ਬਰਤਾਨੀਆ ਦਾ ਜਨਜੀਵਨ ਤੇ ਕਰੌਨਾ ਵਾਇਰਸ

ਰਾਜਵੀਰ ਸਮਰਾ, ਏਕਲ ਗੱਡ

ਮੋਬਾਇਲ; 07412 970 999

ਲੰਡਨ-(ਰਾਜਵੀਰ ਸਮਰਾ) ਪੂਰਾ ਵਿਸ਼ਵ ਇਸ ਵੇਲੇ ਮੌਤ ਰੂਪੀ ਕਰੌਨਾ ਦੇ ਕੀਟਾਣੂ ਨਾਲ ਇਸ ਭਾਵਨਾ ਤਹਿਤ ਜੰਗ ਲੜ ਰਿਹਾ ਹੈ ਕਿ ਮਾਲੀ ਘਾਟਾ ਤਾਂ ਦੇਰ ਸਵੇਰ ਪੂਰਾ ਕਰ ਲਿਆ ਜਾਵੇਗਾ, ਪਰ ਜਾਨੀ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕੇਗਾ । ਇਸ ਕਰਕੇ ਦੁਨੀਆ  ਵਿੱਚ ਇਸ  ਕੀਟਾਣੂ ਤੋਂ ਪਰਭਾਵਤ ਮੁਲਕਾਂ ਵਿਚ ਲੋਕਾਂ ਨੂੰ ਕਿਧਰੇ ਲੌਕ ਡਾਊਨ ਤੇ ਕਿਧਰੇ ਕਰਫਿਊ ਲਗਾ ਕੇ ਘਰਾਂ ਦੇ ਅੰਦਰ ਹੀ ਰਹਿਣ ਵਾਸਤੇ ਕਿਹਾ ਜਾ ਰਿਹਾ ਹੈ, ਪਰ ਇਸ ਸੰਬੰਧੀ ਹਰ ਮੁਲਕ ਦਾ ਢੰਗ ਆਪੋ ਆਪਣਾ ਹੈ।

ਜੇਕਰ ਬਰਤਾਨੀਆ ਦੀ ਗੱਲ ਕਰੀਏ ਤਾਂ ਇੱਥੇ ਵੀ ਪੂਰੀ ਤਰਾਂ ਲੌਕ ਡਾਊਨ ਹੈ, ਕਾਰੋਬਾਰੀ ਅਦਾਰੇ, ਫ਼ੈਕਟਰੀਆਂ ਤੇ ਸਰਕਾਰੀ/ ਗ਼ੈਰ ਸਰਕਾਰੀ ਸਭ ਦਫਤਰ ਬੰਦ ਹਨ, ਜਨਤਕ ਸਥਾਨਾਂ ਉੱਤੇ ਭੀੜ ਦੇ ਜਮਾਂ ਹੋਣ ‘ਤੇ ਸਖ਼ਤ ਪਾਬੰਦੀ ਹੈ, ਬਹੁਤ ਸਾਰੇ, ਵੱਡੇ ਸਟੋਰ/ ਰੈਸਟੋਰੈਂਟ ਆਦਿ ਬੰਦ ਹਨ ਜਦ ਕਿ ਗਰੋਸਰੀ ਵਾਲੇ ਸਟੋਰਾਂ ਦੇ ਖੁਲਣ ਤੇ ਬੰਦ ਹੋਣ ਦਾ ਸਮਾਂ ਨਿਸਚਤ ਕੀਤਾ ਗਿਆ ਹੈ । ਇਸ ਦੇ ਨਾਲ ਹੀ ਸੀਨੀਅਰ ਸਿਟੀਜਨਜ, ਅਪਾਹਜਾਂ ਅਤੇ ਸਿਹਤ ਪੱਖੋਂ ਕਿਸੇ ਬੀਮਾਰੀ ਨਾਲ ਪੀੜਤ ਲੋਕਾਂ ਵਾਸਤੇ ਸਟੋਰਾਂ ਤੋਂ ਸੌਦਾ ਖਰੀਦਣ ਵਾਸਤੇ ਖ਼ਾਸ ਸਮਾਂ ਨਿਰਧਾਰਤ ਕੀਤਾ ਗਿਆ ਹੈ  ਤਾਂ ਕਿ ਉਹ ਬਿਨਾਂ ਕਿਸੇ ਪਰੇਸ਼ਾਨੀ ਦੇ ਖ਼ਰੀਦਦਾਰੀ ਕਰ ਸਕਣ ।
ਭੀੜ ਨੂੰ ਨਿਯਮਤ ਕਰਨ ਵਾਸਤੇ ਸਟੋਰਾਂ ਅੱਗੇ ਲਾਈਨਾਂ ਦੀ ਵਿਵਸਥਾ ਕੀਤੀ ਗਈ ਹੈ ਤੇ ਲ਼ਾਈਨ ਵਿਚ ਹਰ ਕੋਈ ਇਕ ਦੂਸਰੇ ਤੋਂ ਦੋ ਮੀਟਰ ਦੀ ਦੂਰੀ ‘ਤੇ ਹੀ ਖੜਾ ਹੋ ਸਕਦਾ ਹੈ । ਇਸ ਦੇ ਨਾਲ ਹੀ ਉਨੇ ਕੁ ਗਰਾਹਕ ਹੀ ਸਟੋਰ ਦੇ ਅੰਦਰ ਜਾਣ ਦਿੱਤੇ ਜਾਂਦੇ ਹਨ ਜਿੰਨੇ ਕੁ ਖ਼ਰੀਦਦਾਰੀ ਕਰਕੇ ਬਾਹਰ ਆ ਜਾਂਦੇ ਹਨ।
ਸਰਕਾਰ ਵੱਲੋਂ ਕੰਪਨੀਆਂ ਵਿੱਚ ਪੱਕੇ ਤੌਰ ‘ਤੇ ਕੰਮ ਕਰਨ ਵਾਲੇ ਕਾਮਿਆਂ ਦੀਆ ਕੁਲ ਤਨਖਾਹਾਂ ਦੇ ਅੱਸੀ ਫੀਸਦੀ ਦਾ ਭੁਗਤਾਨ ਕੀਤਾ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਉਹਨਾਂ ਦੀਆ ਨੌਕਰੀਆਂ ਨੂੰ ਭਵਿੱਖ ਵਿੱਚ ਸੁਰੱਖਿਅਤ ਰੱਖੇ ਜਾਣ ਸੰਬੰਧੀ Furlough ਨਿਯਮ ਵੀ ਬਣਾਇਆਂ ਗਿਆ ਹੈ ।
ਜਿੱਥੋਂ ਤੱਕ ਸਵੈ ਰੋਜ਼ਗਾਰ ਕਾਮਿਆਂ ਦੀ ਗੱਲ ਹੈ, ਉਹਨਾਂ ਦੇ ਹਿੱਕਾਂ  ਨੂੰ ਮੁੱਖ ਰੱਖਦਿਆਂ ਸ਼ੋਸ਼ਲ ਸਿਕਓਰਟੀ ਵਿਭਾਗ ਵੱਲੋਂ ਉਹਨਾਂ ਨੂੰ ਵੱਖ ਵੱਖ ਸਹੂਲਤਾਂ ਦਿਤੀਆ  ਜਾ  ਰਹੀਆਂ ਹਨ ।
ਕਰੌਨਾ ਕੀਟਾਣੂ ਤੋਂ ਕਿਵੇਂ ਆਪਣਾ ਤੇ ਦੂਸਰਿਆਂ ਦਾ ਬਚਾਅ ਕਰਨਾ ਹੈ, ਇਸ ਸੰਬੰਧੀ ਮੀਡੀਆ ਵੀ ਆਪਣੀ ਬਣਦੀ ਭੂਮਿਕਾ ਨਿਭਾ ਰਿਹਾ ਹੈ ਤੇ ਸਰਕਾਰ ਵੀ ।
ਇਸ ਔਖੀ  ਘੜੀ  ਚ  ਬਿਨਾ  ਸ਼ੱਕ ਬਰਤਾਨੀਆ ਦੇ ਵੱਡੇ ਸਟੋਰਾਂ ਵੱਲੋਂ ਕੀਮਤਾਂ ਦਾ ਵਾਧਾ ਕਰਕੇ ਗਰਾਹਕਾਂ ਦੀ ਕੋਈ ਲੁੱਟ ਖਸੁੱਟ ਨਾ ਹੀ ਪਹਿਲਾਂ ਕੀਤੀ ਗਈ ਹੈ ਤੇ ਨਾ ਹੀ ਹੁਣ ਕੀਤੀ ਜਾ ਰਹੀ ਹੈ, ਪਰ ਕੁੱਝ ਛੋਟੇ ਮੋਟੇ ਦੁਕਾਨਦਾਰਾਂ ਨੇ ਮੌਕੇ ਦਾ ਨਾਜਾਇਜ਼ ਫ਼ਾਇਦਾ ਉਠਾਉਦੇ ਹੋਏ ਇਹ ਗੋਰਖ ਧੰਦਾ ਜਰੂਰ ਸ਼ੁਰੂ ਕੀਤਾ ਸੀ, ਜਿਸ ਨੂੰ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਲੋ ਭਾਰੀ ਜੁਰਮਾਨੇ ਠੋਕ ਕੇ ਤੇ ਉਹਨਾਂ ਦੇ ਲਾਇਸੰਸ ਰੱਦ ਕਰਕੇ ਸਖਤੀ ਨਾਲ ਕਾਬੂ ਕਰ ਲਿਆ  ਗਿਆ ।
ਵੱਡੇ ਸਟੋਰਾਂ ਵਿਚ ਗਰਾਹਕਾਂ ਉਤੇ ਖਰੀਦਦਾਰੀ ਸਬੰਧੀ ਕੁੱਝ ਬੰਦਿਸ਼ਾਂ ਲਗਾਈਆ ਗਈਆ ਹਨ ਤਾ ਕਿ ਜਮਾਖੋਰੀ ਨੂੰ ਲਗਾਮ ਲਗਾਈ ਜਾ ਸਕੇ । ਇਸ ਦੇ ਨਾਲ ਹੀ ਵਾਰ ਵਾਰ ਅਨਾਊਂਸਮੈਂਟਾਂ ਵੀ ਕੀਤੀਆਂ ਜਾ ਰਹੀਆ ਹਨ ਕਿ ਗਰਾਹਕ ਕਿਸੇ ਗੱਲੋ ਬਿਨਾ ਘਬਰਾਹਟ ਲੋੜ ਮੁਤਾਬਿਕ ਚੀਜਾਂ  ਵਸਤਾਂ ਖਰੀਦਣ ਤੇ ਸਟੋਰ ਵਲੋ ਇਸ ਸਬੰਧੀ ਕਿਲੇ ਤਰਾਂ ਦੀ ਕੋਈ ਵੀ ਥੁੜ ਜਾਂ ਕਮੀ ਨਹੀ ਆਉਣ ਦਿੱਤੀ ਜਾਵੇਗੀ ।
ਮੁਲਕ ਵਿਚ ਪੁਲਿਸ ਦੀ ਭੂਮਿਕਾ ਬਹੁਤ ਹੀ ਸਕਾਰਾਤਮਕ ਤੇ ਸਲਾਹੁਣ ਯੋਗ ਹੈ । ਹਰ ਪੁਲਿਸ ਅਧਿਕਾਰੀ ਤੇ ਕਰਮਚਾਰੀ ਕਿਸੇ ਸ਼ਹਿਰੀ ਤੋ ਕੋਈ ਪੁਛ ਗੁੱਛ ਕਰਦੇ ਸਮੇ ਬਹੁਤ ਹੀ ਅਦਬ ਸਤਿਕਾਰ ਤੇ ਤਹਿਜੀਬ ਦਾ ਮੁਜਾਹਰਾ ਕਰਦਾ ਹੋਇਆ ਪੇਸ਼ ਆਉਂਦਾ ਹੈ ਤੇ ਕਿਸੇ ਵੀ ਤਰਾਂ ਦੀ ਹਰ ਸੰਭਵ ਮੱਦਦ ਕਰਕੇ ਨਿੱਜੀ ਖ਼ੁਸ਼ੀ ਮਹਿਸੂਸ ਕਰਦਾ ਹੈ ।
ਇਸੇ ਤਰਾ ਸਿਹਤ ਵਿਭਾਗ ਤੇ ਸਿਵਿਲ ਦੇ ਹੋਰ ਮਹਕਮਿਆ ਦਾ ਅਮਲਾ ਫੈਲਾ ਵੀ ਬਹੁਤ ਸਦਭਾਵਨਾ ਨਾਲ ਤੇ ਸਹੁਣੇ ਵਿਵਹਾਰ ਨਾਲ ਆਪਣੀਆਂ ਸੇਵਾਵਾਂ ਪੇਸ਼ ਕਰ ਰਹੇ ਹਨ ।
ਕਈ  ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆ ਨੇ ਇਸ ਔਖੀ ਘੜੀ ਚ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆ ਮੁਫਤ ਸਹੂਲਤਾ ਦੀ ਵਿਵਸਥਾ ਵੀ ਪਰਦਾਨ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਸ ਦੀ ਵਧੀਆ ਮਿਸਾਲ ਬਿ੍ਰਟਸ਼ ਪੈਟਰੋਲੀਅਮ ਕੰਪਨੀ ਕਹੀ ਜਾ ਸਕਦੀ ਹੈ, ਜਿਸ ਨੇ ਹਰ ਉਸ ਸ਼ਹਿਰੀ ਵਾਸਤੇ ਜੋ ਕਰੌਨਾ ਦੀ ਬੀਮਾਰੀ ਨਾਲ ਪੀੜਤ ਹੋਵੇ ਜਾਂ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੋਵੇ, ਉਸ ਦੀ ਕਾਰ ਮੋਟਰ ਜਾਂ ਉਸ ਨੂੰ ਸੰਕਟਕਾਲੀ ਸੇਵਾਵਾਂ ਮੁਹਈਆ ਕਰਨ ਵਾਲੇ ਦੇ ਵਾਹਨ ਵਾਸਤੇ ਮੁਫਤ ਪੈਟਰੋਲ ਤੇ ਡੀਜਲ ਮੁਹੱਈਆ ਕਰਨ ਦਾ ਐਲਾਨ ਕੀਤਾ ਹੈ, ਡਾਕਟਰ ਆਪਣੇ ਮਰੀਜਾਂ ਦਾ ਫੋਨ ਕਰਕੇ ਹਾਲ ਚਾਲ ਪੁਛ ਰਹੇ ਹਨ ਤੇ ਉਹਨਾ ਦੇ ਘਰ ਦਵਾਈਆ ਤੱਕ ਪਹੁੰਚਾਉਣ ਦਾ ਇੰਤਜਾਮ ਕਰ ਰਹੇ ਹਨ ।
ਬਰਤਾਨੀਆ ਦੀ ਸਰਕਾਰ ਨੂੰ ਆਪਣੇ ਹਰ ਸ਼ਹਿਰੀ ਦੀ ਜਾਨ ਦੀ ਫਿਕਰ ਹੈ । ਇਸ ਕਰਕੇ ਸਰਕਾਰ ਦਿਨ ਰਾਤ ਇਕ ਕਰਕੇ ਲੋਕਾਂ ਨੂੰ ਇਸ  ਬੇਹੱਦ  ਔਖੀ ਘੜੀ ਵਿਚ ਹਰ ਸੰਭਵ ਸਹੂਲਤ ਪਰਦਾਨ ਕਰ ਰਹੀ ਹੈ । ਹਰ ਪਾਸੇ ਸਾਫ ਸਫਾਈ ਵੱਲ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ, ਜਨਤਕ ਸਥਾਨਾਂ ਦੀ ਸੈਨੇਟਾਈਜੇਸ਼ਨ ਕੀਤੀ ਜਾ ਰਹੀ ਹੈ ।
ਬਰਤਾਨੀਆ ਦੇ ਲੋਕ ਵੀ ਬੜੇ ਸਮਝਦਾਰ ਹਨ । ਉਹ ਸਰਕਾਰੀ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਬੜੀ ਸਖਤੀ ਨਾਲ ਕਰ ਰਹੇ ਹਨ । ਆਪ ਰੋਗ ਮੁਕਤ ਰਹਿਣ ਤੇ ਦੂਸਰਿਆ ਨੂੰ ਰੋਗ ਮੁਕਤ ਰੱਖਣ ਦੀ ਮਹੱਤਤਾ ਬਹੁਤ ਚੰਗੀ ਤਰਾਂ ਸਮਝਦੇ ਹਨ । ਏਹੀ ਕਾਰਨ ਹੈ ਕਿ ਪੂਰੇ ਬਰਤਾਨੀਆ ਵਿਚ ਹੁਣ ਹੱਥ ਮਿਲਾਉਣ ਦੀ ਬਜਾਏ ਮੋਢਾ ਤੇ ਪੈਰ ਮਿਲਾਉਣ ਦੀ ਪਿਰਤ ਪੈਂਦੀ ਜਾ ਰਹੀ ਹੈ ।
ਆਸ ਹੀ ਨਹੀ ਬਲਕਿ ਵਿਸ਼ਵਾਸ਼ ਵੀ ਹੈ ਕਿ ਜਿਸ ਦਿ੍ਰੜ ਨਿਸਚੇ ਤੇ ਸੰਜੀਦਗੀ ਨਾਲ ਬਰਤਾਨੀਆ ਦੀ ਸਰਕਾਰ ਤੇ ਲੋਕ ਕਰੌਨਾ ਵਾਇਰਸ ਨਾਲ ਸਾਂਝੇ ਤੌਰ ‘ਤੇ ਜੰਗ ਲੜ ਰਹੇ ਹਨ, ਮੁਲਕ ਜਲਦੀ ਹੀ ਇਸ ਬੀਮਾਰੀ ਉਤੇ ਕਾਬੂ ਹੀ ਨਹੀ ਬਲਕਿ ਪੂਰੀ ਤਰਾਂ ਫਤਿਹ ਪਾ ਲਵੇਗਾ ਤੇ ਇਥੋ ਦਾ ਮਨੁੱਖੀ ਜੀਵਨ ਵਾਪਸ ਪਹਿਲਾਂ ਦੀ ਤਰਾਂ ਰਵਾਂ ਰਵੀਂ ਅਗੇ ਵਧਣਾ ਸ਼ੁਰੂ ਹੋ ਜਾਵੇਗਾ ।
Previous articleਮਨੁੱਖ ਦੀ ਹੋਂਦ / ਕਵਿਤਾ
Next articleਕਰੋਨਾ ਦੀ ਮਹਾਮਾਰੀ ਨੂੰ ਮਾਤ ਦੇ ਰਿਹੈ ‘ਬਾਬੇ ਨਾਨਕ ਦਾ ਫ਼ਲਸਫ਼ਾ’