ਕਰੋਨਾ ਦੀ ਮਹਾਮਾਰੀ ਨੂੰ ਮਾਤ ਦੇ ਰਿਹੈ ‘ਬਾਬੇ ਨਾਨਕ ਦਾ ਫ਼ਲਸਫ਼ਾ’

ਬਠਿੰਡਾ– ਗੁਰੂ ਨਾਨਕ ਦੇਵ ਦਾ ਫ਼ਲਸਫ਼ਾ ਇਸ ਵਾਰ ਕਰੋਨਾ ਨੂੰ ਮਾਤ ਦੇਣ ਲੱਗਾ ਹੋਇਆ ਹੈ। ਇਨਸਾਨੀਅਤ ’ਤੇ ਜਦੋਂ ਵੀ ਆਫ਼ਤ ਆਈ ਬਾਬੇ ਨਾਨਕ ਦੀ ਵਿਚਾਰਧਾਰਾ ਹਿੱਕ ਡਾਹ ਕੇ ਅੱਗੇ ਖੜੋਤੀ। ਗੁਰੂ ਨਾਨਕ ਦੇ ਸਿਧਾਂਤਾਂ ’ਤੇ ਪਹਿਰਾ ਦੇਣ ਵਾਲੇ ਕਰੋਨਾ ਸੰਕਟ ’ਚੋਂ ਮਾਨਵ ਜਾਤੀ ਨੂੰ ਕੱਢਣ ਲਈ ਤਨ, ਮਨ, ਧਨ ਨਾਲ ਜੁਟੇ ਹੋਏ ਹਨ।
ਪ੍ਰਸ਼ਾਸਨ ਤਰਫ਼ੋਂ ਇਸ ਕੁਦਰਤੀ ਕਹਿਰ ਨਾਲ ਨਜਿੱਠਣ ਲਈ ਭਾਵੇਂ ਸਰਕਾਰੀ ਵਿਭਾਗ ਤੇ ਅਦਾਰੇ ਯਤਨਸ਼ੀਲ ਹਨ ਪਰ ਧਾਰਮਿਕ ਸੰਗਠਨਾਂ ਨੇ ਆਪਣੇ ਤੌਰ ’ਤੇ ਇਸ ਲਈ ਆਢਾ ਲਾਇਆ ਹੋਇਆ ਹੈ। ਮਾਲਵੇ ’ਚ ਸਥਿਤ ਤਖ਼ਤ ਦਮਦਮਾ ਸਾਹਿਬ ਸਮੇਤ ਸ਼੍ਰੋਮਣੀ ਕਮੇਟੀ ਅਧੀਨ ਆਉਂਦੇ ਗੁਰੂ ਘਰਾਂ ’ਚ ਲੋੜਵੰਦਾਂ ਲਈ ਭੋਜਨ ਦੀ ਸੇਵਾ ਸਿਖ਼ਰਾਂ ’ਤੇ ਹੈ। ਲੋਕਲ ਪੱਧਰ ਦੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਵੀ ਦੀਨ-ਦੁਖੀਆਂ ਦਾ ਆਸਰਾ ਬਣ ਰਹੀਆਂ ਹਨ। ਅਜੋਕੇ ਵਕਤ ‘ਗੁਰੂ ਦੀ ਗੋਲਕ, ਗਰੀਬ ਦਾ ਮੂੰਹ’ ਦੀ ਵਿਚਾਰਧਾਰਾ ’ਤੇ ਅਮਲ ਕਰਦਿਆਂ ਕੁਝ ਲੋਕਲ ਕਮੇਟੀਆਂ ਨੇ ਗੋਲਕਾਂ ਵਿਚਲੀ ਮਾਇਆ ਲੋਕਾਈ ਦੇ ਦੁੱਖਾਂ ਨੂੰ ਸਮਰਪਿਤ ਕੀਤੀ ਹੈ। ਇਤਿਹਾਸਕ ਗੁਰਦੁਆਰਾ ਗੁਰੂ ਕੀ ਢਾਬ ਦੇ ਮੈਨੇਜਰ ਨਾਇਬ ਸਿੰਘ ਨੇ ਦੱਸਿਆ ਕਿ ਲੰਗਰ ਦੀ ਸੇਵਾ ਪਹਿਲਾਂ ਗੁਰੂ ਘਰ ਤੱਕ ਸੀਮਤ ਸੀ। ਹੁਣ ਇਸ ਸੇਵਾ ਰਾਹੀਂ ਇਲਾਕੇ ਨੂੰ ਕਲਾਵੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਾਨੂੰਨੀ ਅਵੱਗਿਆ ਦੇ ਡਰੋਂ ਉਹ ਪ੍ਰਸ਼ਾਸਨ ਰਾਹੀਂ ਲੋੜਵੰਦਾਂ ਤੱਕ ਭੋਜਨ ਪਹੁੰਚਾਉਂਦੇ ਹਨ। ਇਤਿਹਾਸਕ ਗੁਰਦੁਆਰਾ ਗੰਗਸਰ ਸਾਹਿਬ ਦੇ ਮੈਨੇਜਰ ਕੁਲਵਿੰਦਰ ਸਿੰਘ ਅਨੁਸਾਰ ਚਾਵਲ, ਦਾਲਾਂ, ਸਬਜ਼ੀਆਂ, ਦੁੱਧ-ਚਾਹ ਸਮੇਤ ਪ੍ਰਸ਼ਾਦੇ ਤਿਆਰ ਕਰ ਕੇ ਉਨ੍ਹਾਂ ਨੂੰ ਸਰਕਾਰੀ ਕਰਮਚਾਰੀਆਂ ਰਾਹੀਂ ਖਾਣੇ ਤੋਂ ਮੁਥਾਜ਼ ਲੋਕਾਂ ਤੱਕ ਪਹੁੰਚਾਇਆ ਜਾਂਦਾ ਹੈ। ਇਸੇ ਤਰ੍ਹਾਂ ਪਿੰਡ ਰਾਮੇਆਣਾ ਦੇ ਜੋਗਿੰਦਰ ਸਿੰਘ ਕਾਲੜਾ ਦੇ ਘਰ ਵੀ ਲੰਗਰ ਤਿਆਰ ਕਰ ਕੇ ਲੋਕਾਂ ’ਚ ਵੰਡਿਆ ਜਾਂਦਾ ਹੈ। ਰਾਮੇਆਣਾ ਤੋਂ ਹੀ ਨੌਜਵਾਨ ਕਾਂਗਰਸੀ ਆਗੂ ਰਾਜਦੀਪ ਔਲਖ ਇਸ ਔਖੀ ਘੜੀ ’ਚ ਲੋਕਾਂ ਦੀ ਬਾਂਹ ਬਣੇ ਹਨ। ਪਿੰਡ ਬਾਜਾਖਾਨਾ ਦੇ ਜੀਵਨ ਗਰਗ ਜ਼ਿਲ੍ਹਾ ਪ੍ਰਸ਼ਾਸਨ ਅਤੇ ਰੈੱਡ ਕਰਾਸ ਸੁਸਾਇਟੀ ਰਾਹੀਂ ਕਹਿਰ ਦੇ ਸਤਾਇਆ ਦੀ ਬਾਂਹ ਫੜ੍ਹ ਰਹੇ ਹਨ। ਇਸੇ ਤਰ੍ਹਾਂ ਸਮਾਜ ਦੇ ਵੱਖ-ਵੱਖ ਖੇਤਰਾਂ ਨਾਲ ਜੁੜੇ ਸੰਗਠਨ ਮਨੁੱਖਤਾ ਦੀ ਬਾਂਹ ਫੜ੍ਹ ਕੇ ਉਸ ਨੂੰ ਕਰੋਨਾ ਦੀ ਦਲਦਲ ’ਚੋਂ ਕੱਢਣ ਲਈ ਜੁਟੇ ਹੋਏ ਹਨ।

Previous articleਬਰਤਾਨੀਆ ਦਾ ਜਨਜੀਵਨ ਤੇ ਕਰੌਨਾ ਵਾਇਰਸ
Next articleਕਰਫ਼ਿਊ: ਲੋਕਾਂ ਤੇ ਪ੍ਰਸ਼ਾਸਨ ਦੇ ਦਾਅਵਿਆਂ ਨੇ ਕੀਤੀ ਇਕ-ਦੂਜੇ ਵੱਲ ਪਿੱਠ