(ਸਮਾਜ ਵੀਕਲੀ) ਮੁੰਡੇ ਵਾਲੇ ਸਜ-ਧਜ ਕੇ ਸ਼ਾਨੋ-ਸੌਕਤ ਨਾਲ ਬਰਾਤ ਲੈ ਕੇ ਕੁੜੀ ਵਾਲਿਆਂ ਦੇ ਢੁੱਕੇ।ਬਰਾਤ ਦੀ ਚੰਗੀ ਆਉ ਭਗਤ ਹੋਈ।ਕੁੜੀ ਵਾਲਿਆਂ ਨੇ ਬਰਾਤ ਦੀ ਸੇਵਾ ਵੀ ਖੂਬ ਕੀਤੀ।ਚਾਹ-ਪਾਣੀ ਤੋਂ ਬਾਅਦ ਧਾਰਮਿਕ ਰਹੁ-ਰੀਤੀ ਨਾਲ ਰਸਮਾਂ ਸਿਰੇ ਚੜੀਆਂ। ਇਸ ਤੋਂ ਬਾਅਦ ਵਾਰੀ ਆਉਂਦੀ ਆ ਗੁਲਾਬੀ ਜਿਹੇ ਹੋਣ ਦੀ।ਸ਼ਕਤੀ ਵਾਲਾ ਪਾਣੀ ਆਪਣਾ ਅਸਰ ਦਿਖਾਉਂਦਾ ਹੈ।ਹਰ ਕੋਈ ਇੱਕ-ਦੂਜੇ ਤੋਂ ਵੱਧ ਕੇ ਗੁੱਝੇ ਸ਼ਬਦਾਂ ‘ਚ ਆਪਣੀ ਤਾਰੀਫ਼ ਦੇ ਪੁਲ ਆਪ ਹੀ ਬੰਨਣ ਲੱਗਦਾ ਹੈ।ਕਈ ਮੁਫਤ ਖੋਰੇ ਥੋੜ੍ਹਾ ਜਿਆਦਾ ਹੀ ਲਾਲਚ ਕਰ ਜਾਂਦੇ ਹਨ।ਡਿੱਗਦੇ-ਢਹਿੰਦੇ ਰੋਟੀ ਵਾਲੇ ਮੇਜ਼ ਤੇ ਪੁੱਜਦੇ ਹਨ। ਇਹ ਵਕਤ ਵੀ ਖਾਸ ਹੀ ਹੁੰਦਾ ਹੈ।ਸਿਆਣਾ ਤੇ ਸੋਫੀ ਬੰਦਾ ਆਪਣੇ ਕੱਪੜੇ ਬਹੁਤ ਮੁਸ਼ਕਿਲ ਨਾਲ ਪਾਕ-ਸਾਫ਼ ਰੱਖਦਾ ਹੈ।ਉਸ ਸ਼ਰਾਬੀ ਹੀ ਕਈ ਹੋਇਆ ਜਿਸ ਨਾਲ ਲਿੱਬੜੇ ਹੱਥ ਦੂਜੇ ਦੇ ਕੱਪੜਿਆਂ ਨਾਲ ਨਾ ਪੂੰਝੇ। ਲਉ ਜੀ ਸਾਰਾ ਕੁੱਝ ਨਿੰਬੜਨ ਤੋਂ ਬਾਅਦ ਡੋਲੀ ਤੋਰਨ ਦਾ ਵੇਲਾ ਆ ਗਿਆ।ਕੁੜੀਆਂ-ਚਿੜੀਆਂ ਨੇ ਵਿਧਾਈ ਦੇ ਗੀਤ ਗਾਏ।ਵਿਆਹਦੜ ਕੁੜੀ ਜਿਉਂ ਗੱਡੀ ‘ਚ ਬੈਠਣ ਹੀ ਲੱਗੀ ,ਮੁੰਡੇ ਦੇ ਪਿਉ ਨੇ ਭਾਨ ਸੁੱਟਣੀ ਸੁਰੂ ਕਰ ਦਿੱਤੀ।ਪੈਸੇ ਚੁਗਣ ਦੇ ਦ੍ਰਿਸ਼ ਦਾ ਬਹੁਤ ਹੀ ਮਨਮੋਹਕ ਹੁੰਦਾ ਹੈ। ਵਿਆਹ ਵਾਲੀ ਕੁੜੀ ਤੋਂ ਇਹ ਦ੍ਰਿਸ਼ ਅੱਖੋ-ਪਰੋਖੇ ਨਹੀਂ ਹੋਇਆ,ਉਹ ਵੀ ਪਿੰਡ ਦੇ ਜਵਾਕਾਂ ਨਾਲ ਪੈਸੇ ਚੁਗਣ ਲੱਗ ਪਈ। ਮਨਚਲੇ ਬਰਾਤੀਆਂ ਨੇ ਰੌਲਾ ਪਾ ਦਿੱਤਾ।ਕੁੜੀ ਕਮਲੀ ਆ ਉਏ,ਕਮਲੀ ਆ। ਇੱਕ ਸਿਆਣੇ ਬਰਾਤੀ ਨੇ ਇਹ ਕਹਿ ਕੇ ਸਥਿੱਤੀ ਸੰਭਾਲੀ,” ਕਮਲੀ ਇਹ ਨਹੀਂ ਤੁਸੀਂ ਓ।ਮੈਨੂੰ ਦੱਸੋ ਕਮਲਾ ਪੈਸੇ ਸੁੱਟਣ ਵਾਲਾ ਹੁੰਦੈ ਜਾਂ ਪੈਸੇ ਚੁਗਣ ਵਾਲਾ??”।
ਫ਼ਲੇਲ ਸਿੰਘ ਸਿੱਧੂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj



