ਸ਼ੁਭ ਸਵੇਰ ਦੋਸਤੋ

(ਸਮਾਜ ਵੀਕਲੀ)  ਜਿਨ੍ਹਾਂ ਸੱਜਣਾਂ ਦੀ ਆਮਦ ਸਾਡੀ ਰੂਹ ਨੂੰ ਅਨੰਦਮਈ ਸਕੂਨ ਦਵੇ ਇਹੋ ਜਿਹੇ ਮੁਹੱਬਤੀ ਰੁਤਬਿਆਂ ਨੂੰ ਮੈਂ ਹਮੇਸ਼ਾਂ ਸਲਾਮ ਕਰਦਾ ਹਾਂ। ਚੰਗੀਆਂ ਸੀਰਤਾਂ ਜੋ ਹੋਰਨਾਂ ਨੂੰ ਸਕੂਨ ਦਿੰਦੀਆਂ ਹਨ ਉਨ੍ਹਾਂ ਦਾ ਸਾਡੀ ਅਸਲ ਜ਼ਿੰਦਗੀ ਵਿੱਚ ਸ਼ਾਮਿਲ ਹੋਣਾ ਧੰਨਵਾਦ ਦੇ ਹੁਲਾਰਿਆਂ ਤੋਂ ਘੱਟ ਨਹੀਂ ਹੁੰਦਾ, ਵਕਤ ਭਾਵੇਂ ਸੀਮਤ ਹੀ ਹੋਵੇ ਪਰ ਇਹ ਸਮਾਂ ਕੁਦਰਤ ਵੱਲੋਂ ਮਿਲੀ ਕਿਸੇ ਵਿਸ਼ੇਸ਼ ਕੀਮਤੀ ਅਣਮੋਲ ਤੋਹਫ਼ੇ ਵਰਗਾ ਹੁੰਦਾ ਹੈ। ਮੇਰੀ ਵੀ ਹਮੇਸ਼ਾਂ ਕੋਸ਼ਿਸ਼ ਇਹੋ ਰਹਿੰਦੀ ਹੈ ਕਿ…
ਫੁੱਲਾਂ ਵਰਗੀ ਫ਼ਿਤਰਤ ਬਣ ਜਾਵੇ ਮੇਰੀ…
ਦਿਲ ਤੋੜਨ ਵਾਲਿਆਂ ਨੂੰ ਵੀ ਖ਼ੁਸ਼ਬੋ ਦੀ ਸਜਾ ਦਵਾਂ!
ਮਨੁੱਖ ਹੁਣ ਪੜ੍ਹ ਲਿਖ ਪਤਾ ਨਹੀਂ ਕੀ ਗਿਆ, ਜੀਵਨ ਜਾਂਚ ਪੱਖੋਂ ਬਿਲਕੁਲ ਹੀ ਹਲਕਾ ਜਿਹਾ ਹੋ ਗਿਆ ਹੈ। ਜ਼ਿੰਦਗੀ ਜਿਉਂਣ ਦਾ ਐਨਾ ਬੋਝ ਚੱਕੀ ਫਿਰਦਾ ਕਿ ਬਸ ਬੌਂਦਲਿਆ ਹੀ ਫਿਰਦਾ। ਮੰਨਿਆ ਵਪਾਰੀਕਰਨ ਨੇ ਸਾਨੂੰ ਸੁਵਿਧਾਵਾਂ ਤਾਂ ਬਹੁਤ ਦਿੱਤੀਆਂ ਹਨ ਪਰ ਸਾਥੋਂ ਸਾਡਾ ਮਾਨਸਿਕ, ਸਰੀਰਕ, ਬੌਧਿਕ, ਪਰਿਵਾਰਕ ਅਤੇ ਆਰਥਿਕ ਸਕੂਨ ਖੋਹ ਲਿਆ! ਸਾਨੂੰ ਲੋੜ ਹੈ ਖੜੋਕੇ ਸੋਚਣ ਦੀ ਕਿ ਜ਼ਰੂਰਤਾਂ ਤਾਂ ਸਭ ਦੀਆਂ ਕੁਦਰਤ ਪੂਰੀਆਂ ਕਰਦੀ ਹੈ, ਪਰ ਸਾਡੀਆਂ ਇਛਾਵਾਂ ਦੁਨੀਆਂ ਭਰ ਦੇ ਦੇਵੀਂ ਦੇਵਤੇ ਵੀ ਪੂਰੀਆਂ ਨਹੀਂ ਕਰ ਸਕਦੇ। ਤਜਰਬੇ ਲਈ ਕਦੇ ਆਪਣੇ ਆਸੇ ਪਾਸੇ ਨਜ਼ਰਾਂ ਘੁੰਮਾ ਕਿ ਤਾਂ ਦੇਖਿਓ ਅਮੀਰੀ ਤਾਂ ਨਜ਼ਰ ਆਉਂਦੀ ਹੈ, ਪਰ ਖੁਸ਼ਹਾਲੀ ਨਹੀਂ! ਸਾਡੇ ਆਪਸ ‘ਚ ਸੰਵਾਦ ਮੁੱਕ ਗਏ, ਭਰੋਸੇ ਖ਼ਤਮ ਹੋ ਗਏ, ਖੁਸ਼ੀਆਂ ਥੋੜ੍ਹੀਆਂ ਤੇ ਸਾੜੇ ਵੱਧ ਗਏ, ਇਸੇ ਕਰਕੇ ਤਾਂ ਹਸਪਤਾਲਾਂ ਦੀਆਂ ਇਮਾਰਤਾਂ ਦੇ ਕੱਦ ਸਾਡੇ ਘਰਾਂ ਨਾਲੋਂ ਕਈ ਗੁਣਾਂ ਉੱਚੇ ਹੋ ਗਏ!
ਸਾਇਕੌਲੋਜਿਸਟਾਂ (ਦਿਲ ਦੇ ਮਾਹਰਾਂ) ਦੀ ਲੋੜ ਵੱਧ ਗਈ ਕਿਉਂਕਿ ਜੋਂ ਕੋਲ ਬਹਿਕੇ ਗੱਲਾਂ ਨਾਲ ਦਿਲ ਹੌਲ਼ਾ ਹੁੰਦਾ ਸੀ ਤੇ ਇੱਕ ਇਨਸਾਨੀ ਛੂਹ ਪ੍ਰਾਪਤ ਹੁੰਦੀ ਸੀ ਓਹ ਹੁਣ ਸਾਡੇ ਅੰਦਰੋਂ ਔਜ਼ਾਰਾਂ ਰਾਹੀਂ ਲੱਭੀ ਜਾ ਰਹੀ ਹੈ। ਆਪਸੀ ਹਾਂਸੀਆਂ-ਖੇਡੀਆਂ, ਲੰਬੀਆਂ ਗੱਲਾਂ-ਬਾਤਾਂ ਕਦੇ ਸਾਡੇ ਬਜ਼ੁਰਗਾਂ ਦੀ ਰੂਹ ਵਾਲੀ ਖ਼ੁਰਾਕ ਹੋਇਆ ਕਰਦੀਆਂ ਸਨ। ਓਹ ਕਿੰਨੇ ਬੇਅੰਤ ਖੂਬਸੂਰਤ ਰੂਹਾਨੀ ਚਿਹਰੇ ਨਾਲ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਪਾਰੀ ਨੂੰ ਬੜੀ ਆਸਾਨੀ ਪਾਰ ਕਰ ਜਾਂਦੇ ਸਨ। ਹੁਣ ਲੋੜੀਂਦੀਆਂ ਸਭ ਸਹੂਲਤਾਂ ਹੋਣ ਦੇ ਬਾਵਜੂਦ ਵੀ ਮਨੁੱਖ ਬੱਤਖ਼ ਵਰਗਾ ਮੂੰਹ ਬਣਾ ਘੁੰਮਦੇ ਆਮ ਮਿਲ ਜਾਂਦੇ ਹਨ। ਜੇਕਰ ਕਿਸੇ ਨਾਲ ਦਿਲ ਹੀ ਨਾ ਫਰੋਲੀਏ ਤਾਂ ਸਾਡੇ ਅੰਦਰ ਦੁੱਖਾਂ ਦੀ ਕਾਈ ਜੰਮ ਜਾਂਦੀ ਤੇ ਸਾਡੀ ਸਾਹ ਰਗ ਬੰਦ ਹੋਣ ਕਰਕੇ ਜੀਣਾ ਔਖਾ ਹੋ ਜਾਂਦਾ ਹੈ।
ਦੂਜੇ ਪਾਸੇ ਵਪਾਰੀਕਰਨ ਬੜੀ ਤੇਜ਼ੀ ਨਾਲ ਜਵਾਨੀ ਨੂੰ ਇਹ ਸਿਖਾ ਰਿਹਾ ਹੈ ਕਿ ਨਿਰਜੀਵ ਵਸਤਾਂ ਖੁਸ਼ੀ ਦਿੰਦੀਆਂ ਹਨ, ਪਰ ਸੋਹਣਿਓ ਅਸਲ ਖੁਸ਼ੀ ਤਾਂ ਕੁਦਰਤ ਦੀਆਂ ਬਣਾਈਆਂ ਸੂਰਤਾਂ, ਮੂਰਤਾਂ, ਤਿਤਲੀਆਂ ਅਤੇ ਸੀਰਤਾਂ ਨਾਲ ਮਿਲਕੇ ਹੀ ਮਿਲਦੀ ਹੈ। ਇਹ ਕੁਦਰਤ ਦੇ ਬਣਾਏ ਪੰਛੀ, ਪਖੇਰੂ, ਜਾਨਵਰ, ਝੀਲਾਂ, ਨਦੀਆਂ ਜਾਂ ਇਨਸਾਨ ਵੀ ਹੋ ਸਕਦੇ ਹਨ।
ਅੱਜ ਸਾਨੂੰ ਸੁਣਨ ਦੀ ਕਲਾ ਤੇ ਬੋਲਣ ਦਾ ਸਲੀਕਾ ਸਿੱਖਣ ਦੀ ਅਹਿਮ ਜ਼ਰੂਰਤ ਹੈ, ਇਸ ਨਾਲ ਸਾਡਾ ਘੇਰਾ ਵਿਸ਼ਾਲ ਹੁੰਦਾ ਹੈ, ਇਸ ਤਰ੍ਹਾਂ ਅਸੀਂ ਬਿਮਾਰ ਘੱਟ ਅਤੇ ਪ੍ਰਸ਼ੰਨ ਜ਼ਿਆਦਾ ਹੁੰਦੇ ਹਾਂ, ਆਓ ਮਾਮੂਲੀ ਲਾਲਚ ਛੱਡਕੇ ਲੰਮੀ ਤੰਦਰੁਸਤ ਅਤੇ ਅਨੰਦ ਭਰਪੂਰ ਜ਼ਿੰਦਗੀ ਦੇ ਮਜ਼ੇ ਲੁੱਟੀਏ…

ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous article~ਸਲਾਹ ਆਪਣਿਆਂ ਨਾਲ਼~
Next articleਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਦਾ ਸਿਵਲ ਹਸਪਤਾਲ ਦੇ ਡਾਕਟਰਾਂ ਵਲੋਂ ਕੀਤਾ ਗਿਆ ਨਿੱਘਾ ਸਵਾਗਤ।