ਚਾਰ ਕਿਸਾਨ ਨੇਤਾਵਾਂ ਦੀ ਹੱਤਿਆ ਕਰਨ ਤੇ ਟਰੈਕਟਰ ਪਰੇਡ ਦੌਰਾਨ ਅਸ਼ਾਂਤੀ ਪੈਦਾ ਕਰਨ ਦੀ ਸਾਜ਼ਿਸ਼: ਕਿਸਾਨ ਨੇਤਾ

ਨਵੀਂ ਦਿੱਲੀ (ਸਮਾਜ ਵੀਕਲੀ) : ਪ੍ਰਦਰਸ਼ਨਕਾਰੀ ਕਿਸਾਨੀ ਨੇਤਾਵਾਂ ਨੇ ਦੋਸ਼ ਲਾਇਆ ਹੈ ਕਿ 26 ਜਨਵਰੀ ਨੂੰ ਪ੍ਰਸਤਾਵਿਤ ਟਰੈਕਟਰ ਪਰੇਡ ਦੌਰਾਨ ਉਨ੍ਹਾਂ ਵਿੱਚੋਂ ਚਾਰ ਨੂੰ ਮਾਰਨ ਅਤੇ ਅਸ਼ਾਂਤੀ ਪੈਦਾ ਕਰਨ ਦੀ ਸਾਜਿਸ਼ ਰਚੀ ਗਈ ਸੀ। ਉਧਰ ਸੋਨੀਪਤ ਪੁਲੀਸ ਫੜੇ ਗਏ ਵਿਅਕਤੀ ਤੋਂ ਪੁੱਛ ਪੜਤਾਲ ਕਰ ਰਹੀ ਹੈ। ਸਿੰਘੂ ਸਰਹੱਦ ‘ਤੇ ਦੇਰ ਰਾਤ ਪ੍ਰੈਸ ਕਾਨਫਰੰਸ ਦੌਰਾਨ ਇੱਕ ਵਿਅਕਤੀ ਨੂੰ ਕਿਸਾਨ ਨੇਤਾਵਾਂ ਨੇ ਪੇਸ਼ ਕੀਤਾ, ਜਿਸ ਨੇ ਦਾਅਵਾ ਕੀਤਾ ਕਿ ਉਸ ਦੇ ਸਾਥੀਆਂ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਟਰੈਕਟਰ ਪਰੇਡ ਦੌਰਾਨ ਕਥਿਤ ਤੌਰ ’ਤੇ ਪੁਲੀਸ ਵਾਲੇ ਬਣਕੇ ਭੀੜ ‘ਤੇ ਲਾਠੀਚਾਰਜ ਕਰਨ ਲਈ ਕਿਹਾ ਗਿਆ ਸੀ।

ਕਿਸਾਨ ਨੇਤਾਵਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਇਸ ਵਿਅਕਤੀ ਨੂੰ ਸਿੰਘੂ ਸਰਹੱਦ ’ਤੇ ਵਿਰੋਧ ਵਾਲੀ ਥਾਂ ਤੋਂ ਫੜਿਆ ਸੀ। ਇਸ ਤੋਂ ਬਾਅਦ ਉਸ ਨੂੰ ਹਰਿਆਣਾ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ। ਕਿਸਾਨ ਆਗੂ ਕੁਲਵੰਤ ਸਿੰਘ ਸੰਧੂ ਨੇ ਦੋਸ਼ ਲਾਇਆ ਕਿ ਖੇਤੀਬਾੜੀ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਿਸਾਨਾਂ ਨੇ ਜਿਸ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਉਸ ਦਾ ਚਿਹਰਾ ਨਕਾਬ ਨਾਲ ਢਕਿਆ ਹੋਇਆ ਸੀ। ਉਸ ਨੇ ਪ੍ਰੈਸ ਕਾਨਫਰੰਸ ਵਿੱਚ ਦਾਅਵਾ ਕੀਤਾ ਕਿ ਮੀਡੀਆ ਵਿੱਚ ਜਾਣੇ ਪਛਾਣੇ ਚਿਹਰੇ ਬਣ ਚੁੱਕੇ ਚਾਰ ਕਿਸਾਨ ਨੇਤਾਵਾਂ ਨੂੰ ਮਾਰਨ ਦੀ ਸਾਜਿਸ਼ ਰਚੀ ਗਈ ਸੀ। ਉਸ ਨੇ ਕਿਹਾ, “26 ਜਨਵਰੀ ਨੂੰ ਦਿੱਲੀ ਪੁਲੀਸ ਦੇ ਜਵਾਨਾਂ ’ਤੇ ਗੋਲੀਆਂ ਚਲਾ ਕੇ ਅਸ਼ਾਂਤੀ ਪੈਦਾ ਕਰਨ ਦੀ ਸਾਜਿਸ਼ ਰਚੀ ਗਈ ਸੀ ਤਾਂ ਜੋ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਖ਼ਿਲਾਫ਼ ਪੁਲੀਸ ਸਖਤ ਕਾਰਵਾਈ ਕਰੇ।”

Previous articleਸਿੰਘੂ ਬਾਰਡਰ: ਸਰਕਾਰ ਦੀਆਂ ਤਜਵੀਜ਼ਾਂ ’ਤੇ ਵਿਚਾਰ ਕਰਨ ਲਈ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਜਾਰੀ
Next articleਦਿੱਲੀ: ਗਣਤੰਤਰ ਦਿਵਸ ਪਰੇਡ ਦੇਖਣ ਲਈ ਸੱਦਾ ਪੱਤਰ ਜਾਂ ਟਿਕਟ ਲਾਜ਼ਮੀ