ਗੋਨਿਆਣਾ ਮੰਡੀ : ਪਿੰਡ ਮਹਿਮਾ ਸਰਜਾ ਵਿਖੇ ਸਥਿਤ ‘ਦਿ ਬਠਿੰਡਾ ਕੇਂਦਰੀ ਸਹਿਕਾਰੀ ਬੈਂਕ’ ਵੱਲੋਂ ਚੈੱਕ ਬੁੱਕ ਜਾਰੀ ਨਾ ਕਰਨ ਦੇ ਰੋਸ ਵਜੋਂ ਕਿਸਾਨਾਂ ਨੇ ਬੈਂਕ ਦਾ ਮੁੱਖ ਦਰਵਾਜ਼ਾ ਬੰਦ ਕਰ ਕੇ ਬੈਂਕ ਦੇ ਮੈਨੇਜਰ ਸਮੇਤ ਬਾਕੀ ਅਮਲੇ ਨੂੰ ਬੈਂਕ ਅੰਦਰ ਹੀ ਬੰਦੀ ਬਣਾ ਦਿੱਤਾ। ਘਟਨਾ ਦਾ ਪਤਾ ਲਗਦੇ ਹੀ ਥਾਣਾ ਨੇਹੀਆਂਵਾਲਾ ਦੀ ਪੁਲਿਸ ਤੇ ਬੈਂਕ ਦੇ ਉੱਚ ਅਧਿਕਾਰੀ ਮੌਕੇ ‘ਤੇ ਪੁੱਜੇ।
ਧਰਨੇ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਰਣਜੀਤ ਸਿੰਘ ਜੀਦਾ ਤੇ ਬਲਾਕ ਪ੍ਰਧਾਨ ਕੁਲਵੰਤ ਸਿੰਘ ਨੇਹੀਆਂਵਾਲਾ ਨੇ ਦੱਸਿਆ ਕਿ ਉਕਤ ਬੈਂਕ ਵੱਲੋਂ ਕਿਸਾਨਾਂ ਨੂੰ ਚੈੱਕ ਬੁੱਕ ਜਾਰੀ ਨਹੀਂ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਕਿਸਾਨਾਂ ਨੂੰ ਬੈਂਕ ਤੋਂ ਫਸਲਬਾੜੀ ਪਾਲਣ ਲਈ ਕਰਜ਼ਾ ਨਹੀਂ ਮਿਲ ਰਿਹਾ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਬੀਤੇ ਦਿਨ ਜਥੇਬੰਦੀ ਦਾ ਪ੍ਰੈੱਸ ਸਕੱਤਰ ਇਸ ਮਸਲੇ ਸਬੰਧੀ ਬੈਂਕ ਦੇ ਮੈਨੇਜਰ ਨਾਲ ਗੱਲਬਾਤ ਕਰਨ ਲਈ ਬੈਂਕ ਪੁੱਜਾ ਤਾਂ ਮੈਨੇਜਰ ਵੱਲੋਂ ਉਸ ਨਾਲ ਦੁਰਵਿਹਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮਹਿਮਾ ਸਰਜਾ ਸਮੇਤ ਇਸ ਬੈਂਕ ਨਾਲ ਸਬੰਧਤ ਲਗਭਗ 20 ਪਿੰਡਾਂ ਦੇ ਸੈਂਕੜੇ ਕਿਸਾਨਾਂ ਦੇ ਸਹਿਕਾਰੀ ਖੇਤੀਬਾੜੀ ਸਭਾਵਾਂ ‘ਚ ਖਾਤੇ ਖੁੱਲ੍ਹੇ ਹੋਏ ਹਨ, ਪਰ ਇਹ ਬੈਂਕ ਕਿਸਾਨਾਂ ਨੂੰ ਚੈੱਕ ਬੁੱਕਾਂ ਨਾ ਦੇ ਕੇ ਕਿਸਾਨਾਂ ਦਾ ਸ਼ੋਸ਼ਣ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਬੈਂਕ ਦੇ ਇਸ ਕਿਸਾਨ ਵਿਰੋਧੀ ਰਵੱਈਏ ਕਾਰਨ ਕਣਕ ਦੀ ਬਿਜਾਈ ਵਿਚ ਦੇਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਰੋਸ ਵਜੋਂ ਦੁਖੀ ਹੋਏ ਕਿਸਾਨਾਂ ਨੂੰ ਬੈਂਕ ਦੇ ਮੁੱਖ ਦਰਵਾਜ਼ੇ ਨੂੰ ਬੰਦ ਕਰ ਕੇ ਬੈਂਕ ਦੇ ਮੈਨੇਜਰ ਸਮੇਤ ਬਾਕੀ ਸਟਾਫ ਨੂੰ ਅੰਦਰ ਬੰਦੀ ਬਣਾਉਣ ਲਈ ਮਜਬੂਰ ਹੋਣਾ ਪਿਆ ਹੈ।
ਇਸ ਮੌਕੇ ਮੱਖਣ ਸਿੰਘ, ਗੁਰਦੀਪ ਸਿੰਘ, ਸੁਖਮੰਦਰ ਸਿੰਘ ਲੱਖੀਜੰਗਲ, ਦਲਵੀਰ ਸਿੰਘ, ਗੇਜ਼ਾ ਸਿੰਘ, ਇਕਬਾਲ ਸਿੰਘ, ਜਗਤਾਰ ਸਿੰਘ, ਭਗਵਾਨ ਸਿੰਘ, ਸੇਵਕ ਸਿੰਘ ਢਿੱਲੋਂ, ਸਾਬਕਾ ਸਰਪੰਚ ਗੁਰਮੇਲ ਸਿੰਘ, ਲਖਵਿੰਦਰ ਸਿੰਘ, ਤੇਜ਼ਾ ਸਿੰਘ, ਦਰਸ਼ਨ ਸਿੰਘ, ਪ੍ਰਦੀਪ ਕੁਮਾਰ ਨੇ ਵੀ ਸਬੋਧਨ ਕੀਤਾ। ਖ਼ਬਰ ਲਿਖੇ ਜਾਣ ਤਕ ਕਿਸਾਨਾਂ ਵੱਲੋਂ ਬੈਂਕ ਦਾ ਘਿਰਾਓ ਜਾਰੀ ਸੀ ਤੇ ਬੈਂਕ ਅਮਲਾ ਅੰਦਰ ਹੀ ਨਜ਼ਰਬੰਦ ਸੀ।
ਕਿਸਾਨ ਆਗੂਆਂ ਨਾਲ ਦੁਰਵਿਹਾਰ ਦੇ ਦੋਸ਼ ਬੇਬੁਨਿਆਦ : ਮੈਨੇਜਰ
ਬੈਂਕ ਮੈਨੇਜਰ ਬਿੰਦਰ ਸਿੰਘ ਦਾ ਕਹਿਣਾ ਹੈ ਕਿ ਨਾਬਾਰਡ ਵੱਲੋਂ ਬੈਂਕ ਨੂੰ ਮਿਲਣ ਵਾਲੀ ਵਿੱਤੀ ਸਹਾਇਤਾ ‘ਤੇ ਕੱਟ ਲਾਏ ਜਾਣ ਤੋਂ ਬਾਅਦ ਮੁੱਖ ਦਫਤਰ ਨੇ ਨਵੇਂ ਖਾਤਾਧਾਰਕਾਂ ਨੂੰ ਚੈੱਕ ਬੁੱਕਾਂ ਜਾਰੀ ਕਰਨ ‘ਤੇ ਪਾਬੰਦੀ ਲਾਈ ਹੋਈ ਹੈ। ਇਸ ਕਾਰਨ ਉਹ ਚੈੱਕ ਬੁੱਕਾਂ ਜਾਰੀ ਨਹੀਂ ਕਰ ਸਕਦੇ। ਉਨ੍ਹਾਂ ਕਿਸਾਨ ਆਗੂ ਨਾਲ ਦੁਰਵਿਵਹਾਰ ਕਰਨ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ।