(ਸਮਾਜ ਵੀਕਲੀ)
ਅੱਜ ਤਾਂ ਜਰਨੈਲ ਸਿੰਘ ਸਵੇਰ ਤੋਂ ਹੀਂ ਹਸਪਤਾਲ ਵਿੱਚ ਆਣ ਬੈਠਾ ਸੀ। ਅਜੇ ਤਾਂ ਨੌਂ ਵੱਜਣ ਵਿੱਚ ਵੀ ਪੰਦਰਾਂ ਮਿੰਟ ਬਾਕੀ ਸੀ। ਜਰਨੈਲ ਸਿੰਘ ਰੋਜ਼ਾਨਾ ਦੀ ਤਰ੍ਹਾਂ ਉਸ ਹੀ ਬੈਂਚ ਤੇ ਬੈਠਾ, ਕਿਸੇ ਦੀ ਉਡੀਕ ਕਰ ਰਿਹਾ ਸੀ, ਜਿਹੜਾ ਬੈਂਚ ਕਿਡਨੀ ਵਾਲੇ ਡਾਕਟਰ ਦੇ ਕਮਰੇ ਦੇ ਬਿਲਕੁਲ ਬੂਹੇ ਦੇ ਸਾਹਮਣੇ ਪਿਆ ਸੀ। ਸਫਾਈ ਕਰਮਚਾਰੀਆਂ ਨੇ ਆਪਣੀ ਡਿਊਟੀ ਨਿਭਾਉਂਦਿਆ ਹੋਇਆਂ ਜਰਨੈਲ ਸਿੰਘ ਦੇ ਬੈਠਿਆਂ ਹੀਂ ਸਾਰੀ ਸਫਾਈ ਕਰ ਲਈ ਸੀ।
ਇੱਕ ਬਜੁਰਗ ਬੀਬੀ ਜੋ ਸਫਾਈ ਕਰ ਰਹੀ ਸੀ, ਉਸਨੇ ਕੋਲ ਆ ਕੇ ਜਰਨੈਲ ਸਿੰਘ ਨੂੰ ਕਿਹਾ, ਭਾਅ ਜੀ ਤੁਸੀਂ ਥੋੜ੍ਹਾ ਲੇਟ ਆਉਣਾ ਸੀ, ਡਾਕਟਰ ਤਾਂ ਸਾਰੇ ਸਾਢੇ ਨੌਂ ਵਜੇ ਤੋਂ ਬਾਅਦ ਈ ਆਉਂਦੇ ਨੇ,ਜਰਨੈਲ ਸਿੰਘ ਨੇ ਬਿਨਾਂ ਬੋਲਿਆਂ ਹਾਂ ਵਿੱਚ ਸਿਰ ਹਿਲਾਇਆ ਤੇ ਫਿਰ ਕਿਸੇ ਡੂੰਘੀਆਂ ਸੋਚਾਂ ਵਿੱਚ ਖੋ ਗਿਆ, ਜਰਨੈਲ ਸਿੰਘ ਮਨ ਹੀ ਮਨ ਸੋਚਣ ਲੱਗਾ ਕਿ ਕਿਵੇਂ ਉਸਦੇ ਇਕਲੌਤੇ ਬੇਟੇ ਨੇ ਉਸਦੀ ਜਿੰਦਗੀ ਨੂੰ ਨਰਕ ਬਣਾ ਦਿੱਤਾ ਸੀ, ਜਦੋ ਦਾ ਬੇਟਾ ਭੈੜੀ ਸੰਗਤ ਵਿੱਚ ਪੈ ਕੇ ਨਸ਼ੇ ਦਾ ਆਦੀ ਹੋਇਆ ਸੀ ਬਾਪ ਉਦੋਂ ਤੋਂ ਹੀਂ ਜਿਉਂਦੇ ਹੋਇਆਂ ਵੀਂ ਇੱਕ ਲਾਸ਼ ਬਣ ਕੇ ਰਹਿ ਗਿਆ ਸੀ। ਉਸਨੂੰ ਇੱਕੋ ਹੀ ਫਿਕਰ ਸਤਾ ਰਿਹਾ ਸੀ ਕਿ ਮੇਰੀ ਨੂੰਹ ਦਾ ਕੀ ਗੁਨਾਂਹ, ਜਿਹੜੀ ਵਿਚਾਰੀ ਆਪਣੇ ਮਾਂ ਬਾਪ ਨੂੰ ਛੱਡ ਕੇ ਮੇਰੇ ਨਸ਼ੇੜੀ ਪੁੱਤ ਦਾ ਪੱਲਾ ਫੜ ਕੇ ਮੇਰੀ ਨੂੰਹ ਬਣ ਗਈ ਅਤੇ ਜਿਹੜੀ ਰੋਜ ਈ ਇਸ ਕਮੀਨੇ ਦੀ ਕੁੱਟ ਦਾ ਸ਼ਿਕਾਰ ਹੁੰਦੀ ਹੈ।
ਵਿਚਾਰੀ ਕਿਵੇਂ ਗੁਜਾਰਾ ਕਰੇਗੀ, ਕੀਹਦੇ ਆਸਰੇ ਦਿਨ ਕੱਟੇਗੀ ,ਮੇਰਾ ਨਸ਼ੇੜੀ ਪੁੱਤ ਕਿੰਨੇ ਕੁ ਦਿਨ ਜੀਵੇਗਾ ਜਿਸਨੇ ਨਸ਼ੇ ਵਿੱਚ ਦਿਨ ਰਾਤ ਟੱਲੀ ਰਹਿਣਾ ਉਹ ਭਲਾ ਕਿੰਨਾ ਕੁ ਚਿਰ ਜਿਉਂਦਾ ਰਹਿ ਸਕਦਾ ਹੈ, ਜਰਨੈਲ ਸਿੰਘ ਦਾ ਪੁੱਤ ਹੌਲੀ ਹੌਲੀ ਘਰ ਦੀਆਂ ਸਾਰੀਆਂ ਚੀਜਾਂ ਵੇਚ ਚੁੱਕਿਆ ਸੀ, ਉਹ ਇੱਥੋਂ ਤੱਕ ਗਿਰ ਚੁੱਕਾ ਸੀ ਕਿ ਥੱਲੇ ਵਿਛਾਉਣ ਵਾਲੇ ਬਿਸਤਰੇ ਵੀ ਇੱਕ ਇੱਕ ਕਰਕੇ ਕਿਸੇ ਨੂੰ ਵੇਚ ਆਇਆ ਸੀ। ਜਰਨੈਲ ਸਿੰਘ ਸੋਚਦਾ ਜੇ ਕਿਤੇ ਵਿਆਹ ਕਰਨ ਤੋਂ ਪਹਿਲਾਂ ਪਤਾ ਲੱਗ ਜਾਂਦਾ ਕਿ ਮੇਰਾ ਪੁੱਤ ਬਹੁਤ ਵੱਡਾ ਨਸ਼ੇ ਦਾ ਆਦੀ ਬਣ ਗਿਆ ਹੈ ਤਾਂ ਮੈਂ ਕਦੇ ਵੀ ਵਿਆਹ ਨਹੀਂ ਸੀ ਕਰਨਾ। ਨਾ ਹੀ ਮੈ ਬਿਗਾਨੀ ਧੀ ਦੀ ਜਿੰਦਗੀ ਨਰਕ ਬਣਨ ਦੇਣੀ ਸੀ, ਪਰ ਹੁਣ ਕੀ ਹੋ ਸਕਦਾ ਸੀ, ਤੀਰ ਤਾਂ ਹੱਥੋਂ ਛੁੱਟ ਚੁੱਕਾ ਸੀ।
ਉਸ ਦਿਨ ਤਾਂ ਆਖੀਰ ਈ ਹੋ ਗਈ ਸੀ, ਜਿਸ ਦਿਨ ਪੁਲਿਸ ਵਾਲਿਆਂ ਤੋਂ ਪੁੱਤ ਨੂੰ ਬੜੀ ਮੁਸ਼ਕਿਲ ਨਾਲ ਛੁਡਵਾਇਆ ਸੀ, ਕਿਉਂਕਿ ਕਿਸੇ ਨੇ ਉਸਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਸੀ ਕਿ ਜਰਨੈਲ ਸਿੰਘ ਦਾ ਪੁੱਤ ਬੜਾ ਨਸ਼ਾ ਕਰਦਾ ਹੈ ਤੇ ਵੇਚਦਾ ਵੀ ਹੈ। ਬੱਸ ਫਿਰ ਕੀ ਸੀ ਗੱਡੀਆਂ ਭਰ ਕੇ ਪੁਲਿਸ ਆ ਗਈ ਸੀ, ਆਉਂਦਿਆਂ ਈਂ ਹੱਥਕੜੀ ਲਾਕੇ ਥਾਣੇ ਲਿਜਾਣ ਲਈ ਤਿਆਰ ਹੋ ਗਏ ਸਨ, ਪਰ ਪਿੰਡ ਦੇ ਸਰਪੰਚ ਨੇ ਉਹਦੀ ਸਫਾਈ ਦਿੱਤੀ ਸੀ ਕਿ ਜਰਨੈਲ ਸਿੰਘ ਦਾ ਪੁੱਤ ਨਸ਼ਾ ਕਰਦਾ ਜਰੂਰ ਹੈ ਪਰ ਵੇਚਣ ਦਾ ਕੰਮ ਨਹੀਂ ਕਰਦਾ, ਉਸ ਦਿਨ ਜਰਨੈਲ ਸਿੰਘ ਨੂੰ ਐਨੀ ਨਮੋਸ਼ੀ ਹੋਈ ਕਿ ਉਸਦਾ ਜੀਅ ਕੀਤਾ ਕਿ ਆਤਮ ਹੱਤਿਆ ਕਰ ਲਵੇ ਪਰ ਫਿਰ ਸੋਚਿਆ ਕਿ ਮੇਰੀ ਨੂੰਹ ਤੇ ਬੱਚਿਆਂ ਦਾ ਕੌਣ ਹੈ।
ਅੱਜ ਜਰਨੈਲ ਸਿੰਘ ਬੰਦੇ ਬੰਦੇ ਦਾ ਕਰਜਾਈ ਹੋ ਚੁੱਕਾ ਸੀ ਕਿਉਂਕਿ ਜਰਨੈਲ ਦਾ ਸਰੀਰ ਬਹੁਤ ਕਮਜ਼ੋਰ ਸੀ,ਮਿਹਨਤ ਮਜਦੂਰੀ ਨਹੀਂ ਕਰ ਸਕਦਾ ਸੀ। ਇੱਕੋ ਇੱਕ ਪੁੱਤ, ਉਹ ਵੀ ਕਦੇ ਕੰਮ ਨਾ ਕਰਦਾ ਸਗੋਂ ਨੁੰਹ ਜੋ ਵੀ ਮਿਹਨਤ ਕਰਕੇ ਲਿਆਉਂਦੀ,ਉਸਨੂੰ ਮਾਰ ਕੁੱਟ ਕੇ ਉਸ ਤੋਂ ਵੀਂ ਖੋਹ ਲੈਂਦਾ ਤੇ ਨਸ਼ਾ ਲੈ ਆਉਂਦਾ। ਜਰਨੈਲ ਸਿੰਘ ਨੇ ਪੁੱਤਰ ਦਾ ਵਿਆਹ ਕਰਨ ਲਈ ਕਿਸੇ ਤੋਂ ਪੈਸੇ ਵਿਆਜ ਤੇ ਲਏ ਹੋਏ ਸਨ ਜੋ ਵਿਆਜ ਪੈ ਕੇ ਬੜੀ ਮੋਟੀ ਰਕਮ ਬਣ ਚੁੱਕੀ ਸੀ।
ਜਰਨੈਲ
ਸਿੰਘ ਕੋਲ ਪੈਸੇ ਮੋੜਨ ਦਾ ਕੋਈ ਵੀ ਵਸੀਲਾ ਨਹੀਂ ਸੀ, ਇੱਕ ਦਿਨ ਉਸਨੇ ਆਪਣੇ ਪਿੰਡ ਦੇ ਮੁੰਡੇ ਨਾਲ ਗੱਲ ਕੀਤੀ ਜੋ ਹਸਪਤਾਲ ਵਿੱਚ ਡਾਕਟਰ ਦਾ ਕੰਪੋਡਰ ਸੀ ,ਜਰਨੈਲ ਸਿੰਘ ਨੇ ਉਸ ਕੰਪੋਡਰ ਨੂੰ ਕੰਨ ਵਿੱਚ ਪਤਾ ਨਹੀਂ ਕੀ ਕੁਝ ਕਿਹਾ ਕਿ ਉਸ ਲੜਕੇ ਨੇ ਉਸਦੀ ਕੋਈ ਵੀ ਮਦਦ ਕਰਨ ਤੋਂ ਨਾਂਹ ਕਰ ਦਿੱਤੀ ਅਤੇ ਕਿਹਾ ਇਹ ਮੇਰੇ ਵਸੋਂ ਬਾਹਰ ਹੈ, ਜਰਨੈਲ ਸਿੰਘ ਨੇ ਆਪਣੇ ਜੇਬ ਵਿਚੋਂ ਇੱਕ ਚਿੱਠੀ ਕੱਢੀ ਜੋ ਆਪਣੇ ਹੱਥ ਨਾਲ ਲਿਖੀ ਹੋਈ ਸੀ, ਜੋ ਆਤਮ ਹੱਤਿਆ ਕਰਨ ਦਾ ਪ੍ਰਮਾਣ ਸੀ, ਕੰਪੋਡਰ ਲੜਕੇ ਨੇ ਸੋਚਿਆ ਕਿ ਜੇ ਮੈ ਇਸਦੀ ਕੋਈ ਮਦਦ ਨਾ ਕੀਤੀ ਤਾਂ ਸ਼ਾਇਦ ਇਹ ਸੱਚਮੁੱਚ ਕਿਤੇ ਆਤਮ ਹੱਤਿਆ ਈ ਨਾ ਕਰ ਲਵੇ ਇਸ ਨੂੰ ਜਿੰਦਾ ਰੱਖਣ ਲਈ ਇਸ ਦੀ ਮਦਦ ਕਰਨੀ ਚਾਹੀਦੀ ਹੈ, ਇਹ ਸੋਚ ਕੇ ਜਰਨੈਲ ਸਿੰਘ ਨੂੰ ਕਿਹਾ ਚੰਗਾ ਜੀ ਮੈ ਕੋਈ ਕਰਦਾ ਹਾਂ ਅਰੇਂਜ।
ਉਸ ਦਿਨ ਤੋਂ ਬਾਅਦ ਜਰਨੈਲ ਸਿੰਘ ਰੋਜ ਹਸਪਤਾਲ ਆਂਉਦਾ ਅਤੇ ਸ਼ਾਮ ਨੂੰ ਵਾਪਿਸ ਮੁੜ ਜਾਂਦਾ, ਅੱਜ ਤਾਂ ਐਨਾ ਸੋਚਾਂ ਵਿੱਚ ਡੁੱਬਿਆ ਕਿ ਡਾਕਟਰ ਨਿਰਮਲ ਸਿੰਘ ਪਤਾ ਨਹੀਂ ਕਦੋਂ ਦਾ ਉਹਦੇ ਕੋਲੋਂ ਲੰਘ ਗਿਆ ਸੀ, ਡਾਕਟਰ ਨਿਰਮਲ ਸਿੰਘ ਦੀ ਨਿਗਾਹ੍ਹ ਸਾਹਮਣੇ ਬੈਠੇ ਜਰਨੈਲ ਸਿੰਘ ਤੇ ਪਈ, ਤੇ ਆਪਣੇ ਕੰਪੋਡਰ ਨੂੰ ਕਿਹਾ, ਕਾਕਾ ਉਹ ਸਾਹਮਣੇ ਬੈਠੇ ਬਜੁਰਗ ਨੂੰ ਆਵਾਜ ਮਾਰੀਂ ।
ਕੰਪੋਡਰ ਨੇ ਆਵਾਜ ਮਾਰੀ, ਜਰਨੈਲ ਸਿੰਘ ਇੱਕ ਦਮ ਤ੍ਰਭਕ ਕੇ ਉੱਠਿਆ, ਜਲਦੀ ਨਾਲ ਉੱਠ ਕੇ ਆਇਆ ਅਤੇ ਅੰਦਰ ਡਾਕਟਰ ਸਾਹਿਬ ਕੋਲ ਆ ਕੇ ਬੈਠ ਗਿਆ । ਡਾਕਟਰ ਸਾਹਿਬ ਨੇ ਕਿਹਾ, ਹਾਂ ਜੀ ਬਜੁਰਗੋ, ਕੀ ਤਕਲੀਫ ਆ, ਐਧਰ ਆ ਕੇ ਬੈਠੋ, ਨਾਲੇ ਪਰਚੀ ਦਿਖਾਉ। ਜਰਨੈਲ ਸਿੰਘ ਨੇ ਦੋਵੇਂ ਹੱਥ ਜੋੜ ਕੇ ਕਿਹਾ, ਡਾਕਟਰ ਸਾਹਿਬ ਮੇਰੀ ਤਕਲੀਫ ਤੁਹਾਡਾ ਕੰਪੋਡਰ ਜਾਣਦਾ ਹੈ, ਨਾਲੇ ਮੇਰੇ ਪਿੰਡ ਦਾ ਹੈ, ਇਸ ਨੂੰ ਮੈ ਆਪਣੀ ਸਾਰੀ ਦੁੱਖ ਤਕਲੀਫ ਦੱਸੀ ਹੋਈ ਹੈ।
ਕੰਪੋਡਰ ਹੱਥ ਜੋੜ ਕੇ ਕਹਿਣ ਲੱਗਾ, ਡਾਕਟਰ ਸਾਹਿਬ, ਇਹ ਬਜੁਰਗ ਜਰਨੈਲ ਸਿੰਘ ਹੈ, ਤੇ ਮੇਰੇ ਪਿੰਡ ਦਾ ਹੈ, ਮੈ ਇਸਨੂੰ ਚੰਗੀ ਤਰ੍ਹਾਂ ਜਾਣਦਾਂ ਹਾਂ, ਘਰੋਂ ਬਹੁਤ ਗਰੀਬ ਅਤੇ ਦੁੱਖੀ ਹੈ ਜੇ ਹੋ ਸਕਦਾ ਹੈ ਤਾਂ ਇਸ ਦੀ ਮਦਦ ਜਰੂਰ ਕਰੋ। ਡਾਕਟਰ ਸਾਹਿਬ ਮੈਨੂੰ ਇਹਨਾਂ ਨੇ ਇੱਕ ਚਿੱਠੀ ਵਿਖਾਈ ਸੀ, ਜਦੋਂ ਮੈ ਪੜ੍ਹੀ ਤਾਂ ਮੈਂ ਅੰਦਰੋਂ ਤੱਕ ਹਿੱਲ ਗਿਆ, —–ਭਾਅ ਜੀ ——(ਜਰਨੈਲ ਸਿੰਘ ਨੂੰ) ਉਹ ਜਿਹੜੀ ਚਿੱਠੀ ਤੁਸੀਂ ਮੈਨੂੰ ਵਿਖਾਈ ਸੀ, ਉਹ ਤੁਹਾਡੇ ਕੋਲ ਹੈ ਨਾਂਅ ਡਾਕਟਰ ਸਾਹਿਬ ਨੂੰ ਵਿਖਾਇਉ ਜਰ੍ਹਾ। ਇੰਨੀ ਸੁਣਦਿਆਂ ਹੀਂ ਜਰਨੈਲ ਸਿੰਘ ਨੇ ਜੇਬ ਵਿੱਚ ਹੱਥ ਮਾਰਿਆ ਅਤੇ ਹੈਰਾਨ ਹੋ ਗਿਆ, —-ਹੈਂਅ ——-ਚਿੱਠੀ-‐ਤਾਂ—ਘਰੇ–। ਕੋਈ ਨਾ ਬਜੁਰਗੋ ਤੁਸੀਂ ਬਾਹਰ ਬੈਠੋ ।
ਜਰਨੈਲ ਸਿੰਘ ਬਾਹਰ ਆਕੇ ਫਿਰ ਉਸੇ ਬੈਂਚ ਤੇ ਬੈਠ ਗਿਆ। ਕੰਪੋਡਰ ਨੇ ਡਾਕਟਰ ਸਾਹਿਬ ਨੂੰ ਸਾਰੀ ਗੱਲ ਦੱਸ ਦਿੱਤੀ ਕਿ ਬਜੁਰਗ ਕੀ ਚਾਹੁੰਦਾ ਹੈ , ਡਾਕਟਰ ਨਿਰਮਲ ਸਿੰਘ ਨੇ ਜਰਨੈਲ ਸਿੰਘ ਦੇ ਘਰੋਂ ਉਸ ਦੇ ਪੁੱਤ ਨੂੰ ਇੱਥੇ ਹਸਪਤਾਲ ਵਿੱਚ ਸੱਦਣ ਲਈ ਕਿਹਾ, ਕੰਪੋਡਰ ਨੇ ਜਿਉਂ ਹੀ ਜਰਨੈਲ ਸਿੰਘ ਤੋਂ ਨੰਬਰ ਲੈਕੇ ਉਸਦੇ ਘਰੇ ਫੋਨ ਲਾਇਆ, ਬਜੁਰਗ ਬਾਰੇ ਦੱਸਿਆ, ਅਤੇ ਡਾਕਟਰ ਵਲੋਂ ਉਸਦੇ ਬੇਟੇ ਨੂੰ ਹਸਪਤਾਲ ਆਉਣ ਲਈ ਕਿਹਾ, ਤਾਂ ਉਹਨਾਂ ਦੀ ਮਸਾਂ ਜਾਨ ਵਿੱਚ ਜਾਨ ਆਈ, ਕਿਉਂਕਿ ਜਰਨੈਲ ਸਿੰਘ ਦੀ ਲਿਖੀ ਹੋਈ ਚਿੱਠੀ ਉਸਦੀ ਨੂੰਹ ਦੇ ਹੱਥ ਵਿੱਚ ਆ ਗਈ ਸੀ, ਜੋ ਕੱਪੜੇ ਧੋਣ ਲੱਗੀ ਨੇ ਜਰਨੈਲ ਸਿੰਘ ਦੇ ਕਮੀਜ ਚੌਂ ਕੱਢੀ ਸੀ।
ਥੋੜ੍ਹੀ ਹੀ ਦੇਰ ਬਾਅਦ ਜਰਨੈਲ ਸਿੰਘ ਦੀ ਨੁੰਹ ਅਤੇ ਉਸਦਾ ਬੇਟਾ ਪਿੰਡ ਦੇ ਕੁੱਝ ਬੰਦੇ ਲੈਕੇ ਹਸਪਤਾਲ ਪਹੁੰਚ ਗਏ। ਡਾਕਟਰ ਨਿਰਮਲ ਸਿੰਘ ਆਪਣੇ ਕਮਰੇ ਚੋਂ ਬਾਹਰ ਆਏ, ਅਤੇ ਕਹਿਣ ਲੱਗੇ ਜਰਨੈਲ ਸਿੰਘ ਜੀ, ਤੁਹਾਡਾ ਬੇਟਾ ਇਹ ਹੈ। ਹਾਂ ਜੀ ਜਰਨੈਲ ਸਿੰਘ ਨੇ ਕਿਹਾ,। ਡਾਕਟਰ ਨਿਰਮਲ ਸਿੰਘ ਜੀ ਜਰਨੈਲ ਸਿੰਘ ਦੇ ਲੜਕੇ ਨੂੰ ਕਹਿਣ ਲੱਗੇ , ਕਾਕਾ ਤੈਨੂੰ ਪਤਾ ? ਤੇਰੇ ਪਿਤਾ ਜੀ ਇਥੇ ਕੀ ਕਰਨ ਆਏ ਨੇ । ਜਰਨੈਲ ਸਿੰਘ ਦਾ ਲੜਕਾ ਨੀਵੀਂ ਪਾਕੇ ਖੜਾ ਸੀ,
ਓ ਬੋਲ ਤਾਂ ਸਹੀ, ਇਹ ਭਲਾ ਇਥੇ ਕੀ ਕਰਨ ਆਏ ਨੇ, ਆਪਣਾ ਗੁਰਦਾ ਕਢਵਾਉਣ ਆਏ ਨੇ,—‘ ਤੇਰੇ ਵਾਸਤੇ ,—–ਸਿਰਫ ਤੇਰੇ ਵਾਸਤੇ —-ਆਪਣੀ ਕਿਡਨੀ ਵੇਚਣ ਆਏ ਨੇ। ਕੋਈ ਸ਼ਰਮ ਹਯਾ ਹੈ ਥੋੜ੍ਹੀ ਬਹੁਤ ਕਿ ਨਹੀਂ, —ਕਿਉਂ ਜਿਉਂਦੇ ਜੀਅ ਮਾਰਨਾ ਈਂ ਆਪਣੇ ਪਿਉ ਨੂੰ । ਬਾਪ ਤੋਂ ਬਿਨਾਂ ਤੇਰਾ ਕੀ ਹਾਲ ਹੋਵੇਗਾ, ਕਦੇ ਸੋਚਿਆ ? ਚਿੱਠੀ ਲਿਖ ਕੇ ਜੇਬ ਚ ਪਾਈ ਫਿਰਦਾ, ਜੇ ਮਰ ਵੀ ਜਾਵਾਂ ਤਾਂ ਕਿਸੇ ਤੇ ਕੋਈ ਕਾਰਵਾਈ ਨਾ ਕੀਤੀ ਜਾਵੇ, ਬੱਸ ਆਹੀ ਦਿਨ ਦੇਖਣ ਵਾਸਤੇ ਤਹਾਨੂੰ ਨਿੱਕਿਆਂ ਨਿੱਕਿਆਂ ਨੂੰ ਪਾਲਿਆ,ਤੇਰੇ ਬਾਪ ਨੇ ,ਚੱਲ ਅੱਜ ਤੋਂ ਨਸ਼ਾ ਛੱਡ , ਵੇਖਦੇਂ ਕਿਵੇਂ ਨਹੀਂ ਛੁੱਟਦਾ ਨਸ਼ਾ ਤੇਰਾ। ਇਸ ਹਸਪਤਾਲ ਵਿੱਚ ਬਹੁਤ ਪ੍ਰਬੰਧ ਨੇ ।
ਜਰਨੈਲ ਸਿੰਘ ਦੇ ਲੜਕੇ ਨੇ ਸ਼ਰਮਿੰਦਆਂ ਹੋ ਕੇ ਆਪਣੇ ਬਾਪੂ ਦੇ ਪੈਰ ਫੜ ਲਏ, ਤੇ ਕਿਹਾ—– ਮੈਨੂੰ ਮਾਫ ਕਰ ਦਿਉ ਬਾਪੂ ਜੀ —ਮੈਨੂੰ ਮਾਫ ਕਰ ਦਿਉ ਮੈ ਹੁਣ ਨਸ਼ਾ ਨਹੀਂ ਕਰਾਂਗਾ । ਮੈਂ ਮਰ ਈ ਜਾਵਾਂਗਾ ਨਾ ਇੱਦੋਂ ਵੱਧ ਕੀ ਹੋਜੂਗਾ । ਮੈ ਅੱਜ ਤੋ ਬਾਅਦ ਨਸ਼ਾ ਨਹੀਂ ਕਰਾਂਗਾ, ਨਸ਼ਾ ਨਹੀਂ ਕਰਾਂਗਾ,—- ਇੰਨਾ ਕਹਿੰਦੇ ਹੋਏ ਨੇ ਆਪਣੇ ਬਾਪੂ ਨੂੰ ਘੁੱਟ ਕੇ ਗਲਵਕੜੀ ਪਾ ਲਈ ਅਤੇ ਚਿੰਬੜ ਗਿਆ ,ਇੰਜ ਲੱਗ ਰਿਹਾ ਸੀ ਜਿਵੇਂ ਗਹਿਰੀ ਨੀਂਦੇ ਸੁੱਤਾ ਹੋਇਆ ਕੋਈ ਸੁਪਨਾ ਵੇਖ ਕੇ ਦੁਬਾਰਾ ਜਾਗਿਆ ਹੋਵੇ।
ਵੀਰ ਸਿੰਘ ਵੀਰਾ
ਪੰਜਾਬੀ ਲਿਖਾਰੀ ਸਭਾ ਪੀਰ ਮੁਹੰਮਦ
ਸੰਪਰਕ ÷9855069972,–9780253156