ਲੱਖਾਂ ਅਵਾਰਾ ਕੁੱਤੇ, ਅਫ਼ਸਰਸ਼ਾਹੀ ਦੀ ਸਾਜ਼ਸ਼ੀ ਚੁੱਪ ਤੇ ਸਿਆਸਤਦਾਨ ਸੁੱਤੇ !

(ਸਮਾਜ ਵੀਕਲੀ)

* ਯਾਦਵਿੰਦਰ +91 9465329617

ਯਾਦਵਿੰਦਰ

ਪੰਜਾਬ ਵਿਚ ਹੁਣ ਸੜਕੀ ਅੱਤਵਾਦ ਤੋਂ ਬਾਅਦ ਜੇ ਕੋਈ ਹੋਰ ਖ਼ਤਰਨਾਕ ਵਰਤਾਰਾ ਚੱਲ ਰਿਹਾ ਹੈ ਤਾਂ ਓਹ ਹੈ ਲੱਖਾਂ ਦੀ ਗਿਣਤੀ ਵਿਚ ਹਰਲ ਹਰਲ ਕਰਦੇ ਅਵਾਰਾ ਕੁੱਤੇ ਲੋਕ ਜੀਵਨ ਲਈ 18 ਸਾਲਾਂ ਤੋਂ ਖ਼ਤਰਾ ਬਣੇ ਹੋਏ ਨੇ.

ਇਹ ਲੱਖਾਂ ਅਵਾਰਾ ਖੂੰਖਾਰ ਕੁੱਤੇ, ਪੰਜਾਬ ਦੇ ਬੱਚਿਆਂ, ਜਵਾਨਾਂ, ਅੱਧਖੜ੍ਹਾਂ ਤੇ ਬੁੱਢਿਆਂ ਦੀ ਜ਼ਿੰਦਗੀ ਦੇ ਗੁੱਝੇ ਵੈਰੀ ਬਣ ਚੁੱਕੇ ਹਨ. ਸਾਫ਼ ਮਤਲਬ ਇਹ ਹੈ ਕਿ ਪੰਜਾਬ ਵਿਚ ਹੁਣ ਕੋਈ ਵੀ ਮਨੁੱਖ ਬਚਿਆ ਹੋਇਆ ਨਹੀਂ ਹੈ. ਇਕ ਬੰਨੇ ਸੜਕਾਂ ਉੱਤੇ ਖੌਰੂ ਪਾਉਂਦੀਆਂ ਪ੍ਰਾਈਵੇਟ ਬੱਸਾਂ, ਟਰੱਕ, ਟਰਾਲੀਆਂ ਹਨ ਤੇ ਰਿਹਾਇਸ਼ੀ ਇਲਾਕਿਆਂ ਵਿਚ ਅਵਾਰਾ /ਵੱਢਖਾਣੇ ਕੁੱਤੇ ਹਰਲ ਹਰਲ ਕਰਦੇ ਫਿਰਦੇ ਹਨ.
****
ਮੋਟਾ ਜਿਹਾ ਅੰਦਾਜ਼ਾ ਹੈ ਕਿ ਪੰਜਾਬ ਵਿਚ, ਹਰ ਰੋਜ਼, 715 ਦੇ ਕਰੀਬ ਬੰਦੇ, ਜ਼ਨਾਨੀਆਂ ਤੇ ਗਲੀਆਂ ਵਿਚ ਖੇਡਦੇ ਬਾਲ ਬਾਲੜੀਆਂ ਇਨ੍ਹਾਂ ਕੁੱਤਿਆਂ ਦਾ ਸ਼ਿਕਾਰ ਬਣਦੇ ਹਨ.ਪੰਜਾਬ ਸਰਕਾਰ ਖੁਦ ਅੰਕੜੇ ਦੇ ਚੁੱਕੀ ਹੈ ਕਿ ਹਰ ਰੋਜ਼ 598 ਬੰਦੇ, ਜ਼ਨਾਨੀਆਂ ਤੇ ਬੱਚੇ ਅਵਾਰਾ ਕੁੱਤਿਆਂ ਦਾ ਸ਼ਿਕਾਰ ਬਣਦੇ ਹਨ.
****
2019 ਵਿਚ ਖੰਨਾ ਸ਼ਹਿਰ ਵਿਚ ਨਿੱਕੇ ਜਿਹੇ ਮੁੰਡੇ ਨੂੰ ਕੁੱਤੇ ਨੇ ਕਈ ਪਾਸਿਓਂ ਵੱਢ ਲਿਆ ਸੀ, ਡਾਕਟਰ ਕੋਲ ਗਏ ਤਾਂ ਉਸ ਭਲੇ ਮਾਣਸ ਨੇ ਟੈੱਟਨਸ ਦਾ ਟੀਕਾ ਲਾ ਕੇ ਆਪਣੇ ਗਲੋਂ ਬਲਾਅ ਲਾਹੁਣ ਵਾਂਗ ਸਲੂਕ ਕੀਤਾ ਤੇ ਬੱਚੇ ਦੇ ਮਾਪਿਆਂ ਨੂੰ ‘ਅਰਾਮ’ ਕਰਾਉਣ ਦੀ ਸਲਾਹ ਦੇ ਦਿੱਤੀ. ਪਰ… ਓਸ ਟੱਬਰ ਦੇ ਜੀਆਂ ਨੇ ਪੱਲਿਓਂ ਹਜ਼ਾਰਾਂ ਰੁਪਏ ਖ਼ਰਚ ਕੇ ਸਹੀ ਵੈਕਸੀਨ ਲੁਆ ਕੇ ਮੁੰਡਾ (ਮਸਾਂ) ਬਚਾਇਆ.

ਸਿਹਤ ਸਟਾਫ਼ ਦਾ ਵਹਿਮੀ ਤੇ ਪੁਰਾਤਨ ਸੁਭਾਅ
ਕੁੱਤਾ ਵੱਢਣ ਦੇ ਜਿਨ੍ਹਾਂ ਮਾਮਲਿਆਂ ਵਿਚ ਮੈਨੂੰ ਹਸਪਤਾਲਾਂ ਵਿਚ ਜਾਣਾ ਪਿਆ ਸੀ, ਕੁਲ ਮਿਲਾ ਕੇ, ਤਜਰਬੇ ਚੰਗੇ ਨਹੀਂ ਰਹੇ ਹਨ. ਇਕ ਤਾਂ ਪੰਗਾ ਇਹ ਹੈ ਕਿ ਗਲੀਆਂ ਵਿਚ ਫਿਰਦੇ, ਪਿੰਡਾਂ ਵਿਚ ਹੱਡਾਂ ਰੋੜੀਆਂ ਲਾਗੇ ਘੁੰਮਦੇ ਕੁੱਤਿਆਂ ਦੇ ਝੁੰਡ ਨੂੰ ਜਿੱਥੇ ਪੁਰਾਣੇ ਖ਼ਿਆਲਾਂ ਦੀ ਜਨਤਾ ਵੱਟਾ ਮਾਰਨਾ ਵੀ ਪਾਪ ਸਮਝਦੀ ਹੈ, ਓਥੇ ਏਸੇ ਸਮਾਜ ਵਿੱਚੋਂ ਉੱਠ ਕੇ “ਪੜ੍ਹ ਲਿਖ ਕੇ ” ਡਿਗਰੀਆਂ ਕਰਨ ਵਾਲੇ ਬਹੁਤੇ ਨੌਜਵਾਨ, ਕੁੱਤੇ ਨੂੰ ਬਹੁਤ ਉੱਤਮ ਜੀਵ ਸਮਝਣ ਦੀ ਮਨੌਤ ਪਾਲ਼ੀ ਬੈਠੇ ਹੁੰਦੇ ਹਨ. ਇਹੀ ਵਜ੍ਹਾ ਹੈ ਕਿ ਕੁੱਤੇ ਵੱਲੋਂ ਵੱਢੇ ਚੱਕ ਨੂੰ ਬੁਰਾ ਨਹੀਂ ਆਖਦੇ ਸਗੋਂ ਦਰਵੇਸ਼ ਵਾਲੀ ਕਹਾਣੀ ਸੁਣਾਉਂਦੇ ਕੰਨੀਂ ਪੈਣਗੇ.. !!
****
ਹੱਥ ਵੇਖਣ ਵਾਲਿਆਂ ਤੇ ਪੱਤਰੀ ਵਾਚਣ ਵਾਲਿਆਂ ਨੇ ਪੁੱਠੇ ਪਾਸੇ ਤੋਰ ਦਿੱਤੇ ਵੋਟਾਂ ਤਾੜਦੇ ਲੀਡਰ
ਕਈ ਚੋਣਾਂ ਹਾਰ ਚੁੱਕਿਆ ਇਕ ਪਰੰਪਰਾਗ੍ਰਸਤ ਲੀਡਰ ਸਾਡਾ ਵਾਕਫ਼ ਹੈ, ਉਹਦੇ ਨਾਲ਼ ਅਵਾਰਾ ਵੱਢਖਾਣੇ ਕੁੱਤਿਆਂ ਦੇ ਮਸਲੇ ਉੱਤੇ ਸਾਡੀ ਗੱਲਬਾਤ ਹੋਈ ਤਾਂ ਓਹ ਆਪਣੇ ਵਰਗੇ ਸਿਆਸੀ ਬੰਦਿਆਂ ਦੇ ਕਈ ਭੇਤ ਖੋਲ੍ਹ ਗਿਆ. ਓਹ ਦੱਸਦਾ ਸੀ ਕਿ “ਅਸੀਂ ਸਿਆਸੀ ਬੰਦੇ ਹਾਂ ਤੇ ਜੀਅ ਕਰਦਾ ਹੈ ਕਿ ਕਿਸੇ ਨਗਰ ਨਿਗਮ ਦੇ ਕੌਂਸਲਰ ਬਣ ਕੇ ਨਿਗਮ ਦੇ ਸਦਨ ਵਿਚ ਬੈਠੇ ਹੋਈਏ, ਜਾਂ ਕਿਸੇ ਪੰਚਾਇਤ ਵਿਚ ਸਰਪੰਚ ਨਹੀਂ ਤਾਂ ਪੰਚੈਤੀਆ ਬਣ ਕੇ ਵਿਚਰੀਏ, ਸੋ, ਏਸ ਬੇ-ਕਾਬੂ ਖਾਹਸ਼ ਨੂੰ ਸ਼ਾਂਤ ਕਰਨ ਲਈ ਸ਼ਹਿਰਾਂ ਦੇ ਮੁਹੱਲਿਆਂ ਤੇ ਮਾਰਕੀਟਾਂ ਵਿਚ ਜੋਤਿਸ਼ ਦੀਆਂ ਦੁਕਾਨਾਂ ਤੇ ਕੁੰਡਲੀਆਂ ਵੇਖ ਕੇ ਭਵਿੱਖ ਦੱਸਣ ਵਾਲਿਆਂ ਕੋਲ ਜਾ ਕੇ, ਚੌਂਕੀਆਂ ਭਰਨੀਆਂ ਪੈਂਦੀਆਂ ਹਨ. ਅਗਲੇ ਬੰਦੇ, ਹੱਥ ਵੇਖ ਕੇ ਇਹ ਵਾਅਦਾ ਕਰਾ ਲੈਂਦੇ ਹਨ ਕਿ “ਭਾਈ ਸਾਬ੍ਹ, ਇਲੈਕਸ਼ਨ ਤੂਆਨੂੰ ਜਿਤਾਅ ਦਿਆਂਗੇ ਪਰ ਜੇ ਤੁਸੀਂ ਜਿੱਤ-ਜੁੱਤ ਗਏ ਤਾਂ ਜੀਵ ਹੱਤਿਆ ਨਾ ਹੋਣ ਦੇਣਾ, ਬਲਕਿ ਰੋਕਿਓ”.

ਸੋ, ਅਸੀਂ ਵੇਖਦੇ ਹਾਂ ਕਿ ਇਹੋ ਜਿਹੇ ਹੱਥ ਵੇਖਣ ਵਾਲੇ, ਜਿਨ੍ਹਾਂ ਤੋਤਾ ਲਾਗੇ ਰੱਖ ਕੇ, ਕਾਰਡ ਚੁਕਾਉਣ ਦਾ ਧੰਦਾ ਤੋਰਿਆ ਹੁੰਦਾ ਹੈ, ਓਹ ਵੀ ਸਿਆਸੀ ਲੀਡਰ ਨੂੰ ਆਉਂਦੇ ਸਾਰ ਇਕ ਤਾਂ “ਤੇਰੀ ਟਿਕਟ ਪੱਕੀ ਭਾਅ” ਦਾ ਲਾਰਾ ਲਾ ਦਿੰਦੇ ਹਨ, ਦੂਜਾ, ਸਹੁੰ ਪੁਆ ਕੇ “ਉਪਾਅ” ਕਰ ਕੇ ਭੇਜਦੇ ਨੇ ਕਿ ਵੀਰਾ ਜੇ ਤੂੰ ਜਿੱਤ ਕੇ ਕਿਸੇ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਜਾਂ ਕਿਸੇ ਪਾਰਲੀਮੈਂਟ ਵਿਚ ਪੁੱਜ ਗਿਆ ਤਾਂ ਵੀਰੇ ਯਾਦ ਰੱਖੀਂ “ਜੀਵ ਦਇਆ” ਕਰਨੀ ਨਾ ਭੁਲਾਈ .
****
ਅੰਨਾ ਕੀ ਭਾਲੇ? ਦੋ ਅੱਖਾਂ !!?? ਵਾਲੀ ਅਖੌਤ ਮੁਤਾਬਕ 1993 ਤੋਂ ਬਾਅਦ ਕਿਸੇ ਵੋਟ ਖਿਡਾਰੀ ਨੇ ਜਿੱਤਣ ਮਗਰੋਂ ਕੁੱਤਿਆਂ ਦਾ ਘਾਣ ਹੋਣ ਈ ਨਈ ਦਿੱਤਾ. ਨਹੀਂ ਤਾਂ ਇਤਿਹਾਸਕ ਸੱਚਾਈ ਇਹ ਹੈ ਕਿ ਪਹਿਲਾਂ ਪਾਗ਼ਲ ਕੁੱਤਿਆਂ ਤੇ ਹਲਕਾਅਗ੍ਰਸਤ ਕੁੱਤਿਆਂ ਦੀ ਸ਼ਿਕਾਇਤ ਦੇਣ ਮਗਰੋਂ “ਕਮੇਟੀ ਵਾਲੇ” ਝੱਟ ਆ ਜਾਂਦੇ ਸਨ ਤੇ ਕੁੱਤਾ ਬੁੜ੍ਹਕਾ ਕੇ, ਓਹ ਜਾਂਦੇ ਸਨ.
1992 ਵਿਚ ਭਾਰਤ ਦੇਸ ਵਿਚ ਕੇਬਲ ਕਲਚਰ ਆਇਆ, ਲੋਕਾਂ ਨੂੰ ਦੂਰਦਰਸ਼ਨ ਦੇ ਡਰਾਮਿਆਂ ਤੋਂ ਮੁਕਤੀ ਮਿਲੀ, ਕੁਲ ਜਹਾਨ ਦੇ ਦੇਸਾਂ ਦੇ ਖੁੱਲ੍ਹੇ ਡੁੱਲੇ ਟੀ. ਵੀ. ਚੈਨਲ ਵੇਖਣ ਨੂੰ ਮਿਲੇ, ਇਹਦੇ ਬਾਵਜੂਦ ਸਾਡੇ ਸਿਰਾਂ ਨੂੰ ਜਾਮ ਕਰ ਕੇ ਬੈਠੇ ਮਹਾਨ ਸੰਸਕ੍ਰਿਤੀ ਦੇ ਖ਼ਿਆਲ ਨਹੀਂ ਖੁਰ ਸਕੇ. ਸਿਆਸੀ ਬੰਦੇ ਜਿਹੜੇ ਆਮ ਲੋਕਾਂ ਨਾਲੋਂ ਜਾਗਰੂਕ ਸਮਝੇ ਜਾਂਦੇ ਹਨ, ਓਹ ਵੀ ਗੁੜ-ਗੋਹਾ ਇਕ ਕਰੀਂ ਬੈਠੇ ਹਨ.

ਸੂਤਰ ਦੱਸਦੇ ਹਨ ਕਿ ਭਾਜਪਾ ਦੀ ਸਰਕਾਰ ਵਿਚ ਸ਼ਾਮਲ ਹੋ ਕੇ ਪਹਿਲੀ ਦਫ਼ਾ ਕੇਂਦਰੀ ਵਜ਼ੀਰ ਬਣੀ ਸ੍ਰੀਮਤੀ ਮੇਨਕਾ ਗਾਂਧੀ ਹੁਰਾਂ ਨੇ ਕੁੱਤੇ ਮਾਰਨ ਉੱਤੇ ਕਾਨੂੰਨੀ ਪਾਬੰਦੀ ਲੁਆ ਦਿੱਤੀ ਸੀ. ਏਧਰ 15-16 ਸਾਲਾਂ ਤੋਂ ਦਾਸ ਕਈ ਆਰਟੀਕਲ ਲਿਖ ਕੇ ਤੇ ਚਿਠੀਆਂ ਪਾ ਕੇ ਵੱਡੇ ਤੋਂ ਵੱਡੇ ਸਿਆਸੀ ਆਗੂ ਨੂੰ ਸਵਾਲ ਪੁੱਛ ਚੁੱਕਿਆ ਹੈ ਕਿ ਅਵਾਰਾ ਕੁੱਤੇ ਕਿਓਂ ਬਚਾਅ ਰਹੇ ਓ? ਓਏ ਭਲੇ ਮਾਣਸੋ ਕੁੱਤੇ ਬਚਾਅ ਕੇ ਰੱਖਣੇ ਨੇ ਤਾਂ “ਕਤੀੜਖਾਨੇ ” ਉਸਾਰ ਲਓ, ਕਿ ਨਹੀਂ? ਪਰ ਕੋਈ ਮੈਂਬਰ ਪਾਰਲੀਮੈਂਟ ਜਾਂ ਵਿਧਾਨਕਾਰ ਜਾਂ ਨਿਗਮ ਦਾ ਕੌਂਸਲਰ ਛੱਡੋ, ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਨਹੀਂ ਜੁਆਬ ਭੇਜ ਰਿਹਾ. ਨਿੱਕੇ ਹੁੰਦੇ ਤੋਂ ਇਹੋ ਜਿਹੀ ਸੋਚ ਬਣਾ ਦਿੱਤੀ ਗਈ ਹੈ ਕਿ “ਪਾਪ” ਕਰਨਾ ਈ ਨਹੀਂ ਚਾਹੁੰਦੇ !!

ਲੋਕ ਕਰਨ ਸਖ਼ਤਾਈ, ਵੋਟ ਮੰਗਤਿਆਂ ਦੀ ਸ਼ਾਮਤ ਆਈ
ਚਾਹੀਦਾ ਇਹ ਹੈ ਕਿ ਲੋਕ ਵੋਟਾਂ ਮੰਗਣ ਆਉਣ ਵਾਲਿਆਂ ਦੀ ਕਲਾਸ ਲਾਉਣ, ਬਈ, ਭਲਿਓ ਬੰਦਿਓ ਜਾਂ ਤਾਂ ਪ੍ਰਾਇਮਰੀ ਹੈਲਥ ਸੈਂਟਰਾਂ ਤੇ ਸਿਵਲ ਹਸਪਤਾਲਾਂ ਵਿਚ ਹਲਕਾਅ ਰੋਕਣ ਵਾਲੇ ਟੀਕਿਆਂ ਦਾ ਪ੍ਰਬੰਧ ਕਰਾ ਦਿਓ. ਜਾਂ ਕਤੀੜਸ਼ਾਲਾ ਖੁਲ੍ਹਾਅ ਦਿਓ ਜਾਂ ਫੇਰ ਭਾਰਤ ਦੇ ਉੱਤਰ ਪੂਰਬ ਦੇ ਸੂਬੇ, ਜਿਹੜੇ ਚੀਨ ਦੇਸ ਨਾਲ਼ ਲੱਗਦੇ ਨੇ, ਓਥੇ ਇਹ ਕੁੱਤੇ ‘ਕੱਠੇ ਕਰਾ ਕੇ ਭੇਜ ਦਿਓ, ਓਧਰਲੇ ਲੋਕ ਆਮ ਹੀ ਕੁੱਤਾ ਵੱਢ ਕੇ ਖਾ ਲੈਂਦੇ ਹਨ, ਕੁੱਤਿਆਂ ਦਾ ਟੰਟਾ ਮੁਕ ਜਾਏਗਾ ਤੇ ਤੁਸੀਂ ਵੀ “ਜੀਵ ਦਇਆ” ਕਰ ਕੇ ਆਪਣੇ ਪੱਤਰੀ/ ਕੁੰਡਲੀ ਵਾਚਣ ਵਾਲੇ ਦੇ ਬੋਲ ਪੂਰੇ ਕਰ ਲਿਓ. ਜੇ, ਤੁਸੀਂ ਕੁੱਤਿਆਂ ਦਾ ਪੁਆੜਾ ਮੁਕਾਉਣ ਲਈ ਕੋਈ ਹੀਲਾ ਵਸੀਲਾ ਨਹੀਂ ਕਰਨਾ ਤਾਂ ਬੱਚੂ ਏਸ ਵਾਰ ਆਪਾਂ ਵੀ nota ਨੂੰ ਵੋਟਾਂ ਪਾ ਕੇ ਆਵਾਂਗੇ ਤੇ ਤੁਹਾਨੂੰ ਰੱਦ ਕਰਾਂਗੇ..!!”
*****
ਇੰਝ ਆਉਣਗੇ ਸੂਤ
ਅਸੀਂ ਸਮਝਦੇ ਹਾਂ ਕਿ ਲੋਕਾਂ ਦੀ ਇਹ ਵੰਗਾਰ ਸੁਣਦੇ ਸਾਰ ਵੱਡੇ ਤੋਂ ਵੱਡਾ ਵੋਟ ਖਿਡਾਰੀ ਜਾਂ ਤਾਂ ਪੁਰਾਣੀ ਸੋਚ ਬਦਲ ਲਊਗਾ ਤੇ ਜਾਂ ਫੇਰ ਵੋਟਾਂ ਵਿਚ ਹਰ ਕੇ ਘਰ ਬਹਿ ਜਾਊਗਾ ਪਰ ਇਹ ਵੋਟ ਖਿਡਾਰੀ ਜਿਹੜੇ ਸੜਕਾਂ ਉੱਤੇ ਮਿੱਟੀ ਫੱਕਦੇ ਜੋਤਸ਼ੀਆਂ ਪਿੱਛੇ ਲੱਗ ਕੇ ਕੁੱਤਿਆਂ /ਬਿੱਲੀਆਂ ਬਚਾਉਣ ਦੇ ਠੇਕੇਦਾਰ ਬਣੇ ਨੇ, ਸਹੀ ਰਾਹ ਪਏ ਨਜ਼ਰ ਆਉਣਗੇ.

ਪੰਜਾਬ ਨਾ ਬਚਾ ਸਕੇ… ਤਾਂ ਕੀ ਫਾਇਦਾ?
ਅਸੀਂ ਕੁੱਤਿਆਂ ਦੇ ਖਾਤਮੇ ਲਈ ਜ਼ੋਰ ਨਹੀਂ ਪਾ ਰਹੇ ਹਾਂ ਸਗੋਂ ਪੰਜਾਬ ਦੇ ਬਾਲਾਂ, ਬਾਲੜੀਆਂ, ਜਵਾਨਾਂ ਤੇ ਬਜ਼ੁਰਗਾਂ ਦੀ ਜਾਨ ਦੀ ਸਲਾਮਤੀ ਮੰਗ ਰਹੇ ਹਾਂ, ਜੇਕਰ ਵਹਿਮੀ ਤੇ ਅੰਧ ਵਿਸ਼ਵਾਸੀ ਸਿਆਸੀ ਬੰਦਿਆਂ ਨੂੰ ਘਰ ਬਿਠਾਅ ਕੇ ਸਿਆਣੇ ਮੁੰਡੇ ਕੁੜੀਆਂ ਨੂੰ ਲੀਡਰ ਬਣਾਉਣ ਦੇ ਹਾਲਾਤ ਬਣਾਉਣੇ ਪਏ ਤਦ ਵੀ ਏਸ ਭਾਅ ਮਾੜਾ ਨਹੀਂ, ਸੋਚ ਕੇ ਦੇਖ ਲਿਓ.

# ਸੰਪਰਕ : ਸਰੂਪ ਨਗਰ, ਰਾਊਵਾਲੀ, ਜਲੰਧਰ.
+91 94653 29617

Previous articleਠੇਕੇ ਬਨਾਮ ਸਕੂਲ
Next articleIndia records 3.86 lakh fresh cases of Covid in 24 hours