(ਸਮਾਜ ਵੀਕਲੀ)
ਦਿਨ ਬ ਦਿਨ ਜੋ ਵਧ ਰਹੀ ਹੈ ਈਰਖਾ ਦੀ ਜ਼ਹਿਰ ਅੰਦਰ।
ਜਾਪਦਾ ਦਮ ਘੁਟ ਰਿਹਾ ਹੋਵੇ ਜਿਵੇਂ ਇਸ ਸ਼ਹਿਰ ਅੰਦਰ।
ਛਣਕਦੇ ਮੁਟਿਆਰ ਦੀਆਂ ਝਾਂਜਰਾਂ ਦੇ ਬੋਰ ਜਿੱਦਾਂ,
ਸ਼ਿਅਰ ਤੇਰੀ ਗ਼ਜ਼ਲ ਦੇ ਹੋਣ ਪੂਰੀ ਬਹਿਰ ਅੰਦਰ।
ਬੌਖਲਾ ਕੇ ਆਖਿਆ ਮੈਂ ਤੜਪਦੇ ਜਜ਼ਬਾਤ ਨੂੰ,
ਕਰ ਸਬੂਰੀ ਪਲ ਕੁ ਜਾਓ ਦਿਲ ਮੇਰੇ ਦੇ ਠਹਿਰ ਅੰਦਰ।
ਚਹਿਕਦੇ ਸੁਣ ਪੰਛੀਆਂ ਨੂੰ ਰੋਗ ਟੁੱਟਣ ਰੋਗੀਆਂ ਦੇ,
ਜਾਪਦੀ ਹੈ ਲਰਜ਼ਦੀ ਕੋਈ ਖੁਸ਼ੀ ਦੀ ਲਹਿਰ ਅੰਦਰ।
ਪਿਉ ਮਰੇ ਤਾਂ ਪਾਲ਼ਦੀ ਮਾਂ ਬੱਚਿਆਂ ਨੂੰ ਬਾਪ ਬਣ ਕੇ,
ਮਾਂ ਮਰੇ ਤਾਂ ਪਿਉ ਲਿਆਵੇ ਮਾਂ ਨਵੀਂ ਕੁਝ ਪਹਿਰ ਅੰਦਰ।
ਰੰਗ ਅੰਬਰ ਨੇ ਵਟਾਇਆ ਕਿਉਂ ਭਲਾ ਸੋਚੋ ਤੁਸੀਂ ਵੀ,
ਹਉਕਿਆਂ ਦੇ ਕਾਫ਼ਲੇ ਨੇ ਹੈ ਭਰੀ ਇਹ ਗਹਿਰ ਅੰਦਰ।
ਚੋਣ ਦਾ ਹੋਵੇ ਸਹੀ ਜੇ ਢੰਗ ਤਾਂ ਮਿਲਦੇ ਨਤੀਜੇ ਸਾਰਥਕ,
ਬਣ ਸੁਨਾਮੀ ਰੋੜ੍ਹ ਦਿੱਤਾ ਵਿੱਚ ਪਲਾਂ ਦੇ ਸ਼ਹਿਰ ਸਾਰਾ,
ਕੰਢਿਆਂ ਨੂੰ ਖੋਰ ਦਿੱਤਾ ਜੋਸ਼ ਏਨਾ ਲਹਿਰ ਅੰਦਰ।
ਬੇਬਸੀ ਜਾਂ ਹਾਦਸਾ ਹੈ ਵੇਖ ਭਾਵਕ ਹੋ ਗਏ ਸੀ
ਲਾਸ਼ ਤਰਦੀ ਆ ਰਹੀ ਸੀ ਦੂਰ ਦਿਸਦੀ ਨਹਿਰ ਅੰਦਰ।
ਹਰ ਸਮੇਂ ਸਰਕਾਰ ਸੱਤਾ ਦੇ ਨਸ਼ੇ ਵਿੱਚ ਚੂਰ ਰਹਿੰਦੀ,
ਯੋਗਤਾ ਦਾ ਮੁੱਲ ਪੈਂਦਾ ਨਾ ਕਿਸੇ ਵੀ ਸ਼ਹਿਰ ਅੰਦਰ।
ਜ਼ੁਲਮ ਤੇਰੇ ਨੇ ਜਗਾਏ ਹੌਂਸਲਾ, ਹਿੰਮਤ, ਦਲੇਰੀ,
ਜੋ ਛੁਪੀ ਸੀ ਹਾਕਮਾ ਤੇਰੇ ਅਨੋਖੇ ਕਹਿਰ ਅੰਦਰ।
ਅਮਰਜੀਤ ਕੌਰ ਮੋਰਿੰਡਾ
7888835400



