(ਸਮਾਜ ਵੀਕਲੀ) ਤੁਰਲੇ ਵਾਲੀ ਪੱਗ , ਕੁੜਤੇ ਚਾਦਰੇ ਅਤੇ ਨੋਕਾਂ ਵਾਲੀ ਜੁੱਤੀ ਪਾਕੇ ਅਖਾੜੇ ਲਾਉਣ ਵੇਲੇ ਦੇ ਜ਼ਮਾਨਿਆਂ ਵਿੱਚ , ਧੂਰੀ ਸ਼ਹਿਰ ਨੇੜਲੇ ਇੱਕ ਛੋਟੇ ਜਿਹੇ ਪਿੰਡ ਰਾਜਿੰਦਰਾ ਪੁਰੀ ( ਰੰਚਣਾ) ਵਿਖੇ , 01- 05 – 1955 ਨੂੰ ਪਿਤਾ ਸ਼੍ਰੀ ਗੌਰੀ ਸ਼ੰਕਰ ਜੀ ਦੇ ਘਰ ਅਤੇ ਮਾਤਾ ਯਸੋਧਾਂ ਜੀ ਦੀ ਕੁੱਖੋਂ ਇੱਕ ਬੱਚੇ ਨੇ ਜਨਮ ਲਿਆ, ਜਿਸਨੇ ਅਖਾੜਿਆਂ ਦੇ ਸ਼ਹਿਨਸ਼ਾਹ ਕਰਮਜੀਤ ਧੂਰੀ , ਗੁਰਦਿਆਲ ਨਿਰਮਾਣ ਅਤੇ ਗੀਤਕਾਰ ਹਰਨੇਕ ਸੋਹੀ ਵਰਗਿਆਂ ਨਾਲ ਮਿਲ ਕੇ ਧੂਰੀ ਸ਼ਹਿਰ ਦੇ ਨਾਂ ਨੂੰ ਬੁਲੰਦੀਆਂ ਤੇ ਪਹੁੰਚਾਇਆ , ਉਸ ਬੱਚੇ ਦਾ ਨਾ ਸੀ ਮੂਲ ਚੰਦ ਸ਼ਰਮਾ । ਸ਼੍ਰੀ ਮੂਲ ਚੰਦ ਸ਼ਰਮਾ ਜੀ ਨੇ ਵੱਡੇ ਹੋ ਕੇ ਆਪਣੇ ਸਮਕਾਲੀ ਗਾਇਕਾਂ ਲਈ ਗੀਤ ਲਿਖੇ ।
ਖੇਤੀਬਾੜੀ ਵਾਲੇ ਪਿਛੋਕੜ ਦੇ ਪਰਿਵਾਰ ਵਾਲੇ ਅਤੇ ਦੋ ਪੈਰ ਘੱਟ ਤੁਰਨਾ ਦਾ ਪੈਰੋਕਾਰ ,ਮੂਲਚੰਦ ਰੰਚਣਾ ਭਾਵੇਂ ਪੇਸ਼ੇਵਰ ਗੀਤਕਾਰ ਨਹੀਂ ਹੈ ਪ੍ਰੰਤੂ ਉਸਨੇ ਜੋ ਵੀ ਲਿਖਿਆ ਹੈ ਉਹ ਉੱਚਪਾਏ ਦਾ ਹੀ ਲਿਖਿਆ ਹੈ — ਸਾਨੂੰ ਤਪਸ਼ ਮਿਲੀ ਏ ਸੂਰਜ ਤੋਂ ,ਅਸੀਂ ਚੰਦਰਮਾ ਤੋਂ ਠੰਡ ਲਈ,
ਅਸੀਂ ਪੌਣ ਗੁਰੂ ਤੋਂ ਤੇਜੀ ਲੈ ,ਪਾਣੀ ਤੋਂ ਰਵਾਨੀ ਮੰਗ ਲਈ ।
ਪੰਜਾਬੀ ਮਾਂ ਬੋਲੀ ਵਾਰੇ ਉਸਦੇ ਇੱਕ ਗੀਤ ਦੀਆਂ ਸਤਰਾਂ ਹਨ —-
ਅਸੀਂ ਮਾਂ ਬੋਲੀ ਤੋਂ ਸਿੱਖੀ ਹੈ ਇੱਕ ਮਾਖਿਓਂ ਮਿੱਠੀ ਭਾਸ਼ਾ ਨੀ ,
ਜੋ ਸਾਡੇ ਦਰ ਤੇ ਆ ਜਾਵੇ, ਕਦੇ ਮੁੜਦਾ ਨਹੀਂ ਨਿਰਾਸ਼ਾ ਨੀ ।
ਸਮੇਂ ਦੇ ਜਿਨ੍ਹਾਂ ਫ਼ਨਕਾਰਾਂ ਨੇ ਮੂਲ ਚੰਦ ਦੇ ਗੀਤਾਂ ਨੂੰ ਆਪਣੀ ਮਾਖਿਓਂ ਮਿੱਠੀ ਆਵਾਜ਼ ਵਿੱਚ ਰਿਕਾਰਡ ਕਰਵਾ ਕੇ ਲੋਕਾਂ ਤੱਕ ਪਹੁੰਚਾਇਆ ਉਹਨਾ ਵਿੱਚ ਗੁਰਦਿਆਲ ਨਿਰਮਾਣ , ਲਵਲੀ ਨਿਰਮਾਣ ,ਕੇ ਐਸ ਪ੍ਰਦੇਸੀ ,ਨਿਰਮਲ ਕੌਰ ਨਿੰਮੀ , ਅਨੀਤਾ ਸਮਾਣਾ ,ਹਰਵਿੰਦਰ ਬੀਬਾ, ਤਰਸੇਮ ਸੇਮੀ ,ਪ੍ਰੋ: ਮਨਿੰਦਰਪ੍ਰੀਤ , ਬਲਜੀਤ ਬੱਲੀ , ਦੀਪੀ ਮਾਲਵਾ ,ਕਰਨੈਲ ਮਾਨ ,ਸੁਖਵਿੰਦਰ ਸੁੱਖੀ ,ਬਲਵਿੰਦਰ ਬੱਬੀ ,ਗੁਰਮੀਤ ਪ੍ਰੇਮੀ ,ਕੌਰ ਪੂਜਾ ਅਤੇ ਬਲਬੀਰ ਦਿਲਬਰ ਸ਼ਾਮਲ ਹਨ ।
ਕੁਲਦੀਪ ਮਾਣਕ ,ਕਰਨੈਲ ਗਿੱਲ ,ਜੱਸੀ ਲੌਂਗੋਵਾਲੀਆ ,ਦਰਸ਼ਨ ਫਰਵਾਹੀ, ਦਲਜੀਤ ਧਲੇਰੀਆ ਅਤੇ ਮੈਡਮ ਵੰਦਨਾ ਸਿੰਘ ਦੀ ਆਵਾਜ਼ ਵਿੱਚ ਭਾਵੇਂ ਇਹਨਾਂ ਦਾ ਕੋਈ ਗੀਤ ਰਿਕਾਰਡ ਤਾਂ ਨਹੀਂ ਹੋ ਸਕਿਆ ਪ੍ਰੰਤੂ ਇਹਨਾ ਗਾਇਕਾਂ ਨੇ ਸ਼ਰਮਾ ਜੀ ਦੇ ਗੀਤਾਂ ਨੂੰ ਸਟੇਜਾਂ ਤੇ ਖੂਬ ਗਇਆ ਹੈ ।
ਵਾਤਾਵਰਨ ਵਾਰੇ ਫ਼ਿਕਰਮੰਦ ਵਾਤਾਵਰਨ ਪ੍ਰੇਮੀ ਮੂਲ ਚੰਦ ਦੀ ਕਲਮ ਪੁਕਾਰਦੀ ਹੈ —-
ਪਹਿਲਾਂ ਟੋਭੇ ਸੁੱਕੇ , ਫਿਰ ਖੂਹ ਸੁੱਕ ਗਏ ,ਹੌਲੀ ਹੌਲੀ ਦਰੱਖਤ ਵੀ ਸੁੱਕ ਜਾਣਗੇ ,
ਸਾਡੇ ਜਿਉਣ ਦਾ ਢੰਗ ਜੇਕਰ ਇਹੋ ਰਿਹਾ ,ਇੱਥੋਂ ਪੀਣ ਦੇ ਪਾਣੀ ਵੀ ਮੁੱਕ ਜਾਣਗੇ ।
ਸ੍ਰੋਤਿਆਂ ਅਤੇ ਗਾਇਕਾਂ ਦੀ ਮੰਗ ਤੇ ਮੂਲ ਚੰਦ ਸ਼ਰਮਾ ਦੁਆਰਾ ਲਿਖੇ ਮਿਆਰੀ ਗੀਤਾਂ ਵਿੱਚ ਵਰਨਣਯੋਗ ਗੀਤਾਂ ਦੇ ਮੁਖੜੇ ਹਨ , ਕੀ ਕਿਹਾ ਸੀ ਬਾਬੇ ਨਾਨਕ ਨੇ , ਅਧੀਆ ਇੱਕ ਹੋਰ ਮੰਗਾਦੇ, ਹਾਣ ਦੀਏ ਮੁਟਿਆਰੇ, ਪੁੱਤ ਸਰਦਾਰਾਂ ਦਾ ,ਇੱਕ ਹੋਰ ਉਲਾਂਭਾ , ਕੀਮਾ ਮਲਕੀ , ਯਾਰੀ ਕੱਚੇ ਕੋਠਿਆਂ ਦੀ ,ਉਂਗਲਾਂ ਚੋਂ ਖੂਨ ਕੱਢ ਕੇ । ਮੂਲ ਚੰਦ ਜੀ ਦੀ ਕਲਮ ਚੋਂ ਨਿੱਕਲੇ ਕੁੱਲ 42 ਗੀਤ ਰਿਕਾਰਡ ਹੋਏ ਹਨ ।
ਨੌਵੀਂ ਜਮਾਤ ਵਿੱਚ ਪੜ੍ਹਦਿਆਂ ਗੀਤ ਲਿਖਣ ਦਾ ਸ਼ੁਰੂ ਹੋਇਆ ਇਹ ਸ਼ੌਕ ਅੱਜ ਵੀ ਜਾਰੀ ਹੈ ਪ੍ਰੰਤੂ ਉਮਰ ਉਮਰ ਦਾ ਤਕਾਜ਼ਾ ਹੁੰਦਾ ਹੈ । ਭਰ ਜਵਾਨੀ ਵੇਲੇ ਪਿਆਰਾਂ ਭਰੇ ਮਨੋਰੰਜਨ ਭਰਪੂਰ ਗੀਤ ਲਿਖਣ ਵਾਲੇ ਮੂਲ ਚੰਦ ਤੋਂ ਜਦੋਂ 10- 12 ਸਾਲਾਂ ਦੇ ਵਕਫੇ ਬਾਅਦ ਇੱਕ ਮਹਿਲਾ ਸਿੰਗਰ ਨਵੇਂ ਮਸਾਲੇਦਾਰ ਚੋਂਦੇ ਚੋਂਦੇ ਗੀਤ ਦੀ ਮੰਗ ਕਰਦੀ ਹੈ ਤਾਂ ਮੂਲ ਚੰਦ ਜੀ ਦਾ ਜਵਾਬ ਵਿੱਚ ਦਿੱਤਾ ਗੀਤ ਹੁੰਦਾ ਹੈ —
ਤੂੰ ਮੰਗਿਆ ਏ ਮੈਥੋਂ ਗੀਤ ਕੋਈ ,ਯਾਰਾਂ ਦੀ ਮਹਿਫਲ ਗਾਉਣ ਲਈ ,
ਮੈਂ ਲਿਖਦਾ ਹਾਂ ਕਵਿਤਾਵਾਂ ਹੁਣ , ਸੁੱਤੇ ਹੋਏ ਲੋਕ ਜਗਾਉਣ ਲਈ ।
ਅਤੇ ਉਸ ਗਾਇਕਾ ਨੇ ਇਹ ਗੀਤ ਵੀ ਲੋਕਾਂ ਦੀ ਕਰਾਰੇ ਗੀਤਾਂ ਦੀ ਫਰਮਾਇਸ਼ ਦੇ ਬਦਲ ਵਜੋਂ ਵਰਤਿਆ ਅਤੇ ਸਟੇਜਾਂ ਤੋਂ ਖੂਬ ਗਾਇਆ । ਗੀਤ ਦੇ ਬੋਲਾਂ ਕਾਰਨ ਇਹ ਗੀਤ ਸਰਾਹਿਆ ਵੀ ਬਹੁਤ ਗਿਆ । ਸਕੂਲ ਵਿੱਚ ਪੜ੍ਹਦਿਆਂ ਲਿਖੇ ਸਭ ਤੋਂ ਪਹਿਲੇ ਗੀਤ ਦੇ ਬੋਲ ਸਨ —
ਭੁੱਲ ਸਕਦੇ ਨਾ ਲੋਕੀਂ , ਨਾਨਕੀ ਦੇ ਵੀਰ ਨੂੰ —
ਦਸਵੀਂ ਪਾਸ ਕਰ ਲੈਣ ਤੋਂ ਬਾਅਦ ਰੁਜ਼ਗਾਰ ਦੇ ਕਾਬਲ ਹੋਣ ਲਈ ਮੂਲ ਚੰਦ ਜੀ ਨੇ ਨਾਭਾ ਡਰਾਇੰਗ ਸਕੂਲ ਤੋਂ ਡਰਾਇੰਗ ਮਾਸਟਰ ਦਾ ਡਿਪਲੋਮਾ ਕੀਤਾ । ਇਸ ਦੌਰਾਨ ਇਹਨਾਂ ਦਾ ਮੇਲ ਪ੍ਰਸਿੱਧ ਗਾਇਕ ਹਾਕਮ ਸੂਫ਼ੀ ਨਾਲ ਹੋਇਆ ਜਿਹੜਾ ਕਿ ਟਰੇਨਿੰਗ ਦੌਰਾਨ ਇਹਨਾਂ ਦਾ ਹਮ ਜਮਾਤੀ ਸੀ।
ਲੋਕਾਈ ਦੇ ਹਮਦਰਦ ,ਮੂਲ ਚੰਦ ਦੇ ਮਨ ਵਿੱਚ ਕੀ ਹੈ , ਆਓ ਦੇਖੀਏ —
ਯਾਰੋ ! ਮੈਂ ਇੱਕ ਜਗਦਾ ਦੀਵਾ ਹਾਂ,ਚਾਨਣ ਦੇ ਇਸ਼ਕ ਵਿੱਚ ਖੀਵਾ ਹਾਂ ,
ਜੇਕਰ ਤੇਲ ਮੁੱਕਣ ਨਾ ਦੇਵੋ ਮੈਂ ਨਹੀਂ ਹਰਾਂਗਾ ,
ਜਦੋਂ ਸੂਰਜ ਡੁੱਬਿਆ ਓਹਦੀ ਘਾਟ ਨੂੰ ਪੂਰਾ ਕਰਾਂਗਾ ।
ਰੁਲਦੂ ਰੰਚਣਾ ਵਾਲਾ ਜਾਂ ਰੁਲਦੂ ਬੱਕਰੀਆਂ ਵਾਲ਼ੇ ਨੂੰ ਇੱਕ ਪਾਤਰ ਵਜੋਂ ਪੇਸ਼ ਕਰਕੇ ਮੂਲ ਚੰਦ ਆਪਣੇ ਛੋਟੇ ਛੋਟੇ ਕਾਵਿ ਟੁਕੜਿਆਂ ਰਾਹੀਂ ਸਮਾਜਿਕ ਅਲਾਮਤਾਂ ‘ਤੇ ਕਟਾਖਸ਼ ਕਰਦਾ ਰਹਿੰਦਾ ਹੈ —
ਗੋਗੜਾਂ ਵਾਲੇ ਸਾਧ ਪਾਖੰਡੀ ,ਕਰਨ ਆਏ ਉਗਰਾਹੀ ,
ਬੋਰੀ ਨੂੰ ਹੱਥ ਲਾਕੇ ਆਖਣ ,ਭਗਤਾ ਦੇ ਛੱਡ ਆਹੀ ,
ਭੱਜਦਿਆਂ ਨੂੰ ਓਦੋਂ ਰਾਹ ਨਾ ਥਿਆਵੇ ,ਜਦ ਰੁਲਦੂ ਜੁੱਤੀ ਲਾਹੀ।
ਉਪਰੋਕਤ ਵਰਗੀਆਂ ਕੋਈ 50 ਕਾਵਿ ਟੁਕੜੀਆਂ ਨੂੰ ਮਾਸਟਰ ਕੁਲਵੰਤ ਖਨੌਰੀ ਨੇ ਗਾ ਕੇ ਰੀਲਾਂ ਬਣਾ ਰੱਖੀਆਂ ਹਨ ।
ਪੰਜਾਬੀ ਟ੍ਰਿਬਿਊਨ ਵਿੱਚ ਹਰ ਐਤਵਾਰ ਛਪਦੇ ਰਹੇ ਫੋਟੋ ਕੈਪਸਨ ਮੁਕਾਬਲੇ ਵਿੱਚੋਂ ਸਾਡਾ ਇਹ ਗੀਤਕਾਰ ਸੋਲਾਂ ਵਾਰ ਦਾ ਜੇਤੂ ਹੈ । ਸਾਹਿਤ੍ਯ ਕਲਮ ( ਲਾਈਵ ) ਦੀ ਪੰਜਾਬੀ ਇਕਾਈ ਦੇ ਲਾਈਵ ਪਰੋਗ੍ਰਾਮਾ ਦਾ ਸੰਚਾਲਕ ਵੀ ਰੰਚਣਾ ਵਾਲਾ ਰੁਲਦੂ ਖੁਦ ਆਪ ਹੈ । ਮੂਲ ਚੰਦ ਜੀ ਦੇ ਗੀਤ ਦੋ ਪੀਹੜੀਆਂ ਦੇ ਗਾਇਕਾਂ , ਸ਼੍ਰੀ ਗੁਰਦਿਆਲ ਨਿਰਮਾਣ ਅਤੇ ਨਿਰਮਾਣ ਜੀਆਂ ਦੇ ਬੇਟੇ ਲਵਲੀ ਨਿਰਮਾਣ ਨੇ ਵੀ ਗਾਏ ਹਨ । ਮੂਲ ਚੰਦ ਜੀ ਦੇ ਲਿਖੇ ਜ਼ਿਆਦਤਰ ਗੀਤ ਹੋਰਨਾਂ ਤੋਂ ਇਲਾਵਾ ਨਾਮੀ ਕੰਪਨੀਆਂ , ਐੱਚ ਐਮ ਵੀ ਅਤੇ ਮੈਕਸ ਨੇ ਰਿਕਾਰਡ ਕਰਵਾਏ ਹਨ । ਇਹਨਾ ਦੇ ਗੀਤਾਂ ਨੂੰ ਸੰਗੀਤ ਵੀ ਚਰਨਜੀਤ ਅਹੂਜਾ , ਕੇ ਐਸ ਨਰੂਲਾ,ਸੁਰਿੰਦਰ ਬਚਨ ਵਰਿੰਦਰ ਬਚਨ ,ਤੋਚੀ ਬਾਈ , ਕੇ ਪੰਨਾ ਲਾਲ ਹੋਰਾਂ ਨੇ ਦਿੱਤਾ ਹੈ ।
ਧਾਰਮਿਕ ਰੁਚੀਆਂ ਵਿੱਚ ਗੜੁੱਚ ਸੁੱਧ ਵੈਸ਼ਨੂੰ ਮੂਲ ਚੰਦ ਜੀ ਨੂੰ ਫ਼ਿਕਰ ਹੈ ਨਵੀਂ ਪੀਹੜੀ ਦਾ —
ਤੂੰ ਕਿਹੜੇ ਰਸਤੇ ਪੈ ਗਿਆ ਏਂ, ਕੇਹੀ ਸੰਗਤ ਦੇ ਵਿੱਚ ਬਹਿ ਗਿਆ ਏਂ ,ਜੇਕਰ ਸੱਚਾ ਸਿੱਖ ਕਹਾਉਣੈ ਤੂੰ, ਬਾਣੀ ਦੀ ਸਿੱਖਿਆ ਲੋਚ ਮਨਾਂ ,
ਕੀ ਕਿਹਾ ਸੀ ਬਾਬੇ ਨਾਨਕ ਨੇ ,ਕਦੇ ਕੱਲਾ ਬਹਿ ਕੇ ਸੋਚ ਮਨਾ।
ਉਪਰੋਕਤ ਗੀਤ ਪ੍ਰੋਫੈਸਰ ਮਨਿੰਦਰ ਪ੍ਰੀਤ ਸਿੰਘ ਦੀ ਆਵਾਜ਼ ਵਿੱਚ ਰਿਕਾਰਡ ਹੋਇਆ ਹੈ ।
ਕੇਂਦਰੀ ਪੰਜਾਬੀ ਲੇਖਕ ਸਭਾ ( ਰਜਿ 🙂 ਦੇ ਮੀਤ ਪ੍ਰਧਾਨ ,ਲੋਕ ਗਾਇਕ ਕਲਾ ਮੰਚ ਪੰਜਾਬ ਦੇ ਅਹੁਦੇਦਾਰ , ਸ਼੍ਰੀ ਮੂਲ ਚੰਦ ਜੀ ਸਾਹਿਤਿਕ ਗਤੀਵਿਧੀਆਂ ਵਿੱਚ ਵੀ ਸਰਗਰਮ ਭੂਮਿਕਾ ਨਿਭਾਉਂਦੇ ਹਨ । ਧੂਰੀ ਵਿਖੇ ਪੰਜਾਬੀ ਸਾਹਿਤ ਸਭਾ ਦੇ ਸੰਸਥਾਪਕ ਸ਼੍ਰੀ ਰਾਮ ਲਾਲ ਪ੍ਰੇਮੀ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਉਹ 2009 ਤੋਂ ਲਗਾਤਾਰ ਪੰਜਾਬੀ ਸਾਹਿਤ ਸਭਾ ਧੂਰੀ ਦੇ ਪ੍ਰਧਾਨ ਚਲੇ ਆ ਰਹੇ ਹਨ । ਇਹਨਾਂ ਦੀ ਅਗਵਾਈ ਵਿੱਚ , ਅਤੇ ਸ਼੍ਰੀ ਗੁਰਦਿਆਲ ਨਿਰਮਾਣ ਜੀ ਦੇ ਸਹਯੋਗ ਸਦਕਾ ਸਭਾ ਨੇ ਦਰਜ਼ਨਾਂ ਰੂਬਰੂ ਪ੍ਰੋਗਰਾਮ ਕਰਵਾਏ ਹਨ । ਇਹਨਾ ਦੀ 2014 ਵਿੱਚ ਛਪੀ ਕਵਿਤਾਵਾਂ ਦੀ ਕਿਤਾਬ ‘ ਪੱਥਰ ਤੇ ਲਕੀਰਾਂ ‘ ਸਾਹਿਤਕ ਹਲਕਿਆਂ ਵਿੱਚ ਬਹੁਤ ਮਕਬੂਲ ਹੋਈ ਅਤੇ ਇਸ ਪੁਸਤਕ ਦਾ ਦੂਜਾ ਸੰਸਕਰਣ 2025 ਮਈ ਵਿੱਚ ਆ ਚੁੱਕਿਆ ਹੈ l ਇਹ ਆਲ ਇੰਡੀਆ ਰੇਡੀਉ ਅਤੇ ਦੂਰਦਰਸ਼ਨ ਜਲੰਧਰ ਦੇ ਕਈ ਪ੍ਰੋਗਰਾਮਾ ਅਤੇ ਕਵੀ ਦਰਬਾਰਾਂ ਦਾ ਹਿੱਸਾ ਬਣ ਚੁੱਕੇ ਹਨ । ਅਣਗਿਣਤ ਮੌਕਿਆਂ ਤੇ ਸ਼ਰਮਾ ਜੀ ਦਾ ਸਨਮਾਨ ਹੋ ਚੁੱਕਿਆ ਹੈ ।
ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਿਆਂ ਮੂਲ ਚੰਦ ਜੀ ਇਲਾਕੇ ਵਿੱਚ ਨਵੀਆਂ ਸਾਹਿਤ ਸਭਾਵਾਂ ਦੀ ਸਥਾਪਨਾ ਵਿੱਚ ਆਪਣਾ ਯੋਗਦਾਨ ਪਾਉਦੇ ਰਹਿੰਦੇ ਹਨ ਜਿਨ੍ਹਾਂ ਵਿੱਚ ਸਾਹਿਤ ਸਿਰਜਣਾ ਮੰਚ ,ਭਵਾਨੀਗੜ੍ਹ ਅਤੇ ਲੇਖਕ ਪਾਠਕ ਕਲਾ ਮੰਚ , ਲੁਬਾਣਾ ਟੇਕੂ ( ਨਾਭਾ ) ਦੇ ਨਾਂ ਵਰਨਣਯੋਗ ਹਨ । ਨੌਜਵਾਨਾਂ ਨੂੰ ਸਾਹਿਤ ਨਾਲ ਜੋੜਨਾ ਮੂਲ ਚੰਦ ਸ਼ਰਮਾ ਜੀ ਦਾ ਮਕਸਦ ਹੈ ।
ਰੱਬ ਅੱਗੇ ਅਰਦਾਸ ਹੈ ਕਿ ਬਹੁਪੱਖੀ ਸਖਸ਼ੀਅਤ ਸ਼੍ਰੀ ਮੂਲ ਚੰਦ ਜੀ ਕਲਮ ਨਵੇਂ ਦਿਸਹੱਦੇ ਸਿਰਜਦੀ ਰਹੇ !
ਜਗਦੇਵ ਸ਼ਰਮਾ ਬੁਗਰਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



