***ਕੌਣ ਕਹਿੰਦਾ***

ਸ਼ਰਨਜੀਤ ਕੌਰ ਜੋਸਨ

(ਸਮਾਜ ਵੀਕਲੀ)

ਕੌਣ ਕਹਿੰਦਾ ਸੁਰਖ ਬੁੱਲਾਂ ਪਿੱਛੇ
ਸਿਸਕੀਆਂ ਨਹੀਂ ਹੁੰਦੀਆਂ,
ਖਿੜੇ ਚਿਹਰੇ ਪਿੱਛੇ
ਉਦਾਸੀ ਨਹੀਂ ਹੁੰਦੀ,
ਘੁਲੇ ਮਿਲ਼ੇ ਦਿਲਾਂ ਅੰਦਰ
ਇਕੱਲਾਪਨ ਨਹੀਂ ਹੁੰਦਾ,
ਉਦਾਸ ਦਿਲ ਵਿੱਚ
ਸ਼ੋਰ ਨਹੀਂ ਹੁੰਦਾ
ਜਾਂ ਫ਼ਿਰ ਸ਼ੋਰ ਵਿੱਚ
ਪੱਸਰੀ ਚੁੱਪ
ਕੌਣ ਕਹਿੰਦਾ, ਕੌਣ ਕਹਿੰਦਾ____

ਕਪਾਹ ਦੀਆਂ ਫੁੱਟੀਆਂ ਵਾਂਗੂੰ
ਖਿੜੀ ਮਹਿਫ਼ਲ ਦੇ ਪਿੱਛੇ
ਕਪਾਹ ਚੁਗਣ ਤੋਂ ਪਿੱਛੋਂ
ਕਿੱਸੀਆਂ ਤੇ ਛਾਈ ਉਦਾਸੀਨਤਾ
ਆਸ ਵਿੱਚੋਂ ਝਲਕਦੀ
ਨਿਰਾਸ਼ਾ ਦੀ ਝਲਕ
ਨਿਰਾਸ਼ਤਾ ਵਿੱਚ ਡੁੱਬਿਆ ਸ਼ਖ਼ਸ
ਟੁੱਟੇ ਦਿਲ ਦੇ ਠੀਕਰੇ ਇਕੱਠੇ ਕਰਦਾ
ਫੁੱਟ ਫੁੱਟ ਕੇ ਰੋਂਦਾ
ਸਾਗ਼ਰ ਨਹੀਂ ਹੁੰਦਾ
ਕੋਣ ਕਹਿੰਦਾ, ਕੌਣ ਕਹਿੰਦਾ_____

ਕਲਾਵੇ ਭਰਦੀਆਂ ਬਾਹਾਂ ਵਿੱਚ
ਲਪੇਟੀ ਨਫ਼ਰਤ ਦੀ ਅੱਗ,
ਜਾਂ ਫ਼ਿਰ ਰੁੱਸ ਵਿਛੜੀਆਂ
ਰੂਹਾਂ ਵਿੱਚ ਪਿਆਰ ਦੀ ਖਿੱਚ
ਉਸ ਖਿੱਚ ਵਿੱਚ ਤੜਫ਼
ਤੜਫ਼ ਵਿੱਚ ਵਿਲਕਦੀ ਮੁਹੱਬਤ
ਵਿਲਕਦੀ ਮੁਹੱਬਤ ਵਿੱਚ
ਬੁੱਲ੍ਹਾ ਦੀ ਥਰਥਰਾਹਟ
ਥਰਥਰਾਹਟ ਵਿੱਚ ਚੀਸ
ਚੀਸ ਵਿੱਚ ਫ਼ੇਰ ਕਦੇ
ਨਾ ਮਿਲਣ ਦਾ ਡਰ ਨਹੀਂ ਹੁੰਦਾ,
ਕੌਣ ਕਹਿੰਦਾ, ਕੌਣ ਕਹਿੰਦਾ____

ਸ਼ਰਨਜੀਤ ਕੌਰ ਜੋਸਨ

Previous articleਸ਼ਹਿਰ ਤੋਂ ਦੂਰ
Next articleਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਗੜ੍ਹ ਖੋਖਰ (ਸੰਗਰੂਰ) ਦੇ IT ਅਤੇ ਸਿਕਿਉਰਟੀ ਦੇ ਵਿਦਿਆਰਥੀਆਂ ਦਾ ਇੱਕ ਰੋਜ਼ਾ ਟੂਰ