(ਸਮਾਜ ਵੀਕਲੀ)-ਘੜੂੰਆਂ, 17 ਜੁਲਾਈ (ਗੁਰਬਿੰਦਰ ਸਿੰਘ ਰੋਮੀ/ਅੰਜੂ ਅਮਨਦੀਪ ਗਰੋਵਰ): ਸਾਹਿਤਕਾਰਾ ਦਵਿੰਦਰ ਖੁਸ਼ ਧਾਲੀਵਾਲ ਦਾ ਪਲੇਠਾ ਲੇਖ-ਸੰਗ੍ਰਹਿ ‘ਸਮੇਂ ਦੀ ਦਾਸਤਾਨ’ ਗੁਰੂ ਨਾਨਕ ਚੇਅਰ ਆਫ਼ ਐਜੂਕੇਸ਼ਨ, ਚੰਡੀਗੜ੍ਹ ਯੂਨੀਵਰਸਿਟੀ (ਘੜੂੰਆਂ) ਵੱਲੋਂ ਲੋਕ ਅਰਪਣ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ, ਗੈਸਟ ਆਫ਼ ਆਨਰ ਵਜੋਂ ਪ੍ਰੋ ਚਾਂਸਲਰ ਡਾ.ਆਰ. ਐਸ. ਬਾਵਾ ਤੇ ਪ੍ਰੋ ਵਾਇਸ ਚਾਂਸਲਰ ਡਾ. ਦੇਵਿੰਦਰ ਸਿੰਘ ਸਿੱਧੂ ਅਤੇ ਵਿਸ਼ੇਸ਼ ਮਹਿਮਾਨਾਂ ਵਜੋਂ ਸਟੇਟ/ਨੈਸ਼ਨਲ ਐਵਾਰਡੀ ਡਾ. ਗੁਰਚਰਨ ਕੌਰ ਤੇ ਬਾਲ ਸ਼੍ਰੋਮਣੀ ਪੁਰਸਕਾਰ ਵਿਜੇਤਾ ਡਾ. ਦਰਸ਼ਨ ਸਿੰਘ ਆਸ਼ਟ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ।
ਘੁੰਡ ਚੁਕਾਈ ਮਗਰੋਂ ਉੱਘੇ ਸਾਹਿਤਕਾਰ ਪ੍ਰਿੰ. ਬਲਬੀਰ ਸਿੰਘ ਸਨੇਹੀ ਨੇ ਪੁਸਤਕ ‘ਤੇ ਵਿਸਥਾਰ ਵਿੱਚ ਪੇਪਰ ਪੜ੍ਹਿਆ ਅਤੇ ਡਾ. ਗੁਰਚਰਨ ਕੌਰ ਕੋਚਰ ਨੇ ਵਿਚਾਰ ਪੇਸ਼ ਕੀਤੇ। ਲੈਕਚਰਾਰ ਲਖਵਿੰਦਰ ਸਿੰਘ ਨੇ ਸ਼੍ਰੀਮਤੀ ਧਾਲੀਵਾਲ ਦੀ ਇਸ ਪੁਸਤਕ ਨੂੰ ਸਮੇਂ ਦੀ ਮੂੰਹ ਬੋਲਦੀ ਤਸਵੀਰ ਦੱਸਦਿਆਂ ਉਨ੍ਹਾਂ ਬਾਰੇ ਲਿਖੀ ਆਪਣੇ ਕਵਿਤਾ ਸਾਂਝੀ ਕੀਤੀ। ਡਾ. ਆਸ਼ਟ ਨੇ ਪੁਸਤਕ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹ ਪੁਸਤਕ ਸਾਰੇ ਵਿਦਿਅਕ ਤੇ ਸਿੱਖਿਅਕ ਅਦਾਰਿਆਂ ਦੀਆਂ ਲਾਇਬ੍ਰੇਰੀਆਂ ਵਿੱਚ ਲਾਜ਼ਮੀ ਉਪਲੱਬਧ ਹੋਣੀ ਚਾਹੀਦੀ ਹੈ। ਉੱਘੀ ਸਾਹਿਤਕਾਰਾ ਅੰਜੂ ਅਮਨਦੀਪ ਗਰੋਵਰ ਨੇ ਲੇਖਿਕਾ ਨੂੰ ਅਜੌਕੇ ਮੁੱਦਿਆਂ ਦੀ ਖੋਜ ਕਰਤਾ ਦੱਸਦਿਆਂ ਕਿਹਾ ਕਿ ਇਹ ਕਿਤਾਬ ਨਰੋਏ ਤੇ ਨਿਰੋਲ ਸਮਾਜ ਦੀ ਸਿਰਜਣਾ ਵਿੱਚ ਵੱਡੀ ਭੂਮਿਕਾ ਨਿਭਾਏਗੀ।
ਵਿਸ਼ੇਸ਼ ਤੌਰ ‘ਤੇ ਪਹੁੰਚੇ ਨਾਮਵਾਰ ਸਾਹਿਤਕਾਰ ਅਤੇ ਰਿਪੋਰਟਰ ਸਤਵਿੰਦਰ ਸਿੰਘ ਧੜਾਕ, ਪੰਜਾਬੀ ਫ਼ਿਲਮ ਅਦਾਕਾਰਾ ਪੰਮੀ ਸਿੱਧੂ ਸੰਧੂ ਤੇ ਉੱਘੀ ਸਾਹਿਤਕਾਰਾ ਰਾਜਬੀਰ ਕੌਰ ਗਰੇਵਾਲ ਨੇ ਵੀ ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਆਪਣੀਆਂ ਰਚਨਾਵਾਂ ਸੁਣਾ ਕੇ ਮਹਿਫਲ ਵਿੱਚ ਚਾਰ ਚੰਨ ਲਾਏ। ਉਪਰੰਤ ਪ੍ਰੋਫੈਸਰ ਡਾ. ਦੇਵਿੰਦਰ ਸਿੰਘ ਸਿੱਧੂ ਨੇ ਸ਼੍ਰੀਮਤੀ ਧਾਲੀਵਾਲ ਦੇ ਉਪਰਾਲਿਆਂ ਦੀ ਖੂਬ ਸ਼ਲਾਘਾ ਕੀਤੀ ਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਅਹਿਦ ਲਿਆ ਕਿ ਯੂਨੀਵਰਸਿਟੀ ਆਉਣ ਵਾਲੇ ਸਮੇਂ ਵਿੱਚ ਵੀ ਪੰਜਾਬੀ ਮਾਂ ਬੋਲੀ ਦੇ ਪ੍ਰਸਾਰ ਅਤੇ ਪ੍ਰਚਾਰ ਲਈ ਪ੍ਰੋਗਰਾਮ ਅਤੇ ਸੈਮੀਨਾਰ ਕਰਵਾਉਂਦੀ ਰਹੇਗੀ। ਅੰਤ ਵਿੱਚ ਲੇਖਿਕਾ ਦਵਿੰਦਰ ਖੁਸ਼ ਧਾਲੀਵਾਲ ਨੇ ਸਭਨਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਯੂਨੀਵਰਸਿਟੀ ਦੇ ਡਾ. ਮਨਜੀਤ ਸਿੰਘ ਨੇ ਬਾਖੂਬੀ ਨਿਭਾਈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly