ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪਿਛਲੇ ਦਿਨੀ ਨਗਰ ਪੰਚਾਇਤ ਮਹਿਤਪੁਰ ਵੱਲੋਂ ਮਹਿਤਪੁਰ ਦੇ ਬਜ਼ਾਰ ਵਿਚ ਕੀਤੀ ਨਜਾਇਜ਼ ਕਬਜ਼ਾ ਧਾਰਕਾਂ ਖਿਲਾਫ ਕਾਰਵਾਈ ਤੋਂ ਬਾਅਦ ਖਫਾ ਹੋਏ ਦੁਕਾਨਦਾਰਾਂ ਵੱਲੋਂ ਮਹਿਤਪੁਰ ਪਰਜੀਆ ਰੋਡ ਜਾਮ ਕਰਕੇ ਧਰਨਾ ਲਗਾ ਦਿੱਤਾ। ਇਸ ਮੌਕੇ ਨਗਰ ਪੰਚਾਇਤ ਤੇ ਸਵਾਲ ਉਠਾਉਂਦਿਆਂ ਡਾਕਟਰ ਅਮਰਜੀਤ ਸਿੰਘ ਥਿੰਦ ਨੇ ਆਖਿਆ ਕਿ ਅੱਜ ਮਹਿਤਪੁਰ ਦੀ ਜਨਤਾ ਵੱਲੋਂ ਚੁਣਿਆ ਕੋਈ ਵੀ ਨੁਮਾਇੰਦਾ ਜਨਤਾ ਦੀ ਅਗਵਾਈ ਕਰਦਾ ਜਨਤਾ ਵਿਚ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਮੁਸੀਬਤ ਦੀ ਇਸ ਘੜੀ ਉਨ੍ਹਾਂ ਦਾ ਇਥੇ ਪਹੁਚਣਾ ਬਹੁਤ ਜ਼ਰੂਰੀ ਸੀ।ਇਸ ਮੌਕੇ ਬੀਕੇਯੂ ਦੁਆਬਾ ਦੇ ਬਲਾਕ ਪ੍ਰਧਾਨ ਕਸ਼ਮੀਰ ਸਿੰਘ ਪੰਨੂ ਨੇ ਆਖਿਆ ਕਿ ਮਹਿਤਪੁਰ ਵਿਚ ਸੀਵਰੇਜ ਵਿਭਾਗ ਵੱਲੋਂ ਪਰਜੀਆ ਰੋਡ, ਬਾਲੋਕੀ ਰੋਡ, ਹਸਪਤਾਲ ਰੋਡ, ਇਸਮਾਇਲ ਪੁਰ ਰੋਡ ਆਦਿ ਜਿਨ੍ਹਾਂ ਸੜਕਾਂ ਨੂੰ ਪੱਟ ਕੇ ਸੀਵਰੇਜ ਦੇ ਪਾਈਪ ਪਾਏ ਜਾ ਚੁੱਕੇ ਹਨ ਪਹਿਲਾਂ ਉਨ੍ਹਾਂ ਰਸਤਿਆਂ ਨੂੰ ਲੋਕਾਂ ਦੇ ਲੰਘਣ ਲਈ ਮੁਕੰਮਲ ਕੀਤਾ ਜਾਵੇ ਬਾਅਦ ਵਿਚ ਅਗਲੇ ਰੋਡ ਨੂੰ ਪੁਟਿਆ ਜਾਵੇ। ਇਸ ਮੌਕੇ ਕਾਮਰੇਡ (ਸੂਬਾ ਆਗੂ) ਤਰਸੇਮ ਪੀਟਰ ਵੱਲੋਂ ਨਗਰ ਪੰਚਾਇਤ ਮਹਿਤਪੁਰ ਦੇ ਕਾਰਜ ਸਾਧਕ ਅਫਸਰ ਨੂੰ ਮੁਖ਼ਾਤਿਬ ਹੁੰਦਿਆਂ ਆਖਿਆ ਕਿ ਸ਼ਹਿਰ ਵਿਚ ਦੀ ਲੋਕਾਂ ਦਾ ਲੰਘਣਾਂ ਮੁਸ਼ਕਿਲ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਪਹਿਲੇ ਰਸਤੇ ਮੁਕੰਮਲ ਨਹੀਂ ਕੀਤੇ ਗਏ ਸਾਨੂੰ ਦੱਸੋ ਕਿ ਗੰਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਵੱਲੋਂ ਮਿਲ ਨੂੰ ਜਾ ਰਹੀਆਂ ਟਰਾਲੀਆਂ ਨੂੰ ਕਿਸ ਰਸਤੇ ਤੋਂ ਲੰਘਾਇਆ ਜਾਵੇਗਾ ਇਸ ਦਾ ਤੁਹਾਡੇ ਕੋਲ ਕੀ ਰੂਟ ਪਲਾਨ ਹੈ? ਉਨ੍ਹਾਂ ਕਿਹਾ ਕਿ ਜੋ ਵੀ ਕੰਮ ਸ਼ੁਰੂ ਕੀਤਾ ਗਿਆ ਹੈ ਉਸ ਦੀ ਬਜ਼ਾਰ ਵਿਚ ਕਿਤੇ ਸਮਾਂ ਸਾਰਨੀ ਨਜ਼ਰ ਲੱਗੀ ਨਹੀਂ ਆ ਰਹੀ, ਕਿ ਇਹ ਕੰਮ ਕਿਨੇ ਚਿਰ ਵਿਚ ਮੁਕੰਮਲ ਹੋਵੇਗਾ। ਚਲਦੇ ਧਰਨੇ ਦੌਰਾਨ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕੁਝ ਦੁਕਾਨਦਾਰਾਂ ਵੱਲੋ ਨਗਰ ਪੰਚਾਇਤ ਦੇ ਅਧਿਕਾਰੀਆਂ ਤੇ ਸਵਾਲ ਉਠਾਇਆ ਇਲਜ਼ਾਮ ਲਗਾਇਆ ਕਿ ਨਗਰ ਪੰਚਾਇਤ ਵੱਲੋਂ ਉਨ੍ਹਾਂ ਦਾ ਚੁਕਿਆ ਸਮਾਨ ਲਿਸਟ ਅਨੁਸਾਰ ਵਾਪਸ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਦਾ ਕਹਿਣਾ ਸੀ ਕਿ ਚੁੱਕੇ ਸਮਾਨ ਦੇ ਮੁਕੰਮਲ ਵੇਰਵੇ ਮੁਤਾਬਿਕ ਅਧਿਕਾਰੀਆਂ ਵੱਲੋਂ ਲਿਸਟਾਂ ਨਹੀਂ ਬਣਾਈਆਂ ਗਈਆਂ। ਉਨ੍ਹਾਂ ਕਿਹਾ ਨਗਰ ਪੰਚਾਇਤ ਮਹਿਤਪੁਰ ਵੱਲੋਂ ਮਹਿਤਪੁਰ ਵਿਖੇ ਪਾਰਕਿੰਗ ਦੀ ਸੁਵਿਧਾ ਵੀ ਮਹੱਈਆ ਨਹੀਂ ਕਰਵਾਈ ਗਈ। ਇਸ ਮੌਕੇ ਨਗਰ ਪੰਚਾਇਤ ਮਹਿਤਪੁਰ ਦੇ ਕਾਰਜ ਸਾਧਕ ਅਫਸਰ ਸੁਖਦੇਵ ਸਿੰਘ ਰੰਧਾਵਾ ਨੇ ਦੁਕਾਨਦਾਰਾਂ ਦੇ ਸਵਾਲਾਂ ਦੇ ਵਿਸਥਾਰ ਪੂਰਵਕ ਜਵਾਬ ਦਿੰਦਿਆਂ ਆਖਿਆ ਕਿ ਸ਼ਹਿਰ ਵਿਚ ਸੀਵਰੇਜ ਟਰੀਟਮੈਂਟ ਪਲਾਟ ਦਾ ਕੰਮ ਜ਼ੋਰਾਂ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਵਿਭਾਗ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਉਹ ਇਕ ਪਾਸੇ ਸੜਕ ਦਾ ਕੰਮ ਮੁਕੰਮਲ ਕਰਨ ਤੋਂ ਬਾਅਦ ਦੂਸਰਾ ਕੰਮ ਸ਼ੁਰੂ ਕਰੇ। ਉਨ੍ਹਾਂ ਕਿਹਾ ਕਿ ਮਹਿਤਪੁਰ ਮੁਖ ਬਜ਼ਾਰ ਤੇ ਮੁਖ ਮਾਰਗ ਤੇ ਜਿਨ੍ਹਾਂ ਦੁਕਾਨਦਾਰਾਂ ਵੱਲੋਂ ਪੀਲੀ ਪੱਟੀ ਦੀ ਉਲੰਘਣਾ ਕੀਤੀ ਗਈ ਹੈ ਉਹ ਆਪਣਾ ਸਮਾਨ ਆਪਣੀ ਦੁਕਾਨ ਅੰਦਰ ਰੱਖਣ, ਉਨ੍ਹਾਂ ਕਿਹਾ ਕਿ ਪੀਲੀ ਪੱਟੀ ਗਾਹਕ ਵੱਲੋਂ ਆਪਣਾ ਸਾਧਨ ਖੜਾ ਕਰਨ ਲਈ ਹੈ ਨਾ ਕਿ ਦੁਕਾਨਦਾਰਾਂ ਸਮਾਨ ਰੱਖਣ ਲਈ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਮਹਿਤਪੁਰ ਬਜ਼ਾਰ ਦੇ ਨਜਾਇਜ਼ ਕਬਜ਼ੇ ਹਟਾਏ ਜਾਣ ਗੇ ਤਾਂ ਕਿ ਰੋਡ ਜਾਮ ਨਾ ਲੱਗੇ। ਉਨ੍ਹਾਂ ਕਿਹਾ ਕਿ ਬਿਨਾਂ ਲਾਇਸੰਸ ਕਿਸੇ ਨੂੰ ਰੇਹੜੀ ਜਾ ਫੜੀ ਲਗਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜਿਹੜੇ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਅੱਗੇ ਲਾਲਚ ਲਈ ਮੂੰਗਫਲੀ ਦੀਆਂ ਫੜੀਆਂ ਜਾ ਹੋਰ ਸਮਾਨ ਦੀਆਂ ਰੇਹੜੀਆਂ ਲਗਵਾਈਆਂ ਹਨ ਉਨ੍ਹਾਂ ਤੇ ਵੀ ਵਿਭਾਗੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਦੁਕਾਨਦਾਰਾਂ ਦਾ ਸਤਿਕਾਰ ਕਰਦੇ ਹਨ ਕਿਸੇ ਦੁਕਾਨਦਾਰ ਨਾ ਵਧੀਕੀ ਨਹੀਂ ਹੋਵੇਗੀ ਦੁਕਾਨਦਾਰਾਂ ਨੂੰ ਵੀ ਮਹਿਕਮੇ ਦੀਆਂ ਹਦਾਇਤਾ ਦੀ ਪਾਲਣਾ ਕਰਨੀ ਹੋਵੇਗੀ। ਅਖੀਰ ਦੁਕਾਨਦਾਰਾਂ ਵੱਲੋਂ ਆਪਣੀ ਸੰਤੁਸ਼ਟੀ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly