ਦਵੱਯਾ ਛੰਦ ( ਅਰਦਾਸਾਂ )

ਸੁਖਚੈਨ ਸਿੰਘ ਚੰਦ ਨਵਾਂ

(ਸਮਾਜ ਵੀਕਲੀ)

ਮੱਚੀ ਹਾਹਾਕਾਰ ਪਈ ਹੈ , ਨਫ਼ਰਤ ਪੈਰ ਪਸਾਰੇ ।
ਟੈਂਕ ਮਿਜ਼ਾਇਲ ਤੋਪਾਂ ਚੱਲਣ , ਵੀਰ -ਵੀਰ ਨੂੰ ਮਾਰੇ।
ਹੱਦ ਜ਼ੁਲਮ ਦੀ ਹੋਗੀ ਦਾਤਾ , ਕਰਨ ਤਬਾਹੀ ਭਾਰੀ ।
ਹੱਥ ਜੋੜ ਅਰਦਾਸਾਂ ਤੈਨੂੰ , ਕਰਦੀ ਖ਼ਲਕਤ ਸਾਰੀ

ਦਹਿਸ਼ਤ ਵਾਲਾ ਮੰਜ਼ਰ ਬਣਿਆ,ਫ਼ਿਰਦੇ ਅੱਤ ਮਚਾਈ।
ਫੁੱਲਾਂ ਨਾਲੋਂ ਕੋਮਲ ਜਿੰਦਾਂ , ਰੱਬਾ ਦੇਣ ਦੁਹਾਈ ।
ਕੁਰਸੀ ਖਾਤਿਰ ਲੜਨ ਲੜਾਈ, ਮੱਤ ਗਈ ਕਿਉ ਮਾਰੀ ।
ਹੱਥ ਜੋੜ ਅਰਦਾਸਾਂ ਤੈਨੂੰ , ਕਰਦੀ ਖ਼ਲਕਤ ਸਾਰੀ।

ਕਾਹਦੀ ਕਰੀ ਤਰੱਕੀ ਇਥੇ , ਬੰਬ ਬਰੂਦ ਬਣਾਕੇ।
ਕੁਦਰਤਿ ਨਾਲ ਪਾ ਲਿਆ ਪੰਗਾ, ਤੇਰਾ ਨਾਮ ਭੁਲਾਕੇ।
ਬਣ ਬੈਠੇ ਜਾਨਾਂ ਦੇ ਵੈਰੀ , ਜਾਵਣ ਕਹਿਰ ਗੁਜਾਰੀ।
ਹੱਥ ਜੋੜ ਅਰਦਾਸਾਂ ਤੈਨੂੰ , ਕਰਦੀ ਖ਼ਲਕਤ ਸਾਰੀ।

ਨਫ਼ਰਤ ਵਾਲੀ ਅੱਗ ਚ ਸੜਦੇ , ਅੱਜਕੱਲ੍ਹ ਜਰਵਾਣੇ ।
ਨਿਰਦੋਸ਼ਾਂ ਨੂੰ ਮਾਰਨ ਲੱਗੇ , ਕਿਉ ਨਾ ਅਕਲ ਟਿਕਾਣੇ।
ਨੰਗਾ ਨਾਚ ਮੌਤ ਦਾ ਖੇਲ੍ਹਣ , ਜਾਂਦੇ ਝੱਲ ਖਿਲਾਰੀ ।
ਹੱਥ ਜੋੜ ਅਰਦਾਸਾਂ ਤੈਨੂੰ , ਕਰਦੀ ਖ਼ਲਕਤ ਸਾਰੀ।

ਉਜੜੇ ਕਈ ਸੁਹਾਗ ਸਿਰਾਂ ਦੇ, ਭੈਣਾਂ ਦੇ ਸੀ ਵੀਰੇ ।
ਕਈ ਬੱਚਿਆਂ ਦੇ ਮਾਪੇ ਸੀ , ਮਾਵਾਂ ਦੇ ਸੀ ਹੀਰੇ ।
ਹਸਦੇ ਵਸਦੇ ਉਜੜ ਗਏ ਨੇ, ਪੱਲੇ ਹੈ ਦੁਸ਼ਵਾਰੀ।
ਹੱਥ ਜੋੜ ਅਰਦਾਸਾਂ ਤੈਨੂੰ , ਕਰਦੀ ਖ਼ਲਕਤ ਸਾਰੀ।

ਯੁੱਗਾਂ ਤੱਕ ਜਖ਼ਮ ਨਾ ਭਰਨੇ , ਸਦਾ ਰਹਿਣਗੇ ਅੱਲੇ।
ਤੁਰੇ ਖ਼ੂਨ ਦੀ ਹੋਲੀ ਖੇਡਣ , ਹੋ ਕੇ ਪਾਗ਼ਲ ਝੱਲੇ।
ਰੰਗਾ ਦੀ ਥਾਂ ਤੇ ਬਰੂਦ ਦੀ, ਭਰ ਤੁਰਪੇ ਪਿਚਕਾਰੀ।
ਹੱਥ ਜੋੜ ਅਰਦਾਸਾਂ ਤੈਨੂੰ , ਕਰਦੀ ਖ਼ਲਕਤ ਸਾਰੀ।

ਹੁਣ ਤਾਂ ਬਹੁੜ ਮਾਲਿਕਾ ਕਿਧਰੋਂ , ਹੋ ਨਾ ਜਾਵੇ ਦੇਰੀ।
ਨਾ ਪਰਮਾਣੂ ਬੰਬਾਂ ਵਾਲੀ , ਵਗਜੇ ਕਿਤੇ ਹਨੇਰੀ ।
ਤਹਿਸ ਨਹਿਸ ਨਾ ਹੋਜੇ ਬੀਜੀ, ਫੁੱਲਾਂ ਭਰੀ ਕਿਆਰੀ।
ਹੱਥ ਜੋੜ ਅਰਦਾਸਾਂ ਤੈਨੂੰ , ਕਰਦੀ ਖ਼ਲਕਤ ਸਾਰੀ।

ਸੁਖਚੈਨ ਸਿੰਘ ਚੰਦ ਨਵਾਂ
9914973876

 

Previous articleਮਰਹੂਮ ਸ਼ਾਇਰ ਉਸਤਾਦ ਰਾਜਿੰਦਰ ਪਰਦੇਸੀ ਨੂੰ ਯਾਦ ਕਰਦਿਆਂ.
Next articleਤੇਰੇ ਬਿਨਾ