ਪਟਿਆਲਾ (ਸਮਾਜਵੀਕਲੀ) : ਇਥੋਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਊ ਮੋਤੀ ਬਾਗ ਪੈਲੇਸ ਬਾਹਰ ਹਲਕਾ ਭਦੌੜ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਪਿਰਮਲ ਸਿੰਘ ਖ਼ਾਲਸਾ ਨੇ ਧਰਨਾ ਦਿੱਤਾ। ਉਹ ਇੱਥੇ ਗੇਟ ਅੱਗੇ ਸਵੇਰੇ 10 ਵਜੇ ਤੋਂ 4 ਵਜੇ ਤੱਕ ਧਰਨੇ ’ਤੇ ਬੈਠਾ ਰਿਹਾ ਪਰ ਮਹਿਲ ਅੰਦਰੋਂ ਕੋਈ ਵੀ ਅਧਿਕਾਰੀ ਮਿਲਣ ਲਈ ਨਹੀਂ ਆਇਆ ਜਿਸ ਕਾਰਨ ਵਿਧਾਇਕ ਨੂੰ ਖਾਲੀ ਹੱਥ ਹੀ ਮੁੜਨਾ ਪਿਆ।
ਜਾਣਕਾਰੀ ਅਨੁਸਾਰ ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਹਲਕਾ ਭਦੌੜ ਦੇ ਵਿਧਾਇਕ ਪਿਰਮਲ ਸਿੰਘ ਖ਼ਾਲਸਾ ਦੀ ਆਪਣੇ ਜ਼ਿਲ੍ਹੇ ਵਿਚ ਕੋਈ ਸੁਣਵਾਈ ਨਹੀਂ ਹੋਈ ਜਿਸ ਕਾਰਨ ਉਹ ਅੱਜ ਮੋਤੀ ਮਹਿਲ ਪੁੱਜੇ ਪਰ ਇੱਥੇ ਵੀ ਕੋਈ ਹੱਲ ਨਾ ਹੋਇਆ। ਧਰਨੇ ’ਤੇ ਬੈਠੇ ਵਿਧਾਇਕ ਨੇ ਦੱਸਿਆ ਕਿ ਪਿੰਡ ਪੱਖੋਂ ਕਲਾ ਜ਼ਿਲ੍ਹਾ ਬਰਨਾਲਾ ਦੀ 44 ਏਕੜ ਪੰਚਾਇਤੀ ਜ਼ਮੀਨ ਦੇ ਕੁਝ ਹਿੱਸੇ ਦੀ 30 ਅਪਰੈਲ ਨੂੰ ਬੋਲੀ ਹੋਈ ਸੀ।
ਵਿਧਾਇਕ ਦਾ ਦੋਸ਼ ਹੈ ਕਿ ਕੁਝ ਅਧਿਕਾਰੀਆਂ ਨੇ ਐਸਸੀ ਵਰਗ ਦੀ ਬਜਾਏ ਜਨਰਲ ਵਰਗ ਦੇ ਲੋਕਾਂ ਨੂੰ ਸ਼ਾਮਲ ਕਰ ਲਿਆ ਤੇ ਜ਼ਮੀਨ ਦਾ ਮੁੱਲ ਅਜਿਹਾ ਰੱਖ ਦਿੱਤਾ ਕਿ ਗਰੀਬ ਲੋਕ ਬੋਲੀ ਨਹੀਂ ਦੇ ਸਕੇ। ਉਨ੍ਹਾਂ ਇਹ ਮਾਮਲਾ ਡਿਪਟੀ ਕਮਿਸ਼ਨਰ, ਡੀਡੀਪੀਓ ਤੇ ਬੀਡੀਪੀਓ ਦੇ ਧਿਆਨ ਵਿਚ ਵੀ ਲਿਆਂਦਾ ਪਰ ਕਿਸੇ ਨੇ ਸੁਣਵਾਈ ਨਹੀਂ ਕੀਤੀ।
ਉਹ ਦੋ ਦਿਨ ਸਬੂਤ ਲੈ ਕੇ ਬਰਨਾਲਾ ਡਿਪਟੀ ਕਮਿਸ਼ਨਰ ਦਫ਼ਤਰ ਵੀ ਬੈਠੇ ਰਹੇ ਤੇ ਸਾਰੇ ਸਬੂਤ ਪੇਸ਼ ਕਰਨ ਤੋਂ ਬਾਅਦ ਡੀ ਸੀ ਦੇ ਕਹਿਣ ’ਤੇ ਬੋਲੀ ਰੱਦ ਕਰ ਦਿੱਤੀ ਗਈ। ਇਸ ਮਾਮਲੇ ਬਾਰੇ ਐੱਸ.ਸੀ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਜਿਨ੍ਹਾਂ ਸਬੰਧਿਤ ਅਧਿਕਾਰੀ ਨੂੰ ਤਲਬ ਵੀ ਕੀਤਾ ਪਰ ਉਨ੍ਹਾਂ ਮਾਮਲੇ ਨੂੰ ਗੰਭੀਰਤਾ ਨਾਲ ਨਾ ਲਿਆ। ਉਨ੍ਹਾਂ ਦੱਸਿਆ ਕਿ ਇੱਥੇ ਐਸਡੀਐਮ ਤੇ ਹੋਰ ਅਧਿਕਾਰੀਆਂ ਨੇ ਸਿਰਫ਼ ਗੱਲ ਕੀਤੀ ਹੈ ਪਰ ਹੱਲ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਦੀ ਮਾੜੀ ਸਥਿਤੀ ਇੱਥੋਂ ਹੀ ਸਪਸ਼ਟ ਹੋ ਰਹੀ ਹੈ ਇੱਥੇ ਗ਼ਰੀਬਾਂ ਨੂੰ ਇਨਸਾਫ਼ ਦਿਵਾਉਣ ਲਈ ਵਿਧਾਇਕ ਨੂੰ ਵੀ ਧੱਕੇ ਖਾਣੇ ਪੈ ਰਹੇ ਹਨ।