HOME ਮਿੰਨੀ ਕਹਾਣੀ * ਮੋਢਾ *

ਮਿੰਨੀ ਕਹਾਣੀ * ਮੋਢਾ *

ਰਣਜੀਤ ਆਜ਼ਾਦ ਕਾਂਝਲਾ 
    (ਸਮਾਜ ਵੀਕਲੀ)    ਦੁੱਖਾਂ ਭਰੀ ਜ਼ਿੰਦਗੀ ਗੁਜ਼ਾਰ ਧੰਨੀ ਮਾਂ ਅਖੀਰ ਰੱਬ ਨੂੰ ਪਿਆਰੀ ਹੋ ਗਈ। ਕਿੰਨੇ ਦੁੱਖ ਮੁਸੀਬਤਾਂ ਤੇ ਜ਼ਿੰਦਗੀ ਦੀਆਂ ਹੋਰ ਅਨੇਕਾਂ ਕਠਨਾਈਆਂ ਝੱਲ ਅਪਣੇ ਛੋਟੇ ਛੋਟੇ ਪੁੱਤਰ – ਧੀਆਂ ਨੂੰ ਪਾਲ ਪਲੋਸ ਵੱਡਿਆਂ ਕੀਤਾ । ਪਹਿਲੀ ਉਮਰੇ ਸਿਰ ਦੇ ਸਾਈਂ ਦਾ ਚਲੇ ਜਾਣਾ ਤੇ ਉਸ ਨੇ ਕਾਲਾ ਬੈਲ ਬਣ ਖੇਤ ਵਿਚ ਖੁਦ ਖੇਤੀਬਾੜੀ ਦਾ ਕੰਮ ਕਰਦੀ ਕਰਦੀ ਕਦੇ ਨਾ ਥੱਕਦੀ ਕਿ ਮੇਰੇ ਸਰਬਨ, ਦੀਪੇ ਹੁਰੀਂ ਜਵਾਨ ਹੋਏ ਕਿ ਹੋਏ। ਇਹਨਾਂ ਆਸਾਂ ਨਾਲ ਉਹ ਅਪਣੀ ਕੋਟੇ ਵਿਚ ਮਿਲੀ ਜ਼ਿੰਦਗੀ ਦੇ ਦਿਨ ਗੁਜ਼ਾਰਦੀ ਰਹੀ । ਖੇਤੀਬਾੜੀ ਦੇ ਕੰਮ ਵਿਚ ਬੜੀ ਮੁਸ਼ਕਿਲ ਨਾਲ ਸੱਤ ਜੀਆਂ ਦੇ ਟੱਬਰ ਦਾ ਮਸਾਂ ਢਿੱਡ ਭਰਦਾ ਸੀ। ਜ਼ਮੀਨ ਥੋੜ੍ਹੀ ਹੋਣ ਕਰਕੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਹੋ ਰਿਹਾ ਸੀ। ਪਿੱਛੇ ਜਿਹੇ ਸਰਬਨ ਪੁੱਤ ਨੇ ਜ਼ੋਰ ਮਾਰ ਕੇ ਚਾਰ ਵਿਘਿਆਂ ਦਾ ਵਾਹਨ ਵਾਇ ਖ਼ਰੀਦ ਕੇ ਅਪਣੀ ਪਨੈਚਾਂ ਵਾਲੀ ਪੈਲੀ ਨਾਲ ਰਲਾ ਲਿਆ ਸੀ ਤੇ ਹੁਣ ਕੁਝ ਦਿਨ ਸੁਖਾਲੇ ਬੀਤਣ ਲੱਗ ਪਏ ਸਨ। ਲੱਗਪਗ ਸਾਰੇ ਰਿਸ਼ਤੇਦਾਰ, ਸਬੰਧੀ ਪਹੁੰਚ ਗਏ ਸਨ ਪਰ ਅਜੇ ਧੰਨੀ ਮਾਂ ਦੀ ਵੱਡੀ ਧੀ ਮੁਖਤਿਆਰੋ ਨਹੀਂ ਪਹੁੰਚੀ ਸੀ ਤੇ ਉਸ ਦੀ ਹੀ ਉਡੀਕ ਹੋ ਰਹੀ ਸੀ। ਦਾਅ ਸਰਕਾਰ ਲਈ ਸਾਰੇ ਪ੍ਰਬੰਧ ਹੋ ਚੁੱਕੇ ਸਨ। ਇਕੱਠੇ ਹੋਏ ਪਿੰਡ ਦੇ ਲੋਕ ਧੰਨੀ ਮਾਂ ਦੀ ਕਰੜੀ ਘਾਲਣਾ ਤੇ  ਇਸਤਰੀ ਤੋ ਮਨੁੱਖ ਬਣ ਖੇਤੀਬਾੜੀ ਦਾ ਕੰਮ ਕਰਨ ਦੀਆਂ ਗੱਲਾਂ ਹਰੇਕ ਦੀ ਜ਼ੁਬਾਨ ਤੇ ਸਨ। ਸਾਰੇ ਉਸ ਦੀ ਲੱਕ ਬੰਨ੍ਹ ਕੇ ਛੋਟੇ ਛੋਟੇ ਪੁੱਤਰ- ਧੀਆਂ ਨਾਲ ਪਾਲਣ ਦਾ ਜ਼ਿਕਰ ਕਰਦੇ ਧੰਨੀ ਮਾਂ ਦੇ  ਮੁਸ਼ੱਕਤੀ ਸੁਭਾਅ ਦੀ  ਹਾਮੀ ਭਰ ਰਹੇ ਸਨ। ਕਾਲਾ ਬੈਲ ਬਣ ਅਪਣੇ ਪਰਿਵਾਰ ਨੂੰ ਪੈਰਾਂ – ਸਿਰ ਕਰਨ ਲਈ  ਸਾਰੀ ਜ਼ਿੰਦਗੀ ਲੇਖੇ ਲਾ ਦਿੱਤੀ ਮਜਾਲ ਕਿ ਕੋਈ ਮੈਲੀ ਅੱਖ ਝਾਕ ਜਾਵੇ। ਸੱਥਰ ‘ਤੇ ਬੈਠੇ ਸਾਰੇ ਉਹ ਮੁਸ਼ੱਕਤ ਭਰੀ ਜ਼ਿੰਦਗੀ ਦੀਆਂ ਗੱਲਾਂ ਕਰਦੇ ਫੱਖਰ  ਮਹਿਸੂਸ ਕਰ ਰਹੇ ਸਨ। ਰੋਂਦੀ ਕੁਰਲਾਉਂਦੀ ਵੱਡੀ ਧੀ ਵੀ ਪਹੁੰਚ ਗਈ। ਧੀ ਦਾ ਰੁਦਨ ਸੁਣਿਆ – ਵੇਖਿਆ ਨਹੀਂ ਜਾ ਰਿਹਾ ਸੀ। ਧੀਰਜ ਧਰਾਉਣ ਪਿੱਛੋ ਧੰਨੀ ਮਾਂ ਦਾ ਆਖਰੀ ਇਸ਼ਨਾਨ ਕਰਵਾ ਤਿਆਰ ਕਰ ਦਿੱਤੀ ਤੇ ਅਰਥੀ ਤਿਆਰ ਹੋ ਚੁੱਕੀ ਸੀ। ਸੱਥਰ ‘ਤੇ ਬੈਠੇ ਲੋਕਾਂ ਵਿੱਚੋਂ ਧੰਨੀ ਮਾਂ ਦਾ ਵੱਡਾ ਪੁੱਤ ਸਰਬਣ ਸਿਉ ਉਠਿਆ ਜੋ ਮਾਂ ਦੇ ਪਹਿਲੇ ਮੁਸ਼ੱਕਤ ਭਰੇ ਦਿਨਾਂ ਨੂੰ ਫਿਲਮ ਦੀ ਝਾਕੀ ਵਾਂਗ ਵੇਖਦਾ ਹੋਇਆ ਐਨਾ ਹੀ ਮੂੰਹੋਂ ਕਹਿ ਸਕਿਆ, ‘ ਮਾਂ ਅਪਣੇ ਹੁਣ ਕੁਝ ਦਿਨ ਫਿਰੇ ਸਨ । ਪਹਿਲੀ ਅਪਣੀ ਜਵਾਨੀ ਦੀ ਉਮਰ ਤਾਂ ਤੈਂ ਸਾਨੂੰ ਪਾਲਣ ਸੰਭਾਲਣ ਵਿਚ ਖੱਪਤ ਕਰ ਦਿੱਤੀ। ਮਾਂ ਮੈਂ ਤੇਰਾ ਸਰਬਣ ਪੁੱਤ ਨਾ ਬਣ ਸਕਿਆ। ‘ ਇਹ ਕਹਿੰਦਿਆਂ ਸਰਬਣ ਸਿਉ ਨੇ ਧਾਹ ਮਾਰੀ ਤੇ ਮਾਂ ਦੀ ਅਰਥੀ ਨੂੰ ਮੋਢਾ ਦੇ ਲਿਆ ।
ਰਣਜੀਤ ਆਜ਼ਾਦ ਕਾਂਝਲਾ 
ਸ਼ਿਵਪੁਰੀ ਮੁਹੱਲਾ (ਆਜ਼ਾਦ ਸਟਰੀਟ), ਧੂਰੀ (ਪੰਜਾਬ)
ਮੋਬਾ: 09464697781
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਿਆਰ   
Next articleਗ਼ਜ਼ਲ