ਸਿੱਧੂ ਵੱਲੋਂ ਮਹਿਲਾਵਾਂ ਲਈ ਵਾਅਦਿਆਂ ਦੀ ਝੜੀ

Punjab Congress chief Navjot Singh Sidhu

 

  • ਮਹਿਲਾਵਾਂ ਦੇ ਨਾਮ ’ਤੇ ਜਾਇਦਾਦ ਮੁਫ਼ਤ ’ਚ ਟਰਾਂਸਫਰ ਹੋਵੇਗੀ

ਸ਼ਹਿਣਾ (ਸਮਾਜ ਵੀਕਲੀ):  ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰਾਂ ਨੂੰ ਭਰਮਾਉਣ ਲਈ ਵਾਅਦਿਆਂ ਦੀ ਦੌੜ ’ਚ ਸ਼ਾਮਲ ਹੁੰਦਿਆਂ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਵਾਅਦਾ ਕੀਤਾ ਕਿ ਜੇਕਰ ਕਾਂਗਰਸ ਪਾਰਟੀ ਮੁੜ ਸੱਤਾ ’ਚ ਆਈ ਤਾਂ ਸੁਆਣੀਆਂ ਨੂੰ ਦੋ-ਦੋ ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਵਾਅਦਾ ਕੀਤਾ ਕਿ ਇਕ ਸਾਲ ’ਚ ਅੱਠ ਗੈਸ ਸਿਲੰਡਰ ਵੀ ਮੁਫ਼ਤ ’ਚ ਦਿੱਤੇ ਜਾਣਗੇ। ਸ੍ਰੀ ਸਿੱਧੂ ਨੇ ਹਰੇਕ ਲੜਕੀ ਨੂੰ ਪ੍ਰਿਯੰਕਾ ਗਾਂਧੀ ਅਤੇ ਕਲਪਨਾ ਚਾਵਲਾ ਬਣਨ ਦਾ ਸੱਦਾ ਦਿੰਦਿਆਂ ਕਾਲਜਾਂ ’ਚ ਦਾਖ਼ਲੇ ਲੈਣ ਵਾਲੀਆਂ ਲੜਕੀਆਂ ਨੂੰ ਦੋਪਹੀਆ ਵਾਹਨ, 12ਵੀਂ ਜਮਾਤ ਪਾਸ ਕਰਨ ’ਤੇ 20 ਹਜ਼ਾਰ ਰੁਪਏ, 10ਵੀਂ ਪਾਸ ਕਰਨ ’ਤੇ 15 ਹਜ਼ਾਰ ਰੁਪਏ ਅਤੇ ਪੰਜਵੀਂ ਪਾਸ ਕਰਨ ’ਤੇ 5 ਹਜ਼ਾਰ ਰੁਪਏ ਦੇਣ ਦੇ ਵਾਅਦੇ ਵੀ ਕੀਤੇ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਕਾਲਜ ਜਾਣ ਲਈ ਦੋਪਹੀਆ ਵਾਹਨ ਦਿੱਤੇ ਜਾਣਗੇ। ਸ਼ਹਿਣਾ ਦੇ ਕੈਪਟਨ ਕਰਮ ਸਿੰਘ ਸਟੇਡੀਅਮ ’ਚ ਪਾਰਟੀ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਵਾਅਦਿਆਂ ਦੀ ਝੜੀ ਲਗਾ ਦਿੱਤੀ। ਸਿੱਧੂ ਨੇ ਮਹਿਲਾਵਾਂ ਦੇ ਸ਼ਕਤੀਕਰਨ ’ਤੇ ਜ਼ੋਰ ਦਿੰਦਿਆਂ ਇਹ ਵੀ ਵਾਅਦਾ ਕੀਤਾ ਕਿ ਉਚੇਰੀ ਸਿੱਖਿਆ ਹਾਸਲ ਕਰਨ ਵਾਲੀਆਂ ਲੜਕੀਆਂ ਨੂੰ ਕੰਪਿਊਟਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਮਹਿਲਾਵਾਂ ਦੇ ਨਾਮ ’ਤੇ ਪ੍ਰਾਪਰਟੀ ਮੁਫ਼ਤ ’ਚ ਟਰਾਂਸਫਰ ਕੀਤੀ ਜਾਵੇਗੀ।

ਇਸ ਦੌਰਾਨ ਉਨ੍ਹਾਂ ਇਹ ਵੀ ਵਾਅਦਾ ਕੀਤਾ ਕਿ ਸਰਕਾਰ ਬਣਨ ’ਤੇ ਸੂਬੇ ’ਚ ਮਹਿਲਾਵਾਂ ਲਈ 23 ਹੁਨਰ ਵਿਕਾਸ ਕੇਂਦਰ ਵੀ ਖੋਲ੍ਹੇ ਜਾਣਗੇ। ਅਰਵਿੰਦ ਕੇਜਰੀਵਾਲ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਬਿਕਰਮ ਮਜੀਠੀਆ ਤੋਂ ਮੁਆਫ਼ੀ ਮੰਗੀ ਸੀ ਜਦਕਿ ਕਾਂਗਰਸ ਸਰਕਾਰ ਨੇ ਮਜੀਠੀਆ ਨੂੰ ਲੁਕਣ ਲਈ ਮਜਬੂਰ ਕਰ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਰੇਤ ਦੀ ਟਰਾਲੀ 3500 ਰੁਪਏ ’ਚ ਵਿਕ ਰਹੀ ਹੈ ਅਤੇ ਕਾਂਗਰਸ ਸਰਕਾਰ ਰੇਤ ਮਾਫੀਏ ਨੂੰ ਜੜ੍ਹ ਤੋਂ ਮਿਟਾ ਕੇ ਰਹੇਗੀ। ਬਾਦਲਾਂ ’ਤੇ ਵਰ੍ਹਦਿਆਂ ਸਿੱਧੂ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਕੋਲ ਸਿਰਫ਼ ਦੋ ਹੀ ਬੱਸਾਂ ਸਨ ਪਰ ਹੁਣ 6000 ਬੱਸਾਂ ਹਨ ਅਤੇ ਇਹ ਸਾਰਾ ਲੁੱਟ ਦਾ ਮਾਲ ਹੈ। ਉਨ੍ਹਾਂ ਕਿਹਾ ਕਿ ਰੇਤ ਮਾਫੀਆ ਦੀ ਜੇਬ੍ਹ ’ਚ ਜਾਂਦੇ 3000 ਕਰੋੜ ਰੁਪਏ ਬਚਾਅ ਕੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਜਵਾਨੀ ਨੂੰ ਵਿਦੇਸ਼ ਜਾਣ ਤੋਂ ਰੋਕਿਆ ਜਾਵੇਗਾ। ਉਨ੍ਹਾਂ ਕਾਂਗਰਸ ਸਰਕਾਰ ਬਣਨ ’ਤੇ ਦਾਲਾਂ ਅਤੇ ਬੀਜਾਂ ਉੱਤੇ ਐੱਮਐੱਸਪੀ ਦੇਣ ਦਾ ਵੀ ਐਲਾਨ ਕੀਤਾ।

ਸਿੱਧੂ ਦੀ ਆਮਦ ਨੇ ਕੇਵਲ ਢਿੱਲੋਂ ਦੀ ਦਾਅਵੇਦਾਰੀ ਕੀਤੀ ਮਜ਼ਬੂਤ

ਬਰਨਾਲਾ ਹਲਕੇ ’ਚ ਕਾਂਗਰਸੀਆਂ ਦੀ ਗੁੱਟਬਾਜ਼ੀ ਜ਼ੋਰਾਂ ’ਤੇ ਹੈ। ਇੱਥੋਂ ਅੱਧੀ ਦਰਜਨ ਦੇ ਕਰੀਬ ਟਿਕਟ ਲਈ ਦਾਅਵੇਦਾਰੀਆਂ ਭੇਜੀਆਂ ਗਈਆਂ ਹਨ ਪਰ ਮੁੱਖ ਤੌਰ ’ਤੇ ਕੇਵਲ ਸਿੰਘ ਢਿੱਲੋਂ ਅਤੇ ਟਰਾਂਸਪੋਟਰ ਕੁਲਦੀਪ ਸਿੰਘ ਕਾਲਾ ਢਿੱਲੋਂ ਆਹਮੋ-ਸਾਹਮਣੇ ਹਨ। ਸਿੱਧੂ ਦੀ ਕੇਵਲ ਢਿੱਲੋਂ ਦੇ ਘਰ ਆਮਦ ਅਤੇ ਉਸ ਨੂੰ ਟਿਕਟ ਦੇਣ ਦੇ ਸੰਕੇਤ ਦੇ ਦਿੱਤੇ ਹਨ। ਇਸ ਮੌਕੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਕਰਨ ਢਿੱਲੋਂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ, ਚੇਅਰਮੈਨ ਮਾਰਕੀਟ ਕਮੇਟੀ ਬਰਨਾਲਾ ਅਸ਼ੋਕ ਕੁਮਾਰ, ਨਗਰ ਕੌਂਸਲ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਆਦਿ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਸ਼ੀਸ਼ ਮਿਸ਼ਰਾ ਸਣੇ 14 ਖ਼ਿਲਾਫ਼ ਚਾਰਜਸ਼ੀਟ
Next articleਪ੍ਰਧਾਨ ਮੰਤਰੀ ਪੰਜਾਬ ਨੂੰ ਦੇਣਗੇ ਚੋਣ ਤੋਹਫ਼ਾ