(ਸਮਾਜ ਵੀਕਲੀ)
ਕਿਰਤੀ ਦੇ ਹੱਥਾਂ ਨੂੰ ਸਲਾਮ ਸੌ ਸੌ ਵਾਰ, ਇਹਨਾਂ ਹੱਥਾਂ ਕਰਕੇ ਇਹ ਚੱਲੇ ਸੰਸਾਰ,
ਹੱਡ ਤੋੜ ਮਿਹਨਤਾਂ ਨੇ ਰੋਜ਼ ਇਹ ਕਰਦੇ, ਭੁੱਖੇ ਭਾਣੇ ਰਹਿਕੇ,ਪੇਟ ਬੱਚਿਆਂ ਦਾ ਭਰਦੇ,
ਅੰਤਾਂ ਦੀ ਧੁੱਪ ਨੂੰ ਇਹ ਸੀਨੇਂ ਤੇ ਹੰਢਾਉਂਦੇ ਨੇ,ਕਰ ਸ਼ੁਕਰਾਨਾ ਇਹ ਕੰਮ ਉੱਤੇ ਆਉਂਦੇ ਨੇ,
ਕਿਰਤ ਕਮਾਈਆਂ ਨਾਲ ਪਾਲਦੇ ਨੇ ਬੱਚੇ,ਉਹਦੀ ਰਜ਼ਾ ਵਿੱਚ ਰਹਿਕੇ ਇਹ ਬਖ਼ਤ ਲੰਘਾਉਦੇ ਨੇ,
ਅੱਠ ਅੱਠ ਘੰਟੇ ਇਹ ਕੰਮਾਂ ਉੱਤੇ ਲਾਉਂਦੇ ਨੇ, ਬਚਨਾਂ ਦੇ ਪੂਰੇ ਪੂਰੇ ਕੌਲ ਨਿਉਂਦੇ ਨੇ,
ਠੰਡੀ ਤੱਤੀ ਖਾ ਕੇ ਇਹ ਬਖ਼ਤ ਲੰਘਾਂਉਦੇਂ ਨੇ,ਔਕੜਾਂ ਦੇ ਕੋਲੋਂ ਇਹ ਨਾ ਹੀ ਘਬਰਾਉਂਦੇ ਨੇ,
ਰੁਖੀ ਮਿਸੀ ਖਾ ਕੇ ਇਹ ਕਰਦੇ ਨੀ ਗਿਲਾ, ਹਰ ਪਲ ਭਲਾ ਸਰਬੱਤ ਦਾ ਮਨਾਉਂਦੇ ਨੇ,
ਹੱਕ ਸੱਚ ਵਾਲੀ ਇਹ ਕਿਰਤ ਕਮਾਉਂਦੇ ਨੇ, ਜਿੰਨੀ ਮਿਲ ਜਾਵੇ ਉਹਦਾ ਸ਼ੁਕਰ ਮਨਾਉਂਦੇ ਨੇ,
ਚੁੱਪ ਚਾਪ, ਚੁੱਕ ਸਿਰ ਢੋਂਦੇ ਇਹ ਟੋਕਰੀ, ਦੁਖੀ ਹਨ ਡਾਢੇ, ਨਾ ਦੁੱਖ ਕਿਸੇ ਨੂੰ ਸੁਣਾਉਂਦੇ ਨੇ,
ਉਸਰੇ ਆ ਮਹਿਲ ਤੇ ਮੁਨਾਰੇ ਜੋ ਹਾਂ ਵੇਖਦੇ, ਕਿਰਤੀ ਦੇ ਹੱਥ ਹੀ ਤਾਂ ਇਹਨਾਂ ਨੂੰ ਬਣਾਉਂਦੇ ਨੇ,
ਸ਼ਾਹੂਕਾਰ ਵੱਡੇ ਨੇ ਵਪਾਰੀ ਇਹਨੂੰ ਲੁੱਟਦੇ, ਉਹਦਾ ਭਾਣਾ ਮੰਨ ਔਖਾ ਵਖ਼ਤ ਲੰਘਾਉਂਦੇ,
ਜ਼ਾਲਮ ਹੀ ਹੋਣੇ ਜਿਹੜੇ ਹੱਕ ਇਹਦਾ ਮਾਰਦੇ, ਪੈਸਾ ਪੈਸਾ ਜੋੜ੍ਹ ਇਹ ਤਾਂ ਸੁਪਨੇ ਸਜਾਉਂਦੇ ਨੇ,
ਕੁੱਛੜ ਚੁ ਚੁੱਕ ਮਾਤਾ ਬੱਚਿਆਂ ਨੂੰ ਕੰਮ ਕਰੇ,ਕੰਮ ਉੱਤੇ ਕਿੰਨੇ ਨਾਲ਼ ਬੱਚੇ ਵੀ ਰਵਾਉਂਦੇ ਨੇ,
ਭੱਠੇ ਉੱਤੇ ਮਿੱਟੀ ਨਾਲ ਮਿੱਟੀ ਕਾਮੇ ਹੁੰਦੇ ਨੇ, ਮੀਂਹ ਢਾਹ ਦੇ ਇੱਟਾਂ ਇਹ ਬੜਾ ਪਛਤਾਉਂਦੇ ਨੇ,
ਫੁੱਟਪਾਥਾਂ ਉੱਤੇ ਕਈਂ ਨੇ ਠੰਡਾ ਵਿੱਚ ਠਰਦੇ, ਗਰਮੀਆਂ ਵੀ ਕਈਂ ਤਾਂ ਪੁਲਾਂ ਥੱਲੇ ਹੀ ਲੰਘਾਉਂਦੇ ਨੇ,
ਚੌਕ ਵਿੱਚ ਰੋਜ਼ ਜਿਹੜੀ ਮੰਡੀ ਹੁੰਦੀ ਲਗਦੀ, ਉਸ ਵਿੱਚ ਰੋਜ਼ ਮੁੱਲ ਆਪਣਾ ਇਹ ਲਾਉਂਦੇ ਨੇ,
ਵਿਰਲਾ ਹੀ ਬੰਦਾ ਕੋਈ ਮੁੱਲ ਇਹਦਾ ਤਾਰਦਾ,ਘੰਟਾ-ਘੰਟਾ ਵੱਧ ਲੋਕੀਂ ਕੰਮ ਕਰਵਾਉਂਦੇ ਨੇ,
ਦੁਨੀਆਂ ਦਾ ਕੋਨਾ ਕਿਹੜਾ, ਜਿਹੜਾ ਇਹ ਸਵਾਰਦੇ ਨੀ, ਦੁਨੀਆਂ ਨੂੰ ਚਾਰ ਚੰਨ ਇਹੀ ਤਾਂ ਲਗਾਉਂਦੇ ਨੇ,
ਸੰਦੀਪ ਕਰੇ ਸਿਜਦਾ,ਸਲਾਮ ਲੱਖ ਵਾਰ ਇਹਨੂੰ,ਆਸੇ ਪਾਸੇ ਮਹਿਕਾ ਸਭ ਇਹੀਂ ਤਾ ਖਿਡਾਉਂਦੇ ਨੇ,
ਧਰਤੀ ਸਵਰਗ ਰਹਿਣੀ ਉਦੋਂ ਤੱਕ ਜੱਗ ਤੇ, ਜਦੋਂ ਤੱਕ ਧਰਤੀ ਤੇ ਕਿਰਤੀ ਜਿਊਂਦੇ ਨੇ।
ਸੰਦੀਪ ਸਿੰਘ ‘ਬਖੋਪੀਰ’
ਸੰਪਰਕ :- 9815321017



