ਬਿਜਲੀ ਬਿਲ !!!!!

ਜਸਪਾਲ ਜੱਸੀ

(ਸਮਾਜ ਵੀਕਲੀ)

ਬਾਪੂ ਸਵੇਰੇ ਉੱਠਦਿਆਂ ਸਾਰ,ਸਾਰੇ ਪੱਖੇ ਕੂਲਰ ਬੰਦ ਕਰ ਦਿੰਦਾ ਸੀ। ਅਜੇ ਚਾਹ ਵੀ ਨਹੀਂ ਸੀ ਪੀਤੀ ਹੁੰਦੀ ਪਹਿਲਾਂ ਗਲੀ ‘ਚ ਲੱਗੇ ਮੀਟਰ ‘ਤੇ ਝਾਤ ਮਾਰ ਕੇ ਮਾਰ ਕੇ ਆਉਣ ਲਈ ਕਹਿ ਦਿੰਦਾ। ਜਦੋਂ ਮੀਟਰ ਦੇਖ ਕੇ ਆਉਂਦਾ ਤਾਂ ਦੂਰੋਂ ਹੀ ਉੱਚੀ ਆਵਾਜ਼ ਵਿਚ ਪੁੱਛਦਾ,” ਕਿੰਨੇ ਮੱਚ ਗਏ ?” ਮੈਂ ਜਦੋਂ ਹੌਲੀ ਜਿਹੀ ਕਹਿੰਦਾ, “ਚਾਰ ਸੋ ਵੀਹ।” ਤਾਂ ਉਸ ਦੀ ਅੱਗਿਓਂ ਉੱਚੀ ਸਾਰੀ ਆਵਾਜ਼ ਆਉਂਦੀ।” ਉੱਚਾ ਨਹੀਂ ਮਰਿਆ ਜ਼ਾਂਦਾ”। ਮੈਂ ਫੇਰ ਉੱਚੀ ਬੋਲਦਾ,” ਬਾਪੂ ! ਚਾਰ ਸੌ ਵੀਹ।” ਉਹ ਚਾਰ ਸੌ ਵੀਹ ਸੁਣ ਕੇ ਹੌਲੀ ਜਿਹੀ ਕਹਿੰਦਾ, ਹੋ ਗਈ ! ਤੇ ਜੇਬ ‘ਚ ਰੱਖੇ ਕਾਗਜ਼ ‘ਤੇ ਮੀਟਰ ਦੀ ਰੀਡਿੰਗ ਨੋਟ ਕਰ ਲੈਂਦਾ।

ਬਾਪੂ ਸਵੇਰੇ ਸ਼ਾਮ ਸਾਡੇ ਕਮਰਿਆਂ ਵਿਚ ਗੇੜੇ ਦਿੰਦਾ ਰਹਿੰਦਾ। ਜਿੱਥੇ ਵੀ ਕੋਈ ਫਾਲਤੂ ਬੱਲਬ ਚੱਲਦਾ ਹੁੰਦਾ ਉਸ ਨੂੰ ਬੰਦ ਕਰ ਦਿੰਦਾ ਤੇ ਜਿਹੜਾ ਬੰਦਾ ਸਾਹਮਣੇ ਅੜ ਜਾਂਦਾ ਉਸ ਨੂੰ ਝਈਆਂ ਲੈ ਲੈ ਪੈਂਦਾ ਤੇ ਸਾਰੇ ਟੱਬਰ ਨੂੰ ਖਾਣ ਨੂੰ ਆਉਂਦਾ। ਜਿਸ ਦਿਨ ਦੀ ਛੇ ਸੌਂ ਯੂਨਿਟ ਬਿਜਲੀ, ਸਰਕਾਰ ਨੇ ਮੁਆਫ਼ ਕੀਤੀ ਸੀ, ਲੱਗਦਾ ਸੀ ਬਾਪੂ ਦੇ ਦਿਮਾਗ਼ ਦਾ ਤਵਾਜ਼ਨ ਹਿੱਲ ਗਿਆ ਸੀ। ਸਾਰਾ ਟੱਬਰ ਸਰਕਾਰ ਨੂੰ ਗਾਲ਼ਾਂ ਕੱਢ ਰਿਹਾ ਸੀ ਕਿ ਉਸ ਨੇ ਆਹ ਕੀ ਕਰ ਦਿੱਤਾ। ਹੱਸਦਾ ਵੱਸਦਾ ਟੱਬਰ ਖੁਸ਼ੀ ਦੀ ਥਾਂ ਟੈਂਸ਼ਨ ਵਿਚ ਆ ਗਿਆ ਸੀ।
ਅੱਜ ਤਾਂ ਕਮਾਲ ਹੀ ਹੋ ਗਈ ਸੀ।

ਦਿਨ ਵੀ ਨਹੀਂ ਸੀ ਚੜ੍ਹਿਆ, ਬਾਪੂ ਮੀਟਰ ਦੇਖਣ ਆਪ ਹੀ ਤੁਰ ਗਿਆ ਸੀ ਤੇ ਆਉਂਦਿਆਂ ਹੀ ਉਸ ਦਾ ਪਾਰਾ ਚੜ੍ਹਿਆ ਹੋਇਆ ਸੀ। ਮੀਟਰ ‘ਤੇ ਪੰਜ ਸੌ ਅਠਾਨਵੇਂ ਦੀ ਰੀਡਿੰਗ ਦੇਖ ਕੇ ਬਾਪੂ ਇਸ ਤਰ੍ਹਾਂ ਘਰ ਵੱਲ ਤੇਜੀ ਨਾਲ ਤੁਰਿਆ ਆ ਰਿਹਾ ਸੀ ਜਿਵੇਂ ਬਹੁਤ ਅਨਰਥ ਹੋਣ ਵਾਲਾ ਸੀ। ਸਭ ਤੋਂ ਪਹਿਲਾਂ ਆ ਕੇ ਉਸ ਪੱਖੇ ਬੰਦ ਕੀਤੇ ਫਿਰ ਇੱਕ ਬੱਲਬ ਛੱਡ ਕੇ ਸਾਰੇ ਬੰਦ ਕਰ ਦਿੱਤੇ। ਉਸ ਨੇ ਸਾਰਾ ਟੱਬਰ ਜਗਾ ਲਿਆ ਸੀ ਤੇ ਭੈਣ ਨੂੰ ਕਿਹਾ, ਜਲਦੀ ਤੇਰੀ ਮਾਸੀ ਨੂੰ ਫੋਨ ਲਾ ਉਹਨਾਂ ਦੇ ਕਿੰਨੇ ਯੂਨਿਟ ਮੱਚੇ ਨੇ। ਜੇ ਉਹਨਾਂ ਦੇ ਘੱਟ ਮੱਚੇ ਹੋਏ ਤਾਂ ਅੱਜ ਦਾ ਦਿਹਾੜਾ ਉਹਨਾਂ ਘਰ ਹੀ ਲਾ ਕੇ ਆਵਾਂ ਗੇ।

ਤੂੰ ਕਾਕਾ, ਮੀਟਰ ਰੀਡਰ ਦਾ ਨੰਬਰ ਲੱਭ ਕੇ ਉਸ ਨੂੰ ਫੋਨ ਕਰ ! ਕਹਿ, ਦਸ ਵਜੇ ਤੋਂ ਪਹਿਲਾਂ ਪਹਿਲਾਂ ਰੀਡਿੰਗ ਲੈ ਕੇ ਜਾਹ।
“ਤੂੰ ਐਂ ਕਰ ਪਹਿਲਾਂ ਫਰਿੱਜ ਬੰਦ ਕਰ, ਕਿਤੇ ਉਦੋਂ ਤੱਕ ਜਾਹ ਜਾਂਦੀ ਨਾ ਹੋ ਜਾਵੇ,”ਬਾਪੂ ਬੇਬੇ ਨੂੰ ਕਹਿ ਰਿਹਾ ਸੀ।

ਜਸਪਾਲ ਜੱਸੀ

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleRailways incur loss worth crores due to cattle run over incidents
Next articleਉੱਘੀਆਂ ਸ਼ਖ਼ਸੀਅਤਾਂ ਵੱਲੋਂ ਮੈਡਮ ਰਜਨੀ ਧਰਮਾਣੀ ਨੂੰ ਸਨਮਾਨਿਤ ਕੀਤਾ ਗਿਆ