- ਇਕ ਮੁਲਜ਼ਮ ਦੀ ਗ੍ਰਿਫ਼ਤਾਰੀ ਅਜੇ ਬਾਕੀ
ਲਖੀਮਪੁਰ ਖੀਰੀ (ਸਮਾਜ ਵੀਕਲੀ): ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਲਖੀਮਪੁਰ ਖੀਰੀ ਹਿੰਸਾ ਦੇ ਮਾਮਲੇ ’ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਸਮੇਤ 14 ਮੁਲਜ਼ਮਾਂ ਖ਼ਿਲਾਫ਼ ਅੱਜ ਕਰੀਬ ਪੰਜ ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਇਹ ਚਾਰਜਸ਼ੀਟ ਚੀਫ਼ ਜੁਡੀਸ਼ਲ ਮੈਜਿਸਟਰੇਟ ਚਿੰਤਾ ਰਾਮ ਦੀ ਅਦਾਲਤ ’ਚ ਦਾਖ਼ਲ ਕੀਤੀ ਗਈ ਹੈ। ਚਾਰਜਸ਼ੀਟ ’ਚ ਆਸ਼ੀਸ਼ ਮਿਸ਼ਰਾ ਅਤੇ 13 ਹੋਰਾਂ ਖ਼ਿਲਾਫ਼ ਹੱਤਿਆ ਅਤੇ ਹੱਤਿਆ ਦੀ ਕੋਸ਼ਿਸ਼ ਸਮੇਤ ਹੋਰ ਦੋਸ਼ ਲਾਏ ਗੲੇ ਹਨ। ਪਿਛਲੇ ਸਾਲ 3 ਅਕਤੂਬਰ ਨੂੰ ਵਾਪਰੇ ਕਾਂਡ ’ਚ ਇਹ ਪਹਿਲੀ ਚਾਰਜਸ਼ੀਟ ਹੈ। ਆਸ਼ੀਸ਼ ਖ਼ਿਲਾਫ਼ ਧਾਰਾ 302, 307, 149, 326, 34, 427, ਅਤੇ 120-ਬੀ ਤਹਿਤ ਦੋਸ਼ ਲਾਏ ਗਏ ਹਨ। ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦਾਅਵਾ ਕਰਦੇ ਆ ਰਹੇ ਹਨ ਕਿ ਉਨ੍ਹਾਂ ਦਾ ਪੁੱਤਰ ਬੇਕਸੂਰ ਹੈ ਅਤੇ ਉਹ ਘਟਨਾ ਵਾਲੇ ਦਿਨ ਆਪਣੇ ਜੱਦੀ ਪਿੰਡ ਬਨਵੀਰਪੁਰ ਦੇ ਦੰਗਲ ’ਚ ਹਾਜ਼ਰ ਸੀ।
ਉਂਜ ਕਿਸਾਨਾਂ ਮੁਤਾਬਕ ਜਿਹੜੇ ਵਾਹਨ ਨੇ ਉਨ੍ਹਾਂ ਦੇ ਸਾਥੀਆਂ ਨੂੰ ਦਰੜਿਆ ਸੀ, ਉਨ੍ਹਾਂ ’ਚੋਂ ਇਕ ’ਚ ਆਸ਼ੀਸ਼ ਵੀ ਸਵਾਰ ਸੀ। ਸਿਟ ਨੇ ਆਸ਼ੀਸ਼ ਮਿਸ਼ਰਾ ਮੋਨੂੰ, ਅੰਕਿਤ ਦਾਸ, ਨੰਦਨ ਸਿੰਘ ਬਿਸ਼ਟ, ਸਤਿਅਮ ਤ੍ਰਿਪਾਠੀ ਉਰਫ਼ ਸਤਿਅਮ, ਲਤੀਫ਼ ਉਰਫ਼ ਕਾਲੇ, ਸ਼ੇਖਰ ਭਾਰਤੀ, ਸੁਮਿਤ ਜੈਸਵਾਲ, ਆਸ਼ੀਸ਼ ਪਾਂਡੇ, ਲਵਕੁਸ਼ ਰਾਣਾ, ਸ਼ਿਸ਼ੂ ਪਾਲ, ਉਲਾਸ ਕੁਮਾਰ ਉਰਫ਼ ਮੋਹਿਤ ਤ੍ਰਿਵੇਦੀ, ਰਿੰਕੂ ਰਾਣਾ ਅਤੇ ਧਰਮੇਂਦਰ ਬਣਜਾਰਾ ਦੀ ਪਛਾਣ ਕਰਕੇ 13 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਸੀਨੀਅਰ ਪ੍ਰੋਸਿਕਊਸ਼ਿਨ ਅਧਿਕਾਰੀ ਐੱਸ ਪੀ ਯਾਦਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਕ ਹੋਰ ਮੁਲਜ਼ਮ ਵੀਰੇਂਦਰ ਸ਼ੁਕਲਾ ਦਾ ਨਾਮ ਵੀ ਧਾਰਾ 201 ਤਹਿਤ ਚਾਰਜਸ਼ੀਟ ’ਚ ਦਾਖ਼ਲ ਕੀਤਾ ਗਿਆ ਹੈ। ਸ਼ੁਕਲਾ ਨੂੰ ਅਜੇ ਗ੍ਰਿਫ਼ਤਾਰ ਕੀਤਾ ਜਾਣਾ ਬਾਕੀ ਹੈ। ਸੂਤਰਾਂ ਨੇ ਕਿਹਾ ਕਿ ਸ਼ੁਕਲਾ, ਮਿਸ਼ਰਾ ਦਾ ਰਿਸ਼ਤੇਦਾਰ ਹੈ ਅਤੇ ਬਲਾਕ ਮੁਖੀ ਹੈ। ਸਿਟ ਨੇ ਉਸ ਨੂੰ ਨੋਟਿਸ ਭੇਜਿਆ ਹੈ।
ਜ਼ਿਕਰਯੋਗ ਹੈ ਕਿ ਸਿਟ ਨੇ ਸਥਾਨਕ ਅਦਾਲਤ ’ਚ ਦਾਖ਼ਲ ਕੀਤੀ ਰਿਪੋਰਟ ’ਚ ਕਿਹਾ ਹੈ ਕਿ ਇਹ ਗਿਣੀ-ਮਿੱਥੀ ਸਾਜ਼ਿਸ਼ ਸੀ। ਉਨ੍ਹਾਂ ਰਿਪੋਰਟ ’ਚ ਲਿਖਿਆ ਹੈ ਕਿ ਕਿਸਾਨਾਂ ਨੂੰ ਦਰੜਨ ਦਾ ਮਾਮਲਾ ਅਣਗਹਿਲੀ ਬਿਲਕੁਲ ਵੀ ਨਹੀਂ ਹੈ ਅਤੇ ਮੁਲਜ਼ਮਾਂ ਨੇ ਹੱਤਿਆ ਦੇ ਇਰਾਦੇ ਨਾਲ ਇਹ ਕਾਰਾ ਕੀਤਾ ਹੈ। ਲਖੀਮਪੁਰ ’ਚ ਪਿਛਲੇ ਸਾਲ 3 ਅਕਤੂਬਰ ਨੂੰ ਯੂਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੀ ਆਮਦ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਆਸ਼ੀਸ਼ ਮਿਸ਼ਰਾ ਦੇ ਵਾਹਨ ਨੇ ਪਿੱਛਿਉਂ ਦਰੜ ਦਿੱਤਾ ਸੀ ਜਿਸ ’ਚ ਚਾਰ ਕਿਸਾਨ ਮਾਰੇ ਗਏ ਸਨ। ਇਸ ਮਗਰੋਂ ਵਾਪਰੀ ਹਿੰਸਾ ’ਚ ਇਕ ਪੱਤਰਕਾਰ ਅਤੇ ਭਾਜਪਾ ਦੇ ਦੋ ਵਰਕਰਾਂ ਸਮੇਤ ਚਾਰ ਹੋਰ ਜਣੇ ਮਾਰੇ ਗਏ ਸਨ। ਸਾਰੇ ਮੁਲਜ਼ਮ ਇਸ ਸਮੇਂ ਲਖੀਮਪੁਰ ਖੀਰੀ ਜੇਲ੍ਹ ’ਚ ਬੰਦ ਹਨ ਅਤੇ ਆਸ਼ੀਸ਼ ਮਿਸ਼ਰਾ ਵੱਲੋਂ ਦਾਖ਼ਲ ਕੀਤੀ ਗਈ ਜ਼ਮਾਨਤ ਅਰਜ਼ੀ ਅਲਾਹਾਬਾਦ ਹਾਈ ਕੋਰਟ ’ਚ ਬਕਾਇਆ ਪਈ ਹੈ ਜਦਕਿ ਬਾਕੀ ਨੇ ਸਥਾਨਕ ਅਦਾਲਤ ’ਚ ਜ਼ਮਾਨਤ ਦੀਆਂ ਅਰਜ਼ੀਆਂ ਦਿੱਤੀਆਂ ਹੋਈਆਂ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly