(ਸਮਾਜ ਵੀਕਲੀ) ਕ੍ਰਿਸ਼ਨ ਚੰਦਰ ਸਰਕਾਰੀ ਸਕੂਲ ਵਿੱਚ ਹਿੰਦੀ ਮਾਸਟਰ ਲੱਗਾ ਸੀ। ਯੂਨੀਵਰਸਿਟੀ ਪੜ੍ਹਦਿਆਂ ਉਹ ਮਾਰਕਸਵਾਦੀ ਵਿਚਾਰਧਾਰਾ ਦਾ ਧਾਰਨੀ ਸੀ। ਮੁੱਢ ਤੋਂ ਹੀ ਉਹ ਸਮਾਜਿਕ ਅਲਾਮਤਾਂ ਵਿਰੁੱਧ ਅਖ਼ਬਾਰਾਂ ਅਤੇ ਰਿਸਾਲਿਆਂ ਵਿੱਚ ਅਕਸਰ ਲੇਖ ਲਿਖਦਾ ਰਹਿੰਦਾ ਸੀ। ਉਹ ਵੱਖ-ਵੱਖ ਸੈਮੀਨਾਰਾਂ, ਸਾਹਿਤਕ ਸਮਾਗਮਾਂ ਅਤੇ ਹੋਰ ਸਮਾਜਿਕ, ਧਾਰਮਿਕ, ਵਿੱਦਿਅਕ ਅਦਾਰਿਆਂ ਵਿੱਚ ਮਾਰਕਸਵਾਦੀ ਵਿਚਾਰਧਾਰਾ ਨੂੰ ਪ੍ਰਣਾਏ ਵਿਚਾਰ ਪਰਗਟ ਕਰਦਾ ਰਹਿੰਦਾ ਸੀ। ਉਸ ਦਾ ਗੱਲਬਾਤ ਕਰਨ ਦਾ ਢੰਗ ਬੜਾ ਹੀ ਪ੍ਰਭਾਵਸ਼ਾਲੀ, ਆਕਰਸ਼ਕ ਅਤੇ ਖਿੱਚ-ਭਰਪੂਰ ਸੀ। ਉਸ ਦੇ ਅਗਾਂਹਵਧੂ ਵਿਚਾਰਾਂ ਕਾਰਨ ਆਮ ਲੋਕਾਂ ਵਿੱਚ ਉਸ ਦੀ ਵਾਹਵਾ ਭੱਲ ਬਣੀ ਹੋਈ ਸੀ। ਭਾਵੇਂ ਉਹ ਉੱਚਕੋਟੀ ਦਾ ਪੜ੍ਹਿਆ ਗੁੜ੍ਹਿਆ ਉੱਚਕੋਟੀ ਦਾ ਵਿਦਵਾਨ ਸੀ। ਪਰੰਤੂ ਉਸ ਦਾ ਖਾਣ-ਪੀਣ, ਪਹਿਨਣ-ਪਚਰਣ, ਰਹਿਣ-ਸਹਿਣ ਬਹੁਤ ਸਧਾਰਨ ਸੀ। ਉਹ ਸਾਂਵਲੇ ਜਿਹੇ ਰੰਗ ਦਾ, ਇਕਹਿਰੇ ਸਰੀਰ ਦਾ, ਲੰਮਾ ਪਤਲਾ ਛੀਂਟਕਾ ਜਿਹਾ ਗੱਭਰੂ ਬਹੁਤ ਹੀ ਸਧਾਰਨ ਸ਼ਖ਼ਸੀਅਤ ਦਾ ਮਾਲਕ ਸੀ।
ਪਿਛਲੇ ਸਾਲ ਹੀ ਉਸ ਦਾ ਵਿਆਹ ਰਾਧਾ ਰਾਣੀ ਨਾਲ਼ ਹੋਇਆ ਸੀ। ਰਾਧਾ ਸੋਹਣੀ ਸੁਨੱਖੀ ਹਿਰਨੋਟੀ ਅੱਖਾਂ ਵਾਲ਼ੀ, ਪਤਲੀ ਪਤੰਗ ਵਰਗੀ, ਮਲੂਕ ਜਿਹੀ ਪਿਆਰੀ ਮੁਟਿਆਰ ਹੈ। ਉਸ ਦੀ ਬੋਤਲ ਵਰਗੀ ਫਿੱਗਰ, ਸੁਰਾਹੀਦਾਰ ਗਰਦਨ, ਕਮਰ ਇੰਨੀਂ ਪਤਲੀ ਕਿ ਦੋਵਾਂ ਹੱਥਾਂ ਵਿੱਚ ਆ ਜਾਏ। ਉਹ ਚੰਗੇ ਸੰਸਕਾਰਾਂ ਵਿੱਚ ਪਲੀ਼ ਰੱਜੇ ਪੁੱਜੇ ਗੋਇਲ ਖ਼ਾਨਦਾਨ ਦੀ ਇਕਲੌਤੀ ਧੀ ਸੀ। ਉਹਦਾ ਡੈਡੀ ਬਾਬੂ ਹੇਮ ਰਾਜ ਗੋਇਲ ਸ਼ਹਿਰ ਦੀ ਮੰਨੀ-ਪਰਮੰਨੀ ਸ਼ਖ਼ਸੀਅਤ ਸੀ। ਭਾਵੇਂ ਉਹਦੇ ਮਾਪੇ ਆਪਣੇ ਸਮਾਜਿਕ ਰੁਤਬੇ ਅਨੁਸਾਰ ਧੀ ਦੇ ਵਿਆਹ ਉੱਤੇ ਬਹੁਤ ਸਾਰਾ ਦਾਜ ਦਹੇਜ ਦੇ ਰਹੇ ਸਨ। ਪਰੰਤੂ ਆਪਣੀ ਕਾਮਰੇਡੀ ਸੋਚ ਅਨੁਸਾਰ ਉਸ ਨੇ ਬਿਲਕੁਲ ਸਾਦੇ ਢੰਗ ਨਾਲ਼ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ ਸਨ। ਉਸ ਨੇ ਕਿਸੇ ਵੀ ਦਾਜ ਦਹੇਜ ਤੋਂ ਬਗ਼ੈਰ ਹੀ ਵਹੁਟੀ ਨੂੰ ਵਿਆਹ ਕੇ ਘਰ ਲੈ ਆਂਦਾ ਸੀ। ਉਸ ਦੇ ਆਪਣੇ ਘਰ ਵਿੱਚ ਭਾਵੇਂ ਸੁੱਖ ਸਹੂਲਤ ਲਈ ਕਾਫ਼ੀ ਕੁਝ ਸੀ। ਪਰੰਤੂ ਫ਼ੇਰ ਵੀ ਵਹੁਟੀ ਦੇ ਪੇਕੇ ਘਰ ਵਾਲ਼ੀ ਠਾਠ ਇੱਥੇ ਬਿਲਕੁੱਲ ਨਹੀਂ ਸੀ। ਚੰਗੇ ਸੰਸਕਾਰਾਂ ਵਿੱਚ ਪਲੀ਼ ਉਸ ਦੀ ਵਹੁਟੀ ਘਰ ਵਿੱਚ ਹਰ ਵੇਲੇ ਹਸੂੰ-ਹਸੂੰ ਕਰਦੀ ਰਹਿੰਦੀ ਸੀ। ਜਿਸ ਕਰਕੇ ਉਹਦੇ ਸੱਸ ਸਹੁਰਾ, ਕੁਆਰੀ ਨਣਦ ਮੀਰਾ ਅਤੇ ਮਾਸਟਰ ਜੀ ਬਹੁਤ ਖ਼ੁਸ਼ ਸਨ।
ਮਾਸਟਰ ਜੀ ਦੀ ਵਿਚਾਰਧਾਰਾ ਭਾਵੇਂ ਬਹੁਤ ਉੱਚੀ ਅਤੇ ਸੱਚੀ-ਸੁੱਚੀ ਸੀ। ਪਰੰਤੂ ਉਸ ਦੇ ਸੁਭਾਅ ਵਿੱਚ ਬੜਾ ਵੱਡਾ ਇੱਕ ਔਗੁਣ ਵੀ ਸੀ। ਉਹ ਜਦੋਂ ਵੀ ਬਾਹਰੋਂ ਕਿਸੇ ਗੱਲੋਂ ਅੱਕਿਆ ਥੱਕਿਆ ਘਰ ਵੜ੍ਹਦਾ ਤਾਂ ਬਾਹਰ ਦਾ ਗੁੱਸਾ ਉਹ ਵਹੁਟੀ ਉੱਤੇ ਕੱਢਦਾ ਸੀ। ਅਕਸਰ ਉਹ ਉਸ ਨੂੰ ਬੁਰਾ ਭਲਾ ਬੋਲ ਦਿੰਦਾ ਸੀ। ਪਰੰਤੂ ਸ਼ਾਂਤ ਅਤੇ ਨਿੱਘੇ ਸੁਭਾਅ ਦੀ ਰਾਧਾ ਉਸ ਦੀਆਂ ਕਹੀਆਂ ਕੌੜੀਆਂ ਗੱਲਾਂ ਨੂੰ ਹਮੇਸ਼ਾ ਆਈ ਗਈ ਕਰ ਦਿੰਦੀ ਸੀ। ਤੇ ਬਿਲਕੁਲ ਸ਼ਾਂਤ ਰਹਿੰਦੀ ਸੀ। ਜਿਸ ਨਾਲ਼ ਮਾਸਟਰ ਜੀ ਦੇ ਕੁਰੱਖਤ ਸੁਭਾਅ ਕਾਰਨ ਵੀ ਘਰ ਵਿੱਚ ਸੁੱਖ ਸ਼ਾਂਤੀ ਬਣੀ ਹੋਈ ਸੀ। ਪਰੰਤੂ ਉਹ ਪਤੀ ਦੀਆਂ ਗੁੱਸੇ ਅਤੇ ਬੇਰੁਖ਼ੀ ਨਾਲ਼ ਕਹੀਆਂ ਗੱਲਾਂ ਨੂੰ ਆਪਣੇ ਹਿਰਦੇ ਦੇ ਕਿਸੇ ਖੂੰਜੇ ਵਿੱਚ ਟਿਕਾਅ ਲੈਂਦੀ ਸੀ। ਉਨ੍ਹਾਂ ਗੱਲਾਂ ਨੂੰ ਵਾਰ-ਵਾਰ ਸੋਚਦੀ ਰਹਿਣ ਕਾਰਨ ਹੌਲ਼ੀ-ਹੌਲ਼ੀ ਉਸ ਦੀ ਸਿਹਤ, ਰੰਗ-ਰੂਪ ਅਤੇ ਸੁਹੱਪਣ ਘਟਣ ਲੱਗ ਪਿਆ ਸੀ। ਪਰੰਤੂ ਸੰਸਕਾਰਾਂ ਵਿੱਚ ਪਲੀ਼ ਪਤਨੀ ਨੇ ਪਤੀ ਦੀ ਇਸ ਆਦਤ ਦੀ ਭਾਫ਼ ਵੀ ਆਪਣੇ ਪੇਕਿਆਂ ਤੱਕ ਨਹੀਂ ਸੀ ਜਾਣ ਦਿੱਤੀ।
ਅੱਜ ਫ਼ੇਰ ਉਹ ਬਾਹਰੋਂ ਕਿਸੇ ਗੱਲੋਂ ਤਪਿਆ ਹੋਇਆ ਘਰ ਵੜ੍ਹਿਆ ਸੀ। ਘਰ ਵੜ੍ਹਦੇ ਨੂੰ ਹੀ ਵਹੁਟੀ ਨੇ ਉਹਦੇ ਵੱਲ ਮੁਸਕੁਰਾ ਕੇ ਵੇਖਿਆ। ਪਾਣੀ ਦਾ ਗ਼ਿਲਾਸ ਭਰਿਆ ਅਤੇ ਬੋਲੀ –
“ਆ ਗਈ ਮੇਰੀ ਮੋਤੀਆਂ ਵਾਲ਼ੀ ਸਰਕਾਰ! ਲਉ ਜੀ! ਠੰਢਾ ਪਾਣੀ ਪੀਉ ਜੀ।” ਪਤਨੀ ਦੇ ਹੱਥ ਵਿੱਚ ਪਾਣੀ ਦਾ ਭਰਿਆ ਗ਼ਿਲਾਸ ਵੇਖ ਕੇ ਉਹ ਇੱਕ ਦਮ ਭੜਕ ਪਿਆ- “ਕੀ ਕਰਾਂ ਮੈਂ ਇਹਨੂੰ? ਮੇਰੇ ਸਿਰ ‘ਚ ਪਾ ਦੇ।”
ਪਤੀ ਦੀਆਂ ਗੁੱਸੇ ਵਿੱਚ ਕਹੀਆਂ ਗੱਲਾਂ ਸੁਣ ਕੇ ਉਹ ਇੱਕਦਮ ਠਠੰਬਰ ਗਈ ਸੀ। ਕੌੜੇ ਕੁਸੈਲੇ ਬੋਲ ਸੁਣ ਕੇ ਉਹਨੂੰ ਬਹੁਤ ਬੁਰਾ ਲੱਗਿਆ ਸੀ। ਇੱਕ ਵਾਰ ਤਾਂ ਉਹ ਧੁਰ ਅੰਦਰ ਤੱਕ ਕੰਬ ਗਈ ਸੀ। ਪਰੰਤੂ ਉਸੇ ਪਲ ਉਸ ਦੇ ਮਨ ਨੇ ਪਲਟਾ ਖਾਧਾ। ਚਿਹਰੇ ਉੱਤੇ ਮੁਸਕੁਰਾਹਟ ਲਿਆ ਕੇ ਪੂਰੇ ਹੌਂਸਲੇ ਨਾਲ਼ ਬੋਲੀ-
“ਮਾਸਟਰ ਜੀ! ਸੋਹਣੇ ਤਾਂ ਤੁਸੀਂ ਪਹਿਲਾਂ ਈਂ ਬਹੁਤ ਓਂ। ਪਰੰਤੂ ਗੁੱਸੇ ਵਿੱਚ ਬੋਲਦੇ ਹੋਏ ਤਾਂ ਤੁਸੀਂ ਹੋਰ ਵੀ ਜ਼ਿਆਦਾ ਸੋਹਣੇ ਲੱਗਦੇ ਓਂ। ਤੁਸੀਂ ਏਸ ਤਰ੍ਹਾਂ ਹੀ ਬੋਲਿਆ ਕਰੋ। ਕਿਉਂਕਿ ਏਸ ਤਰ੍ਹਾਂ ਬੋਲਦੇ ਹੋਏ ਤੁਸੀਂ ਮੈਨੂੰ ਬਹੁਤੇ ਈ ਪਿਆਰੇ ਲੱਗਦੇ ਓਂ। ਤੇ ਏਸ ਤਰ੍ਹਾਂ ਗੁੱਸੇ ਵਿੱਚ ਵੇਖ ਕੇ ਮੈਨੂੰ ਤੁਹਾਡੇ ਉੱਤੇ ਬਹੁਤਾ ਈ ਪਿਆਰ ਆਉਂਦੈ।” ਪਤਾ ਤਾਂ ਮਾਸਟਰ ਜੀ ਨੂੰ ਵੀ ਸੀ ਕਿ ਉਹ ਕਿੰਨਾਂ ਕੁ ਸੋਹਣਾ ਸੁਨੱਖਾ ਹੈ? ਸੰਸਕਾਰੀ ਪਤਨੀ ਦੀਆਂ ਸਹਿਜਤਾ ਅਤੇ ਪਿਆਰ ਨਾਲ਼ ਕਹੀਆਂ ਗੱਲਾਂ ਉਸ ਦੇ ਦਿਲ ਉੱਤੇ ਆ ਲੱਗੀਆਂ। ਇੱਕ ਵਾਰੀ ਤਾਂ ਉਸ ਨੂੰ ਬਹੁਤ ਸ਼ਰਮ ਆਈ। ਉਸ ਨੇ ਉਸੇ ਵੇਲੇ ਆਪਣੀ ਗ਼ਲਤੀ ਨੂੰ ਮੰਨਿਆਂ। ਤੇ ਉਸ ਨੇ ਹੰਝੂਆਂ ਨਾਲ਼ ਭਰੀਆਂ ਅੱਖਾਂ ਨਾਲ਼ ਰਾਧਾ ਦੀਆਂ ਅੱਖਾਂ ਵਿੱਚ ਤੱਕਿਆ। ਅੱਗੇ ਵਧ ਕੇ ਉਸ ਨੇ ਵਹੁਟੀ ਨੂੰ ਆਪਣੀਆਂ ਬਾਹਵਾਂ ਵਿੱਚ ਘੁੱਟ ਲਿਆ। ਪਤੀ ਦੀਆਂ ਅੱਖਾਂ ਵਿੱਚ ਪਛਤਾਵੇ ਦੇ ਹੰਝੂ ਦੇਖ ਕੇ ਉਸ ਦੀਆਂ ਅੱਖਾਂ ਵੀ ਛਲਕ ਪਈਆਂ।
ਡਾ. ਇਕਬਾਲ ਸਿੰਘ ਸਕਰੌਦੀ।
06, ਥਲੇਸ ਬਾਗ਼ ਕਲੋਨੀ, ਨਾਭਾ ਗੇਟ ਬਾਹਰ ਸੰਗਰੂਰ।
08427685020.
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



