਖੁਰਾਲਗੜ੍ਹ ਦੇ ਜੰਗਲ ਵਿੱਚੋਂ ਮ੍ਰਿਤਕ ਨਾਬਾਲਗ ਲੜਕੀ ਦੀ ਜਲੀ ਹੋਈ ਲਾਸ਼ (ਪਿੰਜਰ) ਬਰਾਮਦ ਕਰ ਲਈ ਹੈ। ਪੁਲਿਸ ਨੇ ਮੁਕੱਦਮੇ ਵਿੱਚ ਕਤਲ ਦੀਆਂ ਧਾਰਾਵਾਂ 103(1), 238 ਬੀਐਨਐਸ ਦਾ ਵਾਧਾ ਕਰਕੇ ਮੁਲਜ਼ਮ ਨੂੰ ਜਾਬਤੇ ਅਨੁਸਾਰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਗੁਰਵਿੰਦਰ ਸਿੰਘ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 04 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਦਕਿ ਮ੍ਰਿਤਕ ਲੜਕੀ ਦੇ ਸਰੀਰਕ ਅਵਸ਼ੇਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਮਾਮਲੇ ਦੀ ਅਗਲੇਰੀ ਤਫ਼ਤੀਸ਼ ਲਗਾਤਾਰ ਜਾਰੀ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਲੀਡਰਸ਼ਿਪ ਚੋਣ ਨਾਲ ਦੇਸ਼ ਅਸਥਿਰਤਾ ਵੱਲ ਜਾਵੇਗਾ, ਮੈਂ ਅਸਤੀਫ਼ਾ ਨਹੀਂ ਦੇਵਾਂਗਾ: ਸਟਾਰਮਰ
Next articleਬਰਤਾਨੀਆ ਦੇ ਮਸ਼ਹੂਰ ਅਦਾਕਾਰ ਐਂਥਨੀ ਹੈੱਡ ਦਾ ਦਿਹਾਂਤ