HOME “ਬੱਚਿਆਂ ਲਈ ਰਾਹ ਦਸੇਰਾ ਬਣਦੀ ਪੁਸਤਕ – ਚਿੰਕੀ ਦੀ ਚਾਕਲੇਟ”

“ਬੱਚਿਆਂ ਲਈ ਰਾਹ ਦਸੇਰਾ ਬਣਦੀ ਪੁਸਤਕ – ਚਿੰਕੀ ਦੀ ਚਾਕਲੇਟ”

6
 – ਤੇਜਿੰਦਰ ਚੰਡਿਹੋਕ, ਐਮ ਏ 
ਤੇਜਿੰਦਰ ਚੰਡਿਹੋਕ

 (ਸਮਾਜ ਵੀਕਲੀ)   ਅਜੋਕੇ ਇੰਟਰਨੈੱਟ ਦੇ ਸਮੇਂ ਬੱਚਿਆਂ ਨੂੰ ਸਾਹਿਤ ਨਾਲ ਜੋੜਨਾ ਅਤੇ ਉਹਨਾਂ ਦੀ ਅਗਵਾਈ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ ਕਿਉੰਕਿ ਅਜਬਦੀ ਪੀੜ੍ਹੀ ਜਿਵੇਂ ਜਿਵੇਂ ਸੋਸ਼ਲ ਮੀਡੀਆ ਵਿੱਚ ਖੁਬਦੀ ਜਾ ਰਹੀ ਹੈ ਉਵੇਂ ਉਵੇਂ ਉਹਨਾਂ ਦਾ ਸਾਹਿਤ ਨਾਲ਼ੋਂ ਸਬੰਧ ਟੁੱਟਦਾ ਜਾ ਰਿਹਾ ਹੈ ਅਤੇ ਮਾਂ- ਪਿਓ, ਅਧਿਆਪਕ ਦਾ ਸਤਿਕਾਰ ਘਟਦਾ ਜਾ ਰਿਹਾ ਹੈ। ਇਸ ਲਈ ਬੱਚਿਆਂ ਵਿਚ ਸਾਹਿਤ ਨਾਲ ਜੁੜਨ ਅਤੇ ਆਦਰ ਪੈਦਾ ਕਰਨ ਲਈ ਜਰੂਰੀ ਹੈ ਕਿ ਅਜਿਹਾ ਬਾਲ ਸਾਹਿਤ ਰਚਿਆ ਜਾਵੇ ਜਿਸ ਨਾਲ ਉਹਨਾਂ ਦੀ ਸਾਹਿਤ ਵਿਚ ਦਿਲਚਸਪੀ ਵੀ ਵਧੇ ਅਤੇ ਸਮਾਜਿਕ ਕਦਰਾਂ ਕੀਮਤਾਂ ਬਾਰੇ ਜਾਣਕਾਰੀ ਵੀ ਮਿਲਦੀ ਰਹੇ।

              ਹਰਿੰਦਰ ਸਿੰਘ ਗੋਗਨਾ ਬਾਲ ਸਾਹਿਤ ਨੂੰ ਪ੍ਰਣਾਇਆ ਲੇਖਕ ਹੈ ਜਿਸ ਨੇ ਬਾਲ ਸਾਹਿਤ ਵਿਚ ਬੱਚਿਆਂ ਲਈ ਚਾਰ ਕਾਵਿ ਸੰਗ੍ਰਹਿ, ਤਿੰਨ ਕਹਾਣੀ ਸੰਗ੍ਰਹਿ ਅਤੇ ਇਕ ਗੀਤ ਪੁਸਤਕ ਸਿਰਜੀ ਹੈ। ਉਂਝ ਉਸ ਨੇ ਦੋ ਮਿੰਨੀ ਕਹਾਣੀ ਸੰਗ੍ਰਹਿ, ਇਕ ਅਨੁਵਾਦ ਪਾਕਿਸਤਾਨੀ ਚੋਣਵੀਂ ਕਹਾਣੀ ਸੰਗ੍ਰਹਿ ਤੋਂ ਇਲਾਵਾ ਬਾਲ ਸਾਹਿਤ ਦੇ ਸਾਂਝੇ ਸੰਗ੍ਰਹਿ ਵਿਚ ਵੀ ਹਿੱਸਾ ਪਾਇਆ ਹੈ। ਹਥਲੀ ਪੁਸਤਕ ” ਚਿੰਕੀ ਦੀ ਚਾਕਲੇਟ (ਪ੍ਰੇਰਨਾਦਾਇਕ ਬਾਲ ਕਹਾਣੀਆਂ) ” ਉਸ ਦੀ ਚੌਥੀ ਬਾਲ ਕਹਾਣੀਆਂ ਦੀ ਪੁਸਤਕ ਹੈ ਜਿਸ ਵਿਚ ਛੋਟੀਆਂ – ਛੋਟੀਆਂ ਵੀਹ ਕਹਾਣੀਆਂ ਸ਼ਾਮਲ ਹਨ। ਇਹਨਾਂ ਕਹਾਣੀਆਂ ਦੇ ਨਾਲ ਰੰਗਦਾਰ ਖੂਬਸੂਰਤ ਚਿੱਤਰ ਵੀ ਚਿਤਰੇ ਗਏ ਹਨ।
              ਇਹਨਾਂ ਬਾਲ ਕਹਾਣੀਆਂ ਦਾ ਪਾਠ ਕਰਦਿਆਂ ਬੱਚਿਆਂ ਨੂੰ ਸਾਹਿਤ ਨਾਲ ਜੋੜਨ ਅਤੇ ਬਜ਼ਾਰੂ ਵਸਤਾਂ ਤੋਂ ਪਰਹੇਜ ਕਰਨ ਅਤੇ ਚੰਗੀਆਂ ਆਦਤਾਂ ਦੀ ਸਿੱਖਿਆ ਦ੍ਰਿਸ਼ਟੀਮਾਨ ਹੁੰਦੀ ਹੈ। ਪੁਸਤਕ ਵਿਚ ਬੰਦਸ਼ਾਂ, ਵਾਧੂ ਖਰਚਿਆਂ ਤੋਂ ਬਚਾਅ, ਮੋਬਾਈਲਾਂ ਦਾ ਖੇਹੜਾ ਛੱਡਣਾ, ਵਾਤਾਵਰਣ ਸੰਭਾਲ ਲਈ ਪਾਣੀ ਤੇ ਰੁੱਖਾਂ ਦੀ ਸਾਂਭ ਸੰਭਾਲ ਅਤੇ ਕਿਤਾਬਾਂ ਪੜ੍ਹਨ ਦੀ ਰੁਚੀ ਆਦਿ ਵਿਸ਼ਿਆਂ ਨੂੰ ਛੋਹਿਆ ਗਿਆ ਹੈ। ਪੁਸਤਕ ਦੀ ਸਿਰਲੇਖਤ ਕਹਾਣੀ ਪੁਸਤਕ ਵਿਚ ਛੇਵੇਂ ਸਥਾਨ ਤੇ ਪ੍ਰਕਾਸ਼ਿਤ ਹੈ ਜਿਸ ਵਿਚ ਉਸ ਨੇ ਚਾਕਲੇਟ ਅਤੇ ਟਾਫੀਆਂ ਦਾ ਦੰਦਾਂ ਅਤੇ ਸਰੀਰ ਨੂੰ ਹੁੰਦੇ ਨੁਕਸਾਨ ਬਾਰੇ ਕਲਾਤਮਕ ਢੰਗ ਨਾਲ ਪਾਤਰ ਚਿੰਕੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਅਧਿਆਪਕ ਦਾ ਸਮਝਾਉਣਾ ਉਸ ਉਪਰ ਅਸਰ ਕਰਦਾ ਹੈ।
              ਕਹਾਣੀ ਆਪਣੇ ਹੱਥੀਂ ਵਿਚ ਵੀ ਲੇਖਕ ਨੇ ਆਲਸ ਛੱਡ ਕੇ ਦਿਲ ਲਾ ਕੇ ਪੜ੍ਹਾਈ ਕਰਨ ਲਈ ਚੰਗਾ ਰਾਹ ਦਿਖਾਇਆ ਹੈ ਜਿਹੜਾ ਪਾਤਰ ਹੈਰੀ ਆਪਣੇ ਤਾਏ ਦੇ ਪੁੱਤਰ ਸੰਜੇ ਤੋਂ ਸਕੂਲ ਦਾ ਕੰਮ ਕਰਵਾਉਂਦਾ ਹੈ। ਕਹਾਣੀ ਪਿੰਜਰੇ ਵਿੱਚ ਪਰਿੰਦੇ ਰਾਹੀਂ ਕੋਰੋਨਾ ਦਾ ਹਵਾਲਾ ਦੇ ਕੇ ਪੰਛੀਆਂ ਨੂੰ ਪਿੰਜਰਿਆਂ ਵਿਚ ਕ਼ੈਦ ਨਾ ਕਰਨ ਬਾਰੇ ਆਖਿਆ ਗਿਆ ਹੈ। ਪੁਸਤਕ ਵਿਚ ਬੱਚਤ ਕਰਨ ਬਾਰੇ ਵਿਸ਼ੇਸ਼ ਕਹਾਣੀਆਂ ਦਰਜ ਹਨ ਜਿਵੇਂ ਬਿਜਲੀ ਦੀ ਬੱਚਤ ਅਤੇ ਪਾਣੀ ਦਾ ਮਹੱਤਵ। ਬਿਜਲੀ ਦੀ ਬੱਚਤ ਵਿਚ ਪਾਤਰ ਮਨੀ ਵੱਲੋਂ ਰਾਤ ਨੂੰ ਲਾਈਟ ਜਾਗਦੀ ਛੱਡਣਾ, ਪਾਣੀ ਦੀ ਮੋਟਰ ਬੰਦ ਨਾ ਕਰਨੀ, ਬੇਮਤਲਬ ਹੀਟਰ ਦੀ ਵਰਤੋਂ ਆਦਿ ਦੇ ਸੰਕੇਤ ਦਿਤੇ ਗਏ ਹਨ। ਬੱਚਿਆਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੁੰਦੀ ਪਰ ਘਰ ਦਾ ਮੁਖੀਆ ਜਿਸ ਤੇ ਸਾਰੀ ਜ਼ਿੰਮੇਵਾਰੀ ਹੁੰਦੀ ਹੈ, ਨੂੰ ਖਰਚੇ ਪੂਰੇ ਕਰਨ ਲਈ ਵੱਧ ਮੁਸ਼ੱਕਤ ਕਰਨੀ ਪੈਂਦੀ ਹੈ। ਕਹਾਣੀਆਂ ਵਿਚ ਬੱਚਤ ਕਰਨ ਦੀ ਆਦਤ ਲਈ ਪ੍ਰੇਰਨਾ ਦਿੱਤੀ ਗਈ ਹੈ, ਉਹ ਭਾਵੇਂ ਬਿਜਲੀ ਦੀ ਹੋਵੇ, ਪਾਣੀ ਜਾ ਕਿਸੇ ਹੋਰ ਵਸਤੂ ਦੀ ਹੋਵੇ।
           ਕਹਾਣੀ ਮੋਬਾਈਲ ਦਾ ਮੋਹ ਵਿਚ ਬੱਚਿਆਂ ਨੂੰ ਮੋਬਾਈਲ ਉਪਹਾਰ ਵਿਚ ਦੇਣਾ ਠੀਕ ਨਹੀਂ ਹੁੰਦਾ। ਸੰਨੀ ਨੂੰ ਉਸ ਦੇ ਜਨਮਦਿਨ ਤੇ ਮਿਲੇ ਮੋਬਾਈਲ ਦੇ ਉਪਹਾਰ ਨੇ ਉਸ ਨੂੰ ਇਕ ਖੱਡੇ ਵਿੱਚ ਸੁੱਟ ਦਿੱਤਾ ਕਿਉੰਕਿ ਮੋਬਾਈਲ ਬੱਚਿਆਂ ਦੇ ਧਿਆਨ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ ਜਿਸ ਨਾਲ ਉਸ ਨੂੰ ਹੋਰ ਪਾਸੇ ਦੀ ਸੁਧ ਬੁੱਧ ਨਹੀਂ ਰਹਿੰਦੀ। ਕਹਾਣੀ ਇਮਾਨਦਾਰੀ ਦਾ ਇਨਾਮ ਵੀ ਚੰਗੀ ਭੂਮਿਕਾ ਨਿਭਾਉਣ ਦਾ ਕੰਮ ਕਰਦੀ ਹੈ। ਇਮਾਨਦਾਰ ਵਿਅਕਤੀ ਇਕ ਚੰਗੇ ਆਚਰਣ ਵਾਲਾ ਇਨਸਾਨ ਦਿਖਾਇਆ ਗਿਆ ਹੈ। ਕਹਾਣੀ ਵਿਚ ਖਿਡੌਣੇ ਵੇਚਣ ਵਾਲੇ ਬਿੱਲੂ ਨੂੰ ਚੰਗੇ ਸੰਸਕਾਰ ਹੋਣ ਕਾਰਨ ਇਸ ਦਾ ਗਾਹਕ ਵੱਲੋਂ ਇਨਾਮ ਵੀ ਮਿਲਦਾ ਹੈ।
          ਮੰਗਣ ਨਾਲੋਂ ਮਿਹਨਤ ਚੰਗੀ ਇਸ ਵਧੀਆ ਪਹਿਲੂ ਪੇਸ਼ ਕਰਦੀ ਹੈ। ਮੰਗਣਾ ਬਹੁਤ ਹੀ ਮਾੜੀ ਆਦਤ ਹੈ ਜਿਹੜੀ ਮਨੁੱਖ ਨੂੰ ਆਲਸੀ, ਬੇਈਮਾਨ, ਨਿਕਮਾਂ ਅਤੇ ਚੋਰ ਉੱਚਕਾ ਬਣਾ ਦਿੰਦੀ ਹੈ। ਕਹਾਣੀ ਵਿਚ ਮਕਾਨ ਮਾਲਕ ਵਲੋ ਨੰਦੂ ਨੂੰ ਭਿਖਿਆ ਦੀ ਥਾਂ ਸਿੱਖਿਆ ਦੇਣ ਦੀ ਗੱਲ ਕੀਤੀ ਗਈ ਹੈ। ਰੱਖੜੀ, ਦੀਵਾਲੀ, ਹੋਲੀ ਵਰਗੇ ਤਿਉਹਾਰਾਂ ਦੀਆਂ ਕਹਾਣੀਆਂ ਵੀ ਸ਼ਾਮਿਲ ਹਨ। ਭੈਣ ਭਰਾਵਾਂ ਦਾ ਤਿਉਹਾਰ ਰੱਖੜੀ ਇਕ ਅਹਿਮ ਪਲ ਹੁੰਦਾ ਹੈ। ਕਹਾਣੀ ਚਾਂਦੀ ਦੀ ਰੱਖੜੀ ਵਿਚ ਉਹ ਵੀ ਭੈਣਾਂ ਹੀ ਹੁੰਦੀਆਂ ਹਨ ਜਿਹੜੀਆਂ ਰਿਸ਼ਤੇ ਵਿੱਚ ਭਾਵ ਤਾਇਆ, ਚਾਚਾ, ਮਾਮਾ ਆਦਿ ਦੀਆਂ ਕੁੜੀਆਂ ਵੀ ਭੈਣਾਂ ਹੀ ਹੁੰਦੀਆਂ ਹਨ। ਕਹਾਣੀ ਨਵਾਂ ਨੌਂ ਦਿਨ ਪੁਰਾਣਾ ਸੌ ਦਿਨ ਵਿਚ ਆਧੁਨਿਕ ਵਰਤੋਂ ਵਾਲਿਆਂ ਚੀਜਾਂ ਦੀ ਥਾਂ ਪੁਰਾਣੀਆਂ ਚੀਜਾਂ ਦੀ ਅਹਿਮੀਅਤ ਦਰਸਾਈ ਗਈ ਹੈ। ਫਰਿਜ਼ ਦੀ ਥਾਂ ਘੜ੍ਹੇ ਦੇ ਪਾਣੀ ਪਹਿਲ ਦੇਣ ਦੀ ਲੋੜ ਹੈ। ਰੁੱਖ ਲਗਾਉਣ ਤੇ ਉਹਨਾਂ ਨਾਲ ਦੋਸਤੀ ਕਰਨ ਦੀਆਂ ਕਹਾਣੀਆਂ ਰੁੱਖ ਲਗਾਈਏ ਅਤੇ ਰੁੱਖ ਮੇਰਾ ਦੋਸਤ ਸ਼ਾਮਲ ਹਨ।
               ਪੁਸਤਕ ਵਿਚਲੀ ਉੱਨੀਵੀਂ ਕਹਾਣੀ ਹਨੇਰੇ ਤੋਂ ਬਾਅਦ ਚਾਨਣ ਵਿਚ ਸ਼ਿਵ ਦੀ ਨਸ਼ੇ ਦੀ ਆਦਤ ਦਾ ਜਿਕਰ ਕੀਤਾ ਗਿਆ ਹੈ। ਕਹਾਣੀ ਵਿਚ ਪਿਓ ਦਾ ਪ੍ਰਭਾਵ ਪੁੱਤਰ ਤੇ ਵੀ ਦਿਖਦਾ ਹੈ। ਕਰਨ ਨੂੰ ਪੁਲਿਸ ਵਲੋ ਨਸ਼ਿਆਂ ਨਾਲ ਪਕੜ  ਲਿਆ ਸੀ। ਫਿਰ ਦੋਵਾਂ ਪਿਓ ਪੁੱਤਰ ਵਲੋਂ ਨਸ਼ੇ ਦਾ ਤਿਆਗ ਕਰਨਾ, ਇਕ ਚੰਗਾ ਕਾਰਜ ਹੈ।
           ਪੁਸਤਕ ਵਿਚ ਹੋਰ ਕਹਾਣੀਆਂ ਚੰਗੀਆਂ ਕਿਤਾਬਾਂ ਤੇ ਚੰਗੀਆਂ ਆਦਤਾਂ, ਨਾਨੀ ਦੀ ਨਸੀਹਤ, ਬਲਤੇਜ ਦੀ ਕਿਆਰੀ, ਪ੍ਰਦੂਸ਼ਣ ਰਹਿਤ ਦੀਵਾਲੀ, ਚਿੰਟੂ ਦੀ ਬਹਾਦਰੀ, ਸਫਲਤਾ ਦਾ ਸੁਆਦ ਆਦਿ ਵੀ ਵਧੀਆ ਹਨ। ਵੈਸੇ ਸਾਰੀ ਪੁਸਤਕ ਹੀ ਚੰਗੀਆਂ ਆਦਤਾਂ, ਸੰਸਕਾਰ ਅਤੇ ਕਦਰਾਂ ਕੀਮਤਾਂ ਦੀ ਪੇਸ਼ਗੋਈ ਕਰਦੀ ਹੈ ਜਿਹੜੀ ਅੱਜ ਸਾਡੇ ਸਮਾਜ ਅਤੇ ਸੱਭਿਆਚਾਰ ਨੂੰ ਲੋੜ ਹੈ।
ਪੁਸਤਕ ਦਾ ਨਾਂ – ਚਿੰਕੀ ਦੀ ਚਾਕਲੇਟ (ਪ੍ਰੇਰਨਾਦਾਇਕ ਬਾਲ ਕਹਾਣੀਆਂ)
ਲੇਖਕ – ਹਰਿੰਦਰ ਸਿੰਘ ਗੋਗਨਾ
ਪੰਨੇ 64   ਕੀਮਤ  – 250/- ਰੁਪਏ
ਪ੍ਰਕਾਸ਼ਕ – ਨਵਰੰਗ ਪਬਲੀਕੇਸ਼ਨਜ਼, ਸਮਾਣਾ। 
ਸਾਬਕਾ ਏ ਐਸ ਪੀ (ਰਾਸ਼ਟਰਪਤੀ ਤੋਂ ਐਵਾਰਡ ਪ੍ਰਾਪਤ)
ਅਤੇ ਪ੍ਰਧਾਨ, ਲੇਖਕ ਪਾਠਕ ਸਾਹਿਤ ਸਭਾ ਰਜਿ. ਬਰਨਾਲਾ।
ਸੰਪਰਕ – 095010-00224
Previous articleਲੋਕ ਇਨਸਾਫ਼ ਮੰਚ ਵਲੋਂ ਡੇਰਾ ਮਈਆ ਭਗਵਾਨ ਦੇ ਸਾਹਮਣੇ ਗੰਦੇ ਪਾਣੀ ਦੀ ਨਿਕਾਸੀ ਦੇ ਹੱਲ ਲਈ ਬੀ ਡੀ ਪੀ ਓ ਦਫਤਰ ਫਿਲੌਰ ਵਿਖੇ ਪੱਕਾ ਧਰਨਾ ਛੇਵੇਂ ਦਿਨ ਜਨਰਲ ਮਜ਼ਦੂਰ ਯੂਨੀਅਨ ਤੇ ਭੱਠਾ ਮਜਦੂਰ ਵਰਕਰਜ ਯੂਨੀਅਨ ਵੱਲੋਂ ਧਰਨੇ ਦੀ ਹਿਮਾਇਤ ਕਰਨ ਦਾ ਐਲਾਨ।*
Next articleਵਿਧਾਇਕ ਕੋਟਲੀ ਨੇ ਵਿਧਾਨਸਭਾ ‘ਚ ਚੁੱਕਿਆ ਦਲਿਤ ਵਿਦਿਆਰਥੀਆਂ ਦੇ ਦਾਖ਼ਲੇ, ਫੀਸਾਂ ਤੇ ਸਕਾਲਰਸ਼ਿਪ ਦਾ ਮੁੱਦਾ