(ਸਮਾਜ ਵੀਕਲੀ) ਅਜੋਕੇ ਦੌਰ ਵਿੱਚ ਲੋਕਾਂ ਨੇ ਪੜ੍ਹਾਈ ਤਾਂ ਬਹੁਤ ਤਾਂ ਕਰ ਲਈ ਹੈ ਅਤੇ ਲੋਕਾਂ ਦੇ ਕੋਲ ਵੱਡੀਆਂ ਵੱਡੀਆਂ ਡਿਗਰੀਆਂ ਦੀ ਵੀ ਭਰਮਾਰ ਹੈ। ਪਰ ਜ਼ਿੰਦਗੀ ਜਿਉਣ ਦੀ ਕਲਾ ਅਤੇ ਉਹਨਾਂ ਦੀ ਰੋਜਾਨਾ ਦੀ ਜ਼ਿੰਦਗੀ ਦੇ ਵਿਵਹਾਰ ਦੇਖ ਕੇ ਬੜਾ ਅਫਸੋਸ ਹੁੰਦਾ ਹੈ। ਇੱਕਲਾ ਡਿਗਰੀਆਂ ਹਾਸਲ ਕਰ ਲੈਣਾ ਕੋਈ ਵੱਡਾ ਕੰਮ ਨਹੀਂ ਹੁੰਦਾ, ਉਸ ਤੋਂ ਵੀ ਜ਼ਰੂਰੀ ਹੁੰਦਾ ਹੈ ਸਾਡੇ ਵਿੱਚ ਨਿਮਰਤਾ, ਇਮਾਨਦਾਰੀ, ਸੱਚ ਨਾਲ ਖੜਨ ਦਾ ਹੌਸਲਾ ਅਤੇ ਲੋਕਾਂ ਪ੍ਰਤੀ ਸਾਡਾ ਕਿਵੇਂ ਦਾ ਵਿਵਹਾਰ ਹੈ। ਜੇਕਰ ਇਹ ਸਭ ਸਾਡੇ ਰੋਜ਼ਾਨਾ ਦੇ ਵਿਹਾਰ ਵਿੱਚ ਸ਼ਾਮਿਲ ਨਹੀਂ ਹੈ ਤਾਂ ਸਾਡੇ ਦੁਆਰਾ ਹਾਸਲ ਕੀਤੀ ਪੜ੍ਹਾਈ ਦਾ ਕੋਈ ਮੁੱਲ ਨਹੀਂ ਰਹਿ ਜਾਂਦਾ। ਤੁਸੀਂ ਭਾਵੇਂ ਕਿੰਨੇ ਹੀ ਲੋਕਾਂ ਦੇ ਵਿਚਕਾਰ ਖੜੇ ਹੋਵੋ ਜਦੋਂ ਤੁਸੀਂ ਉਥੇ ਕਿਸੇ ਵੀ ਵਿਸ਼ੇ ਤੇ ਬੋਲੋ ਤਾਂ ਇਹੋ ਜਿਹਾ ਬੋਲੋ ਅਤੇ ਵਿਵਹਾਰ ਕਰੋ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਤੁਹਾਡੇ ਕੋਲ ਅਸਲੀ ਗਿਆਨ ਹੈ। ਨਹੀਂ ਤਾਂ ਨਾਮ ਦੇ ਗਿਆਨ ਰੱਖਣ ਵਾਲੇ ਤਾਂ ਤੁਹਾਨੂੰ ਬਹੁਤ ਮਿਲ ਜਾਣਗੇ। ਲੋਕਾਂ ਨਾਲ ਇਹੋ ਜਿਹਾ ਵਿਵਹਾਰ ਰੱਖੋ ਕਿ ਕਿਸੇ ਨੂੰ ਵੀ ਤੁਹਾਡੇ ਨਾਲ ਖੜੇ ਬੰਦੇ ਨੂੰ ਇਹ ਮਹਿਸੂਸ ਨਾ ਹੋਵੇ ਕਿ ਤੁਸੀਂ ਉਸ ਤੋਂ ਗਿਆਨ ਵਿੱਚ ਵੱਡੇ ਹੋ ਤੇ ਉਹ ਛੋਟਾ ਹੈ। ਕਿਸੇ ਕੋਲ ਗਿਆਨ ਵੱਧ ਜਾ ਘੱਟ ਹੋ ਸਕਦਾ ਹੈ, ਪਰ ਲੋਕਾਂ ਨਾਲ ਕੀਤਾ ਹੋਇਆ ਵਿਵਹਾਰ ਅਗਲਾ ਬੰਦਾ ਸਾਰੀ ਜ਼ਿੰਦਗੀ ਯਾਦ ਰੱਖਦਾ ਹੈ। ਜੇ ਤੁਸੀਂ ਕਿਸੇ ਨਾਲ ਮਿੱਠਾ ਬੋਲਣ ਵਿੱਚ, ਅਗਲੇ ਬੰਦੇ ਨੂੰ ਵਧੀਆਂ ਤਰੀਕੇ ਨਾਲ ਆਪਣੀ ਗੱਲ ਸਮਝਾਉਣ ਵਿੱਚ ਮਾਹਿਰ ਹੋ ਤਾਂ ਲੋਕ ਤੁਹਾਡੇ ਛੇਤੀ ਹੀ ਉਪਾਸਕ ਬਣ ਜਾਣਗੇ ਅਤੇ ਉਹ ਹੋਰਨਾਂ ਕੋਲ ਤੁਹਾਡੀ ਹਮੇਸ਼ਾਂ ਤਾਰੀਫ਼ ਹੀ ਕਰਨਗੇ ਕਦੇ ਬੁਰਾਈ ਨਹੀਂ। ਤੁਹਾਡੇ ਬੋਲਾਂ ਵਿੱਚ ਕਦੇ ਕੜਵਾਹਟ ਨਹੀਂ ਹੋਣੀ ਚਾਹੀਦੀ, ਕਦੇ ਵੀ ਕਿਸੇ ਨੂੰ ਇਹ ਨਾ ਮਹਿਸੂਸ ਹੋਵੇ ਕਿ ਤੁਸੀਂ ਕੌੜੇ ਬੋਲ ਬੋਲਦੇ ਹੋ, ਇਸ ਲਈ ਹਰ ਇੱਕ ਨਾਲ ਪਿਆਰ ਨਾਲ ਬੋਲੋ। ਇਸ ਤੋਂ ਇਲਾਵਾ ਕਿਸੇ ਅੰਦਰ ਤੁਹਾਨੂੰ ਜੋ ਗੱਲ ਵਧੀਆਂ ਲੱਗਦੀ ਹੈ, ਸਿਰਫ਼ ਉਸਦੀ ਹੀ ਤਾਰੀਫ਼ ਕਰੋ ਕਿਸੇ ਦੀ ਝੂਠੀ ਤਾਰੀਫ਼ ਨਾ ਕਰੋ। ਤੁਹਾਡਾ ਬੋਲਣ ਦਾ ਸਲੀਕਾ ਸਾਫ਼ ਸੁਥਰਾ ਹੋਣਾ ਚਾਹੀਦਾ ਹੈ, ਕੋਈ ਇਹੋ ਜਿਹਾ ਸ਼ਬਦ ਨਾ ਬੋਲੋ, ਜੋ ਅਗਲੇ ਦੇ ਦਿਲ ਤੇ ਸੱਟ ਦੀ ਤਰ੍ਹਾਂ ਲੱਗੇ। ਅਗਰ ਕਿਸੇ ਵਿੱਚ ਕੋਈ ਕਮੀ ਹੈ ਤਾਂ ਉਸਨੂੰ ਉਹ ਸੁਣਾ ਸੁਣਾ ਕੇ ਉਸਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਨਾ ਕਰੋ, ਇਸ ਤਰ੍ਹਾਂ ਜੇਕਰ ਕਰੋਗੇ ਤਾਂ ਅਗਲੀ ਵਾਰ ਉਹ ਤੁਹਾਨੂੰ ਮਿਲਣਾ ਪਸੰਦ ਨਹੀਂ ਕਰੇਗਾ। ਸੋ ਕਹਿਣ ਦਾ ਭਾਵ ਹੈ ਕਿ ਹਰ ਇੱਕ ਨਾਲ ਆਪਣਾ ਵਿਵਹਾਰ ਸਹੀ ਰੱਖੋ, ਜਿਹੋ ਜਿਹਾ ਵਿਵਹਾਰ ਲੋਕਾਂ ਕੋਲੋਂ ਆਪਣੇ ਲਈ ਚਾਹੁੰਦੇ ਹੋ, ਉਹੋ ਜਿਹਾ ਵਿਵਹਾਰ ਹੀ ਉਹਨਾਂ ਨਾਲ ਕਰੋ। ਜੇਕਰ ਤੁਸੀਂ ਇਹ ਗੱਲਾਂ ਨੂੰ ਜ਼ਿੰਦਗੀ ਵਿੱਚ ਆਪਣਾ ਲੈਂਦੇ ਹੋ ਤਾਂ ਤੁਸੀਂ ਛੇਤੀ ਹੀ ਲੋਕਾਂ ਦੇ ਚਹੇਤੇ ਬਣ ਸਕਦੇ ਹੋ।
ਬਲਜੀਤ ਸਿੰਘ ਕਚੂਰਾ
ਮਮਦੋਟ, ਜਿਲ੍ਹਾ ਫਿਰੋਜਪੁਰ
ਮੋ. ਨੰ. 9465405597
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj



