ਤੇਰੇ ਬਿਨਾ

ਸੁਰਿੰਦਰ ਕੌਰ ਸੈਣੀ

(ਸਮਾਜ ਵੀਕਲੀ)

 

ਤੇਰੀ ਇਬਾਦਤ ਤੋਂ ਬਿਨਾ ਘਰ ਵਿਚ ਕੁੱਝ ਨਾ ਰਿਹਾ,
ਯਾਦਾਂ ਦੀ ਬਾਰਾਤ ਤੋਂ ਬਿਨਾਂ ਘਰ ਚ ਕੁੱਝ ਨਾ ਰਿਹਾ ,

ਵੇਲੇ ਦਾ ਝੱਖੜ- ਤੁਫਾਨ ਸਭ ਕੁੱਝ ਉੱਡਾ ਕੇ ਲੈ ਗਿਆ ,
ਸੁਲਗਦੇ ਜਜ਼ਬਾਤ ਤੋਂ ਬਿਨਾਂ ਘਰ ਚ ਕੁੱਝ ਨਾ ਰਿਹਾ ,

ਬੁਝੇ ਹੋਏ ਮੌਸਮ ਚ ਹਰ ਸ਼ੈਅ ਸੜ ਕੇ ਸਵਾਹ ਹੋ ਗਈ ,
ਅੱਖੀਆਂ ਦੀ ਬਰਸਾਤ ਤੋਂ ਬਿਨਾਂ ਘਰ ਚ ਕੁੱਝ ਨਾ ਰਿਹਾ ,

ਖਾਮੋਸ਼ ਤਨਹਾਈ ਦਿਲ ਦਾ ਬੂਹਾ ਮੱਲ ਕੇ ਬਹਿ ਗਈ ,
ਮਾਯੂਸੀ ਦੇ ਹਾਲਾਤ ਤੋਂ ਬਿਨਾਂ ਘਰ ਚ ਕੁੱਝ ਨਾ ਰਿਹਾ ,

ਅਤੀਤ ਦੀ ਭੁੱਬਲ ਦੀ ਢੇਰੀ ਨੂੰ ਫੋਲ ਕੇ ਹੱਥ ਸਾੜ ਲਏ,
ਢਹਿ- ਢੇਰੀ ਖ਼ਯਾਲਾਤ ਤੋਂ ਬਿਨਾਂ ਘਰ ਚ ਕੁੱਝ ਨਾ ਰਿਹਾ ,

ਤੇਰੇ ਬਿਨਾ ਦਿਹਾੜੇ ਖਲੋ ਗਏ ਬਹਾਰਾਂ ਵੀ ਰੁੱਸ ਗਈਆਂ ,
ਜੁਦਾਈਆਂ ਦੀ ਖ਼ੈਰਾਤ ਤੋਂ ਬਿਨਾਂ ਘਰ ਚ ਕੁੱਝ ਨਾ ਰਿਹਾ ,

ਨਾ ਤੂੰ ਦੂਰ ਹੁੰਦਾ ਨਾ ਕੋਲ ਆਉਂਦੈ ਅਜ਼ਬ ਲੀਲਾ ਹੈ ਤੇਰੀ,
ਸੈਣੀ ਹੁਣ ਕਲਮ ਕਾਗਜ਼ ਤੋਂ ਬਿਨਾਂ ਘਰ ਚ ਕੁੱਝ ਨਾ ਰਿਹਾ ,

ਸੁਰਿੰਦਰ ਕੌਰ ਸੈਣੀ

 

Previous articleਦਵੱਯਾ ਛੰਦ ( ਅਰਦਾਸਾਂ )
Next articleਸਰਕਾਰੀ ਰਾਸ਼ਨ……