
(ਸਮਾਜ ਵੀਕਲੀ) ਕਿਰਪਾਲ ਸਿੰਘ ਗਰਚਾ ਦਾ ਜੱਦੀ ਪਿੰਡ ਸੱਲ ਕਲਾਂ ਤਹਿਸੀਲ ਬੰਗਾ ਵਿਚ ਪੈਂਦਾ ਹੈ। ਕਨੇਡਾ ਆਇਆਂ ਨੂੰ ਅੱਧੀ ਸਦੀ ਹੋ ਗਈ ਹੈ। ਪਿੰਡ ਅਤੇ ਭਾਈਚਾਰੇ ਨਾਲ ਮੋਹ ਹਾਲੇ ਤੱਕ ਟੁੱਟਿਆ ਨਹੀਂ। ਉਹ ਭੌਂ, ਜਿਸ ਵਿਚ ਉਨ੍ਹਾਂ ਦੇ ਬਾਪੂ ਨੇ ਪਸੀਨਾ ਬਹਾਇਆ ਸੀ, ਉਨ੍ਹਾਂ ਨੂੰ ਹਾਕਾਂ ਮਾਰਦੀ ਰਹਿੰਦੀ ਹੈ। ਬਚਪਨ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ, ਘੱਟੋ-ਘੱਟ ਦੋ ਸਾਲ ਵਿਚ ਇੱਕ ਵਾਰ, ਉਹ ਪਿੰਡ ਗੇੜਾ ਜ਼ਰੂਰ ਮਾਰਦੇ ਹਨ। 2014 ਵਿਚ ਜਦੋਂ ਭਾਰਤ ਆਏ ਤਾਂ ਉਨ੍ਹਾਂ ਨੂੰ ਕਿਸੇ ਕੰਮ ਦੇ ਸਬੰਧ ਵਿਚ ਨਗਰ ਪਾਲਿਕਾ ਬੰਗਾ ਦੇ ਦਫ਼ਤਰ ਜਾਣਾ ਪਿਆ। ਦਫ਼ਤਰ ਦੇ ਵਿਹੜੇ ਵਿਚ ਖੜੇ ਕਮੇਟੀ ਦੇ ਵਾਹਨਾਂ ਤੇ ਪੰਜਾਬੀ ਅੱਖਰਾਂ ਵਿਚ ਲਿਖਿਆ ਕਮੇਟੀ ਦਾ ਨਾਂ ਮਿਟਾਇਆ ਜਾ ਰਿਹਾ ਸੀ। ਪੰਜਾਬੀ ਦੀ ਥਾਂ ਹਿੰਦੀ ਲੈ ਰਹੀ ਸੀ। ਮਾਂ ਬੋਲੀ ਦੇ ਹੋ ਰਹੇ ਇਸ ਨਿਰਾਦਰ ਨੇ ਉਨ੍ਹਾਂ ਅੰਦਰ ਸੁਸਤ ਹੋ ਚੁੱਕੇ ਜੁਝਾਰੂ ਪੁੱਤ ਨੂੰ ਝੰਜੋੜ ਦਿੱਤਾ। ਅੱਗ ਭਬੂਲਾ ਹੋਏ ਉਹ ਕਮੇਟੀ ਦੇ ਸਬੰਧਤ ਅਧਿਕਾਰੀ ਦੇ ਦਫ਼ਤਰ ਜਾ ਧਮਕੇ। ਪੰਜਾਬੀ ਸੂਬੇ ਵਿਚ ਹੀ ਪੰਜਾਬੀ ਦੇ ਹੋ ਰਹੇ ਘਾਣ ਤੇ ਸਖ਼ਤ ਰੋਸ ਪ੍ਰਗਟਾਇਆ। ਜਿੰਨਾ ਚਿਰ ਅਫ਼ਸਰ ਨੇ ਗਲਤੀ ਸੁਧਾਰਨ ਦਾ ਵਾਅਦਾ ਨਹੀਂ ਕੀਤਾ, ਗਰਚਾ ਸਾਹਿਬ ਨੇ ਅਫ਼ਸਰ ਦਾ ਖਿਹੜਾ ਨਹੀਂ ਛੱਡਿਆ। ਕਨੇਡਾ ਪਹੁੰਚ ਕੇ, ਮਾਂ ਬੋਲੀ ਨਾਲ ਪਿਆਰ ਕਰਨ ਵਾਲੇ ਆਪਣੇ ਦੋਸਤਾਂ ਨਾਲ ਗੱਲ ਕੀਤੀ ਅਤੇ ਇਸ ਵਰਤਾਰੇ ਨੂੰ ਪੱਕੇ ਤੌਰ ਤੇ ਰੋਕਣ ਲਈ ਯਤਨਸ਼ੀਲ ਹੋਣ ਲਈ ਪ੍ਰੇਰਿਆ। ਮਾਂ ਬੋਲੀ ਪੰਜਾਬੀ ਦੇ ਕਨੇਡਾ ਵਸਦੇ 5 ਜੇਠੇ ਪੁੱਤਰਾਂ (ਮੋਤਾ ਸਿੰਘ ਝੀਤਾ, ਕੁਲਦੀਪ ਸਿੰਘ, ਦਵਿੰਦਰ ਸਿੰਘ ਘਟੌੜਾ, ਸਤਿਨਾਮ ਸਿੰਘ ਜੌਹਲ ਅਤੇ ਡਾ. ਜਗਜੀਤ ਸਿੰਘ ਸਿੱਕਾ) ਨੇ ਉਨਾਂ ਦੀ ਹਾਂ ਵਿੱਚ ਹਾਂ ਮਿਲਾਈ ਅਤੇ ਪੰਜਾਬੀ ਭਾਸ਼ਾ ਦੇ ਸਰਕਾਰੇ ਦਰਬਾਰੇ ਖੁੱਸੇ ਸਤਿਕਾਰ ਨੂੰ ਬਹਾਲ ਕਰਾਉਣ ਲਈ ਤੁਰੰਤ ‘ਦੂਜੀ ਗਦਰ ਲਹਿਰ’ ਸ਼ੁਰੂ ਕਰਨ ਦਾ ਸੰਕਲਪ ਲੈ ਲਿਆ। ਪੰਜਾਬੀ ਭਾਸ਼ਾ ਨੂੰ ਸੰਸਾਰ ਪੱਧਰ ਤੇ ਦਰਪੇਸ਼ ਸਮੱਸਿਆਵਾਂ ਦੇ ਗਹਿਰ ਗੰਭੀਰ ਅਧਿਐਨ ਅਤੇ ਫਿਰ ਉਹਨਾਂ ਸਮੱਸਿਆਵਾਂ ਦੇ ਹੱਲ ਲੱਭਣ ਲਈ ਇਸ ਗਰੁੱਪ ਵੱਲੋਂ ਸਾਲ 2018 ਵਿੱਚ ਕਨੇਡਾ ਦੇ ਚਾਰ ਸ਼ਹਿਰਾਂ ਵੈਨਕੂਵਰ ਐਡਮਿੰਟਨ ਕੈਲਗਰੀ ਅਤੇ ਵਿੰਨੀਪੈਗ ਵਿੱਚ ਵਿਸ਼ਵ ਪੰਜਾਬੀ ਸਮਾਗਮ ਰਚਾਏ ਗਏ। ਇਨ੍ਹਾਂ ਸਮਾਗਮਾਂ ਵਿੱਚ ਸੰਸਾਰ ਪੱਧਰ ਦੇ ਬੁੱਧੀਜੀਵੀਆਂ ਨੂੰ ਬੁਲਾਇਆ ਗਿਆ। ਪੰਜਾਬ ਦੀ ਨੁਮਾਇੰਦਗੀ ਮਿੱਤਰ ਸੈਨ ਮੀਤ ਅਤੇ ਮਹਿੰਦਰ ਸਿੰਘ ਸੇਖੋਂ ਨੇ ਕੀਤੀ। ਕਨੇਡਾ ਵਿੱਚ ਹੋਏ ਇਸ ਸਮੁੰਦਰ ਮੰਥਨ ਬਾਅਦ ਨਿਕਲੇ ਸਿੱਟਿਆਂ ਨੂੰ ਅਮਲੀ ਰੂਪ ਦੇਣ ਲਈ ਇੱਕ ਅੰਤਰਰਾਸ਼ਟਰੀ ਸੰਸਥਾ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੀ ਸਥਾਪਨਾ ਕੀਤੀ ਗਈ। ਪਹਿਲੀ ਅੰਤਰਰਾਸ਼ਟਰੀ ਇਕਾਈ ਕੈਨੇਡਾ ਵਿੱਚ ਸਥਾਪਿਤ ਕੀਤੀ ਗਈ। ਸੰਸਥਾ ਦੇ ਛੇ ਮੁੱਢਲੇ ਸੰਸਥਾਪਕ ਨਿਯੁਕਤ ਕੀਤੇ ਗਏ। ਉਹ ਸਨ ਕਿਰਪਾਲ ਸਿੰਘ ਗਰਚਾ, ਕੁਲਦੀਪ ਸਿੰਘ, ਮੋਤਾ ਸਿੰਘ ਝੀਤਾ, ਸਤਨਾਮ ਸਿੰਘ ਜੌਹਲ, ਦਵਿੰਦਰ ਸਿੰਘ ਘਟੌੜਾ, ਡਾ ਪੂਰਨ ਸਿੰਘ ਅਤੇ ਡਾ ਜਗਜੀਤ ਸਿੰਘ ਸਿੱਕਾ। ਕਨੇਡਾ ਇਕਾਈ ਦੇ ਨਾਲ ਨਾਲ ਪੰਜਾਬ ਵਿੱਚ ਪੰਜਾਬ ਇਕਾਈ ਦੀ ਸਥਾਪਨਾ ਕੀਤੀ ਗਈ। ਕੈਨੇਡਾ ਤੇ ਪੰਜਾਬ ਇਕਾਈਆਂ ਅੱਜ ਤੱਕ ਪੂਰੀ ਤਰ੍ਹਾਂ ਸਰਗਰਮ ਹਨ।ਸੰਸਥਾ ਨੂੰ ਪੰਜਾਬੀ ਭਾਸ਼ਾ ਦਾ ਵਿਕਾਸ ਅਤੇ ਪਸਾਰ ਕਰਨ ਵਿੱਚ ਕਈ ਪ੍ਰਾਪਤੀਆਂ ਹੋਈਆਂ ਹਨ। ਸੰਸਥਾ ਦੀਆਂ ਇੰਨ੍ਹਾਂ ਪ੍ਰਾਪਤੀਆਂ ਦਾ ਸਿਹਰਾ ਕਿਰਪਾਲ ਸਿੰਘ ਗਰਚਾ ਜੀ ਸਿਰ ਬੱਝਦਾ ਹੈ। ਗਰਚਾ ਸਾਹਿਬ ਨੂੰ ਵੈਨਕੂਵਰ ਆਇਆਂ ਅੱਧੀ ਸਦੀ ਹੋ ਗਈ ਹੈ। ਕਰੜੀ ਮਿਹਨਤ ਕਰਕੇ ਨਾਲੇ ਚਾਰ ਪੈਸੇ ਜੋੜੇ, ਨਾਲੇ ਧੀਆਂ ਪੁੱਤਾਂ ਨੂੰ ਪੜਾ ਲਿਖਾ ਕੇ ਚੰਗੇ ਅਹੁਦਿਆਂ ਤੇ ਪਹੁੰਚਾਇਆ। ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਨੇ ਪ੍ਰੋਗਰਾਮ ਭਾਵੇਂ ਕਨੇਡਾ ਵਿੱਚ ਰੱਖਣਾ ਹੋਵੇ ਭਾਵੇਂ ਪੰਜਾਬ ਵਿੱਚ, ਪ੍ਰਬੰਧਕਾਂ ਨੂੰ ਮਾਲੀ ਸਹਾਇਤਾ ਲਈ ਟੇਕ ਗਰਚਾ ਸਾਹਿਬ ਤੇ ਹੀ ਰੱਖਣੀ ਪੈਂਦੀ ਹੈ। ਹਾਂ ਬਾਅਦ ਸੰਸਥਾ ਭਾਵੇਂ 50 ਹਜ਼ਾਰ ਹੋਵੇ ਅਤੇ ਭਾਵੇਂ ਲੱਖ, ਗਰਚਾ ਸਾਹਿਬ ਕਦੇ ਮੱਥੇ ਵੱਟ ਨਹੀਂ ਪਾਉਂਦੇ। ਉਨਾਂ ਦੀ ਇਸੇ ਖੁੱਲ ਦਿਲੀ ਕਾਰਨ, ਭਾਈਚਾਰੇ ਵਾਲੇ ਗਰਚਾ ਸਾਹਿਬ ਨੂੰ ਸੰਸਥਾ ਦਾ ਸ਼ਾਹੂਕਾਰ ਕਹਿ ਕੇ ਹੀ ਬੁਲਾਉਂਦੇ ਹਨ।



