ਨਵੀਂ ਦਿੱਲੀ (ਸਮਾਜ ਵੀਕਲੀ): ਸੁਪਰੀਮ ਕੋਰਟ ਨੇ ਉਮੀਦਵਾਰਾਂ ਦੇ ਅਪਰਾਧਿਕ ਪਿਛੋਕੜ ਨੂੰ ਨਸ਼ਰ ਕਰਨ ਸਬੰਧੀ ਚੋਣ ਕਮਿਸ਼ਨ ਨੂੰ ਹਦਾਇਤਾਂ ਜਾਰੀ ਕੀਤੇ ਜਾਣ ਦੀ ਮੰਗ ਕਰਦੀ ਪਟੀਸ਼ਨ ਨੂੰ ਸੁਣਵਾਈ ਲਈ ਸੁੂਚੀਬੰਦ ਕੀਤੇ ਜਾਣ ਦੀ ਹਾਮੀ ਭਰ ਦਿੱਤੀ ਹੈ। ਪਟੀਸ਼ਨ ਵਿੱਚ ਮੰਗ ਕੀਤੀ ਗਈ ਹੈ ਕਿ ਚੋਣ ਕਮਿਸ਼ਨ ਯਕੀਨੀ ਬਣਾੲੇ ਕਿ ਸਿਆਸੀ ਪਾਰਟੀਆਂ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰਾਂ ਖਿਲਾਫ਼ ਦਰਜ ਕੇਸਾਂ ਦੀ ਤਫ਼ਸੀਲ ਤੇ ਇਨ੍ਹਾਂ ਦੀ ਚੋਣ ਸਬੰਧੀ ਕਾਰਨਾਂ ਨੂੰ ਆਪਣੀਆਂ ਵੈੱਬਸਾਈਟਾਂ ’ਤੇ ਪ੍ਰਕਾਸ਼ਿਤ ਕਰਨ।
ਆਪਣੀ ਨਿੱਜੀ ਸਮਰੱਥਾ ਵਿੱਚ ਪਟੀਸ਼ਨ ਦਾਖ਼ਲ ਕਰਨ ਵਾਲੇ ਵਕੀਲ ਅਸ਼ਵਨੀ ਉਪਾਧਿਆਏ ਨੇ ਭਾਰਤ ਦੇ ਚੀਫ਼ ਜਸਟਿਸ ਐੱਨ.ਵੀ.ਰਾਮੰਨਾ ਤੇ ਜਸਟਿਸ ੲੇ.ਐੱਸ.ਬੋਪੰਨਾ ਤੇ ਜਸਟਿਸ ਹਿਮਾ ਕੋਹਲੀ ਦੀ ਸ਼ਮੂਲੀਅਤ ਵਾਲੇ ਬੈਂਚ ਨੂੰ ਅਪੀਲ ਕੀਤੀ ਕਿ ਪੰਜ ਰਾਜਾਂ ਵਿੱਚ ਚੱਲ ਰਹੇ ਮੌਜੂਦਾ ਚੋਣ ਅਮਲ ਦੇ ਮੱਦੇਨਜ਼ਰ ਪਟੀਸ਼ਨ ਨੂੰ ਜ਼ਰੂਰੀ ਸੁਣਵਾਈ ਲਈ ਜਲਦੀ ਸੂਚੀਬੰਦ ਕੀਤਾ ਜਾਵੇ। ਵਕੀਲ ਨੇ ਕਿਹਾ, ‘‘ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਵੱਲੋਂ ਬੜੀ ਬੇਸ਼ਰਮੀ ਨਾਲ ਸਿਖਰਲੀ ਅਦਾਲਤ ਦੇ ਦੋ ਫੈਸਲਿਆਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।’’ ਇਸ ’ਤੇ ਸੀਜੇਆਈ ਨੇ ਕਿਹਾ, ‘‘ਅਸੀਂ ਇਸ (ਪਟੀਸ਼ਨ) ’ਤੇ ਗੌਰ ਕਰਾਂਗੇ। ਅਸੀਂ ਤਰੀਕ ਦੇਵਾਂਗੇ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly