ਮਾਛੀਵਾੜਾ ਸਾਹਿਬ/ਸਮਰਾਲਾ (ਸਮਾਜ ਵੀਕਲੀ) (ਬਲਬੀਰ ਸਿੰਘ ਬੱਬੀ) ਖੇਡਾਂ,ਵਾਤਾਵਰਣ ਤੇ ਸਮਾਜ ਭਲਾਈ ਨੂੰ ਸਮਰਪਿਤ ਸੰਸਥਾ ਸਮਰਾਲਾ ਹਾਕੀ ਕਲੱਬ ਵੱਲੋਂ ਪਿਛਲੇ ਲੰਮੇ ਤੋਂ ਧੀਆਂ, ਰੁੱਖਾਂ ਅਤੇ ਪਾਣੀ ਦੀ ਸੰਭਾਲ ਲਈ ਯਤਨ ਜਾਰੀ ਹਨ। ਵਾਤਾਵਰਣ ਦੀ ਰੱਖਿਆ ਲਈ ਉਨ੍ਹਾਂ ਵੱਲੋਂ ਜਿੱਥੇ ਜਗ੍ਹਾ-ਜਗ੍ਹਾ ਰੁੱਖ ਲਗਾ ਕੇ ਵਾਤਾਵਰਨ ਨੂੰ ਹਰਿਆ-ਭਰਿਆ ਕੀਤਾ ਜਾ ਰਿਹਾ ਹੈ, ਉਥੇ ਹੀ ਸੈਮੀਨਾਰ ਲਗਾ ਕੇ ਧੀਆਂ ਨੂੰ ਪੜ੍ਹਾਉਣ ਅਤੇ ਪਾਣੀ ਦੀ ਸਾਂਭ-ਸੰਭਾਲ ਸਬੰਧੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਉਥੇ ਨਾਲ ਦੀ ਨਾਲ ਖੇਡਾਂ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾ ਰਹੀ ਹੈ।
ਬੀਤੇ ਦਿਨੀਂ ਇਸ ਸੰਸਥਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਾਲਾ ਦੀਆਂ ਲੋੜਵੰਦ ਵਿਦਿਆਰਥਣਾਂ ਦੀਆਂ ਫੀਸਾਂ ਲਈ 21 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦਾ ਚੈੱਕ ਸਕੂਲ ਦੇ ਪ੍ਰਿੰਸੀਪਲ ਗੁਰਜੰਟ ਸਿੰਘ ਸੰਗਤਪੁਰਾ ਅਤੇ ਸਮੂਹ ਸਟਾਫ ਨੂੰ ਦਿੱਤਾ ਗਿਆ। ਇਸ ਮੌਕੇ ਪ੍ਰਧਾਨ ਗੁਰਪ੍ਰੀਤ ਸਿੰਘ ਬੇਦੀ ਅਤੇ ਭੁਪਿੰਦਰ ਸਿੰਘ ਰਿਐਤ ਨੇ ਕਿਹਾ ਇਲਾਕੇ ਵਿੱਚ ਲੋੜਵੰਦ ਵਿਦਿਆਰਥਣਾਂ ਜੋ ਉੱਚ ਸਿੱਖਿਆ ਹਾਸਲ ਕਰਨ ਦੀਆਂ ਚਾਹਵਾਨ ਹਨ, ਪ੍ਰੰਤੂ ਫੀਸ ਪੱਖੋਂ ਪੜ੍ਹਾਈ ਜ਼ਾਰੀ ਰੱਖਣ ਵਿਚ ਦਿੱਕਤ ਆ ਰਹੀ ਹੈ, ਇਸੇ ਸੰਦਰਭ ਵਿੱਚ ਕਲੱਬ ਵੱਲੋਂ ਪੜ੍ਹਾਈ ਵਿੱਚ ਹੁਸ਼ਿਆਰ ਅਤੇ ਲੋੜਵੰਦ ਵਿਦਿਆਰਥਣਾਂ ਦੀ ਪੜ੍ਹਾਈ ਜ਼ਾਰੀ ਰੱਖਣ ਹਿੱਤ ਫੀਸ ਦੇਣ ਦਾ ਨਿਰਣਾ ਕੀਤਾ ਗਿਆ। ਪ੍ਰਿੰਸੀਪਲ ਗੁਰਜੰਟ ਸਿੰਘ ਅਤੇ ਸਮੂਹ ਸਟਾਫ਼ ਨੇ ਇਸ ਸਹਾਇਤਾ ਲਈ ਕਲੱਬ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਦੇ ਨਾਲ ਰਣਜੀਤ ਸਿੰਘ, ਮਨਪ੍ਰੀਤ ਸਿੰਘ, ਸੰਦੀਪ ਪਾਂਡੇ, ਅਜੈਪਾਲ ਸਿੰਘ, ਸੁਰਿੰਦਰ ਕੁਮਾਰ, ਰਮਨਦੀਪ ਕੌਰ, ਪੂਨਮ ਬਾਲਾ, ਸੀਮਾ ਕੌਸ਼ਲ, ਸੁਮਨ ਬਾਲਾ, ਮਨਜੀਤ ਕੌਰ ਆਦਿ ਹਾਜ਼ਰ ਸਨ। ਇਸ ਮੌਕੇ ਪਿ੍ਰੰਸੀਪਲ ਗੁਰਜੰਟ ਸਿੰਘ ਨੇ ਹਾਕੀ ਕਲੱਬ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਧੰਨਵਾਦ ਕਰਦੇ ਹੋਏ ਕਿਹਾ ਕਿ ਅਜਿਹੀ ਸਮਾਜ ਸੇਵਾ ਨਾਲ ਭਵਿੱਖ ਵਿੱਚ ਸਾਨੂੰ ਪੜ੍ਹਿਆ ਲਿਖਿਆ ਵਰਗ ਮਿਲੇਗਾ ਜੋ ਵਿੱਤੀ ਸਾਧਨਾਂ ਤੋਂ ਬੇਸ਼ੱਕ ਕਮਜੋਰ ਹੈ, ਪ੍ਰੰਤੂ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹਨ। ਅਜਿਹੀਆਂ ਸੰਸਥਾਵਾਂ ਸਮਾਜ ਵਿੱਚ ਅਜਿਹੇ ਕਾਰਜ ਕਰਕੇ ਪੁੰਨ ਦਾ ਕੰਮ ਕਰ ਰਹੀਆਂ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly