(ਮਨਜੀਤ ਸਿੰਘ ਬੱਧਣ)
(ਸਮਾਜ ਵੀਕਲੀ) ਜੀਵਨ ਜਨਮ ਤੋਂ ਲੈ ਕੇ ਇਸ ਦੇ ਅੰਤ ਤੱਕ ਕਈ ਪ੍ਰਕਾਰ ਦੇ ਪੜਾਵਾਂ ਵਿੱਚੋਂ ਗੁਜ਼ਰਦਾ ਹੈ। ਜਨਮ ਅਤੇ ਮਰਨ ਦੇ ਇਲਾਵਾ ਭੁੱਖ, ਪਿਆਸ, ਦਰਦ, ਨੀਂਦ, ਸੰਤਾਨ ਉਤਪਤੀ ਆਦਿ ਇਸ ਸੰਸਾਰ ਵਿੱਚ ਆਏ ਹਰ ਇੱਕ ਜੀਵ ਦੇ ਸਾਂਝੇ ਗੁਣ ਹਨ। ਵਿਸ਼ਾਲ ਬੁੱਧੀ ਅਤੇ ਵਿਚਾਰਾਂ ਦੇ ਮੌਖਿਕ ਤੇ ਲਿਖਤੀ ਰੂਪਾਂ ਦੇ ਗੁਣ ਇਨਸਾਨ ਨੂੰ ਬਾਕੀ ਜਾਨਵਰਾਂ ਤੇ ਜੀਵਾਂ ਤੋਂ ਬਹੁਤ ਅੱਗੇ ਲੈ ਗਏ ਹਨ। ਸੁਪਨਾ ਇਕ ਅਜਿਹੀ ਅਵਸਥਾ ਹੈ ਜੋ ਹੋ ਸਕਦਾ ਹੈ ਮਨੁੱਖਾ ਵਾਂਗ ਹੋਰ ਜਾਨਵਰਾਂ ਵਿੱਚ ਵੀ ਹੋਵੇ। ਇਸ ਦਾ ਹਕੀਕਤ ਨਾਲ ਕੋਈ ਸੰਬੰਧ ਨਹੀਂ ਹੈ। ਇਸ ਦੇ ਉਲਟ ਕਲਪਨਾ ਇੱਕ ਅਜਿਹਾ ਖਿਆਲੀ ਝੂਠ ਹੈ ਜੋ ਕੁਝ ਇੱਕ ਉਦਮਾਂ ਨਾਲ ਸੱਚ ਹੋ ਸਕਣ ਦੀ ਸਮਰੱਥਾ ਰੱਖਦਾ ਹੈ।
ਮਨੁੱਖੀ ਗਿਆਨ ਦੀ ਕੋਈ ਸੀਮਾ ਨਹੀਂ ਹੈ। ਜੋ ਕੁਝ ਕਿਸੇ ਵੇਲੇ ਕਲਪਿਤ ਸੀ ਉਹ ਹੁਣ ਸਾਡੀਆਂ ਅੱਖਾਂ ਸਾਹਮਣੇ ਸਾਡੇ ਜੀਵਨ ਦਾ ਹਿੱਸਾ ਬਣ ਗਿਆ ਹੈ। ਆਦਿ ਮਾਨਵ ਸਮੇਂ ਵੀ ਕੁਦਰਤੀ ਤੌਰ ‘ਤੇ ਜੰਗਲਾਂ ਵਿੱਚ ਅੱਗ ਲੱਗ ਜਾਂਦੀ ਹੋਵੇਗੀ। ਅੱਗ ਨਾਲ ਸੜੀ ਹੋਈ ਬਨਸਪਤੀ ਜਾਂ ਮਾਸ ਨੂੰ ਖਾ ਕੇ ਆਦਿ ਮਾਨਵ ਨੂੰ ਅੱਗ ਦੇ ਪ੍ਰਕੋਪ ਦੇ ਨਾਲ-ਨਾਲ ਫਾਇਦੇ ਦੀ ਜਾਣਕਾਰੀ ਪ੍ਰਾਪਤ ਹੋ ਗਈ ਹੋਣੀ ਹੈ। ਪੱਥਰ ਜਾਂ ਸੁੱਕਿਆਂ ਲੱਕੜੀਆਂ ਰਗੜ ਕੇ ਅੱਗ ਬਾਲਣੀ ਸਿੱਖੀ ਅਤੇ ਇਹ ਅੱਗ ਸਾਡੇ ਦੇਸੀ ਚੁੱਲਿਆਂ ਤੋਂ ਹੁੰਦੀ ਹੋਈ ਅੱਜ ਰਸੋਈਆਂ ਵਿੱਚ ਗੈਸ ਸਿਲੰਡਰਾਂ ਰਾਹੀਂ ਸਾਡੇ ਜੀਵਨ ਦਾ ਆਧਾਰ ਬਣ ਚੁੱਕੀ ਹੈ। ਆਪਣੇ ਬੁੱਧੀ ਦੀ ਤਾਕਤ ਨਾਲ ਇਨਸਾਨ ਨੇ ਅਗਨੀ ਅਤੇ ਪ੍ਰਕਾਸ਼ ਦੇ ਹੋਰ ਵਿਕਲਪ ਵੀ ਪੈਦਾ ਕਰ ਲਏ ਹਨ। ਮੱਛੀਆਂ ਦੀ ਤਰ੍ਹਾਂ ਇਨਸਾਨ ਪਾਣੀਆਂ ਦਾ ਤਾਰੂ ਹੋ ਗਿਆ ਅਤੇ ਪੰਛੀਆਂ ਦੀ ਤਰ੍ਹਾਂ ਅਸਮਾਨਾਂ ਵਿੱਚ ਤਕਨੀਕ ਦੀ ਮਦਦ ਨਾਲ ਉੱਡਣਾ ਸਿੱਖ ਗਿਆ ਹੈ। ਇਹ ਸਭ ਕੁਝ ਵਿਗਿਆਨ ਦੇ ਗਿਆਨ ਨਾਲ ਸੰਭਵ ਹੋਇਆ ਹੈ। ਪੁਰਾਤਨ ਸਮੇਂ ਵਿੱਚ ਵੀ ਮਨੁੱਖ ਦੇ ਜੀਵਨ ਲਈ ਲੋੜੀਂਦੀਆਂ ਵਸਤੂਆਂ ਸੀਮਤ ਸਾਧਨਾਂ ਨਾਲ ਤਿਆਰ ਕੀਤੀਆਂ ਜਾਂਦੀਆਂ ਰਹੀਆਂ ਹਨ।
ਕਹਿੰਦੇ ਹਨ ਕਿਸੇ ਇਲਾਕੇ ਵਿੱਚ ਇੱਕ ਵੈਦ ਸੀ ਜੋ ਕਈ ਬਿਮਾਰੀਆਂ ਦਾ ਇਲਾਜ ਜੜੀ ਬੂਟੀਆਂ ਅਤੇ ਖਾਸ ਮਿਸ਼ਰਣ ਨਾਲ ਕਰ ਦਿੰਦਾ ਸੀ। ਉਸ ਇਲਾਕੇ ਵਿੱਚ ਇੱਕ ਅਜਿਹੀ ਬਿਮਾਰੀ ਫੈਲਣ ਲੱਗੇ ਜਿਸ ਨਾਲ ਮਨੁੱਖ ਦਾ ਗਲਾ ਘੁੱਟਿਆ ਜਾਣ ਲੱਗ ਪੈਂਦਾ, ਹੱਥ ਪੈਰ ਕੰਮ ਕਰਨਾ ਬੰਦ ਕਰ ਦਿੰਦੇ ਅਤੇ ਨਾ ਹੀ ਕੁਝ ਬੋਲ ਸਕਦਾ ਸੀ। ਉਸ ਵੈਦ ਨੇ ਇਸ ਬਿਮਾਰੀ ਦਾ ਨੁਸਖਾ ਤਿਆਰ ਕਰ ਲਿਆ। ਜਿਸ ਕਿਸੇ ਪਰਿਵਾਰ ਵਿੱਚ ਵੀ ਇਸ ਤਰ੍ਹਾਂ ਦੀ ਬਿਮਾਰੀ ਦਾ ਕੋਈ ਮਰੀਜ਼ ਹੁੰਦਾ ਤਾਂ ਉਹ ਜਲਦ ਤੋਂ ਜਲਦ ਉਸ ਵੈਦ ਕੋਲ ਪਹੁੰਚਦੇ ਅਤੇ ਉਹ ਮਨੁੱਖ ਦੋ-ਤਿੰਨ ਦਿਨਾਂ ਵਿੱਚ ਤੰਦਰੁਸਤ ਹੋ ਜਾਂਦਾ। ਉਸ ਵੈਦ ਦਾ ਚੰਗਾ ਨਾਮ ਹੋ ਗਿਆ ਤੇ ਆਮਦਨ ਵੀ ਵਧ ਗਈ। ਉਸ ਦੇ ਮਨ ਲਾਲਚੀ ਹੋ ਗਿਆ ਅਤੇ ਆਪਣੀ ਨੁਸਖਿਆਂ ਵਾਲੀ ਪੱਤਰੀ ਵਿੱਚੋਂ ਇਹ ਨੁਸਖਾ ਪੂਰੀ ਤਰਾਂ ਮਿਟਾ ਦਿੱਤਾ ਮਤਾਂ ਕਿਤੇ ਪੱਤਰੀ ਚੋਰੀ ਹੋਣ ਦੀ ਸਥਿਤੀ ਵਿੱਚ ਵੀ ਕੋਈ ਹੋਰ ਬੰਦਾ ਦਵਾਈ ਤਿਆਰ ਕਰਨਾ ਸਿੱਖ ਕੇ ਪੈਸੇ ਨਾ ਕਮਾਉਣ ਲੱਗ ਜਾਵੇ। ਕਰਨੀ ਰੱਬ ਦੀ ਉਸ ਵੈਦ ਨੂੰ ਵੀ ਓਹੀ ਬਿਮਾਰੀ ਹੋ ਗਈ। ਉਹ ਤਕਲੀਫ ਵਿੱਚ ਤੜਫਨ ਲੱਗਿਆ। ਉਸ ਦਾ ਪਰਿਵਾਰ ਕਈ ਤਰ੍ਹਾਂ ਦੀਆਂ ਜੜੀ-ਬੂਟੀਆਂ ਘੋਲ ਕੇ ਉਸ ਨੂੰ ਪਿਲਾਉਣ ਲੱਗਿਆ। ਬੋਲ ਉਹ ਸਕਦਾ ਨਹੀਂ ਸੀ ਤੇ ਨਾ ਹੀ ਲਿਖ ਹੇਵੇ। ਪਰਿਵਾਰ ਸਾਹਮਣੇ ਹੀ ਤੜਫ-ਤੜਫ ਕੇ ਉਹ ਦਮ ਤੋੜ ਜਾਂਦਾ ਹੈ। ਜੇਕਰ ਉਸ ਵੈਦ ਨੇ ਆਪਣਾ ਇਹ ਗਿਆਨ ਕਿਤਾਬਾਂ ਵਿੱਚ ਲਿਖ ਦਿੱਤਾ ਹੁੰਦਾ ਜਾਂ ਆਪਣੇ ਕਿਸੇ ਸ਼ਾਗਿਰਦ ਨੂੰ ਸਿਖਾ ਦਿੱਤਾ ਹੁੰਦਾ ਤਾਂ ਗਿਆਨ ਦਾ ਵਿਸਥਾਰ ਹੋ ਜਾਂਦਾ ਅਤੇ ਭਵਿੱਖ ਵਿੱਚ ਕਈਆਂ ਦਾ ਭਲਾ ਹੋ ਸਕਦਾ ਸੀ। ਪੱਛਮੀ ਸਾਹਿਤਕਾਰ ਰਾਬਰਟ ਲੂਈਸ ਸਟੀਵਸਨ ਦਾ ਦਾ ਕਥਨ ਹੈ ਕਿ ਉਹ ਆਪਣੇ ਕੋਲ ਹਮੇਸ਼ਾ ਦੋ ਕਿਤਾਬਾਂ ਰੱਖਦਾ ਹੈ ਇਕ ਪੜ੍ਹਨ ਲਈ ਅਤੇ ਦੂਸਰੀ ਲਿਖਣ ਲਈ।
ਇੱਥੇ ਇਹ ਵੀ ਵਿਚਾਰ਼ ਸਪੱਸ਼ਟ ਹੁੰਦਾ ਹੈ ਕਿ ਗੁਰੂ ਰਾਹੀਂ ਗਿਆਨ ਪ੍ਰਾਪਤ ਹੁੰਦਾ ਹੈ ਚਾਹੇ ਪ੍ਰਤੱਖ ਹੋਵੇ ਜਾਂ ਗੁਰੂ ਦੁਆਰਾ ਕਲਮਬੱਧ ਕੀਤਾ ਹੋਵੇ। ਗੁਰਬਾਣੀ ਵਿੱਚ ਲਿਖਿਆ ਗਿਆ ਹੈ:-
ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ॥
ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ ॥
ਭਾਰਤੀ ਸੱਭਿਆਚਾਰ ਵਿੱਚ ਗੁਰੂ ਨੂੰ ਬਹੁਤ ਮਹਾਨਤਾ ਦਿੱਤੀ ਗਈ ਹੈ। ਵਿਦਿਅਕ ਸੰਸਥਾਵਾਂ ਵਿੱਚ ਗਿਆਨ ਦੇਣ ਵਾਲੇ ਅਧਿਆਪਕ ਭਾਰਤੀ ਸੰਸਕ੍ਰਿਤੀ ਵਿੱਚ ਗੁਰੂ ਅਖਵਾਉਂਦੇ ਹਨ। ਵਿਦਿਆਰਥੀ ਜੀਵਨ ਵਿੱਚ ਅਧਿਆਪਕਾਂ ਨੇ ਵੀ ਆਪਣੇ ਅਧਿਆਪਕਾਂ ਅਤੇ ਪ੍ਰੋਫੈਸਰ ਸਾਹਿਬਾਨ ਤੋਂ ਗਿਆਨ ਲਿਆ ਹੁੰਦਾ ਹੈ ਅਤੇ ਕਿਤਾਬਾਂ ਪੜ੍ਹੀਆਂ ਹੁੰਦੀਆਂ ਹਨ। ਇਸ ਤੋਂ ਬਾਅਦ ਸਕੂਲ ਕਾਲਜਾਂ ਵਿੱਚ ਆਪਣੇ ਤਜਰਬੇ ਤੇ ਕਿਤਾਬਾਂ ਰਾਹੀਂ ਇਹ ਗਿਆਨ ਵਿਦਿਆਰਥੀਆਂ ਨੂੰ ਦੇਣਾ ਹੁੰਦਾ ਹੈ। ਹੱਸਣਾ, ਖੇਡਣਾ, ਘੁੰਮਣਾ, ਮੌਜ-ਮਸਤੀ ਆਦਿ ਬੱਚਿਆਂ ਦੇ ਸੁਭਾਵਿਕ ਗੁਣ ਹੁੰਦੇ ਹਨ। ਬੱਚੇ ਦੇ ਸਰਬ-ਪੱਖੀ ਵਿਕਾਸ ਲਈ ਇਹ ਜਰੂਰੀ ਵੀ ਹਨ। ਗਰਮੀਆਂ ਜਾਂ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਬੱਚੇ ਜੀਵਨ ਦਾ ਭਰਪੂਰ ਆਨੰਦ ਲੈਣ ਦੀ ਕੋਸ਼ਿਸ਼ ਕਰਦੇ ਹਨ ਪਰ ਚੰਗੇ ਭਵਿੱਖ ਲਈ ਸਕੂਲ ਜਾਣਾ, ਕਿਤਾਬਾਂ ਪੜ੍ਹਨੀਆਂ, ਗਿਆਨ ਹਾਸਲ ਕਰਨਾ, ਖੇਡਾਂ ਵਿੱਚ ਵੀ ਭਾਗ ਲੈਣਾ ਵਿਦਿਆਰਥੀ ਲਈ ਬਹੁਤ ਜਰੂਰੀ ਹੁੰਦੇ ਹਨ।
ਛੁੱਟੀਆਂ ਤੋਂ ਬਾਅਦ ਸਕੂਲ ਖੁੱਲ ਰਹੇ ਹਨ। ਵਿਦਿਆਰਥੀਆਂ ਨੂੰ ਪੂਰੇ ਚਾਅ ਨਾਲ ਸਕੂਲ ਜਾਣਾ ਚਾਹੀਦਾ ਹੈ। ਸਕੂਲ ਆਪਣੇ ਵਿਦਿਆਰਥੀਆਂ ਦੇ ਰਾਹ ਤੱਕ ਰਹੇ ਹਨ। ਵਿਦਿਆਰਥੀ ਹਨ ਤਾਂ ਸਕੂਲ ਦੇ ਹੋਂਦ ਹੈ। ਸਕੂਲ ਇੱਕ ਅਜਿਹਾ ਸਮਾਜਿਕ ਦਾਇਰਾ ਹੈ ਜਿੱਥੇ ਵਿਦਿਆਰਥੀ ਆਪਣੇ ਹਮ ਉਮਰ ਸਾਥੀਆਂ ਦੇ ਨਾਲ-ਨਾਲ ਛੋਟੀ ਅਤੇ ਵੱਡੀ ਉਮਰ ਦੇ ਵਿਦਿਆਰਥੀਆਂ ਵਿੱਚ ਰਹਿਣਾ ਸਿੱਖਦੇ ਹਨ। ਉਹਨਾਂ ਦੇ ਮਾਤਾ-ਪਿਤਾ ਜਾਂ ਵੱਡੇ ਭੈਣ-ਭਰਾ ਦੀ ਉਮਰ ਦੇ ਅਧਿਆਪਕ, ਅਧਿਆਪਕਾਵਾਂ ਅਤੇ ਹੋਰ ਕਰਮਚਾਰੀ ਹੁੰਦੇ ਹਨ। ਸਕੂਲ ਵਿੱਚ ਵਿਚਰਦਿਆਂ ਜਿੱਥੇ ਉਹ ਵਿਹਾਰਿਕ ਸਿੱਖਿਆ ਗ੍ਰਹਿਣ ਕਰਦੇ ਹਨ ਉੱਥੇ ਉਹ ਨੈਤਿਕਤਾ ਵੀ ਸਿੱਖਦੇ ਹਨ । ਇਸੇ ਤਰਾਂ ਪਾਠਕ੍ਰਮ ਦੀਆਂ ਪੁਸਤਕਾਂ ਵਿਹਾਰਕ ਸਿੱਖਿਆ ਪ੍ਰਦਾਨ ਕਰਦੀਆਂ ਹਨ ਅਤੇ ਪੁਸਤਕਾਲਾ ਦੀਆਂ ਪੁਸਤਕਾਂ ਵਿਸਤ੍ਰਿਤ ਗਿਆਨ ਪ੍ਰਦਾਨ ਕਰਨ ਲਈ ਉਪਲਬਧ ਹਨ। ਵਿੱਦਿਆ ਪ੍ਰਾਪਤ ਕਰ ਕੇ ਅਸੀਂ ਸਨਮਾਨ ਯੋਗ ਸਥਾਨ ‘ਤੇ ਪਹੁੰਚ ਕੇ ਆਪਣੇ ਦੇਸ਼ ਦੇ ਜਿੰਮੇਵਾਰ ਨਾਗਰਿਕ ਬਣ ਸਕਦੇ ਹਾਂ। ਇਸ ਲਈ ਆਓ, ਸਕੂਲ ਖੁੱਲ੍ਹੇ ਕਿਤਾਬਾਂ ਖੋਲ੍ਹੀਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



