ਅਮਨਦੀਪ ਕੌਰ
(ਸਮਾਜ ਵੀਕਲੀ) ਅੱਜ ਦਾ ਯੁੱਗ ਇੰਨਾ ਆਧੁਨਿਕ ਹੈ ਕਿ ਦੇਸ਼ ਦੇ ਕੋਨੇ ਕੋਨੇ ਵਿਚ ਵਾਪਰੀ ਘਟਨਾ ਸੀਸੀ, ਟੀਵੀ ਰਾਹੀਂ ਜਾਂ ਮੋਬਾਈਲ ਵਿੱਚ ਬਣੀ ਵੀਡਿਓ ਰਾਹੀਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਜਾਂਦੀ ਹੈ, ਵੇਖਣ ਵਿਚ ਆਉਂਦਾ ਹੈ ਕਿ ਨਿੱਤ ਦਿਨ ਕੁੜੀਆਂ, ਔਰਤਾਂ ਅਤੇ ਬੁਜੁਰਗਾਂ ਕੋਲੋਂ ਲੁਟੇਰੇ ਕੀਮਤੀ ਸਮਾਨ ਜਾ ਨਕਦੀ ਆਦਿ ਖੋਹ ਕੇ ਭੱਜ ਜਾਂਦੇ ਹਨ ਬੀਤੇ ਦਿਨੀਂ ਇੱਕ ਕੁੜੀ ਕੋਲੋਂ ਲੁਟੇਰਿਆਂ ਨੇ ਉਸਦੀ ਸਕੂਟੀ ਖੋਹ ਲਈ ਅਤੇ ਇੱਕ ਰਾਹ ਜਾਂਦੀ ਔਰਤ ਦਾ ਪਰਸ ਖੋਹਣ ਲੱਗੇ ਉਸਨੂੰ ਧੱਕਾ ਮਾਰਕੇ ਫਰਾਰ ਹੋ ਗਏ ਅਤੇ ਹੋਰ ਵੀ ਅਜਿਹੀਆਂ ਬਹੁਤ ਵੀਡਿਓ ਹਨ ਜਿਨ੍ਹਾਂ ਵਿਚ ਕੋਈ ਗਰੀਬ ਸਬਜੀ ਵਾਲੇ ਨੂੰ ਲੁੱਟ ਰਿਹਾ ਕੋਈ ਅਸਲੇ ਜਾ ਚਾਕੂ ਆਦਿ ਦੀ ਨੋਕ ਤੇ ਬੇਖੌਫ ਹੋਕੇ ਦਿਨ ਦਿਹਾੜੇ ਲੋਕਾਂ ਨੂੰ ਲੁੱਟ ਰਿਹੈ ਅਤੇ ਕਈ ਵਾਰ ਤਾਂ ਇਹ ਲੁਟੇਰੇ ਬੰਦੇ ਨੂੰ ਜਾਨੋਂ ਮਾਰਨ ਲੱਗੇ ਵੀ ਭੋਰਾ ਨਹੀਂ ਸੋਚਦੇ ਏਦਾਂ ਜਾਪਦਾ ਹੈ ਜਿਵੇਂ ਇਨਸਾਨੀਅਤ ਖਤਮ ਹੋਣ ਕੰਡੇ ਹੈ ਮਨੁੱਖਤਾ ਨੂੰ ਸ਼ਰਮਸਾਰ ਕਰਦੀਆਂ ਅਜਿਹੀਆਂ ਗਤੀਵਿਧੀਆਂ ਨਿੱਤ ਦਿਨ ਵਧ ਰਹੀਆਂ ਹਨ, ਪਿਛਲੇ ਦਿਨੀਂ ਹੀ ਨੌਜਵਾਨ ਮੁੰਡਿਆਂ ਵਿਚਾਲੇ ਹੋਈ ਝੜਪ ਦੀ ਇੱਕ ਵੀਡਿਓ ਵੀ ਸੋਸ਼ਲ ਮੀਡੀਆ ਤੇ ਚਰਚਿਤ ਰਹੀ ਜਿਸ ਵਿਚ ਗੱਡੀ ਵਿਚ ਅਤੇ ਸਕੂਟੀ ਉੱਤੇ ਜਾ ਰਹੇ ਮੁੰਡਿਆਂ ਵਿਚਾਲੇ ਸ਼ਰੇਆਮ ਖੂਨ ਖ਼ਰਾਬਾ ਹੋਇਆ ਅਤੇ ਸੜਕ ਤੇ ਇੰਨੀ ਭੀੜ ਹੋਣ ਦੇ ਬਾਵਜੂਦ ਵੀ ਲੋਕ ਤਮਾਸ਼ਬੀਨ ਬਣੇ ਰਹੇ ਜੇਕਰ ਸਾਰੀ ਭੀੜ ਇੱਕਠੀ ਹੋਕੇ ਇਹਨਾਂ ਮਨਚਲਿਆਂ ਉੱਤੇ ਟੁੱਟ ਪੈਂਦੀ ਤਾਂ ਓਹਨਾਂ ਨੂੰ ਚੰਗਾ ਸਬਕ ਸਿਖਾਇਆ ਜਾ ਸਕਦਾ ਸੀ ਸੋਚਣ ਵਾਲੀ ਗੱਲ ਇਹ ਹੈ ਕਿ ਪੁਲਿਸ ਕਦੇ ਮੌਕੇ ਤੇ ਕਿਓਂ ਨਹੀਂ ਪਹੁੰਚਦੀ ਅਤੇ ਅਜਿਹੇ ਬੇਸ਼ਰਮ ਲੋਕਾਂ ਨੂੰ ਕਰੜੇ ਹੱਥੀਂ ਕਿਓਂ ਨਹੀਂ ਲੈਂਦੀ? ਤਾਂ ਜੋ ਚੋਰੀ, ਮਾਰਧਾੜ, ਅਤੇ ਨਜਾਇਜ਼ ਅਸਲਾ ਲੈਕੇ ਲੋਕਾਂ ਨੂੰ ਲੁੱਟਣ ਦੀਆਂ ਘਟਨਾਵਾਂ ਨੂੰ ਕੁਝ ਠੱਲ੍ਹ ਪਵੇ ਕਈ ਵਾਰ ਤਾਂ ਚੋਰ ਪੁਲੀਸ ਚੌਂਕੀਆਂ ਦੇ ਕੋਲ਼ ਵੀ ਬੰਦੇ ਨੂੰ ਬੜੇ ਆਰਾਮ ਨਾਲ ਲੁੱਟ ਲੈਂਦੇ ਹਨ ਅਤੇ ਉੱਥੇ ਵੀ ਪੀੜਿਤ ਨੂੰ ਜਲਦ ਕੋਈ ਸਹਾਇਤਾ ਨਹੀਂ ਮਿਲ਼ਦੀ, ਸਰਕਾਰ ਨੂੰ ਚਾਹੀਦਾ ਹੈ ਭੀੜ ਵਾਲੀਆਂ ਥਾਵਾਂ ਤੇ ਪੁਲੀਸ ਦੀ ਵਿਸ਼ੇਸ਼ ਟੀਮ ਬਣਾਕੇ ਜਰੂਰ ਤਾਇਨਾਤ ਕਰੇ ਤਾਂ ਜੋ ਚੋਰ ਲੁਟੇਰੇ, ਅਤੇ ਆਪਣੇ ਆਪ ਨੂੰ ਵੱਡੇ ਬਦਮਾਸ਼ ਕਹਾਉਣ ਵਾਲੇ ਕਾਬੂ ਆ ਸਕਣ ਪਰ ਵੇਖਿਆ ਜਾਵੇ ਤਾਂ ਇਹੋ ਜਿਹੇ ਕਿੰਨੇ ਬਦਮਾਸ਼ ਹਨ ਜਿਨ੍ਹਾਂ ਨੂੰ ਜੇਲ੍ਹਾਂ ਵਿਚ ਵੀ.ਆਈ.ਪੀ ਸਹੂਲਤਾਂ ਮਿਲਦੀਆਂ ਹਨ ਓਦੋਂ ਸਰਕਾਰ ਕੋਈ ਸਖਤ ਕਦਮ ਕਿਓਂ ਨਹੀਂ ਚੁੱਕਦੀ ਐਸੇ ਬਦਮਾਸ਼ਾਂ ਨੂੰ ਸਖ਼ਤ ਸਜਾਵਾਂ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਓਹ ਦੁਬਾਰਾ ਚੋਰੀ ਠੱਗੀ ਬਾਰੇ ਸੋਚਣ ਵੀ ਨਾ, ਪਰ ਕਈ ਵਾਰ ਆਮ ਹੀ ਵੇਖਿਆ ਹੈ ਜੇਕਰ ਲੋਕਾਂ ਵੱਲੋਂ ਕਾਬੂ ਕੀਤੇ ਚੋਰ ਨੂੰ ਪੁਲਿਸ ਹਵਾਲੇ ਕੀਤਾ ਜਾਂਦਾ ਹੈ ਤਾਂ ਉਹ ਤਿੰਨ ਚਾਰ ਘੰਟਿਆਂ ਬਾਦ ਹੀ ਉਸਨੂੰ ਛੱਡ ਦਿੰਦੇ ਹਨ ਅਤੇ ਓਹੀ ਚੋਰ ਅਗਲੇ ਦਿਨ ਉਸਤੋਂ ਵੀ ਵੱਡੀ ਕਿਸੇ ਵਾਰਦਾਤ ਨੂੰ ਬੇਖੌਫ ਅੰਜਾਮ ਦਿੰਦਾ ਹੈ, ਆਪਾਂ ਸਾਰੇ ਇਹ ਤਾਂ ਜਾਣਦੇ ਹਾਂ ਕਿ ਵਿਦੇਸ਼ਾਂ ਵਿਚ ਕਨੂੰਨ ਕਿੰਨੇ ਕਰੜੇ ਹਨ ਓਥੋਂ ਵਾਰਦਾਤਾਂ ਦੀ ਗਿਣਤੀ ਸਾਡੇ ਮੁਕਾਬਲੇ ਕਾਫੀ ਘੱਟ ਹੈ ਪਰ ਅਜਿਹਾ ਕਿਉ ਹੈ ਕਦੇ ਇਹ ਵੀ ਸੋਚਿਆ ਹੈ? ਕਿਉਂਕਿ ਓਥੇ ਚੋਰਾਂ ਨੂੰ ਜੁਰਮ ਸਾਬਿਤ ਹੋਣ ਤੇ ਜਲਦ ਤੋਂ ਜਲਦ ਕਰੜੀ ਸਜਾ ਹੁੰਦੀ ਐ ਅਤੇ ਸਾਡੇ ਇਥੇ ਚੋਰ ਬਦਮਾਸ਼ਾਂ, ਕਾਤਿਲਾਂ ਨੂੰ ਜੁਰਮ ਸਾਬਿਤ ਹੋਣ ਦੇ ਬਾਵਜੂਦ ਵੀ ਦੱਸ ਦੱਸ ਸਾਲ ਕੋਰਟ ਕੇਸ ਚ ਹੀ ਤਰੀਕਾਂ ਪਵਾਈ ਜਾਂਦੇ ਹਨ ਜੇਕਰ ਸਜਾ ਦਾ ਤਰੀਕਾ ਥੋੜ੍ਹਾ ਸਖ਼ਤ ਹੋਵੇ ਤਾਂ ਕੁਝ ਰਾਹਤ ਜਰੂਰ ਮਿਲ ਸਕਦੀ ਹੈ ਪਰ ਵੱਡੇ ਅਫਸਰਸ਼ਾਹਾਂ ਨੂੰ ਲੱਗਦਾ ਹੈ ਕਿ ਕੋਈ ਗੱਲ ਨਹੀਂ ਜੇ ਆਮ ਜਨਤਾ ਲੁੱਟੀ ਜਾਵੇ ਭਲਾ ਗੋਲੀਆਂ ਨਾਲ ਮਾਰ ਮੁਕਾ ਦਿੱਤੀ ਜਾਵੇ ਤਾਂ ਸਾਨੂੰ ਕੀ? ਅਸੀਂ ਆਵਦੀਆਂ ਕੋਠੀਆਂ ਵਿਚ ਆਵਦੇ ਅੰਗ ਰੱਖਿਅਕ ਨਾਲ ਸੁਰੱਖਿਅਤ ਹਾਂ, ਪਰ ਕੁਝ ਕੂ ਅਜਿਹੇ ਅਫ਼ਸਰ ਵੀ ਹਨ ਜੋ ਆਪਣੀ ਜਾਨ ਜੋਖਿਮ ਵਿਚ ਪਾਕੇ ਵੀ ਆਮ ਲੋਕਾਂ ਦੀ ਪੂਰਣ ਸਹਾਇਤਾ ਕਰਦੇ ਹਨ ਦਿਲੋਂ ਸਲਾਮ ਹੈ ਅਜਿਹੇ ਨੇਕ ਇਨਸਾਨਾਂ ਨੂੰ, ਅਤੇ ਫਿਟਕਾਰ ਹੈ ਓਹਨਾਂ ਨੂੰ ਜਿਹੜੇ ਵਰਦੀਆਂ ਪਾਕੇ ਵੀ ਉਸਦੀ ਕਦਰ ਨਹੀਂ ਕਰਦੇ ਅਤੇ ਵਿਹਲੇ ਤਨਖਾਹਾਂ ਨਾਲ ਢਿੱਡ ਭਰਦੇ ਹਨ, ਅੱਜ ਬੰਦਾ ਆਪਣੇ ਗਲੀ ਮੁਹੱਲੇ ਵਿਚ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦਾ ਬਦਮਾਸ਼ ਘਰ ਵਿਚ ਵੜਕੇ ਲੁੱਟਾਂ ਖੋਹਾਂ ਕਰਦੇ ਹਨ, ਇਹ ਸਾਰਾ ਕੁਝ ਵੱਧਦੀ ਬੇਰੋਜ਼ਗਾਰੀ, ਚਿੱਟੇ, ਅਤੇ ਹੋਰ ਨਸ਼ੇ ਦੀ ਤੋੜ ਨੂੰ ਪੂਰਾ ਕਰਨ ਲਈ ਨੌਜਵਾਨਾਂ ਵੱਲੋਂ ਹੀ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਇਹ ਚੋਰ ਲੁਟੇਰੇ ਕੋਈ ਬਾਹਰੋਂ ਨਹੀਂ ਆਏ ਸਗੋਂ ਸਾਡੇ ਦੇਸ਼ ਦੇ ਹੀ ਵਾਸੀ ਹਨ ਪਰ ਸਰਕਾਰਾਂ ਦੀ ਕਨੂੰਨਾਂ ਅਤੇ ਪ੍ਰਬੰਧਾਂ ਪ੍ਰਤੀ ਲਾਪਰਵਾਹੀ ਅਤੇ ਖੁੱਲ੍ਹ ਨੂੰ ਵੇਖ ਕੇ ਹੀ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ
ਅਮਨਦੀਪ ਕੌਰ ਹਾਕਮ ਸਿੰਘ ਵਾਲਾ ਬਠਿੰਡਾ
9877654596
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly